ਅੱਜ ਅੱਸੀ ਤੁਹਾਨੂੰ ਇੱਕ ਅਜਿਹੇ ਨੌਜਵਾਨ ਕਿਸਾਨ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਨਾ ਸਿਰਫ ਕਿਸਾਨੀ ਵਿੱਚ, ਸਗੋਂ ਖੇਤੀ ਤੋਂ ਹੀ ਵਿਚਾਰ ਲੈ ਕੇ ਕਾਰੋਬਾਰ ਵਿੱਚ ਨਾਮਣਾ ਖੱਟਿਆ ਹੈ। ਪੜੋ ਪੂਰੀ ਖ਼ਬਰ...
ਜੇਕਰ ਮੰਨ ਵਿੱਚ ਕੁੱਛ ਕਰ ਦਿਖਾਉਣ ਦੀ ਚਾਹਤ ਹੋਵੇ ਤਾਂ ਮੰਜ਼ਿਲ ਆਪਣੇ ਆਪ ਹੀ ਮਿਲ ਜਾਂਦੀ ਹੈ। ਕੁੱਝ ਅਜਿਹੀ ਕਹਾਣੀ ਹੈ 38 ਸਾਲਾ ਗੁਰਮੁੱਖ ਸਿੰਘ ਦੀ। ਜੀ ਹਾਂ, ਪਟਿਆਲਾ ਦੇ ਸਰਹਿੰਦ ਰੋਡ 'ਤੇ ਪਿੰਡ ਬਰਨਾ ਦੇ ਰਹਿਣ ਵਾਲੇ ਕਿਸਾਨ ਗੁਰਮੁੱਖ ਸਿੰਘ ਅਤੇ ਉਸ ਦੇ ਭਰਾ ਹਰਜਿੰਦਰ ਅਤੇ ਧਰਮਿੰਦਰ ਸਿੰਘ ਇਨ੍ਹਾਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸਦੀ ਵਜ੍ਹਾ ਹੈ ਗੁਰਮੁੱਖ ਸਿੰਘ ਦੀ ਕਾਮਯਾਬੀ। ਦਰਅਸਲ, ਗੁਰਮੁੱਖ ਸਿੰਘ ਨੇ ਆਪਣੇ ਵੀ ਖੇਤਾਂ ਵਿੱਚ ਉਗੀਆਂ ਵੱਖੋ-ਵੱਖਰੀਆਂ ਚੀਜ਼ਾਂ ਦੀ ਵਰਤੋਂ ਨਾਲ ਇਕ ਕਾਰੋਬਾਰ ਬਣਾਇਆ ਹੈ। ਜੋ ਹੋਰਨਾਂ ਕਿਸਾਨਾਂ ਲਈ ਪ੍ਰੇਰਨਾਦਾਇਕ ਹੈ।
ਦੱਸ ਦਈਏ ਕਿ ਗੁਰਮੁੱਖ ਸਿੰਘ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਗੁੜ ਦੀਆਂ 16 ਕਿਸਮਾਂ ਤਿਆਰ ਕੀਤੀਆਂ ਹਨ। ਕਰੀਬ 13 ਸਾਲਾਂ ਤੋਂ ਤਿੰਨੇ ਭਰਾ ਗੁੜ ਦੀਆਂ ਕਿਸਮਾਂ ਤਿਆਰ ਕਰ ਰਹੇ ਹਨ। ਜੋ ਲੋਕਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ। ਇਸ ਦਾ ਸਵਾਦ ਇੰਨਾ ਵਧੀਆ ਹੈ ਕਿ ਲੋਕ ਹੁਣ ਕੋਰੀਅਰ ਰਾਹੀਂ ਵੀ ਇਸਦਾ ਆਰਡਰ ਦੇਣ ਲੱਗ ਪਏ ਹਨ। ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਉਨ੍ਹਾਂ ਦੇ ਗੁੜ ਦੀ ਬਹੁਤ ਮੰਗ ਹੈ।
16 ਕਿਸਮਾਂ ਦਾ ਬਣਦਾ ਹੈ ਗੁੜ
-ਸ਼ੱਕਰ, ਸਾਦਾ ਗੁੜ, ਗਾਜਰ ਦਾ ਗੁੜ, ਚੁਕੰਦਰ ਦਾ ਗੁੜ, ਸੰਤਰਾ ਗੁੜ, ਅਜਵਾਈਨ ਗੁੜ, ਡਰਾਈ ਫਰੂਟ ਮਿਕਸ ਗੁੜ, ਅਲਸੀ ਗੁੜ, ਹਲਦੀ ਗੁੜ, ਇਲਾਇਚੀ ਗੁੜ, ਛੋਲਿਆਂ ਦਾ ਗੁੜ, ਮੁਲੱਠੀ ਗੁੜ, ਆਂਵਲਾ ਗੁੜ, ਮਿਕਸ ਗੁੜ, ਦੇਸੀ ਖੰਡ ਸਮੇਤ ਹੋਰ ਕਈ ਤਰ੍ਹਾਂ ਦੇ ਗੁੜ ਬਣਾਉਂਦੇ ਹਨ।
- ਇਸ ਵਿੱਚ ਐਂਟੀਆਕਸੀਡੈਂਟ, ਜ਼ਿੰਕ ਵਰਗੇ ਖਣਿਜ ਗੁਣ ਦੀ ਭਰਪੂਰ ਮਾਤਰਾ ਹੁੰਦੀ ਹੈ।
-ਗੁੜ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਵੀ ਹੁੰਦਾ ਹੈ।
ਪੀਏਯੂ ਤੋਂ ਲਿੱਤੀ ਸਿਖਲਾਈ
ਗੁਰਮੁੱਖ ਸਿੰਘ ਨੇ ਦੱਸਿਆ ਕਿ ਗੁੜ ਬਣਾਉਣ ਅਤੇ ਵੇਚਣ ਦਾ ਕੰਮ ਪੁਰਖਿਆਂ ਦਾ ਹੈ। ਪਿਤਾ ਜਸਵੰਤ ਸਿੰਘ 12 ਸਾਲ ਦੀ ਉਮਰ ਤੋਂ ਹੀ ਗੁੜ ਬਣਾ ਕੇ ਵੇਚਦੇ ਸਨ। ਫਿਰ ਗੁੜ ਬਣਾਉਣ ਲਈ ਕਰੱਸ਼ਰ ਦੀ ਵਰਤੋਂ ਕੀਤੀ ਜਾਂਦੀ ਸੀ। ਹੌਲੀ-ਹੌਲੀ ਜਦੋਂ ਮਠਿਆਈਆਂ, ਚਾਕਲੇਟਾਂ ਅਤੇ ਖੰਡ ਤੋਂ ਬਣੀਆਂ ਚੀਜ਼ਾਂ ਦਾ ਰੁਝਾਨ ਵਧਿਆ ਤਾਂ ਗੁੜ ਦਾ ਕਾਰੋਬਾਰ ਇਕ ਤਰ੍ਹਾਂ ਨਾਲ ਬੰਦ ਹੋ ਗਿਆ। ਗੁੜ ਦੇ ਫਾਇਦਿਆਂ ਬਾਰੇ ਸੁਣ ਕੇ ਉਸ ਨੇ ਪੀਏਯੂ ਤੋਂ ਸਿਖਲਾਈ ਲੈ ਕੇ ਦੁਬਾਰਾ ਗੁੜ ਬਣਾਉਣਾ ਅਤੇ ਵੇਚਣਾ ਸ਼ੁਰੂ ਕਰ ਦਿੱਤਾ। ਗੁੜ ਬਣਾਉਣ ਲਈ ਉਨ੍ਹਾਂ ਦੇ ਖੇਤਾਂ ਵਿੱਚ ਵਧੀਆ ਕੁਆਲਿਟੀ ਦਾ ਗੰਨਾ ਉਗਾਇਆ। ਖਾਸ ਗੱਲ ਇਹ ਹੈ ਕਿ ਇਸ ਵਿੱਚ ਨਾਂ ਤਾਂ ਚੀਨੀ ਦੀ ਵਰਤੋਂ ਹੁੰਦੀ ਹੈ ਅਤੇ ਨਾਂ ਹੀ ਕੋਈ ਰਸਾਇਣ ਮਿਲਾਇਆ ਜਾਂਦਾ ਹਨ।
ਪਾਲੀਵੁੱਡ ਅਦਾਕਾਰ ਵੀ ਖਰੀਦਦੇ ਹਨ ਗੁੜ
ਗੁਰਮੁੱਖ ਸਿੰਘ ਨੇ ਦੱਸਿਆ ਕਿ ਕਈ ਪਾਲੀਵੁੱਡ ਐਕਟਰ ਵੀ ਉਨ੍ਹਾਂ ਦਾ ਗੁੜ ਬੜੇ ਚਾਅ ਨਾਲ ਖਾਂਦੇ ਹਨ। ਇਨ੍ਹਾਂ ਵਿੱਚ ਉਪਾਸਨਾ ਸਿੰਘ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਸਮੇਤ ਕਈ ਕਲਾਕਾਰ ਉਨ੍ਹਾਂ ਤੋਂ ਗੁੜ ਲੈਣ ਆਉਂਦੇ ਹਨ। ਇਸ ਤੋਂ ਇਲਾਵਾ ਕਈ ਹੋਰ ਅਜਿਹੇ ਕਲਾਕਾਰ ਵੀ ਹਨ, ਜੋ ਕੋਰੀਅਰ ਰਾਹੀਂ ਉਨ੍ਹਾਂ ਤੋਂ ਗੁੜ ਮੰਗਵਾਂਦੇ ਹਨ।
ਫਿਲਮ ਨਿਰਦੇਸ਼ਕ ਕੇਸੀ ਬੋਕਾਡੀਆ ਵੀ ਹਰ ਸਾਲ ਗੁੜ ਮੰਗਵਾਉਂਦੇ ਹਨ
ਦੱਸ ਦਈਏ ਕਿ ਗੁਰਮੁੱਖ ਸਿੰਘ ਦੇ ਗੁੜ ਦੀ ਚਰਚਾ ਦੂਰ-ਦੂਰ ਤੱਕ ਹੈ। ਗੁਰਮੁੱਖ ਸਿੰਘ ਨੇ ਦੱਸਿਆ ਕਿ ਭਾਰਤੀ ਫਿਲਮ ਨਿਰਦੇਸ਼ਕ-ਨਿਰਮਾਤਾ ਕੇਸੀ ਬੋਕਾਡੀਆ ਹਰ ਸਾਲ ਫਰਵਰੀ ਵਿੱਚ ਪੰਜ ਤੋਂ ਛੇ ਕਿਸਮ ਦੇ ਗੁੜ ਦਾ ਆਰਡਰ ਦਿੰਦੇ ਹਨ। ਉਹ ਇਸ ਨੂੰ ਕੋਰੀਅਰ ਰਾਹੀਂ ਭੇਜਦੇ ਹਨ। ਇਸਤੋਂ ਅਲਾਵਾ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਵੀ ਮੁੰਬਈ 'ਚ ਰਹਿੰਦੇ ਆਪਣੇ ਇਕ ਦੋਸਤ ਦੇ ਜ਼ਰੀਏ ਗੁੜ ਦਾ ਸਵਾਦ ਚੱਖਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਨੌਕਰੀ ਛੱਡ ਕਿਸਾਨ ਬਣੀ ਗੁਰਦੇਵ ਕੌਰ! 300 ਤੋਂ ਵੱਧ ਔਰਤਾਂ ਦੀ ਬਦਲੀ ਜ਼ਿੰਦਗੀ
ਗੁੜ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਕੁਦਰਤੀ ਮਿਠਾਸ ਹੁੰਦੀ ਹੈ। ਇਸ ਵਿਚ ਐਂਟੀਆਕਸੀਡੈਂਟ, ਜ਼ਿੰਕ ਵਰਗੇ ਖਣਿਜ ਗੁਣ ਗੁੜ ਵਿੱਚ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਗੁੜ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ।
Summary in English: Patiala farmer Gurmukh Singh became an example for others! Read the full news