ਖੇਤੀ ਮਸ਼ੀਨੀਕਰਣ ਆਧੁਨਿਕ ਖੇਤੀ ਲਈ ਜਰੂਰੀ ਲੋੜ ਬਣ ਗਿਆ ਹੈ। ਇਸ ਨਾਲ ਜਿੱਥੇ ਖੇਤੀ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ ਅਤੇ ਖੇਤੀ ਖਰਚੇ ਵਿੱਚ ਕਮੀ ਆਉਂਦੀ ਹੈ, ਉੱਥੇ ਹੀ ਖੇਤੀ ਕਾਮਿਆਂ ਦੀ ਔਖਤ ਵੀ ਘਟਦੀ ਹੈ। ਖੇਤੀ ਮਸ਼ੀਨੀਕਰਣ ਨਾਲ ਖੇਤੀ ਲਾਗਤਾਂ ਦੀ ਉਪਯੋਗਤਾ ਵਿੱਚ ਵਾਧਾ ਹੋਇਆ ਹੈ ਅਤੇ ਨਾਲ ਹੀ ਖੇਤੀ ਉਤਪਾਦ ਦੀ ਗੁਣਵੱਤਾ ਵੀ ਵਧੀ ਹੈ। ਖੇਤੀ ਮਸ਼ੀਨੀਕਰਣ ਨਾਲ ਕਿਸਾਨ ਖੇਤਾਂ ਵਿੱਚੋਂ ਇੱਕ ਤੋਂ ਵੱਧ ਫ਼ਸਲਾਂ ਲੈਣ ਦੇ ਸਮਰੱਥ ਹੋਏ ਹਨ। ਬਾਗਬਾਨੀ ਫਸਲਾਂ ਦੇ ਮਸ਼ੀਨੀਕਰਨ ਹੋਣ ਨਾਲ ਇਹਨਾ ਹੇਠ ਰਕਬਾ ਵਧਣ ਦੀ ਸੰਭਾਵਨਾ ਹੈ ਕਿਉਂਕ ਇਹਨਾਂ ਫਸਲਾਂ ਲਈ ਲੇਬਰ ਦੀ ਬਹੁਤ ਘੱਟ ਲੋੜ ਹੁੰਦੀ ਹੈ। ਬਾਗਬਾਨੀ ਫਸਲਾਂ ਲਈ ਸ਼ਿਫਾਰਸ਼ ਮਸ਼ੀਨਾਂ ਦਾ ਜ਼ਿਕਰ ਇਸ ਲੇਖ ਵਿੱਚ ਕੀਤਾ ਗਿਆ ਹੈ।
1. ਲੇਜ਼ਰ ਵਾਲਾ ਕਰਾਹ
ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਗਿਰਾਵਟ ਪੰਜਾਬ ਦੀ ਖੇਤੀ ਲਈ ਚਿੰਤਾ ਦਾ ਵਿਸ਼ਾ ਹੈ। ਪਾਣੀ ਦੀ ਸੁਚੱਜੀ ਵਰਤੋਂ ਇਸ ਸਮੇਂ ਦੀ ਅਹਿਮ ਲੋੜ ਹੈ। ਲੇਜ਼ਰ ਵਾਲਾ ਕਰਾਹ ਇੱਕ ਅਜਿਹੀ ਤਕਨਾਲੋਜੀ ਹੈ ਜਿਸ ਖੇਤ ਵਿੱਚ ਲੱਗਣ ਵਾਲੇ ਪਾਣੀ ਦੇ ਸਮੇਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਇਕਸਾਰ ਪੱਧਰ ਦਾ ਪਾਣੀ ਲਗਾਇਆ ਜਾ ਸਕਦਾ ਹੈ। ਲੇਜ਼ਰ ਵਾਲੇ ਕਰਾਹ ਨੂੰ 50 ਹ.ਪ. ਜਾਂ ਵੱਧ ਤਾਕਤ ਦੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਨਾਲ 25-30 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ।
2. ਟਰੈਕਟਰ ਨਾਲ ਚੱਲਣ ਵਾਲਾ ਆਫਸੈਟ ਰੋਟਾਵੇਟਰ
ਟਰੈਕਟਰ ਨਾਲ ਚਲਣ ਵਾਲੇ ਆਫਸੈਟ ਰੋਟਾਵੇਟਰ ਦੀ ਵਰਤੋਂ ਫ਼ਲਾਂ ਅਤੇ ਜੰਗਲਾਤ ਦਰੱਖਤਾਂ ਦੇ ਖੇਤਾਂ ਵਿਚ ਗੋਡੀ ਕਰਨ ਜਾਂ ਦੋਹਰੀ ਫ਼ਸਲ ਦੀ ਬਿਜਾਈ ਲਈ ਜ਼ਮੀਨ ਤਿਆਰ ਕਰਨ ਲਈ ਕੀਤੀ ਜਾਂਦੀ ਹੈ।ਟਰੈਕਟਰ ਦੇ ਪੀ ਟੀ ਓ ਨਾਲ ਚੱਲਣ ਵਾਲਾ ਆਫਸੈਟ ਰੋਟਾਵੇਟਰ ਦੀ ਵਰਤੋਂ ਨਾਲ ਦਰੱਖਤਾਂ ਦੇ ਥੱਲੇ ਵਹਾਈ ਅਤੇ ਗੁਡਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਹ ਮਸ਼ੀਨ 45 ਹਾਰਸ ਪਾਵਰ ਜਾਂ ਇਸ ਤੋਂ ਵੱਧ ਪਾਵਰ ਵਾਲੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ।
ਆਫਸੈਟ ਰੋਟਾਵੇਟਰ ਮਸ਼ੀਨ ਵਿਚ ਹਾਈਡਰੌਲਿਕ ਪਾਵਰ ਵਾਲਾ ਇਕ ਸਿਸਟਮ ਲਗਿਆ ਹੋਇਆ ਹੈ, ਜਿਹੜਾ ਕਿ ਮਸ਼ੀਨ ਦੇ ਸੈਂਸਰ ਦੁਆਰਾ ਦਰਖਤ ਦੇ ਮੁੱਢ ਨੂੰ ਛੂੰਹਣ ਤੇ ਮਸ਼ੀਨ ਨੂੰ ਦਰੱਖਤਾਂ ਦੀ ਲਾਈਨ ਤੋਂ ਹਟਾ ਕੇ ਵਾਪਿਸ ਟਰੈਕਟਰ ਪਿੱਛੇ ਲੈ ਜਾਂਦਾ ਹੈ । ਜਦੋਂ ਮਸ਼ੀਨ ਦਰਖਤ ਦਾ ਮੁੱਢ ਪਾਰ ਕਰ ਲੈਂਦੀ ਹੈ ਤਾਂ ਸੈਂਸਰ ਉਪਰ ਪੈਂਦਾ ਦਬਾਅ ਹਟ ਜਾਂਦਾ ਹੈ ਅਤੇ ਰੋਟਾਵੇਟਰ ਆਪਣੇ ਆਪ ਦਰੱਖਤਾਂ ਦੀ ਕਤਾਰ ਵਿਚ ਆ ਜਾਂਦਾ ਹੈ।
ਇਸ ਤਰ੍ਹਾਂ ਆਟੋਮੈਟਿਕ ਸੈਂਸਰ ਵਾਲੇ ਸਿਸਟਮ ਕਰਕੇ ਰੋਟਾਵੇਟਰ ਦਰਖਤਾਂ ਦੇ ਮੁੱਢ ਨਾਲ ਨਹੀਂ ਟਕਰਾਉਂਦਾ ਅਤੇ ਡਰਾਈਵਰ ਆਪਣਾ ਪੂਰਾ ਧਿਆਨ ਟਰੈਕਟਰ ਅਗੇ ਚਲਾਉਣ ਵੱਲ ਲਗਾ ਸਕਦਾ ਹੈ ।ਇਸ ਮਸ਼ੀਨ ਨੂੰ ਕਿੰਨੂ, ਨਾਸ਼ਪਤੀ, ਆੜੂ ਆਦਿ ਬਾਗਾਂ ਵਿਚ ਵਰਤਿਆ ਜਾ ਸਕਦਾ ਹੈ । ਮਸ਼ੀਨ ਦੀ ਕੰਮ ਕਰਨ ਦੀ ਸਮਰਥਾ 0.50 ਏਕੜ ਪ੍ਰਤੀ ਘੰਟਾ ਹੈ।
ਇਹ ਵੀ ਪੜ੍ਹੋ: ਕਬਾੜ ਤੋਂ ਬਣਿਆ ਸ਼ਾਨਦਾਰ Desi Jugaad, ਹੁਣ ਮਿੰਟਾਂ 'ਚ ਹੋਵੇਗਾ ਘੰਟਿਆਂ ਦਾ ਕੰਮ
3. ਟਰੈਕਟਰ ਚਲਿਤ ਪੋਸਟ ਹੋਲ ਡਿੱਗਰ
ਇਹ ਮਸ਼ੀਨ ਬਾਗਬਾਨੀ ਲਈ ਟੋਏ ਪੁੰਟਣ ਦਾ ਕੰਮ ਕਰਦੀ ਹੈ। ਟੋਏ ਦਾ ਘੇਰਾ 15 ਤੋਂ 75 ਸੈਂਟੀਮੀਟਰ ਅਤੇ ਡੁੰਘਾਈ 90 ਸੈਂਟੀਮੀਟਰ ਹੋ ਸਕਦੀ ਹੈ। ਇਹ ਮਸ਼ੀਨ ਦੀ ਪੀ. ਟੀ. ਓ ਦੁਆਰਾ ਇੱਕ ਗੇਅਰ ਬਾਕਸ ਨਾਲ ਚੱਲਦੀ ਹੈ ਅਤੇ ਟਰੈਕਟਰ ਦੀਆਂ ਲਿੰਕਾਂ ਉੱਤੇ ਇਸ ਨੂੰ ਫਿੱਟ ਕੀਤਾ ਜਾਂਦਾ ਹੈ। ਆਮ ਹਾਲਤਾਂ ਵਿੱਚ ਇਹ ਮਸ਼ੀਨ ਇੱਕ ਘੰਟੇ ਵਿੱਚ 90 ਸੈਂਟੀਮੀਟਰ ਡੁੰਘਾਈ ਦੇ 60 -70 ਟੋਏ ਪੁੱਟਦੀ ਹੈ।
ਇਹ ਵੀ ਪੜ੍ਹੋ: ਇਸ Desi Jugaad ਨਾਲ ਕਰੋ ਫਸਲਾਂ ਦੀ ਵਾਢੀ, ਵੇਖੋ ਇਹ Video
4. ਟਰੈਕਟਰ ਨਾਲ ਵੱਟਾਂ ਬਣਾਉਣ ਅਤੇ ਪਲਾਸਟਿਕ ਮੱਲਚ ਵਿਛਾਉਣ ਵਾਲੀ ਮਸ਼ੀਨ
ਪੋਲੀਥੀਨ ਮੱਲਚ ਦੇ ਕਈ ਫ਼ਾਇਦੇ ਹਨ ਜਿਵੇਂ ਕਿ ਜ਼ਮੀਨ ਦਾ ਤਾਪਮਾਨ ਠੀਕ ਰੱਖਣਾ, ਮਿੱਟੀ ਦੀ ਸਿਲਾਬ, ਬਣਤਰ ਤੇ ਉਪਜਾਊਪਨ ਬਚਾ ਕੇ ਰੱਖਣਾ ਅਤੇ ਨਦੀਨਾਂ, ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣਾ ਜਿਸ ਨਾਲ ਫ਼ਸਲ ਦੀ ਉਪਜ ਤੇ ਚੰਗਾ ਅਸਰ ਪੈਂਦਾ ਹੈ । ਇਹ ਮਸ਼ੀਨ ਚਾਰ ਕੰਮ ਇਕੱਠੇ ਕਰਦੀ ਹੈ ਜਿਵੇਂ ਕਿ ਵੱਟਾਂ ਬਣਾਉਣੀਆਂ, ਤੁਪਕਾ ਸਿੰਜਾਈ ਲਈ ਪਾਈਪ ਵਿਛਾਉਣਾ, ਮੱਲਚ ਵਿਛਾਉਣਾ ਅਤੇ ਲੋੜ ਅਨੁਸਾਰ ਦੂਰੀ ਤੇ ਸੁਰਾਖ ਕਰਨਾ। ਇਸ ਮਸ਼ੀਨ ਨੂੰ ਚਲਾਉਣ ਲਈ 30 ਹਾਰਸ ਪਾਵਰ ਵਾਲੇ ਟਰੈਕਟਰ ਦੀ ਲੋੜ ਹੈ । ਵੱਟਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਰੱਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਝੋਨੇ ਦੀ ਫ਼ਸਲ ਲਈ ਇਸ Machine ਦੀ ਕਰੋ ਵਰਤੋਂ, ਮਿਲੇਗਾ ਵਧੀਆ Profit
5. ਸਬਜ਼ੀਆਂ ਦੀ ਪਨੀਰੀ ਲਗਾਉਣ ਲਈ ਟਰਾਂਸਪਲਾਂਟਰ
ਸਬਜ਼ੀਆਂ ਦੀ ਪਨੀਰੀ ਨੂੰ ਲਗਾਉਣ ਲਈ ਦੋ ਕਤਾਰਾਂ ਵਾਲਾ ਸੈਮੀ ਆਟੋਮੈਟਿਕ ਵੈਜੀਟੇਬਲ ਟਰਾਂਸਪਲਾਂਟਰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਗਿਆ ਹੈ । ਇਸ ਵੈਜੀਟੇਬਲ ਟਰਾਂਸਪਲਾਂਟਰ ਨਾਲ ਟਮਾਟਰ, ਬੈਂਗਣ ਅਤੇ ਮਿਰਚਾਂ ਦੀ ਖੇਤ ਵਿੱਚ ਤਿਆਰ ਕੀਤੀ ਪਨੀਰੀ ਨੂੰ ਖੇਤਾਂ ਵਿੱਚ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ। ਮਸ਼ੀਨ ਵਿਚ ਦੋ ਰਿਜ ਬੌਟਮ, ਦੋ ਖੜਵੇਂ ਫਿµਗਰ ਟਾਈਪ ਮੀਟਿਰਿੰਗ ਯੂਨਿਟ, ਉਪਰੇਟਰਾਂ ਦੇ ਬੈਠਣ ਲਈ ਦੋ ਸੀਟਾਂ, ਪਾਣੀ ਦੀ ਟੈਂਕੀ ਅਤੇ ਦੋ ਗਰਾਉਂੜ ਵ੍ਹੀਲ ਲੱਗੇ ਹਨ।
ਇਸ ਮਸ਼ੀਨ ਨੂੰ 50 ਜਾਂ ਇਸ ਤੋਂ ਵਧੇਰੇ ਹਾਰਸ ਪਾਵਰ ਵਾਲੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਮਸ਼ੀਨ ਦੀ ਸਮਰੱਥਾ 0.20-0.22 ਏਕੜ ਪ੍ਰਤੀ ਘੰਟਾ ਹੈ । ਮਸ਼ੀਨ ਨਾਲ ਬੂਟਿਆਂ ਦੀ ਲਵਾਈ ਸਮੇਂ ਮਿਸਿੰਗ 4% ਤੋਂ ਵੀ ਘੱਟ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਹੱਥੀਂ ਲਵਾਈ ਨਾਲੋਂ ਲਗਭਗ 75-80% ਮਜ਼ਦੂਰਾਂ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ: Harvester Machine 'ਤੇ 50% ਸਬਸਿਡੀ, ਜਾਣੋ ਅਰਜ਼ੀ ਦੇਣ ਦੀ ਪ੍ਰਕਿਰਿਆ
6. ਸਬਜ਼ੀਆਂ ਦੀ ਸੈੱਲ ਟਾਈਪ ਪਨੀਰੀ ਲਗਾਉਣ ਲਈ ਵੈਜੀਟੇਬਲ ਟਰਾਂਸਪਲਾਂਟਰ
ਸਬਜ਼ੀਆਂ ਦੀ ਸੈੱਲ ਟਾਈਪ ਪਨੀਰੀ (ਟਰੇਅ ਵਿੱਚ ਤਿਆਰ ਕੀਤੀ) ਨੂੰ ਲਗਾਉਣ ਲਈ ਦੋ ਕਤਾਰਾਂ ਵਾਲਾ ਸੈਮੀ ਆਟੋਮੈਟਿਕ ਵਰਟੀਕਲ ਕੱਪ ਟਾਈਪ ਵੈਜੀਟੇਬਲ ਟਰਾਂਸਪਲਾਂਟਰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਸ ਵੈਜੀਟੇਬਲ ਟਰਾਂਸਪਲਾਂਟਰ ਨਾਲ ਟਮਾਟਰ, ਬੈਂਗਣ ਅਤੇ ਮਿਰਚਾਂ ਦੀ ਸੈੱਲ ਟਾਈਪ ਪਨੀਰੀ ਨੂੰ ਖੇਤਾਂ ਵਿੱਚ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ।
ਮਸ਼ੀਨ ਵਿਚ ਦੋ ਰਿਜ ਬੌਟਮ, ਦੋ ਖੜਵੇਂ ਕਪਟਾਈਪ ਮੀਟਿਰਿੰਗ ਯੂਨਿਟ, ਉਪਰੇਟਰਾਂ ਦੇ ਬੈਠਣ ਲਈ ਦੋ ਸੀਟਾਂ, ਨਰਸਰੀ ਲਈ ਦੋ ਟਰੇਅ ਸਟੈਂਡ ਅਤੇ ਦੋ ਗਰਾਉਂੜ ਵ੍ਹੀਲ ਲੱਗੇ ਹਨ। ਇਸ ਮਸ਼ੀਨ ਨੂੰ 50 ਜਾਂ ਇਸ ਤੋਂ ਵਧੇਰੇ ਹਾਰਸ ਪਾਵਰ ਵਾਲੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ।
ਗਰਾਉਂਡ ਵ੍ਹੀਲ ਅਤੇ ਮੀਟਿਰਿੰਗ ਵ੍ਹੀਲ ਦੀ ਗੀਅਰ ਰੇਸ਼ੋ ਨੂੰ ਬਦਲ ਕੇ ਬੂਟੇ ਤੋਂ ਬੂਟੇ ਦਾ ਫਾਸਲਾ ਬਦਲਿਆ ਜਾ ਸਕਦਾ ਹੈ। ਮਸ਼ੀਨ ਦੀ ਸਮਰੱਥਾ 0.27-0.37 ਏਕੜ ਪ੍ਰਤੀ ਘੰਟਾ ਹੈ । ਮਸ਼ੀਨ ਨਾਲ ਬੂਟਿਆਂ ਦੀ ਲਵਾਈ ਸਮੇਂ ਮਿਸਿੰਗ 4% ਤੋਂ ਵੀ ਘੱਟ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਹੱਥੀਂ ਲਵਾਈ ਨਾਲੋਂ ਲਗਭਗ 85% ਮਜ਼ਦੂਰਾਂ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ: Fish Farming ਵਿੱਚ ਵਰਤੀ ਜਾਂਦੀ ਖੇਤੀ ਮਸ਼ੀਨਰੀ
7. ਰੋਟਰੀ ਪਾਵਰ ਵੀਡਰ
ਇਹ ਮਸ਼ੀਨ ਆਪੇ ਆਪ ਚੱਲਣ ਵਾਲੀ ਹੈ ਅਤੇ ਇਸ ਵਿੱਚ 5 ਹਾਰਸ ਪਾਵਰ ਵਾਲਾ ਇੰਜ਼ਨ ਲੱਗਿਆ ਹੈ ਜਿਸ ਨਾਲ ਇਹ ਚੱਲਦੀ ਹੈ। ਇਹ ਮਸ਼ੀਨ ਬਾਗਾਂ ਵਿੱਚ ਅਤੇ ਜਿਆਦਾ ਦੂਰੀ ਵਾਲੀਆਂ ਫਸਲਾਂ ਵਿੱਚ ਗੋਡੀ ਕਰਨ ਲਈ ਵਰਤੀ ਜਾਂਦੀ ਹੈ ਅਤੇ ਇਸ ਮਸ਼ੀਨ ਨੂੰ 1.5 ਤੋਂ 2.0 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਤੇ ਚਲਾਇਆ ਜਾਂਦਾ ਹੈ।
ਇਹ 62.2 ਸੈਂਟੀਮੀਟਰ (2 ਵਾਰੀਆਂ ਵਿੱਚ) ਦੀ ਗੋਡੀ ਖੁੱਲੀਆਂ ਕਤਾਰਾਂ ਵਾਲੀਆਂ ਫਸਲਾਂ ਵਿੱਚ ਕਰਦੀ ਹੈ। ਇਹ 4-7 ਸੈਂਟੀਮੀਟਰ ਦੀ ਡੁੰਘਾਈ ਤੱਕ ਚੱਲਦੀ ਹੈ। ਇਹ ਨਦੀਨ ਬੂੱਟਿਆਂ ਨੂੰ 86 ਪ੍ਰਤੀਸ਼ਤ ਤੱਕ ਖਤਮ ਕਰ ਦਿੰਦੀ ਹੈ। ਇਸ ਮਸ਼ੀਨ ਦੀ ਸਮਰੱਥਾ 1.5 ਤੋਂ 2.5 ਏਕੜ ਪ੍ਰਤੀ ਦਿਨ ਹੈ।
ਇਹ ਵੀ ਪੜ੍ਹੋ: ਇਸ ਖੇਤੀ ਮਸ਼ੀਨ ਨਾਲ ਕਿਸਾਨਾਂ ਦੀ ਮਿਹਨਤ ਅਤੇ ਪੈਸਾ ਦੋਵਾਂ ਦੀ ਹੋਵੇਗੀ ਬੱਚਤ
8. ਟਰੈਕਟਰ ਨਾਲ ਚੱਲਣ ਵਾਲੀ ਪਿੱਕ ਪੁਜੀਸ਼ਨਰ
ਟਰੈਕਟਰ ਨਾਲ ਚੱਲਣ ਵਾਲੀ ਪਿੱਕ ਪੁਜਿਸ਼ਨਰ ਮਸ਼ੀਨ ਬਾਗਾਂ ਵਿੱਚ ਫਲਾਂ ਦੀ ਤੁੜਾਈ ਅਤੇ ਦਰੱਖਤਾਂ ਦੀ ਕਾਂਟ-ਛਾਂਟ ਕਰਨ ਲਈ ਬਣਾਈ ਗਈ ਹੈ। ਪਿੱਕ ਪੁਜੀਸ਼ਨਰ ਮਸ਼ੀਨ ਵਿੱਚ ਮੁੱਖ ਤੌਰ ਤੇ ਇੱਕ ਪਲੇਟ ਫਾਰਮ ਬਣਿਆ ਹੋਇਆ ਹੈ। ਜਿਸ ਉੱਪਰ ਕਾਮਾ ਫ਼ਲਾਂ ਦੀ ਤੁੜਾਈ ਤਕਰੀਬਨ 9.6 ਮੀਟਰ (32 ਫੁੱਟ) ਦੀ ਉੱਚਾਈ ਤੱਕ ਕਰ ਸਕਦਾ ਹੈ। ਇਸ ਪਲੇਟ ਫਾਰਮ ਦੀ ਉਚਾਈ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ।
ਪਰ ਇਸ ਨੂੰ ਖੱਬੇ ਸੱਜੇ ਕਰਨ ਲਈ ਟਰੈਕਟਰ ਦੀ ਪੁਜੀਸ਼ਨ ਨੂੰ ਬਦਲਣਾ ਪੈਂਦਾ ਹੈ। ਇਸ ਪਲੇਟ ਫਾਰਮ ਦੀ ਉਚਾਈ ਨੂੰ ਘਟਾਉਣ ਵਧਾਉਣ ਲਈ ਇੱਕ ਡਬਲ ਹਾਈਡਰੋਲਿਕ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਫ਼ਲਾਂ ਦੀ ਤੁੜਾਈ ਕਰਨ ਨਾਲ ਤਕਰੀਬਨ 75 ਪ੍ਰਤੀਸ਼ਤ ਅਤੇ ਕਾਂਟ-ਛਾਂਟ ਦੇ ਕੰਮ ਲਈ ਤਕਰੀਬਨ 90 ਪ੍ਰਤੀਸ਼ਤ ਕਾਮਿਆਂ ਦੀ ਬੱਚਤ ਹੁੰਦੀ ਹੈ।
ਇਸ ਤੋਂ ਇਲਾਵਾ ਆਮ ਢੰਗ ਨਾਲ ਤੁੜਾਈ ਵੇਲੇ ਫ਼ਲ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕਦਾ ਹੈ। ਇਸ ਮਸ਼ੀਨ ਨਾਲ ਟਹਿਣੀਆਂ ਦੇ ਸਿਰਿਆਂ ਤੇ ਲੱਗੇ ਫ਼ਲਾਂ ਦੀ ਤੁੜਾਈ ਵੀ ਸੰਭਵ ਹੈ, ਜਿਨ੍ਹਾਂ ਦੀ ਰਵਾਇਤੀ ਢੰਗ ਨਾਲ ਤੁੜਾਈ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ।
ਅਰਸ਼ਦੀਪ ਸਿੰਘ, ਅਸੀਮ ਵਰਮਾ ਅਤੇ ਅਨੂਪ ਦੀਕਸ਼ਿਤ
ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ, ਪੀ. ਏ. ਯੂ. ਲੁਧਿਆਣਾ
Summary in English: 8 Top Farm Machinery for Horticultural Crops