ਅੱਜ ਅੱਸੀ ਤੁਹਾਡੇ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀ ਆਂਵਲੇ ਦੀਆਂ ਤਿੰਨ ਪ੍ਰਮੁੱਖ ਕਿਸਮਾਂ ਬਲਵੰਤ, ਨੀਲਮ ਤੇ ਕੰਚਨ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ।
Amla Farming: ਆਂਵਲਾ ਜਾਂ ਔਲਾ ਫ਼ਲ ਦਾ ਨਾਂ ਸੰਸਕ੍ਰਿਤ ਦੇ ਸ਼ਬਦ ‘ਅਮਲਾਕੀ’ ਤੋਂ ਲਿਆ ਗਿਆ ਹੈ ਜਿਸਦਾ ਭਾਵ ਹੈ, ‘ਜੀਵਨ ਅੰਮ੍ਰਿਤ’ ਜਾਂ ‘ਜੀਵਨ ਰੱਖਿਅਕ’। ਇਹ ਪੰਜਾਬ ਦੇ ਸੇਂਜੂ ਖੁਸ਼ਕ ਇਲਾਕਿਆਂ 'ਚ ਪਾਇਆ ਜਾਣ ਵਾਲਾ ਖੁਰਾਕੀ ਤੱਤਾਂ ਨਾਲ ਭਰਪੂਰ ਅਤੇ ਲਾਭਕਾਰੀ ਫ਼ਲ ਹੈ। ਐਂਟੀਆਕਸੀਡੈਂਟ ਦੀ ਮਾਤਰਾ ਭਰਪੂਰ ਹੋਣ ਕਾਰਨ ਇਹ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਦੇ ਗੁਣਾਂ ਸਦਕਾ ਇਸਨੂੰ ਅੰਮ੍ਰਿਤ ਫ਼ਲ ਵੀ ਕਿਹਾ ਜਾਂਦਾ ਹੈ।
Best Varieties of Amla: ਪੰਜਾਬ 'ਚ ਕਾਸ਼ਤ ਹੋਣ ਵਾਲੇ ਫਲਾਂ ਵਿਚੋਂ ਆਂਵਲੇ 'ਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ। ਇਸ ਵਿੱਚ ਸੰਤਰੇ ਨਾਲੋਂ ਤਕਰੀਬਨ 15 ਤੋਂ 20 ਗੁਣਾ ਵੱਧ ਵਿਟਾਮਿਨ ਸੀ ਪਾਇਆ ਜਾਂਦਾ ਹੈ। ਕਰੋਨਾ ਕਾਲ ਦੌਰਾਨ ਲੋਕਾਂ ਵਿੱਚ ਬਿਮਾਰੀਆਂ ਦਾ ਟਾਕਰਾ ਕਰਨ ਲਈ ਖੁਰਾਕ ਵਿੱਚ ਵਿਟਾਮਿਨ ਸੀ ਸ਼ਾਮਿਲ ਕਰਨ ਦੀ ਜਾਗਰੂਕਤਾ ਵਧੀ ਹੈ ਤੇ ਆਂਵਲੇ ਦਾ ਨਿਯਮਿਤ ਸੇਵਨ ਖੁਰਾਕ ਵਿੱਚ ਇਸ ਤੱਤ ਦੀ ਕਮੀ ਨੂੰ ਪੂਰਾ ਕਰਨ ਦੀ ਸਮਰੱਥਾ ਰਖਦਾ ਹੈ। ਇਸ ਤੋਂ ਇਲਾਵਾ ਇਹ ਕੈਲਸ਼ਿਅਮ, ਫਾਸਫੋਰਸ, ਲੋਹਾ ਅਤੇ ਖਣਿਜ ਪਦਾਰਥਾਂ ਦਾ ਉੱਤਮ ਸ੍ਰੋਤ ਹੈ।
ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਲਈ ਆਂਵਲਾ ਰਾਮਬਾਣ ਤੋਂ ਘੱਟ ਨਹੀਂ ਹੈ। ਵੈਦਿਕ ਕਾਲ ਤੋਂ ਹੀ ਆਂਵਲੇ ਦਾ ਪ੍ਰਯੋਗ ਔਸ਼ਧੀ ਦੇ ਰੂਪ ਵਿਚ ਕੀਤਾ ਜਾ ਰਿਹਾ ਹੈ। ਇਸ ਦੇ ਰੁੱਖ ਦਾ ਲਗਭਗ ਹਰ ਹਿੱਸਾ ਦਵਾਈਆਂ ਬਣਾਉਣ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਫ਼ਲ, ਬੀਜ, ਪੱਤੇ, ਜੜ੍ਹਾਂ, ਤਣੇ ਦੀ ਛਿੱਲੜ, ਫੁੱਲ ਆਦਿ। ਵੱਖ-ਵੱਖ ਰੋਗਾਂ ਜਿਵੇਂ ਕਿ ਸਕਰਵੀ, ਸ਼ੂਗਰ ਦੀ ਬਿਮਾਰੀ, ਸਾਹ ਦੀ ਬਿਮਾਰੀ, ਦਸਤ, ਪੇਟ ਦੀਆਂ ਬਿਮਾਰੀਆਂ, ਮੋਟਾਪਾ, ਦਿਲ ਦੇ ਰੋਗਾਂ, ਚਮੜੀ ਦੇ ਰੋਗਾਂ ਆਦਿ ਦੇ ਇਲਾਜ ਲਈ ਆਂਵਲੇ ਦੀ ਵਰਤੋਂ ਇਸਦੀ ਲਾਭਦਾਇਕਤਾ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਆਂਵਲੇ ਦੀਆਂ ਬਿਮਾਰੀਆਂ ਅਤੇ ਸਟੋਰੇਜ: ਆਂਵਲੇ ਨੂੰ ਕਿਵੇਂ ਸਟੋਰ ਕਰਨਾ ਹੈ ਅਤੇ ਜਾਣੋ ਇਸ ਵਿੱਚ ਲੱਗਣ ਵਾਲੇ ਰੋਗ
ਆਂਵਲਾ ਰੋਗਾਂ ਲਈ ਰਾਮਬਾਣ
● ਸ਼ੂਗਰ ਦੇ ਰੋਗੀਆਂ ਲਈ ਆਂਵਲਾ ਵਰਦਾਨ ਹੈ।
● ਇਹ ਬਲੱਡ ਸ਼ੂਗਰ ਦੀ ਮਾਤਰਾ ਨਿਯੰਤ੍ਰਿਤ ਕਰਦਾ ਹੈ।
● ਆਂਵਲਾ ਚਮੜੀ ਰੋਗਾਂ ਲਈ ਬਹੁਤ ਲਾਭਕਾਰੀ ਹੁੰਦਾ ਹੈ।
● ਇਸ ਦੇ ਰਸ ਦਾ ਨਿਯਮਿਤ ਇਸਤੇਮਾਲ ਕਰਨ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ।
● ਆਂਵਲੇ ਦੀ ਵਰਤੋਂ ਨਾਲ ਚਿਹਰੇ ਦੇ ਦਾਗ-ਧੱਬੇ ਗਾਇਬ ਹੋ ਜਾਂਦੇ ਹਨ ਅਤੇ ਰੰਗਤ ਨਿੱਖਰ ਜਾਂਦੀ ਹੈ।
● ਆਂਵਲਾ ਸਰੀਰ ਵਿੱਚ ਅਤਿਰਿਕਤ ਚਰਬੀ ਨੂੰ ਜਮ੍ਹਾਂ ਹੋਣ ਤੋਂ ਰੋਕਦਾ ਹੈ।
● ਕੈਂਸਰ ਵਰਗੇ ਜਾਨਲੇਵਾ ਰੋਗਾਂ ਵਿੱਚ ਵੀ ਆਂਵਲੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਸਾਬਿਤ ਹੋ ਚੁੱਕੀ ਹੈ।
ਹਰ ਤਰ੍ਹਾਂ ਦੀਆਂ ਜ਼ਮੀਨਾਂ 'ਤੇ ਕਾਸ਼ਤ ਸੰਭਵ
ਆਂਵਲੇ ਦੀ ਕਾਸ਼ਤ ਅਜਿਹੀਆਂ ਜ਼ਮੀਨਾਂ ਤੇ ਵੀ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ ਜਿਥੇ ਕਿਸੇ ਹੋਰ ਫ਼ਲ ਦੀ ਕਾਸ਼ਤ ਸੰਭਵ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਦੀ ਕਾਸ਼ਤ ਲਗਭਗ ਹਰ ਤਰ੍ਹਾਂ ਦੇ ਪੌਣ ਪਾਣੀ ਵਿੱਚ ਕੀਤੀ ਜਾ ਸਕਦੀ ਹੈ। ਰੇਤਲੀਆਂ ਤੇ ਪਥਰੀਲ਼ੀਆਂ ਜ਼ਮੀਨਾਂ ਵਿੱਚ ਵੀ ਇਹ ਰੁੱਖ ਵਧਣ-ਫੁੱਲਣ ਦੀ ਸਮਰੱਥਾ ਰੱਖਦਾ ਹੈ। ਕੰਢੀ ਦੇ ਉੱਬੜ-ਖਾਬੜ ਇਲਾਕਿਆਂ ਵਿੱਚ, ਜਿੱਥੇ ਅਣ-ਉਪਜਾਊ ਜ਼ਮੀਨਾਂ ਹਨ ਤੇ ਜੰਗਲੀ ਜਾਨਵਰਾਂ ਦੇ ਫਸਲ ਖਰਾਬ ਕਰਨ ਦਾ ਖਤਰਾ ਰਹਿੰਦਾ ਹੈ, ਉੱਥੇ ਆਂਵਲੇ ਦੀ ਖੇਤੀ ਕਾਮਯਾਬੀ ਨਾਲ ਹੋ ਸਕਦੀ ਹੈ ਕਿਉਂਕਿ ਜੰਗਲੀ ਜਾਨਵਰ ਵੀ ਇਸਨੂੰ ਨਹੀਂ ਖਾਂਦੇ।
ਇਹ ਵੀ ਪੜ੍ਹੋ : ਕ੍ਰਿਸ਼ਨ, ਕੰਚਨ, ਨਰਿੰਦਰ ਅਤੇ ਗੰਗਾ ਬਨਾਰਸੀ ਕਿਸਮਾਂ ਨਾਲ ਕਰੋ ਬਾਗਬਾਨੀ! ਮਿਲੇਗਾ ਬੰਪਰ ਝਾੜ!
ਘਰੇਲੂ ਬਗੀਚੀ ਲਈ ਢੁੱਕਵਾਂ
ਇਹ ਆਪਣੀ ਗੁਣਵੱਤਾ ਅਤੇ ਆਸਾਨ ਕਾਸ਼ਤ ਵਿਧੀਆਂ ਕਾਰਨ ਘਰੇਲੂ ਬਗੀਚੀ ਵਿੱਚ ਲਗਾਏ ਜਾਣ ਲਈ ਸਭ ਤੋਂ ਢੁੱਕਵਾਂ ਫਲ ਹੈ। ਘਰੇਲੂ ਬਗੀਚੀ ਵਿੱਚ ਬੂਟੇ ਲਾਉਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਕੰਧ ਜਾਂ ਪੱਕੇ ਫਰਸ਼ ਤੋਂ ਪਰ੍ਹੇ ਹਟਵੇਂ ਲਾਏ ਜਾਣ ਤਾਂ ਜੋ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੁੱਪ ਮਿਲ ਸਕੇ ਤੇ ਬੂਟਿਆਂ ਦੀਆਂ ਜੜ੍ਹਾਂ ਅਤੇ ਛਤਰੀ ਸਹੀ ਢੰਗ ਨਾਲ ਵਿਕਸਿਤ ਹੋ ਸਕਣ।
ਪੀਏਯੂ ਵੱਲੋਂ ਸਿਫਾਰਸ਼ ਕਿਸਮਾਂ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ (Punjab Agricultural University Ludhiana) ਵੱਲੋਂ ਆਂਵਲੇ ਦੀਆਂ ਪ੍ਰਮੁੱਖ ਤਿੰਨ ਕਿਸਮਾਂ ਬਲਵੰਤ, ਨੀਲਮ ਤੇ ਕੰਚਨ ਦੀ ਸਿਫਾਰਸ਼ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਖ ਚੜ੍ਹੇ ਹੋਏ ਬੂਟੇ ਲਗਭਗ 4 ਤੋਂ 5 ਸਾਲਾਂ ਵਿੱਚ ਫ਼ਲ ਦੇਣਾ ਸ਼ੁਰੂ ਕਰਦੇ ਹਨ। ਦਸ ਸਾਲ ਦੇ ਬੂਟੇ ਵਪਾਰਕ ਪੱਧਰ ਤੇ ਝਾੜ ਦੇਣਾ ਸ਼ੁਰੂ ਕਰ ਦਿੰਦੇ ਹਨ। ਪੂਰੀ ਤਰ੍ਹਾਂ ਵਿਕਸਿਤ ਰੁੱਖ ਤੋਂ ਤਕਰੀਬਨ 120 ਕਿਲੋ ਫ਼ਲ ਪ੍ਰਤੀ ਬੂਟਾ ਪ੍ਰਾਪਤ ਕੀਤਾ ਜਾ ਸਕਦਾ ਹੈ।
● ਬਲਵੰਤ ਅੱਧ ਨਵੰਬਰ ਵਿੱਚ, ਨੀਲਮ ਨਵੰਬਰ ਦੇ ਅੰਤ ਵਿਚ ਤੇ ਕੰਚਨ ਅੱਧ ਦਸੰਬਰ ਵਿਚ ਪੱਕਦੀ ਹੈ। ਇਸ ਤਰ੍ਹਾਂ ਇਹ ਫਲ ਨਵੰਬਰ ਤੋਂ ਦਸੰਬਰ ਮਹੀਨੇ ਤੱਕ ਉਪਲਬਧ ਰਹਿੰਦਾ ਹੈ।
● ਘਰੇਲੂ ਬਗੀਚੀ ਲਈ ਨੀਲਮ ਕਿਸਮ ਸਭ ਤੋਂ ਢੁੱਕਵੀਂ ਹੈ, ਪਰ ਬਾਗ ਵਿੱਚ ਬੂਟਿਆਂ ਤੋਂ ਚੰਗਾ ਝਾੜ ਲੈਣ ਲਈ ਘੱਟੋ-ਘੱਟ ਦੋ ਕਿਸਮਾਂ ਦੇ ਬੂਟੇ ਲਗਾਉਣੇ ਜ਼ਰੂਰੀ ਹਨ, ਤਾਂ ਜੋ ਪਰਾਗਣ ਕਿਰਿਆ ਸਹੀ ਢੰਗ ਨਾਲ ਪੂਰੀ ਹੋ ਸਕੇ।
● ਲੰਮੇ ਸਮੇਂ ਤੱਕ ਫ਼ਲ ਦੀ ਉਪਲੱਬਧਤਾ ਯਕੀਨੀ ਬਨਾਉਣ ਲਈ ਵੱਖ-ਵੱਖ ਸਮੇਂ ਪੱਕਣ ਵਾਲੀਆਂ ਤਿੰਨੇ ਕਿਸਮਾਂ ਦੇ ਰਲਵੇਂ-ਮਿਲਵੇਂ ਬੂਟੇ ਲਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਆਂਵਲੇ ਦੀ ਖੇਤੀ ਤੋਂ ਜੁੜੇ ਨੁਕਤੇ ! ਵਧੇਗੀ ਆਮਦਨ ਘਟੇਗਾ ਖਰਚਾ
ਇੱਥੋਂ ਪ੍ਰਾਪਤ ਕਰੋ ਆਂਵਲੇ ਦੇ ਬੂਟੇ
ਆਂਵਲੇ ਦੇ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫ਼ਲ ਵਿਗਿਆਨ ਵਿਭਾਗ ਦੀ ਨਰਸਰੀ, ਯੂਨੀਵਰਸਿਟੀ ਦੀਆਂ ਖੇਤਰੀ ਖੋਜ ਕੇਂਦਰਾਂ ਦੀਆਂ ਨਰਸਰੀਆਂ ਤੋਂ ਪ੍ਰਾਪਤ ਕਰ ਸਕਦੇ ਹਾਂ। ਇਹ ਬੂਟੇ ਫ਼ਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਮਹੀਨਿਆਂ ਵਿੱਚ ਲਾਏ ਜਾ ਸਕਦੇ ਹਨ। ਇਸ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜ ਹੈ ਕਿ ਅਸੀਂ ਆਂਵਲੇ ਨੂੰ ਤਾਜ਼ੇ ਫ਼ਲਾਂ ਦੇ ਰੂਪ ਵਿੱਚ, ਇਸ ਤੋਂ ਵੱਖ-ਵੱਖ ਪਦਾਰਥ ਬਣਾ ਕੇ ਸਾਰਾ ਸਾਲ ਇਸਨੂੰ ਵਰਤੋਂ ਵਿੱਚ ਲਿਆਈਏ ਅਤੇ ਇਸ ਵਿੱਚ ਪਾਏ ਜਾਣ ਵਾਲੇ ਵਡਮੁੱਲੇ ਤੱਤਾਂ ਦਾ ਫਾਇਦਾ ਲਈਏ।
Summary in English: Balwant-Neelam-Kanchan amla varieties recommended by PAU, get amla seedlings from here