1. Home
  2. ਖੇਤੀ ਬਾੜੀ

ਸਰੋਂ ਦੇ ਵਧੇਰੇ ਝਾੜ ਲਈ ਬਿਮਾਰੀਆਂ ਅਤੇ ਕੀੜਿਆਂ ਦੀ ਸੁਚੱਜੀ ਰੋਕਥਾਮ

ਸਰੋਂ ਹਾੜੀ ਦੀ ਇੱਕ ਪ੍ਰਮੁੱਖ ਤੇਲਬੀਜ ਫਸਲ ਹੈ। ਰਾਇਆ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਪੰਜਾਬ ਦੇ ਦੱਖਣ-ਪੱਛਮੀ ਜ਼ਿਲ਼ਿਆਂ (ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਆਦਿ) ਵਿੱਚ ਕੀਤੀ ਜਾਂਦੀ ਹੈ, ਜਦਕਿ ਗੋਭੀ ਸਰੋ ਦੀ ਕਾਸ਼ਤ ਖੁਸ਼ਕ ਇਲਾਕਿਆਂ ਨੂੰ ਛੱਡ ਕੇ ਲਗਭਗ ਸਾਰੇ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ। ਇਸ ਫਸਲ ਤੇ ਬਿਜਾਈ ਤੋਂ ਲੈ ਕੇ ਵਾਢੀ ਤੱਕ ਵੱਖ-ਵੱਖ ਤਰਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਹੁੰਦਾ ਹੈ। ਉਦਾਹਰਣ ਵਜੋਂ ਸਰੋਂ ਦਾ ਕਾਲੇ ਧੱਬਿਆਂ ਦਾ ਰੋਗ ਲਗਭਗ 30-40 ਪ੍ਰਤੀਸ਼ਤ ਤੱਕ ਨੁਕਸਾਨ ਕਰ ਸਕਦਾ ਹੈ ਅਤੇ ਇਕੱਲਾ ਸਰੋਦਾ ਚੇਪਾ ਹੀ ਪੂਰੀ ਦੀ ਪੂਰੀ ਫਸਲ ਬਰਬਾਦ ਕਰਨ ਦੀ ਸਮੱਰਥਾ ਰੱਖਦਾ ਹੈ। ਇਸੇ ਤਰਾਂ ਹੀ ਤਣਾ ਗਲ਼ਣ ਦੇ ਰੋਗ ਦੀ ਜੇਕਰ ਵੇਲੇ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ ਹੈ। ਇਨ੍ਹਾਂ ਬਿਮਾਰੀਆਂ ਅਤੇ ਕੀੜਿਆਂ ਦੇ ਲੱਛਣ ਅਤੇ ਆਮਦ ਬਾਰੇ ਸਹੀ ਸਮੇਂ ਤੇ ਜਾਣਕਾਰੀ ਅਤੇ ਪ੍ਰਬੰਧ ਕਰਨ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।

KJ Staff
KJ Staff
Mustard Deseas

Mustard Deseas

ਸਰੋਂ ਹਾੜੀ ਦੀ ਇੱਕ ਪ੍ਰਮੁੱਖ ਤੇਲਬੀਜ ਫਸਲ ਹੈ। ਰਾਇਆ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਪੰਜਾਬ ਦੇ ਦੱਖਣ-ਪੱਛਮੀ ਜ਼ਿਲ਼ਿਆਂ (ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਆਦਿ) ਵਿੱਚ ਕੀਤੀ ਜਾਂਦੀ ਹੈ, ਜਦਕਿ ਗੋਭੀ ਸਰੋ ਦੀ ਕਾਸ਼ਤ  ਖੁਸ਼ਕ ਇਲਾਕਿਆਂ ਨੂੰ ਛੱਡ ਕੇ ਲਗਭਗ ਸਾਰੇ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ। ਇਸ ਫਸਲ ਤੇ ਬਿਜਾਈ ਤੋਂ ਲੈ ਕੇ ਵਾਢੀ ਤੱਕ ਵੱਖ-ਵੱਖ ਤਰਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਹੁੰਦਾ ਹੈ।

ਉਦਾਹਰਣ ਵਜੋਂ ਸਰੋਂ ਦਾ ਕਾਲੇ ਧੱਬਿਆਂ ਦਾ ਰੋਗ ਲਗਭਗ 30-40 ਪ੍ਰਤੀਸ਼ਤ ਤੱਕ ਨੁਕਸਾਨ ਕਰ ਸਕਦਾ ਹੈ ਅਤੇ ਇਕੱਲਾ  ਸਰੋਦਾ ਚੇਪਾ ਹੀ ਪੂਰੀ ਦੀ ਪੂਰੀ ਫਸਲ ਬਰਬਾਦ ਕਰਨ ਦੀ ਸਮੱਰਥਾ ਰੱਖਦਾ ਹੈ। ਇਸੇ ਤਰਾਂ ਹੀ ਤਣਾ ਗਲ਼ਣ ਦੇ ਰੋਗ ਦੀ ਜੇਕਰ ਵੇਲੇ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ ਹੈ। ਇਨ੍ਹਾਂ ਬਿਮਾਰੀਆਂ ਅਤੇ ਕੀੜਿਆਂ ਦੇ ਲੱਛਣ ਅਤੇ ਆਮਦ ਬਾਰੇ ਸਹੀ ਸਮੇਂ ਤੇ ਜਾਣਕਾਰੀ ਅਤੇ ਪ੍ਰਬੰਧ ਕਰਨ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।

ਬਿਮਾਰੀਆਂ

1. ਝੁਲਸ ਰੋਗ:

 ਸਰੋਂ ਦੇ ਘੱਟ ਝਾੜ ਦਾ ਇੱਕ ਮੁੱਖ ਕਾਰਨ ਝੁਲਸ ਰੋਗ ਹੈ। ਇਹ ਸਰੋਂ ਦੀ ਸਭ ਤੋਂ ਖਤਰਨਾਕ ਬਿਮਾਰੀ ਹੈ ਅਤੇ ਇਸ ਦਾ ਹਮਲਾ ਹਰ ਸਾਲ ਹੁੰਦਾ ਹੈ। ਇਹ ਬਿਮਾਰੀ ਸਰੋਂ ਦੀਆਂ ਸਾਰੀਆਂ ਕਿਸਮਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਝਾੜ  ਵਿੱਚ 30-40 ਪ੍ਰਤੀਸ਼ਤ ਤੱਕ ਦੀ ਕਮੀ ਕਰ ਸਕਦੀ ਹੈ। ਇਸ ਨਾਲ ਤੇਲ ਦੀ ਮਾਤਰਾ ਵਿੱਚ  ਵੀ 10 ਪ੍ਰਤੀਸ਼ਤ ਤੱਕ ਦੀ ਕਮੀ ਆ ਸਕਦੀ ਹੈ। ਆਮ ਕਰਕੇ  ਇਸ ਦੀ ਸ਼ੁਰੂਆਤ ਦਸੰਬਰ ਦੇ ਮਹੀਨੇ ਹੁੰਦੀ ਹੈ ਪਰ ਫਰਵਰੀ-ਮਾਰਚ ਇਹ ਅੱਗ ਵਾਂਗ ਤੇਜ਼ੀ ਨਾਲ ਫੈਲਦੀ ਹੈ ਜਿਸ ਕਰਕੇ ਇਸ ਨੂੰ ਝੁਲਸ ਰੋਗ ਵੀ ਕਿਹਾ ਜਾਂਦਾ ਹੈ। ਇਸ ਦੀ ਸ਼ੁਰੂਆਤ ਹੇਠਲੇ ਪੱਤਿਆਂ, ਜਿਥੇ ਸਾਰਾ ਦਿਨ ਛਾਂ ਅਤੇ ਨਮੀ ਰਹਿੰਦੀ ਹੈ, ਉਪਰ ਛੋਟੇ-ਛੋਟੇ  ਭੂਰੇ ਕਾਲੇ ਧੱਬਿਆਂ ਦੇ ਰੂਪ ਵਿੱਚ ਹੁੰਦੀ ਹੈ। ਇਹ ਧੱਬੇ ਵੱਡੇ ਹੋ ਜਾਂਦੇ ਹਨ ਅਤੇ ਇਨ੍ਹਾਂ ਉਪਰ ਕਾਲੇ ਰੰਗ ਦੇ ਗੋਲ ਚੱਕਰ ਬਣ ਜਾਂਦੇ ਹਨ, ਜੋ ਕਿ ਅਸਲ ਵਿੱਚ ਬਿਮਾਰੀ ਦੇ ਕਣ ਹੁੰਦੇ ਹਨ ਅਤੇ ਇਹ ਕਣ ਹਵਾ ਰਾਹੀਂ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਫੈਲ ਜਾਂਦੇ ਹਨ। ਇਸ ਤਰਾਂ ਇਹ ਬਿਮਾਰੀ ਹੌਲੀ -ਹੌਲੀ ਉਪਰਲੇ ਪੱਤਿਆਂ, ਟਾਹਣੀਆਂ, ਤਣੇ ਅਤੇ ਫਲੀਆਂ ਤੱਕ ਫੈਲ ਜਾਂਦੀ ਹੈ। ਹੌਲੀ -ਹੌਲੀ ਪੱਤੇ ਸੁੱਕ ਕੇ ਝੜ ਜਾਂਦੇ ਹਨ ਅਤੇ ਫਲੀਆਂ ਉਪਰ ਕਾਲੇ ਧੱਬੇ ਬਣ ਜਾਂਦੇ ਹਨ। ਇਹ ਫਲੀਆਂ ਸੁੱਕ ਜਾਂਦੀਆਂ ਹਨ ਅਤੇ ਇਨ੍ਹਾਂ ਵਿਚਲੇ ਦਾਣੇ ਛੋਟੇ ਅਤੇ ਸੁੱਕੜੇ ਹੋਣ ਕਰਕੇ ਵਜ਼ਨ ਵਿੱਚ ਹਲਕੇ ਹੁੰਦੇ ਹਨ ਅਤੇ ਇਨ੍ਹਾਂ ਵਿਚ ਤੇਲ ਬਹੁਤ ਘੱਟ ਹੁੰਦਾ ਹੈ।

2. ਚਿੱਟੀ ਕੁੰਗੀ:

ਇਹ ਬਿਮਾਰੀ ਸਿਰਫ ਰਾਇਆ ਉਪਰ ਹੀ ਹਮਲਾ ਕਰਦੀ ਹੈ ਅਤੇ ਝਾੜ ਵਿੱਚ 17-37 ਪ੍ਰਤੀਸ਼ਤ ਤੱਕ ਦੀ ਕਮੀ ਕਰ ਸਕਦੀ ਹੈ।ਇਸ ਬਿਮਾਰੀ ਦਾ ਹਮਲਾ ਠੰਡੇ ਅਤੇ ਨਮੀ ਵਾਲੇ ਮੌਸਮ ਵਿੱਚ ਹੁੰਦਾ ਹੈ। ਇਹ ਬਿਮਾਰੀ ਬੀਜ ਅਤੇ ਜ਼ਮੀਨ ਤੋਂ ਫੈਲਦੀ ਹੈ। ਇਸ ਬਿਮਾਰੀ ਦੇ ਕਣ ਜ਼ਮੀਨ ਅਤੇ ਰਹਿੰਦ-ਖੂੰਹਦ ਵਿੱਚ ਪਏ ਰਹਿੰਦੇ ਹਨ ਜੋ ਢੁਕਵਾਂ ਮੌਸਮ ਆਉਣ ਤੇ ਜੰਮ ਪੈਂਦੇ ਹਨ। ਇਹ ਬਿਮਾਰੀ ਵੀ ਦਸੰਬਰ-ਜਨਵਰੀ ਵਿੱਚ ਸ਼ੁਰੂ ਹੁੰਦੀ ਹੈ ਪਰ ਜੇ ਸਰਦੀ ਪਹਿਲਾਂ ਸ਼ੁਰੂ ਹੋ ਜਾਵੇ ਤਾਂ ਇਹ ਬਿਮਾਰੀ ਦਸੰਬਰ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ। ਇਸ ਦੀ ਸ਼ੁਰੂਆਤ ਪੱਤਿਆਂ ਦੇ ਹੇਠਲੇ ਪਾਸੇ ਛੋਟੇ- ਛੋਟੇ ਚਿੱਟੇ ਰੰਗ ਦੇ ਦਾਣਿਆਂ ਦੇ ਰੂਪ ਵਿੱਚ ਹੁੰਦੀ ਹੈ ਜਿਸ ਕਰਕੇ ਇਹ ਅਕਸਰ ਨਜ਼ਰਅੰਦਾਜ ਹੋ ਜਾਂਦੀ ਹੈ। ਹੌਲੀ-ਹੌਲੀ ਬਿਮਾਰੀ ਪੌਦੇ ਦੇ ਉਪਰਲੇ ਹਿੱਸੇ ਤੱਕ ਪਹੁੰਚ ਜਾਂਦੀ ਹੈ। ਫੁੱਲਾਂ ਵਾਲੀਆਂ ਟਾਹਣੀਆਂ ਫੁੱਲ ਕੇ ਮੁੜ ਜਾਂਦੀਆਂ ਹਨ ਅਤੇ ਸਿੰਗਾਂ ਵਾਂਗ ਨਜ਼ਰ ਆਉਂਦੀਆਂ ਹਨ ਅਤੇ ਫਲੀਆਂ ਨਹੀਂ ਬਣਦੀਆਂ।

3. ਪੀਲੇ ਧੱਬਿਆਂ ਦਾ ਰੋਗ:

 ਇਹ ਬਿਮਾਰੀ ਗੋਭੀ ਸਰੋਂ ਉਪਰ ਜ਼ਿਆਦਾ ਆਉਂਦੀ ਹੈ। ਕਈ ਵਾਰ ਅਨੁਕੂਲ ਮੌਸਮ ਵਿੱਚ ਇਸ ਦਾ ਹਮਲਾ ਬਿਜਾਈ ਤੋਂ 15-20 ਬਾਅਦ ਹੀ ਹੋ ਜਾਂਦਾ ਹੈ। ਛੋਟੇ-ਛੋਟੇ ਪੱਤਿਆਂ ਉਪਰ ਪੀਲੇ ਧੱਬੇ ਬਣ ਜਾਂਦੇ ਹਨ ਅਤੇ ਬੂਟੇ ਮੁਰਝਾ ਜਾਂਦੇ ਹਨ। ਇਸ ਦਾ ਹਮਲਾ ਪਹਿਲਾਂ ਹੇਠਲੇ ਪੱਤਿਆਂ ਤੇ ਹੁੰਦਾ ਹੈ। ਪੱਤਿਆਂ ਦੇ ਹੇਠਲੇ ਪਾਸੇ ਪਾਣੀ ਭਿੱਜੇ ਹਲਕੇ ਹਰੇ-ਪੀਲੇ ਧੱਬੇ ਬਣ ਜਾਂਦੇ ਹਨ ਜੋ ਕਾਫੀ ਵੱਡੇ ਹੋ ਜਾਂਦੇ ਹਨ। ਸਵੇਰ ਵੇਲੇ ਇਨਾਂ ਦੇ ਹੇਠਲੇ ਪਾਸੇ ਹਲਕੀ ਸਲੇਟੀ ਰੰਗ ਦੀ ਉਲੀ ਨਜ਼ਰ ਆਉਂਦੀ ਹੈ ਅਤੇ ਅਖੀਰ ਪੱਤੇ ਸੁੱਕ ਜਾਂਦੇ ਹਨ। ਤਣੇ ਦਾ ਉਪਰਲਾ ਹਿੱਸਾ ਫੁੱਲ ਕੇ ਬੇਸ਼ਕਲ ਹੋ ਜਾਂਦਾ ਹੈ ਅਤੇ ਫਲੀਆਂ ਨਹੀਂ ਬਣਦੀਆਂ। ਜੇ ਫਲੀਆਂ ਬਣ ਵੀ ਜਾਣ ਤਾਂ ਇਨਾਂ ਵਿੱਚ ਪੂਰੇ ਦਾਣੇ ਨਹੀਂ ਭਰਦੇ ਅਤੇ ਝਾੜ ਘੱਟ ਜਾਂਦਾ ਹੈ।ਰਾਇਆ ਉਪਰ ਇਸ ਦਾ ਹਮਲਾ ਘੱਟ ਹੁੰਦਾ ਹੈ ਪਰ ਜੇ ਚਿੱਟੀ ਕੁੰਗੀ ਦਾ ਹਮਲਾ ਵੀ ਹੋਵੇ ਤਾਂ ਨੁਕਸਾਨ ਜ਼ਿਆਦਾ ਹੁੰਦਾ ਹੈ।  

4. ਤਣੇ ਦਾ ਗਲਣਾ:

ਇਸ ਬਿਮਾਰੀ ਦਾ ਹਮਲਾ ਆਮ ਕਰਕੇ ਜਨਵਰੀ ਦੇ ਅਖੀਰ ਵਿੱਚ ਹੁੰਦਾ ਹੈ ਅਤੇ ਗੰਭੀਰ ਹਾਲਤਾਂ  ਵਿੱਚ ਇਹ 35 ਪ੍ਰਤੀਸ਼ਤ ਤੱਕ ਨੁਕਸਾਨ ਕਰ ਸਕਦੀ ਹੈ। ਇਸ ਦੇ ਹਮਲੇ ਦੀ ਸੂਰਤ ਵਿੱਚ ਤਣੇ ਉਪਰ ਗਲ਼ੇ ਹੋਏ ਲੰਬੂਤਰੇ ਧੱਬੇ ਬਣ ਜਾਂਦੇ ਹਨ ਜਿੰਨਾਂ ਉਪਰ ਚਿੱਟੇ ਰੰਗ ਦੀ ਉਲੀ ਜੰਮ ਜਾਂਦੀ ਹੈ। ਇਨ੍ਹਾਂ ਧੱਬਿਆਂ ਦੀ ਲੰਬਾਈ ਵਧਣੀ ਸ਼ੁਰੂ ਹੋ ਜਾਂਦੀ ਹੈ, ਪੌਦਾ ਮੁਰਝਾ ਜਾਂਦਾ ਹੈ ਅਤੇ ਤਣਾ ਗਲ਼ ਕੇ ਟੁੱਟ ਜਾਂਦਾ ਹੈ। ਅਖੀਰ ਪੂਰਾ ਪੌਦਾ ਸੁੱਕ ਜਾਂਦਾ ਹੈ। ਤਣੇ ਦੇ ਅੰਦਰ ਬਿਮਾਰੀ ਦੇ ਕਾਲੇ ਰੰਗ ਦੇ ਬੀਜਾਣੂੰ 'ਸਕਲੀਰੋਸ਼ੀਆ' ਦਿਖਾਈ ਦਿੰਦੇ ਹਨ। ਇਹ ਬੀਜਾਣੂੰ ਫਸਲ ਦੀ ਕਟਾਈ ਵੇਲੇ ਬੀਜ ਵਿੱਚ ਵੀ ਰਲ ਜਾਂਦੇ ਹਨ ਜਾਂ ਜ਼ਮੀਨ ਤੇ ਡਿੱਗ ਜਾਂਦੇ ਹਨ ਅਤੇ ਜ਼ਮੀਨ ਵਿੱਚ ਕਈ ਸਾਲ ਜ਼ਿੰਦਾ ਪਏ ਰਹਿੰਦੇ ਹਨ। ਜਦੋਂ ਮੌਸਮ ਅਨਕੂਲ ਹੋਵੇ ਤਾਂ ਇਹ ਫਿਰ ਜੰਮ ਪੈਂਦੇ ਹਨ ਜਿਸ ਨਾਲ ਬਿਮਾਰੀ ਵਧਦੀ ਰਹਿੰਦੀ ਹੈ। ਇਸ ਲਈ ਫਸਲ ਕੱਟਣ ਤੋਂ ਬਾਅਦ ਰਹਿੰਦ-ਖੂੰਹਦ ਨਸ਼ਟ ਕਰ ਦਿਉ।

ਕੀੜੇ-ਮਕੌੜੇ

Diamondback

Diamondback

1. ਚਿਤਕਬਰੀ ਭੂੰਡੀ :

 ਕਾਲੇ ਰੰਗ ਦਾ ਇਹ ਚਮਕਦਾਰ ਕੀੜਾ ਹੈ ਜਿਸਦੇ ਸ਼ਰੀਰ ਤੇ ਸੰਤਰੀ ਪੀਲੇ ਅਤੇ ਲਾਲ ਰੰਗ ਦੇ ਧੱਬੇ ਹੁੰਦੇ ਹਨ। ਦੋਵੇਂ ਬਾਲਗ ਅਤੇ ਬੱਚੇ ਬੂਟਿਆਂ ਦਾ ਰਸ ਚੂਸ ਕੇ ਬੂਟਿਆਂ ਨੂੰ ਕਮਜੋਰ ਕਰ ਦਿੰਦੇ ਹਨ। ਆਮ ਕਰਕੇ ਇਸਦਾ ਹਮਲਾ ਅਕਤੂਬਰ ਮਹੀਨੇ ਵਿੱਚ ਸਰੋਂ ਦੀ ਛੋਟੀ ਫ਼ਸਲ ਤੇ (2-4 ਪੱਤਿਆਂ ਦੀ ਅਵਸਥਾ ਤੇ) ਜ਼ਿਆਦਾ ਹੁੰਦਾ ਹੈ। ਇਹ ਭੂੰਡੀ ਆਮ ਕਰਕੇ ਸਵੇਰੇ ਸਵੇਰੇ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਹੀ ਨਜ਼ਰ ਆਉਂਦੀ ਹੈ, ਇਸ ਲਈ ਇਸ ਦੇ ਹਮਲਾ ਨਜ਼ਰਅੰਦਾਜ ਹੋ ਜਾਂਦਾ ਹੈ ਅਤੇ ਨੁਕਸਾਨ ਦਾ ਉਦੋਂ ਹੀ ਪਤਾ ਲਗਦਾ ਹੈ ਜਦੋਂ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਹੈ। ਇਸ ਦੀਆਂ ਨਿਸ਼ਾਨੀਆਂ ਛੋਟੀ ਅਵਸਥਾ ਤੇ ਪੱਤਿਆਂ ਤੇ ਚਿੱਟੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਨਜ਼ਰ ਆਉਂਦੀਆਂ ਹਨ।

2. ਸਰੋਂ ਦੀ ਸਲੇਟੀ ਸੁੰਡੀ:

ਇਸਦਾ ਹਮਲਾ ਵੀ ਆਮ ਕਰਕੇ ਫਸਲ ਦੀ ਸ਼ੁਰੂਆਤੀ ਅਵਸਥਾ ਤੇ ਹੀ ਹੁੰਦਾ ਹੈ ਜਦੋਂ ਇਸ ਦੀਆਂ ਸੁੰਡੀਆਂ ਪੱਤਿਆਂ ਨੂੰ ਖਾ ਕੇ ਨੁਕਸਾਨ ਕਰਦੀਆਂ ਹਨ। ਇਹ ਸੁੰਡੀਆਂ ਕਾਲੇ ਰੰਗ ਦੀਆਂ ਹੁੰਦੀਆ ਹਨ ਜਿਨਾਂ ਦੇ ਸਰੀਰ ਤੇ 11 ਜੋੜੇ ਲੱਤਾਂ ਹੁੰਦੀਆਂ ਹਨ। ਕਿਉਂਕਿ ਇਹ ਸੁੰਡੀਆਂ ਫਸਲ ਦੀ ਮੁਢਲੀ ਅਵਸਥਾ ਤੇ ਹਮਲਾ ਕਰਦੀਆਂ ਹਨ, ਇਸ ਲਈ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਸ਼ੁਰੂਆਤੀ ਅਵਸਥਾ ਵਿੱਚ ਇਹ ਸੁੰਡੀਆਂ 40-50 ਦੇ ਝੁੰਡਾਂ ਵਿੱਚ ਹਮਲਾ ਕਰਦੀਆਂ ਹਨ ਅਤੇ ਬੜੀ ਤੇਜ਼ੀ ਨਾਲ ਪੱਤੇ ਖਾ ਕੇ ਨੁਕਸਾਨ ਕਰਦੀਆਂ ਹਨ। ਇਸ ਲਈ ਇਸਦੇ ਹਮਲੇ ਤੋਂ ਬਚਾਅ ਲਈ ਸੁਚੇਤ ਰਹਿਣ ਦੀ ਲੋੜ ਹੈ।

3. ਸਰੋਂ ਦਾ ਚੇਪਾ:

 ਇਹ ਇੱਕ ਰਸ ਚੂਸਣ ਵਾਲਾ ਕੀੜਾ ਹੈ ਜੋ ਆਮ ਕਰਕੇ ਜਨਵਰੀ ਤੋਂ ਲੈ ਕੇ ਅੱਧ ਮਾਰਚ ਤੱਕ ਵਧੇਰੇ ਨੁਕਸਾਨ ਕਰਦਾ ਹੈ। ਇਹ ਬੂਟੇ ਦੇ ਵੱਖ-ਵੱਖ ਭਾਗਾਂ ਜਿਵੇਂ ਕਿ ਪੱਤੇ, ਫੁੱਲ ਅਤੇ ਫ਼ਲੀਆਂ ਰਾਹੀਂ ਬੂਟਿਆਂ ਦਾ ਰਸ ਚੂਸਦੇ ਹਨ ਅਤੇ ਬੂਟੇ ਕਮਜ਼ੋਰ ਹੋ ਜਾਂਦੇ ਹਨ। ਇਹ ਬੂਟੇ ਆਕਾਰ ਵਿੱਚ ਮਧਰੇ ਰਹਿ ਜਾਂਦੇ ਹਨ ਅਤੇ ਫੁੱਲਾਂ ਰਸ ਚੂਸੇ ਜਾਣ ਕਰਕੇ ਫ਼ਲੀਆਂ ਪੂਰੀਆਂ ਨਹੀਂ ਬਣਦੀਆਂ। ਜੋ ਫਲੀਆਂ ਬਣ ਚੁੱਕੀਆਂ ਹੁੰਦੀਆਂ ਹਨ ਉੰਨਾ ਵਿੱਚ ਦਾਣੇ ਪੂਰੀ ਤਰਾਂ ਨਹੀਂ ਬਣਦੇ ਜਾਂ ਸੁੱਕ ਜਾਂਦੇ ਹਨ। ਭਾਰੀ ਹਮਲੇ ਦੀ ਸੂਰਤ ਵਿੱਚ ਫ਼ਸਲ ਮੁਰਝਾਈ ਹੋਈ ਜਾਪਦੀ ਹੈ । ਇਹ ਕੀੜਾ ਸਰੋਂ ਦੇ ਝਾੜ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਸਕਦਾ ਹੈ। ਇਸ ਦੀ ਅਣਦੇਖੀ ਕਰਨੀ ਬੜੀ ਨੁਕਸਾਨਦੇਹ ਹੈ।

4. ਭੱਬੂ ਕੁੱਤਾ ਅਤੇ ਬੰਦਗੋਭੀ ਦੀ ਸੁੰਡੀ:

ਇਹ ਦੋਵੇਂ ਹੀ ਕੀੜੇ ਬੂਟਿਆਂ ਦੇ ਪੱਤੇ ਖਾ ਕੇ ਨੁਕਸਾਨ ਕਰਦੇ ਹਨ। ਭੱਬੂ ਕੁੱਤਾ (ਕੁਤਰਾ) ਹਲਕੇ ਪੀਲੇ ਰੰਗ ਦਾ ਹੁੰਦਾ ਹੈ ਅਤੇ ਸਰੀਰ ਦਾ ਅਗਲਾ ਅਤੇ ਪਿਛਲਾ ਭਾਗ ਕਾਲੇ ਰੰਗ ਦਾ ਹੁੰਦਾ ਹੈ। ਇਸ ਤੋਂ ਇਲਾਵਾ ਇਸਦੇ ਸ਼ਰੀਰ ਤੇ ਲੰਬੇ-ਲੰਬੇ ਵਾਲ ਹੁੰਦੇ ਹਨ। ਇਸ ਦੇ ਉਲਟ ਬੰਦਗੋਭੀ ਦੀ ਸੁੰਡੀ ਦੇ ਸਰੀਰ ਤੇ ਲੰਬੇ-ਲੰਬੇ ਵਾਲ ਨਹੀਂ ਹੁੰਦੇ। ਇਸਦਾ ਸ਼ਰੀਰ ਹਲਕੇ ਹਰੇ ਰੰਗ ਦਾ ਹੁੰਦਾ ਹੈ, ਜਿਸ ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਭੱਬੂ ਕੁੱਤਾ ਆਮ ਕਰਕੇ ਸਤੰਬਰ-ਅਕਤੂਬਰ ਦੇ ਮਹੀਨੇ 'ਤੋਰੀਏ' ਦੀ ਫ਼ਸਲ ਤੇ ਜ਼ਿਆਦਾ ਨੁਕਸਾਨ ਕਰਦਾ ਹੈ।

ਇਹਨਾਂ ਦੋਵੇਂ ਕੀੜੇ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਇੱਕ ਗੁੱਛੇ ਦੀ ਸ਼ਕਲ ਵਿਚ ਦਿੰਦੇ ਹਨ। ਇਹਨਾਂ ਆਂਡਿਆਂ ਚੋਂ' ਛੋਟੀਆਂ ਸੁੰਡੀਆਂ ਨਿਕਲ ਕੇ ਕੁਝ ਦਿਨਾਂ ਤੱਕ ਝੁੰਡਾਂ ਦੀ ਸ਼ਕਲ ਵਿੱਚ ਬੂਟਿਆਂ ਦੇ ਪੱਤੇ ਖਾਂਦੀਆਂ ਹਨ ਅਤੇ ਹਮਲੇ ਵਾਲਾ ਬੂਟਾ ਦੂਰੋਂ ਹੀ ਬਗੈਰ ਪੱਤਿਆਂ ਦੇ (ਜਾਂ ਛਾਨਣੀ ਵਰਗੇ ਪੱਤੇ) ਦਿਖਾਈ ਦਿੰਦਾ ਹੈ ਅਤੇ ਇਸ ਬੂਟੇ ਦੇ ਹੇਠਾਂ ਕੀੜੇ ਦੀਆਂ ਹਰੇ-ਕਾਲੇ ਰੰਗ ਦੀਆਂ ਮੀਂਗਣਾਂ ਦਿਖਾਈ ਦਿੰਦੀਆਂ ਹਨ। ਵੱਡੀਆਂ ਹੋ ਕੇ ਇਹ ਸੁੰਡੀਆਂ ਪੂਰੇ ਖੇਤ ਵਿੱਚ ਫੈਲ ਜਾਂਦੀਆਂ ਹਨ ਅਤੇ ਬਹੁਤ ਨੁਕਸਾਨ ਕਰ ਸਕਦੀਆਂ ਹਨ। ਇਸ ਲਈ ਇਹਨਾਂ ਦੀ ਸ਼ੁਰੂਆਤੀ ਅਵਸਥਾ ਵਿੱਚ ਰੋਕਥਾਮ ਲਈ ਸਰਵੇਖਣ ਦੀ ਬੜੀ ਮਹੱਤਤਾ ਹੈ ਜਿਸ ਨਾਲ ਸਿਰਫ 2-3 ਬੂਟਿਆਂ ਨੂੰ ਹੀ ਨਸ਼ਟ ਕਰਨ ਨਾਲ ਬਿਨਾ ਕਿਸੇ ਖਰਚੇ ਦੇ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ।

Mustard

Mustard

5. ਪੱਤਿਆਂ ਦਾ ਸੁਰੰਗੀ ਕੀੜਾ:

ਇਸ ਕੀੜੇ ਦਾ ਹਮਲਾ ਆਮ ਕਰਕੇ ਫਰਵਰੀ ਅਖੀਰ ਅਤੇ ਮਾਰਚ ਦੇ ਮਹੀਨੇ ਹੁੰਦਾ ਹੈ। ਇਸਦਾ ਲਾਰਵਾ/ਸੁੰਡੀ ਬਹੁਤ ਛੋਟੀ ਹੁੰਦੀ ਹੈ ਜੋ ਕਿ ਪੱਤਿਆਂ ਵਿੱਚ ਟੇਢੀਆਂ-ਮੇਢੀਆਂ ਸੁਰੰਗਾਂ ਬਣਾ ਕੇ ਨੁਕਸਾਨ ਕਰਦੀ ਹੈ। ਇਸਦੀ ਸੁੰਡੀ ਪੱਤਿਆਂ ਦਾ ਹਰਾ ਮਾਦਾ ਖਾਂਦੀ ਹੈ ਜਿਸ ਕਾਰਣ ਉਨਾਂ ਦੀ ਪ੍ਰਕਾਸ਼ ਸੰਸਲੇਸ਼ਣ ਕ੍ਰਿਆ ਰਾਹੀਂ ਭੋਜਨ ਬਨਾਉਣ ਦੀ ਸਮੱਰਥਾ ਘੱਟ ਜਾਂਦੀ ਹੈ। ਸਿੱਟੇ ਵਜੋਂ ਝਾੜ ਤੇ ਮਾੜਾ ਪ੍ਰਭਾਵ ਪੈਂਦਾ ਹੈ।

ਕੀਟ ਅਤੇ ਰੋਗ ਪ੍ਰਬੰਧਨ ਕਾਰਜ ਵਿਧੀ

ਸ਼ੁਰੂਆਤੀ ਅਵਸਥਾ ਵਿੱਚ ਚਿਤਕਬਰੀ ਭੂੰਡੀ ਅਤੇ ਸਲੇਟੀ ਸੁੰਡੀ ਦੀ ਰੋਕਥਾਮ: ਚਿਤਕਬਰੀ ਭੂੰਡੀ ਦਾ ਨੁਕਸਾਨ ਆਮ ਕਰਕੇ ਬਿਜਾਈ ਤੋਂ ਬਾਦ ਫ਼ਸਲ ਦੀ ਸ਼ੁਰੂਆਤੀ ਅਵਸਥਾ ਤੇ ਜ਼ਿਆਦਾ ਹੁੰਦਾ ਹੈ। ਬਿਜਾਈ ਤੋਂ 3-4 ਹਫਤਿਆਂ ਬਾਦ ਪਹਿਲਾ ਪਾਣੀ ਲਾਉਣ ਨਾਲ ਇਸਦੀ ਸੰਖਿਆ ਵਿੱਚ ਕਾਫੀ ਕਮੀ ਆ ਜਾਂਦੀ ਹੈ। ਸਲੇਟੀ ਸੁੰਡੀ ਪੱਤੇ ਖਾ ਕੇ ਨੁਕਸਾਨ ਕਰਦੀ ਹੈ ਅਤੇ ਇਸ ਦੀ ਰੋਕਥਾਮ 250 ਮਿਲੀਲਿਟਰ ਐਕਾਲਕਸ 25 ਈ ਸੀ (ਕੁਇਨਲਫਾਸ) ਨੂੰ 60-80 ਲਿਟਰ ਪਾਣੀ ਪ੍ਰਤੀ ਏਕੜ 'ਚ ਘੋਲ ਕੇ ਛਿੜਕਾਅ ਕਰਨ ਨਾਲਕੀਤੀ ਜਾ ਸਕਦੀ ਹੈ।

ਚੇਪੇ ਦੀ ਰੋਕਥਾਮ:

ਸਰੋਂ ਦੇ ਚੇਪੇ ਦੀ ਘੱਟ ਲਾਗਤ ਅਤੇ ਅਸਰਦਾਰ ਰੋਕਥਾਮ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:

À) ਖਾਦਾਂ ਦੀ ਸਿਫ਼ਾਰਸ਼ ਕੀਤੀ ਮਿਕਦਾਰ ਹੀ ਪਾਉ। ਆਮ ਕਰਕੇ ਇਹ ਵੇਖਣ ਵਿੱਚ ਆਉਂਦਾ ਹੈ ਕਿ ਦਸੰਬਰ ਦੇ ਮਹੀਨੇ ਤਾਪਮਾਨ ਘਟਣ ਕਾਰਣ ਫਸਲ ਦਾ ਵਾਧਾ ਰੁਕ ਜਾਂਦਾ ਹੈ। ਕਿਸਾਨ ਇਸਨੂੰ ਖੁਰਾਕੀ ਤੱਤਾਂ ਦੀ ਕਮੀ ਸਮਝ ਕੇ ਵੱਧ ਯੂਰੀਆ ਪਾ ਦਿੰਦੇ ਹਨ, ਜਿਸ ਨਾਲ ਫਸਲ ਦੇ ਕੀੜੇ-ਮਕੋੜਿਆਂ ਅਤੇ ਬਿਮਾਰੀਆਂ ਵੱਧ ਹਮਲਾ ਹੁੰਦਾ ਹੈ। ਇਸ ਲਈ ਖਾਦਾਂ ਦੀ ਸਿਫਾਰਸ਼ ਤੋਂ ਵੱਧ ਵਰਤੋਂ ਤੋਂ ਸੰਕੋਚ ਕਰੋ।

) ਹਫਤੇ ਵਿੱਚ ਘੱਟੋ-ਘੱਟ ਇੱਕ ਵਾਰੀ ਖੇਤ ਦਾ ਸਰਵੇਖਣ ਕਰੋ।

Â) ਆਮ ਕਰਕੇ ਇਹ ਵੇਖਣ ਵਿੱਚ ਆਉਂਦਾ ਹੈ ਕਿ ਕਿਸਾਨ ਖੇਤ ਵਿੱਚ ਕੁਝ ਕੁ ਬੂਟਿਆਂ ਤੇ ਚੇਪਾ ਵੇਖ ਕੇ ਜਾਂ ਇਕ ਦੂਜੇ ਦੀ ਦੇਖਾ-ਦੇਖੀ ਕੀਟਨਾਸ਼ਕਾਂ ਦਾ ਛਿੜਕਾਅ ਸ਼ੁਰੂ ਕਰ

ਦਿੰਦੇ ਹਨ, ਜਦਕਿ ਅਸਲ ਵਿੱਚ ਉਸ ਵੇਲੇ ਛਿੜਕਾਅ ਦੀ ਲੋੜ ਹੀ ਨਹੀਂ ਹੁੰਦੀ। ਕੀਟਨਾਸ਼ਕ ਦਵਾਈਆਂ ਦੀ ਵਰਤੋਂ ਚੇਪੇ ਦੀ ਬੂਟਿਆਂ ਤੇ ਗਿਣਤੀ ਅਤੇ ਉੰਨਾ ਦੀ ਨੁਕਸਾਨ ਦੀ ਸਮਰੱਥਾ ਦੇ ਆਧਾਰ ਤੇ ਕਰੋ। ਇਸ ਲਈ ਇੱਕ ਏਕੜ ਰਕਬੇ ਚੋਂ' ਦੂਰ-ਦੁਰ ਫੈਲੇ ਹੋਏ 12 ਤੋਂ 16 ਬੂਟੇ ਚੁਣੋ। ਅਜਿਹਾ ਕਰਨ ਲਈ ਖੇਤ ਨੂੰ ਚਾਰ ਹਿੱਸਿਆਂ ਚ' ਵੰਡੋ ਅਤੇ ਹਰੇਕ ਹਿੱਸੇ ਚੋਂ' 3 ਜਾਂ 4 ਬੂਟੇ ਚੁਣੋ। ਇਹ ਕੰਮ ਜਨਵਰੀ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਜੇਕਰ ਬੂਟੇ ਦੀ ਵਿਚਕਾਰਲੀ ਸ਼ਾਖ ਦੇ ਸਿਰੇ ਤੇ ਚੇਪੇ ਦੀ ਗਿਣਤੀ 50 ਤੋਂ 60 ਪ੍ਰਤੀ 10 ਸੈਂਟੀਮੀਟਰ ਹਿੱਸੇ ਤੇ ਹੋਵੇ ਤਾਂ ਛਿੜਕਾਅ ਕਰੋ।  ਜਾਂ
ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਉਪਰਲਾ 0.5-1.0 ਸੈਂਟੀਮੀਟਰ ਹਿੱਸਾ ਚੇਪੇ ਨਾਲ ਢੱਕਿਆ ਹੋਵੇ।  ਜਾਂ
ਜਦੋਂ 40-50 ਪ੍ਰਤੀਸ਼ਤ ਬੂਟਿਆਂ ਤੇ ਚੇਪਾ ਨਜ਼ਰ ਆਵੇ (ਇਸ ਲਈ ਪ੍ਰਤੀ ਏਕੜ 100 ਬੂਟਿਆਂ ਦੀ ਪਰਖ਼ ਕਰੋ)।

ਜਦੋਂ ਚੇਪੇ ਦੀ ਗਿਣਤੀ ਉਪਰ ਦਿੱਤੇ ਆਧਾਰਾਂ 'ਚੋਂ ਕਿਸੇ ਇੱਕ ਤੇ ਪਹੁੰਚ ਜਾਵੇ ਤਾਂ ਹੇਠ ਲਿਖੀਆਂ ਦਵਾਈਆਂ ਚੋਂ' ਕਿਸੇ ਇੱਕ ਦਾ ਛਿੜਕਾਅ 80-125 ਲਿਟਰ ਪਾਣੀ (ਫ਼ਸਲ ਦੀ ਅਵਸਥਾ ਅਨੁਸਾਰ) ਵਿੱਚ ਘੋਲ ਕੇ ਕਰੋ:

1. ਐਕਟਾਰਾ 25 ਡਬਲਯੂ ਜੀ (ਥਾਇਆਮੀਥੋਕਸਮ) 40 ਗ੍ਰਾਮ/ ਏਕੜ

2.ਰੋਗਰ 30 ਈ ਸੀ (ਡਾਈਮੈਥੋਏਟ) 400 ਮਿਲੀਲਿਟਰ/ਏਕੜ

3.ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) 600 ਮਿਲੀਲਿਟਰ/ਏਕੜ

ਜਨਵਰੀ ਦੇ ਪਹਿਲੇ ਹਫਤੇ ਤੋਂ ਹੀ ਚੇਪੇ ਦੇ ਹਮਲੇ ਪ੍ਰਤੀ ਸਚੇਤ ਹੋਣ ਦੀ ਲੋੜ ਹੈ। ਜਦੋਂ ਚੇਪੇ ਦੀ ਸੰਖਿਆ ਆਰਥਿਕ ਨੁਕਸਾਨ ਪੱਧਰ ਤੇ ਪਹੁੰਚ ਜਾਵੇ ਤਾਂ ਛਿੜਕਾਅ ਕਰ ਦੇਣਾ ਚਾਹੀਦਾ ਹੈ। ਛਿੜਕਾਅ ਦੌਰਾਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤ ਦਾ ਕੋਈ ਵੀ ਹਿੱਸਾ ਬਿਨਾਂ ਛਿੜਕਾਅ ਨਾ ਰਹਿ ਜਾਵੇ।

ਭੱਬੂ ਕੁੱਤੇ ਅਤੇ ਬੰਦਗੋਭੀ ਦੀ ਸੁੰਡੀ ਦੀ ਰੋਕਥਾਮ :

ਭੱਬੂ-ਕੁੱਤੇ ਅਤੇ ਬੰਦਗੋਭੀ ਦੀ ਸੁੰਡੀ ਦੇ ਬਾਲਗ ਪਤੰਗੇ ਆਂਡੇ ਇੱਕ ਗੁੱਛੇ ਵਿੱਚ ਦਿੰਦੇ ਹਨ। ਬਾਅਦ ਵਿੱਚ ਆਂਡਿਆਂ ਚੋਂ' ਨਿਕਲ ਕੇ ਛੋਟੀਆਂ ਸੁੰਡੀਆਂ ਕਈ ਦਿਨਾਂ ਤੱਕ ਇੱਕ ਹੀ ਪੱਤੇ ਜਾਂ ਬੂਟੇ ਤੇ ਖਾਂਦੀਆਂ ਹਨ। ਅਜਿਹੇ ਬੂਟਿਆਂ ਨੂੰ ਪੁੱਟ ਕੇ ਜਾਂ ਤਾਂ ਮਿੱਟੀ ਹੇਠਾਂ ਦੱਬ ਦੇਣਾ ਚਾਹੀਦਾ ਹੈ ਜਾਂ ਫਿਰ ਕੀਟਨਾਸ਼ਕ ਦੇ ਘੋਲ/ ਮਿੱਟੀ ਦੇ ਤੇਲ ਰਲੇ ਪਾਣੀ ਚ' ਪਾ ਕੇ ਮਾਰ ਦੇਣਾ ਚਾਹੀਦਾ ਹੈ। ਸ਼ੁਰੂਆਤੀ ਹਮਲੇ ਦੌਰਾਨ ਇਹ ਤਰੀਕਾ ਇਨ੍ਹਾਂ ਦੀ ਰੋਕਥਾਮ ਲਈ ਬਹੁਤ ਹੀ ਸਸਤਾ ਅਤੇ ਅਸਰਦਾਰ ਹੈ। ਪਰ ਇਸ ਲਈ ਸਾਨੂੰ ਸਮੇਂ-ਸਮੇਂ ਤੇ ਖੇਤ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ।

ਸੁਰੰਗੀ ਕੀੜੇ ਦੀ ਰੋਕਥਾਮ :

ਆਮ ਕਰਕੇ ਚੇਪੇ ਦੀ ਰੋਕਥਾਮ ਲਈ ਕੀਤੇ ਛਿੜਕਾਅ ਨਾਲ ਇਸ ਦੀ ਰੋਕਥਾਮ ਵੀ ਹੋ ਜਾਂਦੀ ਹੈ। ਪਰ ਜਿਨਾਂ ਖੇਤਾਂ ਵਿੱਚ ਚੇਪੇ ਲਈ ਕੋਈ ਛਿੜਕਾਅ ਨਾ ਕੀਤਾ ਗਿਆ ਹੋਵੇ ਅਤੇ ਸੁਰੰਗੀ ਕੀੜੇ ਦਾ ਹਮਲਾ ਹੋ ਜਾਵੇ ਤਾਂ ਰੋਗਰ 30 ਈ ਸੀ (ਡਾਈਮੈਥੋਏਟ) ਦਾ ਛਿੜਕਾਅ 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਕਰਨ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਬਿਮਾਰੀਆਂ ਦੀ ਰੋਕਥਾਮ :

ਝੁਲਸ ਰੋਗ: ਇਸ ਬਿਮਾਰੀ ਤੋਂ ਬਚਾਅ ਲਈ ਫਸਲ ਦੀ ਬਿਜਾਈ ਸਮੇਂ ਸਿਰ ਕਰੋ ਅਤੇ ਖਾਦਾਂ ਦੀ ਸਿਫਾਰਸ਼ ਤੋਂ ਵੱਧ ਵਰਤੋਂ (ਖਾਸ ਕਰਕੇ ਯੂਰੀਆਂ) ਤੋਂ ਸੰਕੋਚ ਕਰੋ। ਬਿਜਾਈ ਤੋਂ 25 ਕੁ ਦਿਨਾਂ ਬਾਦ ਬੂਟਿਆਂ ਨੂੰ ਵਿਰਲਾ ਕਰੋ ਤਾਂ ਜੋ ਬੂਟੇ ਤੋਂ ਬੂਟੇ ਦਾ ਫਾਸਲਾ 10-15 ਸੈਂਟੀਮੀਟਰ ਤੋਂ ਘੱਟ ਨਾ ਹੋਵੇ, ਕਿਉਂਕਿ ਸੰਘਣੀ ਫਸਲ ਤੇ ਬਿਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਫਸਲ ਨੂੰ ਭਰਵਾਂ ਪਾਣੀ ਨਾ ਦਿਉ। ਫਸਲ ਕੱਟਣ ਤੋਂ ਬਾਅਦ ਰਹਿੰਦ-ਖੂੰਹਦ ਨਸ਼ਟ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਬਿਮਾਰੀ ਦੇ ਕਣ ਹੁੰਦੇ ਹਨ ਜੋ ਕਿ ਅਗਲੇ ਸਾਲ ਬਿਮਾਰੀ ਫੈਲਾਉਣ ਦਾ ਕੰਮ ਕਰਦੇ ਹਨ।

ਚਿੱਟੀ ਕੂੰਗੀ : ਇਸ ਬਿਮਾਰੀ ਦੀ ਰੋਕਥਾਮ ਲਈ ਮੈਟਾਲੈਕਸਲ ਐਮ 4% + ਮੈਂਕੋਜ਼ਿਬ 64% ਦੇ ਤਿੰਨ ਛਿੜਕਾਅ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 60 ਅਤੇ 80 ਦਿਨ ਬਾਅਦ ਕਰੋ।। ਲੋੜ ਪੈਣ ਤੇ 20 ਦਿਨਾਂ ਬਾਦ ਇਹ ਛਿੜਕਾਅ ਦੁਹਰਾਇਆ ਜਾ ਸਕਦਾ ਹੈ। ਇਸ ਛਿੜਕਾਅ ਨਾਲ ਝੁਲਸ ਰੋਗ ਦੀ ਵੀ ਕੁਝ ਹੱਦ ਤੱਕ ਰੋਕਥਾਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫਸਲ ਕੱਟਣ ਤੋਂ ਬਾਅਦ ਰਹਿੰਦ-ਖੂੰਹਦ ਨਸ਼ਟ ਕਰ ਦਿਉ ਤਾਂ ਕਿ ਇਹ ਅਗਲੇ ਸਾਲ ਬਿਮਾਰੀ ਦਾ ਕਾਰਨ ਨਾ ਬਣ ਸਕੇ। ਰਾਇਆ ਦੀ ਕਨੋਲਾ ਕਿਸਮ ਆਰ ਐਲ ਸੀ 3 ਨੂੰ ਚਿੱਟੀ ਕੁੰਗੀ ਦੀ ਬਿਮਾਰੀ ਨਹੀਂ ਲੱਗਦੀ।

ਪੀਲੇ ਧੱਬਿਆਂ ਦੇ ਰੋਗ ਦੀ ਰੋਕਥਾਮ : ਚਿੱਟੀ ਕੁੰਗੀ ਦੀ ਰੋਕਥਾਮ ਵਾਲੇ ਛਿੜਕਾਅ ਨਾਲ ਇਸਦੀ ਰੋਕਥਾਮ ਵੀ ਹੋ ਜਾਂਦੀ ਹੈ।

ਤਣੇ ਦਾ ਗਲਣਾ : ਇਸ ਬਿਮਾਰੀ ਦੇ ਬੀਜਾਣੂੰ (ਕਾਲੇ ਰੰਗ ਦੇ ਸਕਲੀਰੋਸ਼ੀਆ) ਫਸਲ ਦੀ ਕਟਾਈ ਵੇਲੇ ਬੀਜ ਵਿੱਚ ਅਤੇ ਜ਼ਮੀਨ ਵਿੱਚ ਰਲ ਜਾਂਦੇ ਹਨ ਜੋ ਕਿ ਜ਼ਮੀਨ ਵਿੱਚ ਕਈ ਸਾਲ ਜ਼ਿੰਦਾ ਰਹਿੰਦੇ ਹਨ। ਇਸ ਲਈ ਫਸਲ ਕੱਟਣ ਤੋਂ ਬਾਅਦ ਰਹਿੰਦ-ਖੂੰਹਦ ਨਸ਼ਟ ਕਰ ਦਿਉ। ਅਗਲੇ ਸਾਲ ਫਸਲ ਬੀਜਣ ਲਈ ਸਾਫ-ਸੁਥਰਾ ਬੀਜ ਹੀ ਵਰਤੋ। ਪਾਣੀ ਲੋੜ ਅਨੁਸਾਰ ਹੀ ਲਾਉ ਅਤੇ ਯੂਰੀਆ ਖਾਦ ਲੋੜ ਤੋਂ ਜ਼ਿਆਦਾ ਨਾ ਪਾਉ। ਬਿਮਾਰੀ ਵਾਲੇ ਖੇਤ ਵਿੱਚ  ਝੋਨਾ, ਕਣਕ ਜਾਂ  ਜੌਂ ਦੇ ਫਸਲੀ ਚੱਕਰ ਹੇਠ ਲਿਆਉ ਕਿਉਂਕਿ ਝੋਨੇ ਦੀ ਫਸਲ ਵਿੱਚ ਇਸ ਬਿਮਾਰੀ ਦੇ ਬੀਜਾਣੂੰ ਗਲ਼ ਜਾਂਦੇ ਹਨ। ਕਣਕ ਅਤੇ ਜੌਂ ਨੂੰ ਇਹ ਬਿਮਾਰੀ ਨਹੀਂ ਲਗਦੀ ਅਤੇ ਇਸ ਦਾ ਜੀਵਨ ਚੱਕਰ ਤੋੜਨ ਵਿੱਚ ਸਹਾਈ ਹਨ।

ਕਤਾਰਾਂ ਅਤੇ ਪੌਦਿਆਂ ਵਿਚਲਾ ਫਾਸਲਾ ਸਿਫਾਰਸ਼ ਅਨੁਸਾਰ ਰੱਖੋ ਕਿਉਂਕਿ ਸੰਘਣੀ ਫਸਲ ਤੇ ਬਿਮਾਰੀ ਵਧੇਰੇ ਫੈਲਦੀ ਹੈ। 25 ਦਸੰਬਰ ਤੋਂ 15 ਜਨਵਰੀ ਤੱਕ ਪਾਣੀ ਨਾ ਲਾਉ ਕਿਉਂਕਿ ਇਸ ਦੌਰਾਨ ਇਸ ਬਿਮਾਰੀ ਦੇ ਬੀਜਾਣੂੰ ਜੰਮਦੇ ਹਨ। ਇਸ ਤਰਾਂ ਕਰਨ ਨਾਲ ਫਸਲ ਤਣੇ ਦੇ ਗਾਲ਼ੇ ਤੋਂ ਬਚ ਜਾਂਦੀ ਹੈ।

ਜ਼ਰੂਰੀ ਨੁਕਤੇ :

  • ਬਿਜਾਈ ਲਈ ਹਮੇਸ਼ਾਂ ਤੰਦਰੁਸਤ ਬੀਜ ਹੀ ਚੁਣੋ ।

  • ਬਿਜਾਈ ਸਮੇਂ ਸਿਰ ਕਰੋ (ਅਕਤੂਬਰ ਦੇ ਪਹਿਲੇ ਪੰਦਰਵਾੜੇ) ਤਾਂ ਕਿ ਬਿਮਾਰੀਆਂ ਤੋਂ ਬਚਾਅ ਰਹੇ।

  • ਖਾਦਾਂ ਸਿਫ਼ਾਰਿਸ਼ ਅਨੁਸਾਰ ਹੀ ਪਾਉ ਅਤੇ ਗੰਧਕ ਤੱਤ ਲਈ ਸਿੰਗਲ ਸੁੱਪਰ ਫਾਸਫੇਟ ਨੂੰ ਤਰਜੀਹ ਦਿਉ।

  • ਖੇਤ ਦਾ ਆਲਾ-ਦੁਆਲਾ ਨਦੀਨਾਂ ਅਤੇ ਰਹਿੰਦ-ਖੂੰਹਦ ਤੋਂ ਸਾਫ ਰੱਖੋ ਕਿਉਂਕਿ ਇਥੋਂ ਹੀ ਬਿਮਾਰੀਆਂ ਫੈਲਦੀਆਂ ਹਨ।

  • ਆਮ ਤੌਰ ਤੇ ਚੇਪੇ ਦਾ ਹਮਲਾ ਜਨਵਰੀ ਦੇ ਅੱਧ ਵਿੱਚ ਜ਼ਿਆਦਾ ਹੁੰਦਾ ਹੈ। ਇਸ ਲਈ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਬੂਟਿਆਂ ਤੇ ਇਸਦੀ ਸੰਖਿਆ ਬਾਰੇ ਸੁਚੇਤ ਹੋਣ ਦੀ ਲੋੜ ਹੈ। ਇਸ ਲਈ ਲਗਾਤਾਰ ਦਿੱਤੇ ਗਏ ਸਮੇਂ ਦੇ ਵਕਫੇ ਅਨੁਸਾਰ ਬੂਟਿਆਂ ਤੇ ਇਸਦੀ ਗਿਣਤੀ ਕਰਦੇ ਰਹਿਣਾ ਚਾਹੀਦਾ ਹੈ।

  • ਛਿੜਕਾਅ ਦੁਪਹਿਰ ਤੋਂ ਬਾਦ ਹੀ ਕਰੋ ਤਾਂ ਕਿ ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਬਚੇ ਰਹਿਣ।
  • ਹਮੇਸ਼ਾ ਸਿਫਾਰਸ਼ ਕੀਤੀਆਂ ਦਵਾਈਆਂ ਸਹੀ ਮਾਤਰਾ ਵਿੱਚ ਹੀ ਵਰਤੋਂ ਅਤੇ ਡੀਲਰਾਂ ਦੀ ਸਲਾਹ ਨਾਲ ਦਵਾਈ ਦਾ ਛਿੜਕਾਅ ਨਾ ਕਰੋ।

  • ਇੱਕ ਹੀ ਦਵਾਈ ਦਾ ਛਿੜਕਾਅ ਵਾਰ-ਵਾਰ ਨਹੀਂ ਕਰਨਾ ਚਾਹੀਦਾ। ਦਵਾਈ ਬਦਲ ਕੇ ਛਿੜਕਾਅ ਕਰਨ ਨਾਲ ਚੇਪੇ ਵਿੱਚ ਕੀਟਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਨਹੀਂ ਪੈਦਾ ਹੁੰਦੀ।

  • ਜੇਕਰ ਫ਼ਰਵਰੀ-ਮਾਰਚ ਵਿੱਚ ਮਿੱਤਰ ਕੀੜੇ, ਜਿਵੇਂ ਕਿ ਲਾਲ ਭੂੰਡੀ, ਗਰੀਨ ਲੇਸ ਵਿੰਗ ਕੀੜਾ, ਸਿਰਫਿਡ ਮੱਖੀ ਆਦਿ ਜ਼ਿਆਦਾ ਗਿਣਤੀ ਚ' ਹੋਣ ਤਾਂ ਛਿੜਕਾਅ ਜਿੱਥੋਂ ਤੱਕ ਹੋ ਸਕੇ ਨਹੀਂ ਕਰਨਾ ਚਾਹੀਦਾ।

  • ਖੇਤ ਵਿੱਚੋਂ ਕੁਝ ਇੱਕੋ ਜਿਹੇ ਅਤੇ ਤੰਦਰੁਸਤ ਬੂਟੇ ਚੁਣੋ ਅਤੇ ਵੱਖਰੇ ਝਾੜ ਲਉ ਤਾਂ ਕਿ ਨਰੋਆ ਬੀਜ ਮਿਲ ਸਕੇ।

  • ਕਟਾਈ ਤੋਂ ਬਾਅਦ ਰਹਿੰਦ-ਖੂੰਹਦ ਨਸ਼ਟ ਕਰ ਦਿਉ ਕਿਉਂਕਿ ਇਸ ਵਿੱਚ ਬਿਮਾਰੀ ਦੇ ਕਣ ਹੋ ਸਕਦੇ ਹਨ।

ਇਹ ਵੀ ਪੜ੍ਹੋ :-ਭਾਰਤੀ ਰਵਾਇਤੀ ਚਿਕਿਤਸਕ ਰੁੱਖ ਹਨ ਨਿੰਮ ਅਤੇ ਸੁਹੰਜਨਾ

ਪ੍ਰਭਜੋਧ ਸਿੰਘ ਸੰਧੂ ਅਤੇ ਸਰਵਣ ਕੁਮਾਰ

ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ

ਪ੍ਰਭਜੋਧ ਸਿੰਘ ਸੰਧੂ: 09855519676

Summary in English: Better prevention of diseases and pests for high yield of mustard

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters