Success Story: ਪੰਜਾਬ ਦੀ ਧਰਤੀ ਮਿਹਨਤਕੱਸ਼ ਕਿਸਾਨਾਂ ਦੇ ਪਸੀਨੇ ਨਾਲ ਸਿੰਜ ਕੇ ਹਰੀ ਭਰੀ ਹੁੰਦੀ ਹੈ। ਇੱਥੋਂ ਦੇ ਕਿਸਾਨ ਖੇਤੀਬਾੜੀ ਨੂੰ ਆਪਣਾ ਧਰਮ ਮੰਨਦੇ ਹਨ। ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ਕਿਸਾਨਾਂ ਨੇ ਪੂਰੀ ਦੁਨੀਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਅਜਿਹਾ ਹੀ ਇੱਕ ਨੌਜਵਾਨ ਅਤੇ ਉੱਦਮੀ ਕਿਸਾਨ ਹੈ ਪਿੰਡ ਕੱਟਿਆਂਵਾਲੀ, ਬਲਾਕ- ਮਲੌਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਵਸਨੀਕ ਗੁਰਮੀਤ ਸਿੰਘ।
ਮਾਤਾ ਸ਼ੀਮਤੀ ਅਮਰੀਕ ਕੌਰ ਅਤੇ ਪਿਤਾ ਸ. ਮਹਿੰਦਰ ਸਿੰਘ ਦਾ ਹੋਣਹਾਰ ਸਪੁੱਤਰ ਗੁਰਮੀਤ ਸਿੰਘ ਆਪਣੀ ਕੁਲ 16 ਏਕੜ ਜ਼ਮੀਨ ਤੇ ਪੂਰੀ ਕਾਮਯਾਬੀ ਨਾਲ ਸਫ਼ਲ ਖੇਤੀ ਕਰ ਰਿਹਾ ਹੈ। ਬੀ. ਏ. ਦੀ ਪੜਾਈ ਪੂਰੀ ਕਰਕੇ ਪੇਸ਼ੇ ਵੱਜੋਂ ਭਾਰਤੀ ਰੇਲ ਮੰਤਰਾਲੇ ਵਿੱਚ ਬਤੌਰ ਟੀ. ਟੀ. ਸਰਕਾਰੀ ਨੌਕਰੀ ਕਰਨ ਦੇ ਬਾਵਜੂਦ ਖੇਤੀ ਤਜ਼ਰਬਿਆਂ ਨੂੰ ਕਰਕੇ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਗੁਰਮੀਤ ਸਿੰਘ ਆਪਣੇ ਪੂਰੇ ਸਾਲ ਵਿੱਚ ਕਣਕ, ਮੂੰਗੀ ਅਤੇ ਬਾਸਮਤੀ ਦਾ ਫ਼ਸਲੀ ਚੱਕਰ ਅਪਨਾਉਂਦਾ ਹੈ। ਇਸ ਫ਼ਸਲੀ ਚੱਕਰ ਨੂੰ ਅਪਨਾਉਣ ਦਾ ਮੁੱਖ ਕਾਰਣ ਇਹ ਹੈ ਕਿ ਕਣਕ ਦੀ ਨਾੜ, ਝੋਨੇ ਬਾਸਮਤੀ ਦੀ ਪਰਾਲੀ ਅਤੇ ਮੂੰਗੀ ਦੀਆਂ ਜੜਾਂ ਨੂੰ ਜ਼ਮੀਨ ਵਿੱਚ ਹੀ ਜਜ਼ਬ ਕਰਕੇ ਜ਼ਮੀਨ ਵਿੱਚ ਕਾਰਬਨ ਮਾਦੇ ਦੀ ਬਹੁਤਾਤ ਕੀਤੀ ਜਾਵੇ।
ਗੁਰਮੀਤ ਸਿੰਘ ਅਨੁਸਾਰ ਜ਼ਮੀਨ ਵਿੱਚ ਜੈਵਿਕ ਮਾਦਾ ਜਿੰਨਾਂ ਵਧੇਰੇ ਹੋਵੇਗਾ ਜ਼ਮੀਨ ਦੀ ਉਪਜਾਊ ਸ਼ਕਤੀ ਉਨੀਂ ਹੀ ਵਧੇਰੇ ਹੋਵੇਗੀ। ਇਸ ਤੋਂ ਇਲਾਵਾ ਗੁਰਮੀਤ ਸਿੰਘ ਨੇ ਆਪਣੇ ਫ਼ਾਰਮ ਤੇ ਕੁਝ ਫ਼ਲਦਾਰ ਬੂਟੇ ਵੀ ਲਗਾਏ ਹੋਏ ਹਨ ਜਿਵੇਂ ਕਿਨੂੰ, ਅਮਰੂਦ, ਮੁਸੰਮੀ ਆਦਿ ਜਿਸ ਨਾਲ ਘਰ ਵਿੱਚ ਫ਼ਲਾਂ ਦੀ ਲੋੜ ਪੂਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸਨੇ ਘਰੇਲੂ ਵਰਤੋਂ ਲਈ ਕੁਝ ਪਸ਼ੂ ਵੀ ਰੱਖੇ ਹੋਏ ਹਨ ਜਿਵੇਂ 2 ਸਾਹੀਵਾਲ ਗਾਵਾਂ ਅਤੇ 2 ਮੱਝਾਂ ਜਿਨਾਂ ਦਾ ਦੁੱਧ ਘਰ ਦੀ ਵਰਤੋਂ ਲਈ ਵਰਤਿਆ ਜਾਂਦਾ ਹੈ। ਇਹਨਾਂ ਪਸ਼ੂਆਂ ਲਈ ਚਾਰਾ ਵੀ ਗੁਰਮੀਤ ਸਿੰਘ ਆਪਣੇ ਖੇਤਾਂ ਵਿੱਚ ਬੀਜਦਾ ਹੈ ਜਿਵੇਂ ਬਰਸੀਮ, ਮੱਕੀ, ਸਰੋਂ, ਨੇਪੀਅਰ ਬਾਜਰਾ ਆਦਿ।
ਇਹ ਵੀ ਪੜ੍ਹੋ : ਆਤਮ ਨਿਰਭਰਤਾ ਦੀ Successful Example ਬਠਿੰਡਾ ਦੀ "ਸੋਨੀਆ ਰਾਣੀ"
ਗੁਰਮੀਤ ਸਿੰਘ ਦੀ 4 ਏਕੜ ਜ਼ਮੀਨ ਪੂਰੀ ਤਰਾਂ ਨਾਲ ਬੰਜਰ ਅਤੇ ਕੱਲਰ ਵਾਲੀ ਸੀ, ਪਰ ਗੁਰਮੀਤ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ ਉਸ ਬੰਜਰ ਜ਼ਮੀਨ ਵਿੱਚ ਪੂਸਾ ਯੂਨੀਵਰਸਿਟੀ ਦੁਆਰਾ ਤਿਆਰ ਕੀਤਾ ਡੀ. ਕੰਪੋਜ਼ਰ ਜੋ ਕਿ ਖੇਤ ਦੀ ਪਰਾਲੀ ਨੂੰ ਗਲਾਅ ਕੇ ਮਿੱਟੀ ਵਿੱਚ ਕਾਰਬਨ ਮਾਦੇ ਨੂੰ ਵਧਾਉਂਦਾ ਹੈ ਜਿਸ ਨਾਲ ਜ਼ਮੀਨ ਦਾ ਬੰਜਰਪਨ ਹੌਲੀ-ਹੌਲੀ ਖਤਮ ਹੋ ਜਾਂਦਾ ਹੈ। ਸ਼ੁਰੂਆਤ ਵਿੱਚ ਗੁਰਮੀਤ ਸਿੰਘ ਨੇ ਉਸ ਬੰਜਰ ਖੇਤ ਵਿੱਚ ਦੂਜੇ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਲਿਆ ਕੇ ਉਸ ਵਿੱਚ ਡੀ. ਕੰਪੋਜ਼ਰ ਦੀ ਵਰਤੋਂ ਕਰਕੇ ਆਪਣੇ ਖੇਤ ਵਿੱਚ ਮਿਲਾਇਆ ਅਤੇ ਉਸ ਖੇਤ ਨੂੰ ਉਪਜਾਊ ਬਣਾਉਣ ਵਿੱਚ ਕਾਮਯਾਬ ਹੋਇਆ।
ਇਹ ਵੀ ਪੜ੍ਹੋ : Diversified Farming Model ਅਪਨਾਉਣ ਵਾਲਾ Farmer Ravikant ਬਣਿਆ ਮਿਸਾਲ
ਡੀ. ਕੰਪੋਜ਼ਰ ਇੱਕ ਉੱਲੀ ਹੁੰਦੀ ਹੈ ਜਿਸ ਵਿੱਚ ਬੈਕਟੀਰੀਆ ਪੈਦਾ ਹੁੰਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਇਸ ਸਾਰੇ ਕੰਮ ਲਈ ਗੁਰਮੀਤ ਸਿੰਘ ਨੂੰ ਲਗਭਗ 5 ਸਾਲ ਦਾ ਸਮਾਂ ਲੱਗਾ। ਇਸ ਤੋਂ ਬਾਅਦ ਹੁਣ ਗੁਰਮੀਤ ਸਿੰਘ ਆਪਣੇ ਖੇਤਾਂ ਵਿੱਚ ਝੋਨਾ ਬਾਸਮਤੀ, ਕਣਕ ਅਤੇ ਮੂੰਗੀ ਦੀ ਬਿਜਾਈ ਕਰਦਾ ਹੈ ਅਤੇ ਇਹਨਾਂ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਆਪਣੇ ਖੇਤਾਂ ਦੇ ਵਿੱਚ ਹੀ ਜਜ਼ਬ ਕਰਦਾ ਹੈ। ਗੁਰਮੀਤ ਸਿੰਘ ਦੇ ਇਸ ਉੱਦਮ ਲਈ ਭਾਰਤ ਸਰਕਾਰ ਦੇ ਖੇਤੀਬਾੜੀ ਵਿਭਾਗ ਅਤੇ ਆਈ. ਸੀ. ਏ. ਆਰ. ਵਲੋਂ ਉਸਨੂੰ ਸਾਲ 2020 ਵਿੱਚ ਅਗਾਂਹਵਧੂ ਕਿਸਾਨ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ : Poultry Farming ਰਾਹੀਂ ਆਤਮ ਨਿਰਭਰ ਬਣੇ Jagsir Singh
ਇਸ ਤੋਂ ਬਾਅਦ ਗੁਰਮੀਤ ਸਿੰਘ ਦਾ ਡੀ. ਕੰਪੋਜ਼ਰ ਪ੍ਰਤੀ ਰਵੱਈਆ ਹੋਰ ਮਜਬੂਤ ਹੋਇਆ ਅਤੇ ਉਸਨੇ ਇਲਾਕੇ ਦੇ ਹੋਰ ਦੂਜੇ ਕਿਸਾਨਾਂ ਨੂੰ ਵੀ ਇਹ ਡੀ. ਕੰਪੋਜ਼ਰ ਆਪ ਬਣਾਅ ਕੇ ਮੁਫ਼ਤ ਵਿੱਚ ਵੰਡਿਆ ਅਤੇ ਦੂਜੇ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। ਇਸ ਕੰਮ ਵਿੱਚ ਹੋਰ ਦੂਜੇ ਕਿਸਾਨ ਵੀ ਗੁਰਮੀਤ ਸਿੰਘ ਦਾ ਪੂਰਾ ਸਾਥ ਦਿੰਦੇ ਹਨ। ਫ਼ਸਲਾਂ ਵਿੱਚ ਸਿੰਚਾਈ ਦੀ ਜੇਕਰ ਗਲ ਕਰੀਏ ਤਾਂ ਜ਼ਿਆਦਾਤਰ ਗੁਰਮੀਤ ਸਿੰਘ ਨਹਿਰੀ ਪਾਣੀ ਦੀ ਹੀ ਵਰਤੋਂ ਕਰਦਾ ਹੈ ਪਰ ਇਸ ਤੋਂ ਇਲਾਵਾ ਲੋੜ ਪੈਣ ਤੇ ਟਿਊਬਵੈੱਲ ਦੁਆਰਾ ਵੀ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਹੈ।
ਗੁਰਮੀਤ ਸਿੰਘ ਹਰ ਸਾਲ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾ ਕੇ ਅਤੇ ਭੂਮੀ ਸਿਹਤ ਕਾਰਡ ਦੇ ਮੁਤਾਬਕ ਹੀ ਖਾਦਾਂ ਦੀ ਵਰਤੋਂ ਕਰਦਾ ਹੈ। ਪੂਸਾ ਯੂਨੀਵਰਸਿਟੀ ਦੁਆਰਾ ਵੀ ਗੁਰਮੀਤ ਸਿੰਘ ਦੇ ਖੇਤਾਂ ਦੀ ਮਿੱਟੀ ਦੀ ਪਰਖ਼ ਕੀਤੀ ਜਾਂਦੀ ਹੈ ਅਤੇ ਉਸ ਮੁਤਾਬਕ ਹੀ ਖੇਦਾਂ ਦੀ ਵਰਤੋਂ ਬਾਰੇ ਸਹੀ ਸਲਾਹ ਦਿੱਤੀ ਜਾਂਦੀ ਹੈ। ਇਲਾਕੇ ਦੇ ਹੋਰ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਦੇ ਕਰਕੇ ਹੀ ਗੁਰਮੀਤ ਸਿੰਘ ਨੂੰ 2022 ਵਿੱਚ ਇੱਕ ਵਾਰ ਹੋਰ ਸਨਮਾਨਿਤ ਕੀਤਾ ਗਿਆ।
ਗੁਰਮੀਤ ਸਿੰਘ ਫ਼ਾਰਮ ਸਲਾਹਕਾਰ ਸੇਵਾ ਕੇਂਦਰ ਸ਼੍ਰੀ ਮੁਕਤਸਰ ਸਹਿਬ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ਼੍ਰੀ ਮੁਕਤਸਰ ਸਹਿਬ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਪੂਸਾ ਯੂਨੀਵਰਸਿਟੀ ਅਤੇ ਖਾਰੇ ਪਾਣੀ ਲਈ ਕੰਮ ਕਰਦੀ ਸੰਸਥਾ ਨਵੀਂ ਦਿੱਲੀ ਨਾਲ ਵੀ ਪੂਰੀ ਤਰਾਂ ਨਾਲ ਜੁੜਿਆ ਹੋਇਆ ਹੈ। ਖੇਤੀ ਦੇ ਇਸ ਸਾਰੇ ਕੰਮ-ਕਾਜ ਵਿੱਚ ਗੁਰਮੀਤ ਸਿੰਘ ਦਾ ਪਰਿਵਾਰ ਜਿਸ ਵਿੱਚ ਪਤਨੀ ਪੂਨਮ ਦੀਪ ਕੌਰ, ਬੇਟਾ ਗੁਰਮੁੱਖ ਸਿੰਘ ਅਤੇ ਬੇਟੀ ਗੁਨਤਾਸ ਕੌਰ ਵੀ ਪੂਰਾ ਸਾਥ ਦਿੰਦੇ ਹਨ।
ਇਹ ਵੀ ਪੜ੍ਹੋ : ਆਤਮ ਨਿਰਭਰਤਾ ਦੀ Successful Example ਬਠਿੰਡਾ ਦੀ "ਸੋਨੀਆ ਰਾਣੀ"
ਭਵਿੱਖ ਵਿੱਚ ਗੁਰਮੀਤ ਸਿੰਘ ਚਾਹੁੰਦਾ ਹੈ ਕਿ ਪੂਰੇ ਸੂਬੇ ਵਿੱਚ ਪਰਾਲੀ ਨੂੰ ਬਿਲਕੁਲ ਵੀ ਅੱਗ ਨਾ ਲੱਗੇ। ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਜ਼ਮੀਨ ਵਿੱਚ ਹੀ ਮਿਲਾਇਆ ਜਾਵੇ। ਇਸ ਕੰਮ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਆਪਣੇ ਨਾਲ ਜੋੜਨਾ ਹੀ ਗੁਰਮੀਤ ਸਿੰਘ ਦਾ ਮੁੱਖ ਟੀਚਾ ਹੈ। ਵਾਤਾਵਰਣ ਦੀ ਸੰਭਾਲ ਲਈ ਵੀ ਗੁਰਮੀਤ ਸਿੰਘ ਵਿਸ਼ੇਸ਼ ਉਪਰਾਲੇ ਕਰਦਾ ਰਹਿੰਦਾ ਹੈ ਜਿਵੇਂ ਜੈਵਿਕ ਢੰਗਾਂ ਨਾਲ ਖਾਦਾਂ ਅਤੇ ਦਵਾਈਆਂ ਦੀ ਵਰਤੋਂ। ਝੋਨੇ ਦੀ ਸਿੱਧੀ ਬਿਜਾਈ ਲਈ ਵੀ ਗੁਰਮੀਤ ਸਿੰਘ ਦੀਆਂ ਕੋਸ਼ਿਸ਼ਾਂ ਪੂਰੀ ਤਰਾਂ ਨਾਲ ਕਾਮਯਾਬ ਹੋਈਆਂ ਹਨ।
ਆਪਣੀਆਂ ਖੇਤੀ ਜਿਣਸਾਂ ਦਾ ਮੰਡੀਕਰਨ ਵੀ ਵਧੀਆ ਢੰਗ ਨਾਲ ਕਰਦਾ ਹੈ ਭਾਵ ਕਣਕ ਝੋਨਾ ਆਪਣੇ ਪਿੰਡ ਦੀ ਹੀ ਸਰਕਾਰੀ ਮੰਡੀ ਵਿੱਚ ਵੇਚਦਾ ਹੈ ਅਤੇ ਮੂੰਗੀ ਅਬੋਹਰ ਅਤੇ ਕੋਟਕਪੁਰਾ ਦੀ ਮੰਡੀ ਵਿੱਚ ਵੇਚਦਾ ਹੈ। ਖੇਤੀ ਖਰਚੇ ਘਟਾਉਣ ਲਈ ਗੁਰਮੀਤ ਸਿੰਘ ਦੂਜੇ ਕਿਸਾਨਾਂ ਨੂੰ ਵੀ ਹਮੇਸ਼ਾਂ ਪ੍ਰੇਰਿਤ ਕਰਦਾ ਰਹਿੰਦਾ ਹੈ। ਗੁਰਮੀਤ ਸਿੰਘ ਨੇ ਆਪਣੇ ਫ਼ਾਰਮ ਨੂੰ ਇੱਕ ਤਜ਼ਰਬਾ ਖੇਤਰ ਬਣਾਇਆ ਹੋਇਆ ਹੈ ਜਿਸ ਵਿੱਚ ਉਹ ਦੂਜੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਤ ਜਾਣਕਾਰੀ ਦਿੰਦਾ ਰਹਿੰਦਾ ਹੈ।
ਲਾਕਡਾਊਨ ਅਤੇ ਕਰੋਨਾ ਦੇ ਚਲਦੇ ਮਾੜੇ ਦੌਰ ਵਿੱਚ ਵੀ ਗੁਰਮੀਤ ਸਿੰਘ ਦਾ ਖੇਤੀ ਕੰਮ-ਕਾਜ ਨਿਰਵਿਘਨ ਚਲਦਾ ਰਿਹਾ ਅਤੇ ਜਿਣਸਾਂ ਦਾ ਮੰਡੀਕਰਨ ਕਰਨ ਵਿੱਚ ਵੀ ਕੋਈ ਬਹੁਤੀ ਵੱਡੀ ਮੁਸ਼ਕਿਲ ਨਹੀਂ ਪੇਸ਼ ਆਈ। ਅਸੀਂ ਗੁਰਮੀਤ ਸਿੰਘ ਨੂੰ ਉਸਦੀ ਇਸ ਕਾਮਯਾਬ ਖੇਤੀ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਉਹ ਹੋਰ ਜ਼ਿਆਦਾ ਤਰੱਕੀ ਕਰੇ ਅਤੇ ਆਪਣੇ ਸੂਬੇ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰੇ।
ਦਿਨੇਸ਼ ਦਮਾਥੀਆ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: National Award Winner Success Farmer Gurmeet Singh