1. Home
  2. ਖੇਤੀ ਬਾੜੀ

ਬਹਾਰ ਰੁੱਤ ਦੀ ਮੱਕੀ ਵਿੱਚ ਪਾਣੀ ਦੀ ਬੱਚਤ ਅਤੇ ਸਫ਼ਲ ਕਾਸ਼ਤ ਲਈ ਇਹ ਨੁਕਤੇ ਅਪਣਾਓ, ਕਿਸਾਨਾਂ ਨੂੰ ਹੋਵੇਗਾ ਬੰਪਰ ਮੁਨਾਫ਼ਾ

ਪੰਜਾਬ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਆਲੂ ਦੀ ਫ਼ਸਲ ਤੋਂ ਬਾਅਦ ਫ਼ਸਲੀ ਚੱਕਰ ਦਾ ਅਹਿਮ ਹਿੱਸਾ ਹੈ। ਫ਼ਸਲ ਦੀ ਸਮੇਂ ਸਿਰ, ਬੈੱਡਾਂ 'ਤੇ ਬਿਜਾਈ ਅਤੇ ਤੁਪਕਾ ਸਿੰਚਾਈ ਰਾਹੀਂ ਪਾਣੀ ਦੀ ਬੱਚਤ ਲਈ ਇਹ ਤਰੀਕੇ ਅਪਣਾਓ।

Gurpreet Kaur Virk
Gurpreet Kaur Virk
ਬਹਾਰ ਰੁੱਤ ਦੀ ਮੱਕੀ ਲਈ ਅਪਣਾਓ ਇਹ ਨੁਕਤੇ

ਬਹਾਰ ਰੁੱਤ ਦੀ ਮੱਕੀ ਲਈ ਅਪਣਾਓ ਇਹ ਨੁਕਤੇ

Maize Crop: ਕਣਕ ਅਤੇ ਝੋਨੇ ਤੋਂ ਇਲਾਵਾ ਮੱਕੀ ਦੀ ਫਸਲ ਦੀ ਕਾਸ਼ਤ ਬਹੁਤ ਮਹੱਤਵਪੂਰਣ ਹੈ। ਮੱਕੀ ਭਿੰਨ-ਭਿੰਨ ਜਲਵਾਯੂ ਵਿੱਚ ਹੋਣ ਵਾਲੀ ਮਹੱਤਵਪੂਰਨ ਫ਼ਸਲ ਹੈ। ਮਨੁੱਖਾਂ ਅਤੇ ਪਸ਼ੂਆਂ ਦੀ ਖੁਰਾਕ ਤੋਂ ਇਲਾਵਾ ਇਸ ਦੀ ਉਦਯੋਗਿਕ ਮਹੱਤਤਾ ਵੀ ਬਹੁਤ ਵੱਧ ਰਹੀ ਹੈ। ਪੰਜਾਬ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਆਲੂ ਦੀ ਫ਼ਸਲ ਤੋਂ ਬਾਅਦ ਫ਼ਸਲੀ ਚੱਕਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਪਰ ਪੱਕਣ ਸਮੇਂ ਵਧੇਰੇ ਤਾਪਮਾਨ ਹੋਣ ਕਾਰਨ ਫ਼ਸਲ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ। ਫ਼ਸਲ ਦੀ ਸਮੇਂ ਸਿਰ, ਬੈੱਡਾਂ 'ਤੇ ਬਿਜਾਈ ਅਤੇ ਤੁਪਕਾ ਸਿੰਚਾਈ ਰਾਹੀਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

ਬਹਾਰ ਰੁੱਤ ਦੀ ਸਫ਼ਲ ਕਾਸ਼ਤ ਅਤੇ ਪਾਣੀ ਦੀ ਬੱਚਤ ਲਈ ਹੇਠ ਲਿਖੇ ਸੁਝਾਵਾਂ ਨੂੰ ਅਪਨਾਉਣ ਦੀ ਲੋੜ:-

• ਬਹਾਰ ਰੁੱਤ ਦੀ ਫ਼ਸਲ ਤੋਂ ਜ਼ਿਆਦਾ ਝਾੜ ਲੈਣ ਲਈ, ਇਸ ਦੀ ਬਿਜਾਈ 20 ਜਨਵਰੀ ਤੋਂ 15 ਫ਼ਰਵਰੀ ਤੱਕ ਕਰ ਲੈਣੀ ਚਾਹੀਦੀ ਹੈ। ਮੱਕੀ ਦੀ ਬਿਜਾਈ ਪੂਰਵ-ਪੱਛਮ ਵੱਲ 60 ਸੈਟੀਂਮੀਟਰ ਦੀ ਵਿੱਥ ਤੇ ਵੱਟਾ ਬਣਾ ਕੇ, ਉਹਨਾਂ ਦੇ ਦੱਖਣ ਵਾਲੇ ਪਾਸੇ, 6 ਤੋਂ 7 ਸੈਟੀਮੀਟਰ ਦੀ ਉਚਾਈ ਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਟੀਂਮੀਟਰ ਰੱਖ ਕੇ ਕਰੋ। ਜਾਂ ਇਸੇ ਤਰ੍ਹਾਂ ਪੂਰਵ-ਪੱਛਮ ਵੱਲ 67.5 ਸੈਟੀਂਮੀਟਰ ਦੀ ਵਿੱਥ ਤੇ ਬੈੱਡ ਬਣਾ ਕੇ, ਉਹਨਾਂ ਦੇ ਦੱਖਣ ਵਾਲੇ ਪਾਸੇ, ਬੂਟੇ ਤੋਂ ਬੂਟੇ ਦਾ ਫਾਸਲਾ 18 ਸੈਟੀਂਮੀਟਰ ਰੱਖ ਕੇ ਵੀ ਕੀਤੀ ਜਾ ਸਕਦੀ ਹੈ। ਬੈੱਡਾਂ ਤੇ ਬਿਜਾਈ ਕਰਨ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ।

• 15 ਫ਼ਰਵਰੀ ਤੋਂ ਬਾਅਦ ਬਿਜਾਈ ਕਰਨ ਨਾਲ ਝਾੜ ਉਤੇ ਮਾੜਾ ਅਸਰ ਪੈਂਦਾ ਹੈ। ਕਿਉਂਕਿ ਪਿਛੇਤੀ ਫ਼ਸਲ ਤੇ ਸ਼ਾਖ ਦੀ ਮੱਖੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਜਦੋ ਮੱਕੀ ਬੂਰ ਅਤੇ ਸੂਤ ਕੱਤਦੀ ਹੈ ਤਾਂ ਤਪਮਾਨ ਵੱਧ ਹੋਣ ਕਾਰਣ ਬੂਰ ਸੁੱਕ ਜਾਂਦਾ ਹੈ। ਇਸ ਨਾਲ ਪਰ-ਪਰਾਗਣ ਕ੍ਰਿਆ ਵਿੱਚ ਰੁਕਾਵਟ ਪੈ ਜਾਂਦੀ ਹੈ। ਜਿਸ ਕਾਰਣ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ। ਜਨਵਰੀ ਦੇ ਸ਼ੁਰੂ ਵਿੱਚ ਤਾਪਮਾਨ ਘੱਟ ਹੋਣ ਕਰਕੇ ਜ਼ਿਆਦਾ ਅਗੇਤੀ ਬਿਜਾਈ ਕਰਨ ਨਾਲ ਫ਼ਸਲ ਦੇ ਪੁੰਗਾਂਰ ਦਾ ਸਮਾਂ ਵੱਧ ਜਾਂਦਾ ਹੈ ਅਤੇ ਪੂੰਗਾਂਰ ਘੱਟ ਸਕਦਾ ਹੈ।

• ਫਸਲ ਤੋਂ ਬਿਹਤਰ ਆਰਥਿਕ ਲਾਭ ਪ੍ਰਾਪਤ ਕਰਨ ਲਈ ਢੁਕਵੀਆਂ ਕਿਸਮਾਂ ਦੀ ਚੋਣ ਬਹੁਤ ਮਹੱਤਵਪੂਰਨ ਹੈ। ਬਹਾਰ ਰੁੱਤ ਵਿੱਚ ਵਧੇਰੇ ਝਾੜ ਦੇਣ ਵਾਲੀਆ ਦੋਗਲੀਆਂ ਕਿਸਮਾਂ ਪੀ ਐਮ ਐਚ 10, ਡੀ ਕੇ ਸੀ 9108 ਅਤੇ ਪੀ 1844 ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ।

• ਵਧੇਰੇ ਝਾੜ ਲੈਣ ਲਈ 10 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਸਫ਼ਲ ਕਾਸ਼ਤ ਵਿੱਚ ਬੀਜ ਦੀ ਸੋਧ ਦਾ ਅਹਿਮ ਯੋਗਦਾਨ ਹੈ, ਕਿਉਂਕਿ ਇਸ ਨਾਲ ਮੁੱਖ ਕੀੜੇ ਸ਼ਾਖ ਦੀ ਮੱਖੀ ਦੀ ਕਾਰਗਰ ਰੋਕਥਾਮ ਹੋ ਜਾਂਦੀ ਹੈ। ਬੀਜ ਨੂੰ ਕੀੜੇਮਾਰ ਦਵਾਈ ਗਾਂਚੋ (ਇਮਿਡਾਕਲੋਪਰਿਡ) 600 ਐਫ.ਐਸ. 6 ਮਿਲੀਲਿਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ। ਕੀਟਨਾਸ਼ਕ ਨੂੰ ਪਾਣੀ ਵਿੱਚ ਮਿਲਾ ਕੇ ਲੇਟੀ ਬਣਾੳ ਅਤੇ ਚੰਗੀ ਤਰ੍ਹਾਂ ਬੀਜ ਵਿੱਚ ਰਲਾ ਦਿਉ ਬੀਜ ਨੂੰ ਇਸ ਤਰ੍ਹਾਂ ਸੋਧੋ ਕੇ ਹਰ ਇੱਕ ਬੀਜ ਉਤੇ ਕੀਟਨਾਸ਼ਕ ਦਵਾਈ ਦੀ ਪਰਤ ਬਣ ਜਾਵੇ। ਸੋਧੇ ਹੋਏ ਬੀਜ ਨੂੰ 14 ਦਿਨਾਂ ਦੇ ਅੰਦਰ ਅੰਦਰ ਹੀ ਵਰਤਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜਨਵਰੀ ਮਹੀਨੇ ਦੇ ਖੇਤੀਬਾੜੀ ਰੁਝੇਵੇਂ, ਇਹ ਕੰਮ ਕਰਨ ਨਾਲ ਕਿਸਾਨ ਹੋ ਜਾਣਗੇ ਮਾਲੋਮਾਲ

• ਪਾਣੀ ਦੀ ਸਚੁੱਜੀ ਵਰਤੋਂ ਬਹਾਰ ਰੁੱਤ ਦੀ ਕਾਸ਼ਤ ਦਾ ਮੁੱਖ ਮੁੱਦਾ ਹੈ। ਫ਼ਸਲ ਦੀ ਅਵਸਥਾ ਅਤੇ ਮੌਸਮ ਦੇ ਹਿਸਾਬ ਨਾਲ ਹੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੀ ਮੱਕੀ ਵਿੱਚ ਤੁਪਕਾ ਸਿੰਚਾਈ ਵਿਧੀ ਨੂੰ ਅਪਣਾਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਤੁਪਕਾ ਸਿੰਚਾਈ ਵਿਧੀ ਲਈ 120 ਸੈਟੀਮੀਟਰ ਹੇਠਲੇ ਪਾਸੇ ਅਤੇ 80 ਸੈਟੀਂਮੀਟਰ ਉਪਰੋ ਚੌੜੇ ਬੈੱਡ ਬਣਾਉ। ਇਹਨਾਂ ਤੇ 60 ਸੈਟੀਂਮੀਟਰ ਦੀ ਦੂਰੀ ਤੇ ਮੱਕੀ ਦੀਆਂ ਦੋ ਲਾਈਨਾਂ ਵਿੱਚ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਟੀਮੀਟਰ ਰੱਖ ਕੇ ਬੀਜ਼ੋ। ਮੱਕੀ ਦੀਆਂ ਇਹਨਾਂ ਦੋ ਲਾਈਨਾਂ ਵਿੱਚ ਇਕ ਡਰਿੱਪ ਲਾਈਨ ਦੀ ਵਰਤੋਂ ਕਰੋ, ਇਸ ਵਿੱਚ ਡਰਿੱਪਰ ਤੋਂ ਡਰਿੱਪਰ ਦਾ ਫਾਸਲਾ 30 ਸੈਟੀਂਮੀਟਰ ਹੋਵੇ। ਜੇ ਡਿਸਚਾਰਜ਼ 2.2 ਲੀਟਰ ਪ੍ਰਤੀ ਘੰਟਾਂ ਪ੍ਰਤੀ ਡਰਿੱਪਰ ਹੋਵੇ ਤਾਂ ਸਿੰਚਾਈ ਦਾ ਸਮਾਂ ਫ਼ਰਵਰੀ, ਮਾਰਚ, ਅਪ੍ਰੈਲ ਅਤੇ ਮਈ ਵਿੱਚ ਕ੍ਰਮਵਾਰ 22, 64,120 ਅਤੇ 130 ਮਿੰਟ ਰੱਖੋ। ਕਿਉ ਕਿ ਤਾਪਮਾਨ ਵੱਧਣ ਦੇ ਨਾਲ ਨਾਲ ਫ਼ਸਲ ਨੂੰ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਪਾਣੀ ਦੀ ਲੋੜ ਵੱਧ ਹੁੰਦੀ ਹੈ।

ਡਿਸਚਾਰਜ਼ ਰੇਟ ਦੇ ਹਿਸਾਬ ਨਾਲ ਸਿੰਚਾਈ ਦਾ ਸਮਾਂ ਹੇਠ ਲਿਖੇ ਫਾਰਮੂਲੇ ਨਾਲ ਕੱਢਿਆ ਜਾ ਸਕਦਾ ਹੈ:

= 2.2 × ਸਿੰਚਾਈ ਦਾ ਸਮਾਂ (ਮਿੰਟ) ÷ ਡਿਸਚਾਰਜ਼ ਰੇਟ (ਲੀਟਰ ਪ੍ਰਤੀ ਘੰਟਾਂ)

• ਪਾਣੀ ਦੀ ਬੱਚਤ ਲਈ ਬਿਜਾਈ ਸਮੇਂ 30 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਇਕਸਾਰ ਵਿਛਾਉ।

• ਪਹਿਲਾਂ ਪਾਣੀ ਬਿਜਾਈ ਦੇ 25-30 ਦਿਨਾਂ ਬਾਅਦ ਲਾਉ। ਇਸ ਤੋਂ ਬਾਅਦ 10 ਅਪ੍ਰੈਲ ਤੱਕ 2 ਹਫ਼ਤੇ ਦੇ ਵਕਫ਼ੇ ਤੇ ਅਤੇ ਫ਼ਸਲ ਪੱਕਣ ਤੱਕ ਇੱਕ ਹਫ਼ਤੇ ਦੇ ਵਕਫ਼ੇ ਤੇ ਪਾਣੀ ਲਾਉਂਦੇ ਰਹੋ।

• ਸੂਤ ਕੱਤਣ ਅਤੇ ਦਾਣੇ ਪੈਣ ਦੇ ਸਮੇਂ ਦੌਰਾਨ ਫ਼ਸਲ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ। ਕਿਉ ਕਿ ਮੱਕੀ ਨੂੰ ਬੂਰ ਪੈਣ ਅਤੇ ਸੂਤ ਕੱਤਣ ਸਮੇਂ ਜੇ ਤਾਪਮਾਨ ਵੱਧ ਜਾਵੇ ਤਾਂ ਬੂਰ ਸੁੱਕਣ ਕਾਰਨ ਪਰ-ਪਰਾਗਣ ਕ੍ਰਿਆ ਵਿੱਚ ਰੁਕਾਵਟ ਪੈ ਜਾਂਦੀ ਹੈ। ਇਸ ਕਰਕੇ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ।

• ਮੱਕੀ ਦੀ ਫ਼ਸਲ ਖੁਰਾਕੀ ਤੱਤਾ ਨੂੰ ਬਹੁਤ ਮੰਨਦੀ ਹੈ।ਮੱਕੀ ਦੀ ਫ਼ਸਲ ਵਿੱਚ ਰੂੜੀ ਦੀ ਗਲੀ-ਸੜੀ ਖਾਦ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਮੱਕੀ ਲਈ 110 ਕਿਲੋ ਯੂਰੀਆਂ, 150 ਕਿਲੋਂ ਸੁਪਰਫਾਸਫੇਟ ਜਾਂ 55 ਕਿਲੋ ਡੀ.ਏ.ਪੀ ਖਾਦ ਅਤੇ 20 ਕਿਲੋਂ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਲੌੜ ਪੈਣ ਤੇ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਡੀ ਏ ਪੀ 55 ਕਿਲੋ ਪਾਈ ਹੋਵੇ ਤਾਂ ਯੂਰੀਆ 20 ਕਿਲੋ ਘਟਾ ਦਿਉ।

• ਇਨ੍ਹਾਂ ਖਾਦਾਂ ਦਾ ਪੂਰਾ ਫਾਇਦਾ ਲੈਣ ਲਈ ਸਾਰੀ ਫਾਸਫੋਰਸ, ਪੋਟਾਂਸ਼ ਅਤੇ ਤੀਜਾ ਹਿੱਸਾ ਨਾਈਟਰੌਜਨ ਵਾਲੀ ਖਾਦ ਬਿਜਾਈ ਸਮੇਂ ਪਾਉ । ਬਾਕੀ ਰਹਿੰਦੀ ਨਾਈਟਰੌਜਨ ਵਾਲੀ ਖਾਦ ਦੋ ਹਿੱਸਿਆਂ ਵਿੱਚ ਪਾਉ । ਇੱਕ ਹਿੱਸਾ ਉਸ ਵੇਲੇ ਪਾਉ ਜਦ ਫ਼ਸਲ ਗੋਡੇ-ਗੋਡੇ ਹੋ ਜਾਵੇ ਅਤੇ ਦੁਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਉ।

• ਨਦੀਨ ਫ਼ਸਲ ਵਿੱਚ ਪਾਣੀ, ਖੁਰਾਕੀ ਤੱਤਾਂ,ਰੌਸ਼ਨੀ ਆਦਿ ਲਈ ਮੁਕਾਬਲਾ ਕਰਦੇ ਹਨ। ਪੂਰਾ ਝਾੜ ਲੈਣ ਲਈ ਸ਼ੁਰੂਆਤੀ 4-6 ਹਫ਼ਤੇ ਤੱਕ ਮੱਕੀ ਨੂੰ ਨਦੀਨਾਂ ਤੋਂ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਲਈ ਫ਼ਸਲ ਉੱਗਣ ਤੋਂ ਪਹਿਲਾਂ 800 ਗ੍ਰਾਮ ਐਟਰਾਟਫ 50 ਡਬਲਯੂ.ਪੀ. (ਐਟਰਾਜੀਨ) ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਵਿੱਚ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 10 ਦਿਨਾਂ ਦੇ ਅੰਦਰ ਅੰਦਰ 200 ਲਿਟਰ ਪਾਣੀ ਵਰਤ ਕੇ ਛਿੜਕਾਅ ਕਰਨ ਨਾਲ ਘਾਹ ਜਾਤੀ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਕੀਤੀ ਜਾਂ ਸਕਦੀ ਹੈ।

• ਸ਼ਾਖ ਦੀ ਮੱਖੀ ਬਹਾਰ ਰੁੱਤ ਦੀ ਫਸਲ ਦਾ ਬਹੁਤ ਨੁਕਸਾਨ ਕਰਦੀ ਹੈ। ਇਹ ਆਮ ਤੌਰ ਤੇ ਛੋਟੀ ਫ਼ਸਲ (3-7 ਦਿਨ) ਤੇ ਹਮਲਾ ਕਰ ਕੇ ਬੂਟਿਆਂ ਨੂੰ ਸੁੱਕਾ ਦਿੰਦੀ ਹੈ ਅਤੇ ਵੱਡੀ ਫਸਲ ਉਪਰ ਹਮਲੇ ਕਾਰਣ ਬੂਟੇ ਬੇਢਵੇ ਅਤੇ ਝੁਰੜ-ਮੁਰੜ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ਗਾਚੋ ਨਾਲ ਬੀਜ਼ ਦੀ ਸੋਧ ਆਸਾਨ ਅਤੇ ਕਾਰਗਾਰ ਢੰਗ ਹੈ।

• ਇਸ ਤੋਂ ਇਲਾਵਾ ਫਾਲ ਅਰਮੀਵਰਮ ਦੀ ਸੁੰਡੀ ਵੀ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ। ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਵਿੱਚ ਗੋਲ ਤੋਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਜੇਕਰ ਸਹੀ ਸਮੇਂ ਤੇ ਰੋਕਥਾਮ ਨਾ ਕੀਤੀ ਜਾਵੇ ਤਾਂ ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਇਸ ਵਿੱਚ ਭਾਰੀ ਮਾਤਰਾ ਵਿੱਚ ਵਿੱਠਾਂ ਕਰਦੀਆਂ ਹਨ। ਇਸ ਸੁੰਡੀ ਦੀ ਪਛਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ Y ਦੇ ਉਲਟੇ ਨਿਸ਼ਾਨ ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸਾਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ।

ਇਹ ਵੀ ਪੜ੍ਹੋ: Reality vs Claims: ਨੈਨੋ-ਨਾਈਟ੍ਰੋਜਨ ਖਾਦਾਂ ਅਸਲੀਅਤ ਬਨਾਮ ਦਾਅਵੇ

• ਫਾਲ ਅਰਮੀਵਰਮ ਕੀੜੇ ਦੇ ਵਾਧੇ ਅਤੇ ਫਲਾਅ ਨੂੰ ਸੀਮਿਤ ਕਰਨ ਲਈ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਸ਼ਿਫ਼ਾਰਸ਼ ਸਮੇਂ 20 ਜਨਵਰੀ ਤੋਂ 15 ਫ਼ਰਵਰੀ ਤੱਕ ਹੀ ਕਰੋ। ਨਾਲ ਲਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ – ਥੋੜ੍ਹੇ ਵਕਫ਼ੇ ਤੇ ਨਾ ਕਰੋ ਤਾਂ ਜੋ ਕੀੜੇ ਦਾ ਫਲਾਅ ਘਟਾਇਆ ਜਾ ਸਕੇ।

• ਕੀੜੇ ਦੀ ਅਸਰਦਾਰ ਰੋਕਥਾਮ ਲਈ ਸਹੀ ਮਿਕਦਾਰ ਅਤੇ ਸਹੀ ਢੰਗ ਨਾਲ ਕੀਟਨਾਸ਼ਕ ਦਾ ਛਿੜਕਾਅ ਬਹੁਤ ਜ਼ਰੂਰੀ ਹੈ। 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉ। ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰੋ।

• ਜਦ ਛੱਲੀਆਂ ਦੇ ਪਰਦੇ ਸੁੱਕ ਜਾਣ ਅਤੇ ਦਾਣੇ ਪੱਕ ਕੇ ਸਖ਼ਤ ਹੋ ਜਾਣ ਤਾਂ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ। ਛੱਲੀਆਂ ਦੇ ਚੰਗੀ ਤਰ੍ਹਾਂ ਸੁੱਕ ਜਾਣ ਤੇ ਹੀ ਦਾਣੇ ਕੱਢੋ। ਦਾਣੇ ਕੱਢਣ ਲਈ ਹੱਥ ਨਾਲ ਚੱਲਣ ਵਾਲੇ ਅਤੇ ਬਿਜਲੀ ਜਾਂ ਮੋਟਰ ਨਾਲ ਚੱਲਣ ਵਾਲੇ ਸ਼ੈਲਰ ਜਾਂ ਸ਼ੈਲਰ ਕਮ ਡੀਹਸਕਰ ਬਜ਼ਾਰ ਵਿੱਚ ਮਿਲਦੇ ਹਨ। ਮੰਡੀਕਰਣ ਤੋਂ ਪਹਿਲਾਂ ਵੱਧ ਮੁੱਲ ਲੈਣ ਲਈ ਦਾਣਿਆਂ ਨੂੰ ਸੁੱਕਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅੱਜ-ਕੱਲ ਕੰਬਾਇਨ ਨਾਲ ਵਾਢੀ ਦਾ ਰੁਝਾਣ ਵੀ ਵੱਧ ਰਿਹਾ ਹੈ।

ਜੇਕਰ ਇਸ ਤੋਂ ਇਲਾਵਾ ਮੱਕੀ ਦੀ ਕਾਸ਼ਤ ਵਿੱਚ ਕੋਈ ਹੋਰ ਸਮੱਸਿਆ ਆ ਜਾਵੇ ਤਾਂ ਤਰੁੰਤ ਖੇਤੀ ਮਾਹਿਰਾਂ ਨੂੰ ਸੰਪਰਕ ਕਰੋ।

ਤੋਸ਼ ਗਰਗ, ਮਹੇਸ਼ ਕੁਮਾਰ ਅਤੇ ਐਸ ਕੇ ਸੰਧੂ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ (ਮੱਕੀ ਸੈਕਸ਼ਨ)
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Adopt these tips for water saving and successful cultivation in maize, farmers will get bumper profits

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters