Polyhouse and Nethouse: ਸਬਜ਼ੀਆਂ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ, ਕਾਰਬੋਹਾਈਡ੍ਰੇਟ ਅਤੇ ਫਾਈਬਰਜ਼ ਦਾ ਚੰਗਾ ਸਰੋਤ ਹੋਣ ਕਰਕੇ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ। ਇਸ ਦੇ ਨਾਲ ਹੀ ਲਗਾਤਾਰ ਵੱਧ ਰਹੀ ਜਨਸੰਖਿਆ ਲਈ ਸਬਜ਼ੀਆਂ ਦੀ ਮੰਗ ਵੀ ਬਹੁਤ ਵੱਧ ਗਈ ਹੈ। ਸਬਜੀਆਂ ਦੀ ਬੇ-ਮੌਸਮੀ ਖੇਤੀ ਕਰਕੇ ਜ਼ਿਆਦਾ ਮੁਨਾਫਾ ਕਮਾਉਣ ਅਤੇ ਬਿਮਾਰੀਆਂ ਜਾਂ ਕੀੜਿਆਂ ਤੋਂ ਬਚਾਉਣ ਲਈ ਕਿਸਾਨ ਭਰਾ ਬਾਹਰ ਖੁੱਲੇ ਵਿੱਚ ਸਬਜੀਆਂ ਦੀ ਕਾਸ਼ਤ ਕਰਨ ਨਾਲੋਂ ਨੈੱਟ ਹਾਊਸ ਜਾਂ ਪੌਲੀ ਹਾਊਸ ਨੂੰ ਤਰਜ਼ੀਹ ਦੇ ਰਹੇ ਹਨ।
ਦੱਸ ਦੇਈਏ ਕਿ ਨੈੱਟ ਹਾਊਸ ਜਾਂ ਪੌਲੀ ਹਾਊਸ ਨਾਲ ਚੰਗੇ ਮਿਆਰ ਦੀ ਸਬਜ਼ੀ ਦਾ ਝਾੜ ਜ਼ਿਆਦਾ ਮਿਲਦਾ ਹੈ ਅਤੇ ਲੰਮੇ ਸਮੇਂ ਤੱਕ ਉਪਲਬਧਤਾ ਵੀ ਬਣੀ ਰਹਿੰਦੀ ਹੈ। ਛੋਟੇ ਕਿਸਾਨਾਂ ਲਈ ਇਹ ਧੰਦਾ ਹੋਰ ਵੀ ਲਾਹੇਵੰਧ ਹੈ। ਪਰ ਪੌਲੀ/ਨੈੱਟ ਹਾਊਸ ਵਿੱਚ ਸਬਜ਼ੀਆਂ ਦੀ ਲਗਾਤਾਰ ਖੇਤੀ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਵੀ ਆ ਜਾਂਦੀਆਂ ਹਨ। ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜੇ ਪੌਲੀ/ਨੈੱਟ ਹਾਊਸ ਵਿੱਚ ਉਗਾਈਆਂ ਜਾਣ ਵਾਲੀਆਂ ਟਮਾਟਰ, ਸ਼ਿਮਲਾ ਮਿਰਚ, ਬੈਂਗਣ, ਖੀਰਾ ਆਦਿ ਸਬਜ਼ੀਆਂ ਤੇ ਹਮਲਾ ਕਰਦੇ ਹਨ ਜਿਸ ਨਾਲ ਫਸਲ ਦਾ ਝਾੜ ਘਟ ਜਾਂਦਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਉਖੇੜਾ, ਸੈਕਲੈਰੋਟੀਨੀਆ, ਫੁਜ਼ੇਰੀਅਮ, ਜੜ੍ਹ-ਗੰਢ ਨੀਮਾਟੋਡ ਆਦਿ ਮਿੱਟੀ ਰਾਹੀਂ ਫੈਲਦੀਆਂ ਹਨ।
ਕਈ ਵਾਰੀ ਰੋਗੀ ਪਨੀਰੀ ਜਾਂ ਹਵਾ ਰਾਹੀਂ ਵੀ ਬਿਮਾਰੀਆਂ ਫੈਲ ਜਾਂਦੀਆਂ ਹਨ ਜਿਵੇਂ ਕਿ ਪੱਤਿਆਂ ਤੇ ਧੱਬਿਆਂ ਦਾ ਰੋਗ, ਬਲਾਈਟ, ਵਿਸ਼ਾਣੂੰ ਰੋਗ ਆਦਿ। ਇਸੇ ਤਰ੍ਹਾਂ ਤੇਲਾ, ਚਿੱਟੀ ਮੱਖੀ ਆਦਿ ਰਸ ਚੂਸਣ ਵਾਲੇ ਕੀੜੇ ਵਿਸ਼ਾਣੂੰ ਰੋਗਾਂ ਨੂੰ ਫੈਲਾਉਣ ਦੇ ਨਾਲ-ਨਾਲ ਪੌਲੀ/ਨੈੱਟ ਹਾਊਸ ਵਿੱਚ ਸਬਜੀਆਂ ਦਾ ਸਿੱਧਾ ਨੁਕਸਾਨ ਵੀ ਕਰਦੇ ਹਨ। ਇਸ ਕਰਕੇ ਚੰਗਾ ਝਾੜ ਲੈਣ ਲਈ ਬਿਮਾਰੀਆਂ ਅਤੇ ਕੀੜਿਆਂ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜਰੂਰੀ ਹੈ। ਪੌਲੀ ਜਾਂ ਨੈੱਟ ਹਾਉਸ ਵਿੱਚ ਫਸਲ ਦੀ ਬਿਜਾਈ ਤੋਂ ਲੈ ਕੇ ਅਖੀਰ ਤੱਕ ਲਗਾਤਾਰ ਕਿਸਾਨ ਭਰਾਵਾਂ ਨੂੰ ਸੁਚੇਤ ਹੋਣਾ ਪਵੇਗਾ। ਇਸ ਲੇਖ ਵਿੱਚ ਪੌਲੀ/ਨੈੱਟ ਹਾਊਸ ਵਿੱਚ ਸਬਜੀਆਂ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਤੋਂ ਕਿਸਾਨ ਭਰਾਵਾਂ ਨੂੰ ਲਾਹਾ ਲੈਣਾ ਚਾਹੀਦਾ ਹੈ।
1. ਬਿਜਾਈ ਕਰਨ ਤੋਂ ਪਹਿਲਾਂ ਨੈੱਟ ਹਾਊਸ ਅਤੇ ਪੌਲੀ ਹਾਊਸ ਦੀ ਮਿੱਟੀ ਨੂੰ ਰੋਗ ਰਹਿਤ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਉਖੇੜਾ, ਸੈਕਲੈਰੋਟੀਨੀਆ, ਫੁਜ਼ੇਰੀਅਮ ਆਦਿ ਬਿਮਾਰੀਆਂ ਮਿੱਟੀ ਰਾਹੀਂ ਪੈਦਾ ਹੁੰਦੀਆਂ ਹਨ। ਇਹ ਰੋਗ ਉੱਲੀ ਨਾਲ ਲੱਗਦੇ ਹਨ ਅਤੇ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ। ਇਨ੍ਹਾਂ ਬਿਮਾਰੀਆਂ ਦੇ ਕਣ ਹੌਲੀ-ਹੌਲੀ ਮਿੱਟੀ ਵਿੱਚ ਹੀ ਵਧਦੇ ਰਹਿੰਦੇ ਹਨ।ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਸਬਜੀ ਦੀ ਬਿਜਾਈ ਕਰਨ ਤੋਂ ਪਹਿਲਾਂ ਹੀ ਨੈੱਟ/ਪੌਲੀ ਹਾਊਸ ਦੀ ਮਿੱਟੀ ਨੂੰ ਬਿਮਾਰੀ ਤੋਂ ਰਹਿਤ ਕਰਨਾ ਪਏਗਾ। ਇਸ ਮਕਸਦ ਲਈ ਸੂਰਜ ਦੇ ਸੇਕ ਦੀ ਵਰਤੋਂ ਬੜੀ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ਪਰਕਿਰਿਆ ਨੂੰ ਸਾਇਲ ਸੋਲਰਾਈਜੇਸ਼ਨ ਵੀ ਕਹਿੰਦੇ ਹਨ।
ਇਹ ਵੀ ਪੜ੍ਹੋ : PAU ਵੱਲੋਂ 3 New Wheat Varieties ਵਿਕਸਿਤ
ਇਸ ਵਿਧੀ ਦੀ ਵਰਤੋਂ ਮਈ-ਜੂਨ ਮਹੀਨਿਆਂ ਦੌਰਾਨ ਕਰਨੀ ਚਾਹੀਦੀ ਹੈ। ਪਹਿਲਾਂ ਪੌਲੀ/ਨੈੱਟ ਹਾਊਸ ਦੀ ਮਿੱਟੀ ਵਿੱਚ ਗਲ਼ੀ-ਸੜ੍ਹੀ ਰੂੜੀ ਪਾ ਕੇ ਚੰਗੀ ਤਰ੍ਹਾਂ ਵਾਹ ਕੇ ਪੱਧਰਾ ਕਰ ਦਿਉ ਅਤੇਭਰਵਾਂ ਪਾਣੀ ਲਗਾ ਦਿਉ। 24 ਘੰਟਿਆਂ ਬਾਅਦ ਜ਼ਮੀਨ ਨੂੰ 50 ਮਾਈਕਰੋਨ ਭਾਵ 200 ਗੇਜ ਦੀ ਸਾਫ ਪਾਰਦਰਸ਼ੀ ਪੋਲੀਸ਼ੀਟ ਨਾਲ ਢੱਕ ਦਿਉ। ਫਿਰ ਨੈੱਟ ਹਾਊਸ ਦੇ ਸਾਰੇ ਢਾਂਚੇ ਨੂੰ ਬਾਹਰਲੇ ਪਾਸੇ ਤੋਂ 50 ਮਾਈਕਰੋਨ ਦੀ ਸਾਫ ਪਾਰਦਰਸ਼ੀ ਪੋਲੀਸ਼ੀਟ ਨਾਲ ਢੱਕ ਦਿਉ।
ਜੇਕਰ ਪੌਲੀ ਹਾਊਸ ਹੈ ਤਾਂ ਉਸ ਦੇ ਸਾਰੇ ਰੋਸ਼ਨਦਾਨ ਚੰਗੀ ਤਰ੍ਹਾਂ ਬੰਦ ਕਰ ਦਿਉ। ਨੈੱਟ/ਪੌਲੀ ਹਾਊਸ ਦੇ ਪੂਰੇ ਢਾਂਚੇ ਨੂੰ ਇੱਕ ਮਹੀਨਾ ਬੰਦ ਰੱਖੋ। ਇਸ ਤਰ੍ਹਾਂ ਸੂਰਜ ਦੇ ਸੇਕ ਦੀ ਵਰਤੋਂ ਨਾਲ ਨੈੱਟ/ਪੌਲੀ ਹਾਊਸ ਵਿੱਚ ਮਿੱਟੀ ਰਾਹੀਂ ਪੈਦਾ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪਨੀਰੀ ਤਿਆਰ ਕਰਨ ਵਾਲੀ ਜਗਾਹ ਨੂੰ ਵੀ ਮਈ ਜਾਂ ਜੂਨ ਮਹੀਨੇ ਦੌਰਾਨ ਭਰਵਾਂ ਪਾਣੀ ਲਾ ਕੇ 50 ਮਾਈਕ੍ਰੋਨ ਦੀ ਪਲਾਸਟਿਕ ਸ਼ੀਟ ਨਾਲ ਢੱਕ ਕੇ 40 ਦਿਨਾਂ ਵਾਸਤੇ ਧੁੱਪ ਲਵਾਓ।
ਕਈ ਵਾਰੀ ਜੜ੍ਹ-ਗੰਢ ਨੀਮਾਟੋਡ ਵੀ ਪੌਲੀ/ਨੈੱਟ ਹਾਊਸ ਵਿੱਚ ਸਬਜੀਆਂ ਦਾ ਨੁਕਸਾਨ ਕਰਦਾ ਹੈ।ਇਸ ਰੋਗ ਤੇ ਕਾਬੂ ਪਾਉਣ ਲਈ ਬਿਜਾਈ ਤੋਂ ਪਹਿਲਾਂ ਮਿੱਟੀ ਨੂੰ ਨੀਮਾਟੋਡ ਤੋਂ ਰਹਿਤ ਕਰਨਾ ਜ਼ਰੂਰੀ ਹੈ। ਸੂਰਜ ਦੇ ਸੇਕ ਵਾਲੀ ਵਿਧੀ ਬਹੁਤ ਕਾਰਗਾਰ ਹੈ।ਹਰੀ ਖਾਦ ਦੀ ਵਰਤੋਂ ਨਾਲ ਮਿੱਟੀ ਵਿੱਚੋਂ ਜੜ੍ਹ ਗੰਢ ਨੀਮਾਟੋਡ ਦਾ ਕਾਫੀ ਹੱਦ ਤੱਕ ਖਾਤਮਾ ਕੀਤਾ ਜਾ ਸਕਦਾ ਹੈ। ਇਸ ਕੰਮ ਲਈ ਸਣ ਜਾਂ ਗੇਂਦੇ ਦੀ ਫਸਲ ਨੂੰ ਹਰੀ ਖਾਦ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤ ਨੂੰ 2030 ਤੱਕ 32 ਮਿਲੀਅਨ ਟਨ ਦਾਲਾਂ ਦਾ ਉਤਪਾਦਨ ਕਰਨ ਦੀ ਲੋੜ
ਸਣ ਦੀ ਫਸਲ ਜਦੋਂ 50 ਦਿਨਾਂ ਦੀ ਹੋ ਜਾਵੇ ਤਾਂ ਵਾਹ ਦੇਣੀ ਚਾਹੀਦੀ ਹੈ ਜਦੋਂ ਕਿ ਗੇਂਦੇ ਦੀ ਫਸਲ ਨੂੰ ਬਿਜਾਈ ਤੋਂ 60 ਦਿਨਾਂ ਬਾਅਦ ਵਾਹੁਣਾ ਚਾਹੀਦਾ ਹੈ। ਖਿਆਲ ਰਹੇ ਕਿ ਢੈਂਚੇ ਨੂੰ ਇਨ੍ਹਾਂ ਖੇਤਾਂ ਵਿੱਚ ਹਰੀ ਖਾਦ ਦੇ ਤੌਰ ਤੇ ਨਾਹ ਵਰਤਿਆ ਜਾਵੇ। ਪਿਛਲੀ ਫਸਲ ਦੀ ਰਹਿੰਦ-ਖੂੰਹਦ ਵੀ ਬਹੁਤ ਸਾਰੀਆਂ ਬਿਮਾਰੀਆਂ ਦੇ ਵਾਧੇ ਦਾ ਕਾਰਣ ਬਣਦੇ ਹਨ। ਉੱਲੀ ਦੇ ਕਣ ਰੋਗੀ ਬੂਟਿਆਂ ਦੀ ਰਹਿੰਦ-ਖੂੰਹਦ ਵਿੱਚ ਬਚੇ ਰਹਿੰਦੇ ਹਨ ਜਿੱਥੋਂ ਇਹ ਮਿੱਟੀ ਵਿੱਚ ਚਲੇ ਜਾਂਦੇ ਹਨ। ਇਸ ਲਈ ਬਿਜਾਈ ਸ਼ੁਰੂ ਕਰਨ ਤੋਂ ਪਹਿਲਾਂ ਪਿਛਲੀ ਫਸਲ ਦੀ ਰਹਿੰਦ-ਖੂੰਹਦ ਨੂੰ ਪੌਲੀ/ਨੈੱਟ ਹਾਊਸ ਵਿੱਚੋਂ ਬਾਹਰ ਕੱਢ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
2. ਬਿਜਾਈ ਕਰਨ ਵੇਲੇ ਕੁਝ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਈ ਬਿਮਾਰੀਆਂ ਦੀ ਸ਼ੁਰੂਆਤ ਰੋਗੀ ਬੀਜ ਤੋਂ ਹੁੰਦੀ ਹੈ ਅਤੇ ਬਿਮਾਰੀ ਦੇ ਕਣ ਰੋਗੀ ਪਨੀਰੀ ਦੇ ਰਾਹੀਂ ਹੋਰ ਫੈਲ ਜਾਂਦੇ ਹਨ। ਇਸ ਲਈ ਰੋਗ ਰਹਿਤ ਪਨੀਰੀ ਤਿਆਰ ਕਰਨ ਲਈ ਹਮੇਸ਼ਾਂ ਚੰਗਾ ਮਿਆਰੀ ਬੀਜ ਹੀ ਵਰਤਣਾ ਚਾਹੀਦਾ ਹੈ। ਬਿਜਾਈ ਕਰਨ ਲੱਗਿਆਂ ਬੀਜ ਨੂੰ ਸ਼ਿਫਾਰਸ਼ਾਂ ਮੁਤਾਬਕ ਸੋਧ ਕੇ ਹੀ ਬੀਜਣਾ ਚਾਹੀਦਾ ਹੈ।
ਬਿਜਾਈ ਹਮੇਸ਼ਾਂ ਸਹੀ ਸਮੇ 'ਤੇ ਅਤੇ ਬੈੱਡਾਂ ਉੱਪਰ ਹੀ ਕਰਨੀ ਚਾਹੀਦੀ ਹੈ। ਕਦੇ ਵੀ ਪੌਲੀ/ਨੈੱਟ ਹਾਊਸ ਦੀਆਂ ਕੰਧਾਂ ਦੇ ਬਿਲਕੁੱਲ ਲਾਗੇ ਬੂਟੇ ਨਾ ਲਾਉ। ਬੂਟਿਆਂ ਅਤੇ ਕਤਾਰਾਂ ਵਿਚਕਾਰ ਫਾਸਲਾ ਸਿਫਾਰਿਸ਼ਾਂ ਮੁਤਾਬਕ ਹੀ ਰੱਖੋ।ਮਸ਼ੀਨਰੀ ਅਤੇ ਖੇਤੀ ਸੰਦਾਂ ਨੂੰ ਬਾਹਰਲੇ ਖੇਤਾਂ ਦੀ ਮਿੱਟੀ ਤੋਂ ਸਾਫ ਕਰਕੇ ਹੀ ਪੌਲੀ/ਨੈੱਟ ਹਾਊਸ ਦੇ ਅੰਦਰ ਲੈ ਕੇ ਜਾਵੋ ਤਾਂ ਕਿ ਬਿਮਾਰੀ ਵਾਲੇ ਖੇਤਾਂ ਵਿੱਚੋਂ ਉੱਲੀ ਦੇ ਕਣਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਨੀਵੀਆਂ ਸੁਰੰਗਾ 'ਚ ਸਬਜ਼ੀਆਂ ਦੀ ਕਾਸ਼ਤ ਛੋਟੇ ਅਤੇ ਮੱਧਮ ਕਿਸਾਨਾਂ ਲਈ ਵਰਦਾਨ
3. ਫਸਲ ਲੈਣ ਦੇ ਸਮੇਂ ਦੌਰਾਨ ਵੀ ਕਿਸਾਨ ਭਰਾਵਾਂ ਨੂੰ ਚੌਕੰਨੇ ਰਹਿਣਾ ਚਾਹੀਦਾ ਹੈ।ਪੌਲੀ/ਨੈੱਟ ਹਾਊਸ ਨੂੰ ਪੂਰਾ ਪੌਲੀਸ਼ੀਟ ਨਾਲ ਢੱਕਿਆ ਹੋਇਆ ਦੂਹਰਾ ਦਰਵਾਜਾ ਲਗਾਉ ਅਤੇ ਅੰਦਰ ਜਾਣ ਲੱਗਿਆਂ ਦਰਵਾਜੇ ਨੂੰ ਬੰਦ ਕਰਨਾ ਕਦੇ ਨਾ ਭੁੱਲੋ।ਦਰਵਾਜ਼ੇ ਦੇ ਲਾਗੇ ਅਦੰਰਲੇ ਪਾਸੇ ਲਾਲ ਦਵਾਈ (ਪੋਟਾਸ਼ੀਅਮ ਪਰਮੈਗਨੇਟ) ਦਾ ਘੋਲ ਬਣਾ ਕੇ ਰੱਖੋ ਅਤੇ ਅੰਦਰ ਜਾਣ ਲੱਗਿਆਂ ਜੁੱਤੀ ਥੱਲਿਉਂ ਗਿੱਲੀ ਕਰਕੇ ਹੀ ਅੰਦਰ ਜਾਵੋ। ਪੌਲੀਸ਼ੀਟ ਨੂੰ ਬਾਹਰ ਤੋਂ ਚੰਗੀ ਤਰ੍ਹਾਂ ਜ਼ਮੀਨ ਵਿੱਚ ਦਬਾ ਕੇ ਰੱਖੋ।
ਕਈ ਬਿਮਾਰੀਆਂ ਖਾਸ ਕਰਕੇ ਵਿਸ਼ਾਣੂ ਰੋਗ ਅਤੇ ਕੀੜੇ ਨਦੀਨਾ ਉੱਤੇ ਪਲ਼ਦੇ ਰਹਿੰਦੇ ਹਨ। ਇਸ ਲਈ ਪੌਲੀ/ਨੈੱਟ ਹਾਊਸ ਦੇ ਅੰਦਰ ਅਤੇ ਆਲੇ-ਦੁਆਲੇ ਨੂੰ ਨਦੀਨਾਂ ਤੋਂ ਸਾਫ ਰੱਖਣਾ ਚਾਹੀਦਾ ਹੈ। ਪੌਲੀ/ਨੈੱਟ ਹਾਊਸ ਦੇ ਅੰਦਰ ਹਵਾ ਵਿੱਚ ਜ਼ਿਆਦਾ ਨਮੀ ਅਤੇ ਹੁੰਮਸ ਕਾਰਣ ਇਹ ਰੋਗ ਜ਼ਿਆਦਾ ਫੈਲਦੇ ਹਨ। ਬਿਮਾਰੀਆਂ ਤੋਂ ਬਚਾਅ ਲਈ ਪੌਲੀ/ਨੈੱਟ ਹਾਊਸ ਦੇ ਅੰਦਰ ਸੂਰਜ ਦੀ ਰੋਸ਼ਨੀ, ਹਵਾ ਅਤੇ ਹੁੰਮਸ ਨੂੰ ਠੀਕ ਰੱਖਣ ਲਈ ਬੂਟਿਆਂ ਦੀ ਸਹੀ ਗਿਣਤੀ ਲਾਉਣੀ ਚਾਹੀਦੀ ਹੈ। ਟਾਹਣੀਆਂ ਦੀ ਕਾਂਟ-ਛਾਂਟ ਕਰਦੇ ਰਹਿਣਾ ਚਾਹੀਦਾ ਹੈ। ਜ਼ਮੀਨ ਤੋਂ ਇੱਕ ਫੁੱਟ ਦੀ ਉਚਾਈ ਤੱਕ ਹੇਠਲੇ ਪੁਰਾਣੇ ਪੱਤਿਆਂ ਨੂੰ ਕੱਟ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Potato ਦੀਆਂ ਇਨ੍ਹਾਂ 5 ਨਵੀਆਂ ਕਿਸਮਾਂ ਤੋਂ ਹੋਵੇਗੀ ਕਿਸਾਨਾਂ ਨੂੰ ਸਾਲ ਭਰ Income
ਸਿੰਚਾਈ ਵਾਸਤੇ ਤੁਪਕਾ ਪ੍ਰਣਾਲੀ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਨਾਲ ਇੱਕ ਤਾਂ ਪਾਣੀ ਦੀ ਬੱਚਤ ਹੋਵੇਗੀ ਅਤੇ ਜ਼ਿਆਦਾ ਪਾਣੀ ਲੱਗਣ ਨਾਲ ਨਮੀਂ ਦੇ ਵਧਣ ਦਾ ਵੀ ਕੋਈ ਡਰ ਨਹੀ ਰਹੇਗਾ। ਪਰ ਜੇਕਰ ਖਾਲੀਆਂ ਰਾਹੀਂ ਸਿੰਚਾਈ ਕਰਨੀ ਹੋਵੇ ਤਾਂ ਅੰਡਰ ਗਰਾਊਂਡ ਪਾਈਪਾਂ ਦੀ ਵਰਤੋਂ ਕਰੋ। ਪੌਲੀ/ਨੈੱਟ ਹਾਊਸ ਦੀ ਤੋੜ-ਭੰਨ ਦਾ ਖਾਸ ਖਿਆਲ ਰੱਖੋ। ਦਰਵਾਜੇ ਅਤੇ ਕੰਧਾਂ ਵਿੱਚ ਹੋਈਆਂ ਮੋਰੀਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਕੇ ਰੱਖੋ ਤਾਂ ਜੋ ਕੋਈ ਕੀੜਾ ਬਾਹਰੋਂ ਅੰਦਰ ਨਾ ਚਲਾ ਜਾਵੇ। ਰੋਸ਼ਨਦਾਨਾਂ ਰਾਹੀਂ ਕੀੜਿਆਂ ਨੂੰ ਅੰਦਰ ਜਾਣ ਤੋਂ ਰੋਕਣ ਲਈ 40 ਮੈਸ਼ ਸਾਈਜ਼ ਦੀ ਜਾਲੀ ਲਗਾਉ।
ਲਗਾਤਾਰ ਫਸਲ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਜਦੋਂ ਵੀ ਕਿਸੇ ਰੋਗ ਜਾਂ ਕੀੜੇ ਦੇ ਹਮਲੇ ਵਾਲੇ ਬੂਟੇ ਨਜ਼ਰ ਆਉਣ ਤਾਂ ਹਮਲੇ ਵਾਲਾ ਹਿੱਸਾ ਕੱਟ ਕੇ ਜਾਂ ਪੂਰਾ ਬੂਟਾ ਹੀ ਪੁੱਟ ਕੇ ਪੌਲੀ/ਨੈੱਟ ਹਾਊਸ ਤੋਂ ਬਾਹਰ ਕੱਢ ਕੇ ਨਸ਼ਟ ਕਰ ਦਿਓ।ਕਈ ਕੀੜਿਆਂ ਦੇ ਆਂਡੇ ਪੱਤਿਆਂ ਤੇ ਸਾਫ ਵੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ : Sugarcane ਦੀਆਂ ਇਨ੍ਹਾਂ ਕਿਸਮਾਂ ਦਾ ਝਾੜ 150 ਟਨ ਪ੍ਰਤੀ ਹੈਕਟੇਅਰ
ਅਜਿਹੇ ਪੱਤੇ ਜਾਂ ਹੇਠਾਂ ਡਿੱਗੇ ਹੋਏ ਰੋਗੀ ਪੱਤੇ, ਟਹਿਣੀਆਂ ਅਤੇ ਗਲੇ-ਸੜ੍ਹੇ ਫਲਾਂ ਨੂੰ ਸਮੇਂ-ਸਮੇਂ ਤੇ ਬਾਹਰ ਕੱਢ ਕੇ ਨਸ਼ਟ ਕਰਦੇ ਰਹਿਣਾ ਚਾਹੀਦਾ ਹੈ। ਉੱਲੀਨਾਸ਼ਕਾਂ ਜਾਂ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਹੀ ਟੈਕਨਾਲੋਜੀ ਦੀ ਵਰਤੋਂ ਕਰੋ। ਪੀ.ਏ.ਯੂ ਦਾਆਰਾ ਸਿਫਾਰਿਸ਼ ਕੀਤੇ ਜ਼ਹਿਰ ਹੀ ਖਰੀਦੋ।ਛਿੜਕਾਅ ਕਰਨ ਵੇਲੇ ਜ਼ਹਿਰ ਦੀ ਸਹੀ ਮਾਤਰਾ ਅਤੇ ਸਹੀ ਨੋਜ਼ਲ ਹੀ ਵਰਤੋ।
4. ਫਸਲ ਲੈਣ ਤੋਂ ਬਾਅਦ ਪਿਛਲੀ ਫਸਲ ਦੀ ਰਹਿੰਦ-ਖੂੰਹਦ ਨਸ਼ਟ ਕਰ ਦਿਓ ਤਾਂ ਕਿ ਬਿਮਾਰੀਆਂ ਦਾ ਵਾਧਾ ਰੋਕਿਆ ਜਾ ਸਕੇ। ਜੇਕਰ ਬਿਮਾਰੀ ਦਾ ਹਮਲਾ ਬਹੁਤ ਜ਼ਿਆਦਾ ਹੋਵੇ ਤਾਂ ਪੋਲੀ/ਨੈਟ ਹਾਊਸ ਦੀ ਜਗ੍ਹਾ ਹੀ ਬਦਲ ਦੇਣੀ ਚਾਹੀਦੀ ਹੈ। ਪੌਲੀ/ਨੈੱਟ ਹਾਊਸ ਦੀ ਮੁਰੰਮਤ ਦਾ ਪੂਰਾ ਖਿਆਲ ਰੱਖੋ ਤਾਂ ਕਿ ਉਸ ਨੂੰ ਚੰਗੀ ਤਰ੍ਹਾਂ ਬੰਦ ਰਖਿਆ ਜਾ ਸਕੇ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Best way to protect vegetables from diseases in poly/net house