Ayushman Bharat Scheme: ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ ਟੀ ਬੇਨਿਥ ਨੇ ਆਯੂਸ਼ਮਾਨ ਭਾਰਤ ਸਕੀਮ ਸਬੰਧੀ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਾਰਡ ਸਮੇਂ ਸਿਰ ਤਿਆਰ ਕੀਤੇ ਜਾਣ, ਤਾਂ ਜੋ ਇਹ ਲੋਕ ਸਕੀਮ ਤੋਂ ਵਾਂਝੇ ਨਾ ਰਹਿਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰ ਵੱਲੋਂ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਜਾਂਦਾ ਹੈ, ਜਿਸ ਤਹਿਤ ਸੂਚੀਬੱਧ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਰਾਸ਼ਨ ਕਾਰਡ ਧਾਰਕਾਂ, ਜੇ ਫਾਰਮ ਧਾਰਕਾਂ, ਪੱਤਰਕਾਰਾਂ, ਛੋਟੇ ਵਪਾਰੀਆਂ, ਨਿਰਮਾਣ ਮਜ਼ਦੂਰਾਂ ਨੂੰ ਲਾਭ ਦਿੱਤਾ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਖੁਰਾਕ ਸਪਲਾਈ ਵਿਭਾਗ, ਮੰਡੀ ਅਫ਼ਸਰ, ਲੋਕ ਸੰਪਰਕ ਵਿਭਾਗ, ਆਬਕਾਰੀ ਵਿਭਾਗ ਅਤੇ ਕਿਰਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਲਾਭਪਾਤਰੀਆਂ ਨੂੰ ਇਸ ਸਕੀਮ ਵਿੱਚ ਆਪਣੇ ਪਰਿਵਾਰਕ ਨਾਮ ਦਰਜ ਕਰਵਾਉਣ ਲਈ ਪ੍ਰੇਰਿਤ ਕਰਨ।
ਉਨ੍ਹਾਂ ਕਿਹਾ ਕਿ ਲਾਭਪਾਤਰੀ ਪਰਿਵਾਰ ਦਾ ਮੁਖੀ ਆਪਣਾ ਕਾਰਡ ਅਤੇ ਕੋਈ ਵੀ ਸਰਕਾਰੀ ਸ਼ਨਾਖਤੀ ਸਬੂਤ ਜਿਵੇਂ ਕਿ ਆਧਾਰ ਕਾਰਡ, ਪਾਸਪੋਰਟ ਜਾਂ ਕੋਈ ਹੋਰ ਸਬੂਤ ਲੈ ਕੇ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰੇ। ਹਰੇਕ ਲਾਭਪਾਤਰੀ ਨੂੰ ਇਸ ਸਕੀਮ ਵਿੱਚ ਆਪਣੇ ਨਿਰਭਰ ਪਰਿਵਾਰਕ ਮੈਂਬਰਾਂ ਜਿਵੇਂ ਕਿ ਜੀਵਨ ਸਾਥੀ, ਬੱਚੇ, ਬਜ਼ੁਰਗ ਮਾਤਾ-ਪਿਤਾ, ਇਕੱਲੇ ਨੌਜਵਾਨਾਂ ਦੇ ਨਾਮ ਸ਼ਾਮਲ ਕਰਨੇ ਚਾਹੀਦੇ ਹਨ, ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਨੂੰ ਵੀ ਇਸ ਸਕੀਮ ਅਧੀਨ ਮੁਹੱਈਆ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ : ''AJAI'' ਨਾਲ ਭਾਰਤ ਬਣਿਆ ਇੰਟਰਨੈਸ਼ਨਲ ਫੈਡਰੇਸ਼ਨ ਆਫ ਐਗਰੀਕਲਚਰਲ ਜਰਨਲਿਸਟਸ (IFAJ) ਦਾ 61ਵਾਂ ਮੈਂਬਰ
ਉਨ੍ਹਾਂ ਦੱਸਿਆ ਕਿ ਇਹ ਕਾਰਡ ਸਿਵਲ ਹਸਪਤਾਲ ਬਰਨਾਲਾ, ਸਿਹਤ ਕੇਂਦਰ ਚਨਾਂਵਾਲ, ਮਹਿਲ ਕਲਾਂ, ਤਪਾ, ਧਨੌਲਾ ਅਤੇ ਭਦੌੜ ਵਿਖੇ ਸਥਿਤ ਸੀ. ਐਚ. ਸੀ ਸਿਹਤ ਕੇਂਦਰਾਂ ਵਿਖੇ ਬਣਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਹੁਣ ਤੱਕ 36000 ਤੋਂ ਵੱਧ ਮਰੀਜ਼ ਲਾਭ ਲੈ ਚੁੱਕੇ ਹਨ ਅਤੇ 96000 ਦੇ ਕਰੀਬ ਪਰਿਵਾਰਾਂ ਨੂੰ ਇਸ ਸਕੀਮ ਤਹਿਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਵਿੱਚ 2.26 ਲੱਖ ਲੋਕ ਰਾਸ਼ਨ ਕਾਰਡ ਧਾਰਕ ਹਨ, 3542 ਪਰਿਵਾਰ ਖੇਤ ਧਾਰਕ ਹਨ, 30838 ਨਿਰਮਾਣ ਮਜ਼ਦੂਰ ਹਨ, 2549 ਛੋਟੇ ਵਪਾਰੀ ਹਨ ਅਤੇ 330 ਪੱਤਰਕਾਰ ਹਨ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਬਲਕਰਨ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਰਨਾਲਾ (District Public Relations Office Barnala)
Summary in English: More than 36000 people of Punjab have benefited from the scheme, the deprived people should apply soon