Subsidy on Agricultural Machinery: ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਸ਼ੀਨਾਂ ਨੇ ਖੇਤੀ ਨੂੰ ਪਹਿਲਾਂ ਨਾਲੋਂ ਸੌਖਾ ਬਣਾ ਦਿੱਤਾ ਹੈ। ਆਧੁਨਿਕ ਮਸ਼ੀਨਰੀ ਦੀ ਮਦਦ ਨਾਲ ਕਿਸਾਨ ਘੱਟ ਸਮੇਂ ਵਿੱਚ ਵੱਧ ਉਤਪਾਦਨ ਕਰ ਸਕਦੇ ਹਨ। ਪਰ ਕਿਸਾਨਾਂ ਲਈ ਖੇਤੀਬਾੜੀ ਦਾ ਕੰਮ ਸੁਖਾਲਾ ਕਰਨ ਵਾਲੇ ਇਹ ਉਪਕਰਣ ਬਹੁਤ ਮਹਿੰਗੇ ਆਉਂਦੇ ਹਨ, ਇਸ ਕਰਕੇ ਕਈ ਕਿਸਾਨ ਇਨ੍ਹਾਂ ਨੂੰ ਖਰੀਦਣ ਤੋਂ ਅਸਮਰੱਥ ਹਨ। ਅਜਿਹੇ 'ਚ ਸਰਕਾਰ ਦੀ ਨਵੀਂ ਯੋਜਨਾ ਦਾ ਫਾਇਦਾ ਉਠਾ ਕੇ ਇਸ ਸਮੇਂ ਉਹ ਕਿਸਾਨ ਖੇਤੀ ਸੰਦ ਖਰੀਦ ਸਕਦੇ ਹਨ।
ਉਨ੍ਹਾਂ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ ਜੋ ਮਹਿੰਗੀ ਖੇਤੀ ਮਸ਼ੀਨਰੀ ਨੂੰ ਨਹੀਂ ਖਰੀਦ ਸਕਦੇ। ਜੀ ਹਾਂ, ਕਿਸਾਨਾਂ ਦੇ ਖੇਤੀਬਾੜੀ ਕਾਰਜਾਂ ਨੂੰ ਸੁਖਾਲਾ ਕਰਨ ਲਈ ਸਰਕਾਰ ਨੇ ਖੇਤੀ ਮਸ਼ੀਨਰੀ 'ਤੇ ਭਾਰੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਕਿ ਕਿਸਾਨ ਇਸ ਦਾ ਲਾਭ ਕਿਵੇਂ ਲੈ ਸਕਦੇ ਹਨ।
ਇਹ ਵੀ ਪੜ੍ਹੋ: Punjab Government ਦੀ ‘ਇੱਕ ਜ਼ਿਲ੍ਹਾ ਇੱਕ ਉਦਪਾਦ’ Scheme ਨਾਲ ਕਿਸਾਨਾਂ ਨੂੰ ਹੁਲਾਰਾ
ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵੱਖ-ਵੱਖ ਮਸ਼ੀਨਾਂ ਤੇ ਸਬਸਿਡੀ ਦਿੱਤੀ ਜਾਵੇਗੀ। ਜ਼ਿਲਾ ਫਾਜ਼ਿਲਕਾ ਦੇ ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਮਿਤੀ 20 ਜੂਨ ਤੋਂ 20 ਜੁਲਾਈ 2023 ਤੱਕ ਆਪਣੀਆਂ ਅਰਜ਼ੀਆਂ ਆਨਲਾਈਨ ਪੋਰਟਲ agrimachinerypb.com 'ਤੇ ਦੇ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੋਪਰ/ਸ਼ਰੈਡਰ/ਮਲਚਰ, ਸਮਾਰਟ ਸੀਡਰ, ਜ਼ੀਰੋ ਟਿਲ ਡਰਿੱਲ, ਸੁਪਰ ਸੀਡਰ, ਬੇਲਰ, ਰੇਕ, ਸਰਬ ਮਾਸਟਰ/ਰੋਟਰੀ ਸਲੈਸ਼ਰ, ਕਰਾਪ ਰੀਪਰ, ਉਲਟਾਵੇਂ ਪਲਾਓ 'ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Punjab Government's Initiative: ਪੰਜਾਬ ਦੇ ਕਿਸਾਨਾਂ ਨੂੰ ਇਨ੍ਹਾਂ ਫਸਲਾਂ 'ਤੇ ਵਧੀਆ Subsidy
ਤੁਹਾਨੂੰ ਦੱਸ ਦੇਈਏ ਕਿ ਸਬਸਿਡੀ ਦੀ ਦਰ ਸਕੀਮ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਵੇਗੀ ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਸਕੀਮ ਤਹਿਤ ਵੱਖਰੀ ਰਕਮ ਉਪਲਬਧ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਮਿੱਟੀ ਦੀ ਉਪਰਲੀ ਪਰਤ 'ਤੇ ਮੌਜੂਦ ਮਿੱਤਰ ਜੀਵਾਣੂਆਂ ਅਤੇ ਕੀਮਤੀ ਕੁਦਰਤੀ ਤੱਤਾਂ ਨੂੰ ਵੀ ਨਸ਼ਟ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 18001801551 'ਤੇ ਖੇਤੀ ਨਾਲ ਸਬੰਧਤ ਸਲਾਹ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਫ਼ਾਜ਼ਿਲਕਾ (District Public Relations Office Fazilka)
Summary in English: Subsidy on Agricultural Machinery in Punjab, Last Date to Apply 20 July