1. Home
  2. ਪਸ਼ੂ ਪਾਲਣ

Wild Boar ਤੋਂ ਫਸਲਾਂ ਦਾ ਕਰੋ ਬਚਾਅ, ਅਪਣਾਓ ਪ੍ਰਬੰਧਨ ਦੇ ਇਹ 3 ਵਧੀਆ ਢੰਗ, ਨਹੀਂ ਹੋਵੇਗਾ ਫਸਲਾਂ ਦਾ ਨੁਕਸਾਨ

ਜੰਗਲੀ ਸੂਰਾਂ ਦੇ ਕੁਦਰਤੀ ਨਿਵਾਸ ਸਥਾਨ ਜਿਵੇਂ ਕਿ ਜੰਗਲਾਤ ਹੇਠਾਂ ਰਕਬੇ ਵਿੱਚ ਕਮੀ ਦੇ ਕਾਰਨ, ਇਹ ਭੋਜਨ ਅਤੇ ਆਸਰਾ ਲੈਣ ਲਈ ਕਾਸ਼ਤ ਵਾਲੇ ਖੇਤਰਾਂ ਵਿੱਚ ਦਾਖਲ ਹੋਣ ਲਈ ਮਜ਼ਬੂਰ ਹੋ ਜਾਂਦੇ ਹਨ। ਨਤੀਜੇ ਵਜੋਂ ਜੰਗਲੀ ਸੂਰ ਕਈ ਤਰ੍ਹਾਂ ਦੀਆਂ ਫ਼ਸਲਾਂ ਜਿਵੇਂ ਚੌਲ, ਮੱਕੀ, ਸਰੋਂ, ਆਲੂ ਅਤੇ ਹੋਰ ਸਬਜ਼ੀਆਂ ਦੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਕਰਨ ਲੱਗ ਪਏ ਹਨ। ਅਜਿਹੇ 'ਚ ਲੇਖ ਵਿੱਚ ਸਾਂਝੇ ਕੀਤੇ ਜਾ ਰਹੇ ਤਰੀਕਿਆਂ ਨੂੰ ਵੱਖਰੇ ਤੌਰ ਜਾਂ ਲੜੀਵਾਰ ਤਰੀਕੇ ਨਾਲ ਵਰਤਣ ਨਾਲ ਫਸਲਾਂ ਦਾ ਜੰਗਲੀ ਸੂਰਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

Gurpreet Kaur Virk
Gurpreet Kaur Virk
ਜੰਗਲੀ ਸੂਰਾਂ ਤੋਂ ਫਸਲਾਂ ਦਾ ਕਰੋ ਬਚਾਅ

ਜੰਗਲੀ ਸੂਰਾਂ ਤੋਂ ਫਸਲਾਂ ਦਾ ਕਰੋ ਬਚਾਅ

Wild Boar and Its Management: ਖੇਤੀਬਾੜੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਾਲ ਹੀ ਦੇ ਸਮੇਂ ਵਿੱਚ ਹਾਨੀਕਾਰਕ ਰੀੜਧਾਰੀ ਜੀਵਾਂ ਦੇ ਪ੍ਰਬੰਧਨ ਦੀ ਸਮੱਸਿਆ ਵਿਸ਼ੇਸ਼ ਤੌਰ 'ਤੇ ਉਭਰ ਕੇ ਆਈ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਜੰਗਲੀ ਸੂਰਾਂ ਦੇ ਝੁੰਡ ਜੰਗਲਾਤ ਹੇਠਾਂ ਰਕਬੇ ਤੋਂ ਆਸ ਪਾਸ ਦੇ ਖੇਤੀਬਾੜੀ ਅਧੀਨ ਇਲਾਕਿਆਂ ਵਿੱਚ ਭੋਜਨ ਦੀ ਭਾਲ ਵਿੱਚ ਦਾਖਲ ਹੋ ਰਹੇ ਹਨ।

ਹਾਲਾਂਕਿ, ਜਿੱਥੇ ਕਿਤੇ ਵੀ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਦਾ ਆਰਥਿਕ ਨੁਕਸਾਨ ਕਰਨ ਦੀ ਸਮੱਸਿਆ ਆਉਂਦੀ ਹੈ, ਭਾਰਤ ਸਰਕਾਰ ਅਤੇ ਸਬੰਧਤ ਸੂਬਿਆਂ ਦਾ ਜੰਗਲਾਤ ਵਿਭਾਗ ਸਮੇਂ-ਸਮੇਂ 'ਤੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈ, ਜਿਸ ਵਿੱਚ ਫਸਲਾਂ ਦੇ ਨੁਕਸਾਨ ਦੇ ਆਧਾਰ 'ਤੇ ਜਾਨਵਰ ਨੂੰ ਹਾਨੀਕਾਰਕ ਘੋਸ਼ਿਤ ਕੀਤਾ ਜਾ ਸਕਦਾ ਹੈ।

ਦਸ ਦੇਈਏ ਕਿ ਜੰਗਲੀ ਸੂਰ ਧਰਤੀ 'ਤੇ ਪਾਏ ਜਾਣ ਵਾਲੇ ਜਾਨਵਰਾਂ ਵਿੱਚੋਂ ਇੱਕ ਹੈ ਜੋ ਕਿ ਭਾਰਤੀ ਉਪ-ਮਹਾਂਦੀਪ ਵਿੱਚ ਵਿਆਪਕ ਤੌਰ ਤੇ ਫੈਲਿਆ ਹੋਇਆ ਹੈ। ਇਹ ਆਮ ਤੌਰ 'ਤੇ ਪੰਜਾਬ ਭਰ ਵਿੱਚ ਜੰਗਲਾਂ, ਨਦੀਆਂ ਦੇ ਕਿਨਾਰਿਆਂ ਅਤੇ ਸੰਘਣੀ ਬਨਸਪਤੀ ਵਾਲੀ ਬੰਜਰ ਜ਼ਮੀਨ ਵਾਲੇ ਖੇਤਰਾਂ ਵਿੱਚ ਪਾਇਆ ਜਾਂਦਾ ਹੈ, ਪਰ ਇਹ ਇਨ੍ਹਾਂ ਖੇਤਰਾਂ ਤੋਂ ਇਲਾਵਾ ਆਲੇ ਦੁਆਲੇ ਦੇ ਕਾਸ਼ਤ ਵਾਲੇ ਖੇਤਾਂ ਵਿੱਚ ਵੀ ਰਹਿ ਸਕਦਾ ਹੈ। ਬਾਘ, ਚੀਤੇ, ਸ਼ੇਰ, ਜੰਗਲੀ ਕੁੱਤੇ ਅਤੇ ਗਿੱਦੜ ਕੁਦਰਤੀ ਨਿਵਾਸ ਸਥਾਨਾਂ ਵਿੱਚ ਜੰਗਲੀ ਸੂਰਾਂ ਦੇ ਪ੍ਰਮੁੱਖ ਸ਼ਿਕਾਰੀ ਹਨ।

ਜੰਗਲੀ ਸੂਰ ਦਾ ਵਰਣਨ

ਜੰਗਲੀ ਸੂਰ ਛੋਟੀਆਂ ਅਤੇ ਮੋਟੀਆਂ ਲੱਤਾਂ ਵਾਲਾ ਦਰਮਿਆਨੇ ਆਕਾਰ ਦਾ ਮਜ਼ਬੂਤ ਜਾਨਵਰ ਹੈ। ਜਾਨਵਰ ਦਾ ਸਰੀਰ ਲੰਬੇ ਅਤੇ ਸੰਘਣੇ ਵਾਲਾਂ ਨਾਲ ਢੱਕਿਆ ਹੁੰਦਾ ਹੈ, ਜੋ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਇਹ ਜਾਨਵਰ ਹਲਕੇ ਤੋਂ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਇਸ ਦਾ ਸਿਰ ਵੱਡੇ ਆਕਾਰ ਦਾ ਹੁੰਦਾ ਹੈ ਜੋ ਕਿ ਭੋਜਨ ਦੀ ਭਾਲ ਦੇ ਦੌਰਾਨ ਮਿੱਟੀ ਦੀ ਖੁਦਾਈ ਵਿੱਚ ਮਦਦ ਕਰਦਾ ਹੈ। ਜੰਗਲੀ ਸੂਰ ਦੇ ਸੂਏ ਦੰਦ ਭੋਜਨ ਨੂੰ ਦਬੋਚਨ ਲਈ ਅਤੇ ਦੁਸ਼ਮਣਾਂ ਤੋਂ ਸੁਰੱਖਿਆ ਲਈ ਚੰਗੀ ਤਰ੍ਹਾਂ ਵਿਕਸਤ ਹੁੰਦੇ ਹਨ। ਇਸ ਦੀ ਸੁੰਘਣ ਦੀ ਸ਼ਕਤੀ ਕਾਫ਼ੀ ਵਿਕਸਤ ਹੁੰਦੀ ਹੈ, ਪਰ ਦੇਖਣ ਅਤੇ ਸੁਣਨ ਦੀ ਸ਼ਕਤੀ ਘੱਟ ਵਿਕਸਤ ਹੁੰਦੀ ਹੈ।

ਜੰਗਲੀ ਸੂਰ ਦੀਆਂ ਆਦਤਾਂ

ਜੰਗਲੀ ਸੂਰ ਛੋਟੇ ਸਮੂਹਾਂ ਵਿੱਚ ਪਾਇਆ ਜਾਣ ਵਾਲਾ ਸਮੂਹਿਕ ਜਾਨਵਰ ਹੈ। ਇਹ ਇੱਕ ਸਰਵਭੋਜ਼ੀ ਜਾਨਵਰ ਹੈ, ਜੋ ਕਿ ਵੱਖ-ਵੱਖ ਕਿਸਮ ਦਾ ਭੋਜਨ ਲੈਂਦਾ ਹੈ। ਇਹ ਕੁਦਰਤੀ ਨਿਵਾਸ ਖੇਤਰਾਂ ਵਿੱਚ ਮੌਜੂਦ ਕਈ ਤਰ੍ਹਾਂ ਦੇ ਭੋਜਨ ਸਰੋਤ ਜਿਵੇਂ ਕਿ ਸਬਜ਼ੀਆਂ, ਫਲ, ਅਨਾਜ ਦੀਆਂ ਫਸਲਾਂ (ਮੱਕੀ, ਚੌਲ, ਜਵਾਰ), ਕੀੜੇ-ਮਕੌੜੇ ਅਤੇ ਛੋਟੇ ਥਣਧਾਰੀ ਜਾਨਵਰਾਂ (ਗਿਲਹਿਰੀ, ਚੂਹੇ ਆਦਿ) ਨੂੰ ਭੋਜਨ ਦੇ ਤੌਰ 'ਤੇ ਖਾਂਦਾ ਹੈ।

ਨਰ ਅਤੇ ਮਾਦਾ ਦੀਆਂ ਵਿਸ਼ੇਸ਼ਤਾਵਾਂ

ਨਰ ਅਤੇ ਮਾਦਾ ਆਕਾਰ ਅਤੇ ਰੂਪ ਵਿੱਚ ਭਿੰਨ-ਭਿੰਨ ਹੁੰਦੇ ਹਨ। ਨਰ ਜੰਗਲੀ ਸੂਰ ਮਾਦਾ ਨਾਲੋਂ ਭਾਰਾ ਅਤੇ ਵੱਡਾ ਹੁੰਦਾ ਹੈ। ਇੱਕ ਪਰਿਪੱਕ ਨਰ ਆਮ ਤੌਰ 'ਤੇ 90 ਸੈਂਟੀਮੀਟਰ ਉੱਚਾ ਹੁੰਦਾ ਹੈ ਅਤੇ ਇਸਦਾ ਭਾਰ 135-230 ਕਿਲੋਗ੍ਰਾਮ ਦੇ ਵਿਚਕਾਰ ਹੋ ਸਕਦਾ ਹੈ, ਜਦੋਂਕਿ ਮਾਦਾ ਦਾ ਭਾਰ 85-135 ਕਿਲੋਗ੍ਰਾਮ ਦੇ ਵਿਚਕਾਰ ਹੁੰਦਾ ਹੈ। ਜੰਗਲੀ ਸੂਰ ਦੀ ਔਸਤ ਉਮਰ 10-12 ਸਾਲ ਹੁੰਦੀ ਹੈ, ਪਰ ਕੁਝ ਜਾਨਵਰ ਕੁਦਰਤੀ ਸਥਾਨਾਂ ਵਿੱਚ 20 ਸਾਲ ਤੱਕ ਵੀ ਜੀ ਸਕਦੇ ਹਨ।

ਇਹ ਵੀ ਪੜ੍ਹੋ: India ਦੇ 10 ਸੂਬਿਆਂ ਦੀਆਂ 10 Desi Cows, ਜਾਣੋ ਪਛਾਣ ਅਤੇ ਵਿਸ਼ੇਸ਼ਤਾਵਾਂ

ਜੰਗਲੀ ਸੂਰ ਦਾ ਪ੍ਰਜਨਨ

ਪੰਜਾਬ ਵਿੱਚ ਇਸ ਦਾ ਪ੍ਰਜਨਨ ਸਮਾਂ ਨਵੰਬਰ ਤੋਂ ਜਨਵਰੀ ਤੱਕ ਹੁੰਦਾ ਹੈ। ਮਾਦਾ ਜੰਗਲੀ ਸੂਰ ਔਸਤਨ ਇੱਕ ਵਾਰੀ ਵਿੱਚ 4-6 ਬੱਚੇ ਪੈਦਾ ਕਰਦੀ ਹੈ। ਸਰਵੇਖਣ ਦੌਰਾਨ ਮਾਦਾ ਜੰਗਲੀ ਸੂਰ ਨੂੰ ਨਵਜਾਤ ਬੱਚਿਆਂ ਦੇ ਨਾਲ ਗੰਨੇ, ਮੱਕੀ ਅਤੇ ਝੋਨੇ ਦੇ ਖੇਤਾਂ ਵਿੱਚ, ਪਾਣੀ ਦੇ ਸੂਇਆਂ ਅਤੇ ਨਦੀਆਂ ਦੇ ਕੰਢਿਆਂ ਦੇ ਨਾਲ-ਨਾਲ ਵੀ ਦੇਖਿਆ ਗਿਆ ਹੈ।

ਫਸਲਾਂ ਨੂੰ ਨੁਕਸਾਨ ਦੇ ਕਾਰਨ:

ਜੰਗਲੀ ਸੂਰਾਂ ਦੇ ਕੁਦਰਤੀ ਨਿਵਾਸ ਸਥਾਨ ਜਿਵੇਂ ਕਿ ਜੰਗਲਾਤ ਹੇਠਾਂ ਰਕਬੇ ਵਿੱਚ ਕਮੀ ਦੇ ਕਾਰਨ, ਇਹ ਭੋਜਨ ਅਤੇ ਆਸਰਾ ਲੈਣ ਲਈ ਕਾਸ਼ਤ ਵਾਲੇ ਖੇਤਰਾਂ ਵਿੱਚ ਦਾਖਲ ਹੋਣ ਲਈ ਮਜ਼ਬੂਰ ਹੋ ਜਾਂਦੇ ਹਨ। ਨਤੀਜੇ ਵਜੋਂ ਜੰਗਲੀ ਸੂਰ ਕਈ ਤਰ੍ਹਾਂ ਦੀਆਂ ਫ਼ਸਲਾਂ ਜਿਵੇਂ ਚੌਲ, ਮੱਕੀ, ਸਰੋਂ, ਆਲੂ ਅਤੇ ਹੋਰ ਸਬਜ਼ੀਆਂ ਦੀਆਂ ਫ਼ਸਲਾਂ ਦਾ ਕਾਫ਼ੀ ਆਰਥਿਕ ਨੁਕਸਾਨ ਕਰਨ ਲੱਗ ਪਏ ਹਨ।

ਇਸ ਤੋਂ ਇਲਾਵਾ ਜੰਗਲੀ ਸੂਰ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਭੋਜਨ ਦੀ ਭਾਲ ਦੌਰਾਨ ਲਿਟਣ ਨਾਲ ਅਤੇ ਮਿਧਣ ਨਾਲ ਵੀ ਫਸਲਾਂ ਦਾ ਨੁਕਸਾਨ ਕਰਦੇ ਹਨ। ਫਸਲਾਂ ਦੇ ਨੁਕਸਾਨ ਦੀ ਸੀਮਾ ਕਈ ਕਾਰਕਾਂ ਜਿਵੇਂ ਕਿ ਸਥਾਨਕ ਜਾਨਵਰਾਂ ਦੀ ਆਬਾਦੀ, ਫਸਲ ਦੇ ਹੇਠਾਂ ਕੁੱਲ ਰਕਬਾ, ਵੱਖ ਵੱਖ ਫਸਲੀ ਚੱਕਰ, ਜਾਨਵਰਾਂ ਦਾ ਨਿਵਾਸ ਸਥਾਨ, ਮੌਸਮ ਅਤੇ ਜਾਨਵਰਾਂ ਦੀ ਸਰੀਰਕ ਸਥਿਤੀ ਤੇ ਨਿਰਭਰ ਕਰਦੀ ਹੈ।

ਇਹ ਵੀ ਪੜ੍ਹੋ: ਦੁੱਧ ਦਾ ਉਤਪਾਦਨ ਵਧਾਉਣ ਲਈ ਪਸ਼ੂਆਂ ਨੂੰ ਖੁਆਓ 'ਮੱਖਣ ਘਾਹ'

ਹੁਣ ਜੰਗਲੀ ਸੂਰ ਨਹੀਂ ਕਰ ਸਕਣਗੇ ਫਸਲਾਂ ਦਾ ਨੁਕਸਾਨ

ਹੁਣ ਜੰਗਲੀ ਸੂਰ ਨਹੀਂ ਕਰ ਸਕਣਗੇ ਫਸਲਾਂ ਦਾ ਨੁਕਸਾਨ

ਪ੍ਰਬੰਧਨ ਦੇ ਢੰਗ: 

● ਬਾਇਓਕੋਸਟਿਕ ਵਿਧੀ

ਕੋਆਰਡੀਨੇਟਰ, ਆਲ ਇੰਡੀਆ ਨੈਟਵਰਕ ਪ੍ਰੋਜੈਕਟ ਆਨ ਵਰਟੀਬ੍ਰੇਟ ਪੈਸਟ ਮੈਨੇਜਮੈਂਟ ਦੁਆਰਾ ਪ੍ਰਦਾਨ ਕੀਤੇ ਬਾਇਓਕੋਸਟਿਕ ਯੰਤਰ ਖੇਤੀ ਰਕਸ਼ਕ (ਕੇ ਆਰ18 ©ਗਾਮਯਾਨ ਤਕਨਾਲੋਜੀ, ਪ੍ਰਾ. ਲਿਮਟਿਡ, ਹੈਦਰਾਬਾਦ) ਦੀ ਵਰਤੋਂ ਫਸਲਾਂ ਦੇ ਖੇਤਾਂ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਪਾਈ ਗਈ ਹੈ। ਇਹ ਯੰਤਰ ਵੱਖ-ਵੱਖ ਸਮੇਂ ਦੇ ਅੰਤਰਾਲ (@ 180 ਮਿੰਟ ਸਵੇਰੇ ਅਤੇ 180 ਮਿੰਟ ਸ਼ਾਮ) ਤੇ ਫਸਲਾਂ ਦੇ ਖੇਤਾਂ ਵਿੱਚ ਚਲਾਉਣ ਨਾਲ, ਖੇਤਾਂ ਵਿੱਚ ਜੰਗਲੀ ਸੂਰ ਦੇ ਦਾਖਲੇ ਨੂੰ ਰੋਕਣ ਵਿੱਚ ਕਾਫ਼ੀ ਸਹਾਇਕ ਸਾਬਤ ਹੁੰਦਾ ਹੈ।

● ਕੰਡਿਆਲੀ ਤਾਰਾਂ

ਖੰਭਿਆਂ ਦੀ ਮਦਦ ਨਾਲ ਖੇਤਾਂ ਦੇ ਚਾਰੇ ਪਾਸੇ ਖੜ੍ਹੀਆਂ ਕੰਡਿਆਲੀਆਂ ਤਾਰਾਂ ਨੂੰ ਜਾਨਵਰਾਂ ਦੇ ਦਾਖਲੇ ਨੂੰ ਰੋਕਣ ਵਜੋਂ ਵਰਤਿਆ ਜਾ ਸਕਦਾ ਹੈ ਜਿੱਥੇ ਵਾੜ ਦੀ ਉਚਾਈ ਫਸਲਾਂ ਦੇ ਅਨੁਸਾਰ ਬਦਲੀ ਵੀ ਜਾ ਸਕਦੀ ਹੈ। ਚੇਨ-ਲਿੰਕਡ ਕੰਡਿਆਲੀ ਤਾਰ ਵਿੱਚ, ਦੋ ਤਾਰਾਂ ਇੱਕ ਦੂਜੇ ਨਾਲ ਜੋੜ ਕੇ ਜਾਲ ਵਰਗੀ ਬਣਤਰ ਬਣਾਉਂਦੀਆਂ ਹਨ, ਜੋ ਜੰਗਲੀ ਸੂਰ ਲਈ ਰੁਕਾਵਟ ਦਾ ਕੰਮ ਕਰ ਸਕਦੀਆਂ ਹਨ।

● ਰਵਾਇਤੀ ਤਰੀਕੇ

ਵੱਖ-ਵੱਖ ਨਵੀਨਤਾਕਾਰੀ ਤਰੀਕਿਆਂ ਨਾਲ ਜੰਗਲੀ ਸੂਰਾਂ ਤੋਂ ਬਚਣ ਲਈ ਕਿਸਾਨ ਭਾਈਚਾਰੇ ਦੁਆਰਾ ਕਈ ਢੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਕੁਝ ਪ੍ਰਭਾਵਸ਼ਾਲੀ ਤਰੀਕਿਆਂ ਵਿੱਚ ਉੱਚੀ ਆਵਾਜ਼ਾਂ ਵਿੱਚ ਢੋਲ ਵਜਾਉਣਾ, ਪਟਾਕਿਆਂ ਦੀ ਆਵਾਜ਼ ਆਦਿ ਸ਼ਾਮਲ ਹਨ। ਇਹ ਤਰੀਕੇ ਪ੍ਰਭਾਵਸ਼ਾਲੀ, ਘੱਟ ਖਰਚੇ ਵਾਲੇ ਅਤੇ ਵਰਤੋਂ ਵਿੱਚ ਆਸਾਨ ਹਨ।

Summary in English: Protect Crops from Wild Boar, Adopt these 3 best methods of management, there will be no loss of crops.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters