Onion Cultivation: ਸ਼ਬਜ਼ੀਆਂ ਦਾ ਉੱਤਪਾਦਨ ਜਿੱਥੇ ਖੇਤੀ-ਵਿਭੰਨਤਾ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਆਰਥਿਕ ਪੱਖੋਂ ਵਰਦਾਨ ਹੈ, ਉੱਥੇ ਇਸ ਦੀ ਵਰਤੋਂ ਮਨੁੱਖਤਾ ਦੀ ਤੰਦਰੁਸਤ ਸਿਹਤ ਲਈ ਰੋਜ਼ਾਨਾ ਖੁਰਾਕ ਦਾ ਜਰੂਰੀ ਹਿੱਸਾ ਹੈ। ਪਿਆਜ਼ ਦੀ ਵਰਤੋਂ ਦਾ ਸਾਡੀ ਰੋਜਾਨਾ ਦੀ ਖੁਰਾਕ ਤੋਂ ਇਲਾਵਾ ਕੌਸਮੈਟਿਕਸ ਅਤੇ ਮੈਂਡੀਸ਼ਨ ਇਂਡਸਟਰੀ ਵਿੱਚ ਮਹੱਤਵ ਹੋਣ ਕਰਕੇ ਸ਼ਬਜੀਆਂ ਦੀ ਕਾਸ਼ਤ ਵਿੱਚ ਇਸ ਦਾ ਮਹੱਤਵ-ਪੂਰਨ ਸਥਾਨ ਹੈ।
Onion Farming, Planting, Care, Harvesting: ਸਾਡੇ ਦੇਸ਼ ਵਿੱਚ ਪਿਆਜ਼ ਸਾਰਾ ਸਾਲ ਉਪਲੱਬਧ ਹੋ ਜਾਂਦਾ ਹੈ। ਪਿਆਜ਼ ਦੀ ਕਾਸ਼ਤ ਲੋੜ ਮੁਤਾਬਿਕ ਘਰੇਲੂ ਬਗੀਚੀ ਅਤੇ ਵਪਾਰਕ ਪੱਧਰ ਤੇ ਕੀਤੀ ਜਾਂਦੀ ਹੈ। ਭਾਰਤ ਦੁਨੀਆਂ ਦਾ ਪਿਆਜ਼ ਪੈਦਾ ਕਰਨ ਵਾਲਾ ਚੀਨ ਤੋਂ ਬਾਅਦ ਦੂਜਾ ਵੱਡਾ ਦੇਸ਼ ਹੈ, ਜਿੱਥੇ ਸਾਲ 2020-21 ਦੌਰਾਨ 16.2 ਲੱਖ ਹੈਕਟੇਅਰ ਵਿੱਚ ਕਾਸ਼ਤ ਕਰਕੇ 26.64 ਮੀਟਰਕ ਟਨ ਪੈਦਾਵਾਰ ਅਤੇ 18.6 ਟਨ ਪ੍ਰਤੀ ਹੈਕਟੇਅਰ ਔਸਤਨ ਝਾੜ ਲਿਆ ਗਿਆ ਹੈ। ਭਾਰਤ ਦੇ ਪਿਆਜ਼ ਸਾਰੇ ਉੱਤਪਾਦਕ ਰਾਜ ਦੁਨੀਆ ਦੀ ਕੁਲ ਪੈਦਾਵਾਰ ਵਿੱਚ 19.9 % ਹਿੱਸਾ ਪਾਉਦੇ ਹਨ।
ਪੰਜਾਬ ਵਿੱਚ ਵੀ ਸਾਲ 2020-21 ਦੌਰਾਨ 10.35 ਹਜਾਰ ਹੈਕਟੇਅਰ ਵਿੱਚ ਪਿਆਜ਼ ਦੀ ਕਾਸ਼ਤ ਕਰਕੇ ਸਲਾਨਾ 246.52 ਹਜ਼ਾਰ ਟਨ ਦੀ ਪੈਦਾਵਾਰ ਅਤੇ 23.8 ਟਨ ਪ੍ਰਤੀ ਹੈਕਟੇਅਰ ਔਸਤ ਝਾੜ ਲਿਆ ਗਿਆ ਹੈ। ਦੇਸ ਦੇ ਦੱਖਣ ਪੱਛਮੀ ਖੇਤਰਾਂ ਵਿੱਚ ਪਿਆਜ਼ ਦੀਆਂ ਤਿੰਨ ਫ਼ਸਲਾਂ ਜਿਵੇਂ ਹਾੜ੍ਹੀ, ਸਾਉਣੀ ਅਤੇ ਪਿਛੇਤੀ ਸਾਉਣੀ ਦੇ ਮੌਸਮ ਵਿੱਚ ਪੈਦਾ ਕੀਤੀਆਂ ਜਾਂਦੀਆਂ ਹਨ, ਪਰ ਉੱਤਰ ਪੱਛਮੀ ਭਾਰਤ ਵਿੱਚ ਹਾੜ੍ਹੀ ਅਤੇ ਸਾਉਣੀ ਦੇ ਪਿਆਜ਼ ਦੀ ਹੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਵਿੱਚ ਸੁਚੱਜਾ ਸੰਚਾਈ ਢਾਂਚਾ, ਉਪਜਾਊ ਜ਼ਮੀਨ ਅਤੇ ਮੌਸਮ ਦੀਆਂ ਅਨੁਕੁਲ ਹਾਲਤਾਂ ਹੋਣ ਕਰਕੇ ਇਸ ਦੀ ਚੰਗੀ ਪੈਦਾਵਾਰ ਕੀਤੀ ਜਾਂਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਸਾਰਾ ਸਾਲ ਪਿਆਜ਼ ਦੀ ਪੂਰਤੀ ਲਈ ਹਾੜ੍ਹੀ ਅਤੇ ਸਾਉਣੀ ਦੇ ਮੌਸਮ ਵਿੱਚ ਪਿਆਜ਼ ਦੀ ਕਾਸ਼ਤ ਸਬੰਧੀ ਸਿਫਾਰਸ਼ਾਂ ਕੀਤੀਆਂ ਹਨ। ਸਾਉਣੀ ਦੇ ਪਿਆਜ਼ ਦੀ ਕਾਸ਼ਤ ਅਗਸਤ-ਨਵੰਬਰ ਵਿੱਚ ਕੀਤੀ ਜਾਂਦੀ ਹੈ, ਪਰ ਇਸ ਸਮੇਂ ਜ਼ਿਆਦਾ ਗਰਮੀ ਅਤੇ ਬਾਰਿਸ਼ਾਂ ਹੋਣ ਕਾਰਣ ਇਸ ਦੀ ਪਨੀਰੀ ਪੈਦਾ ਕਰਨ ਸਬੰਧੀ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ। ਪਨੀਰੀ ਦੇ ਨਾਲ-ਨਾਲ ਯੂਨੀਵਰਸਿਟੀ ਨੇ ਸਾਉਣੀਂ ਦੇ ਪਿਆਜ਼ ਦੀ ਗੰਢੀਆਂ ਦੁਆਰਾ ਕਾਸ਼ਤ ਦੀ ਵੀ ਸਿਫਾਰਿਸ਼ ਕੀਤੀ ਹੈ। ਇਸ ਮੌਸਮ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਇਸ ਦੀ ਬਿਜਾਈ ਦੇ ਸਮੇਂ ਦਾ ਖਾਸ ਖਿਆਲ ਰੱਖਣ ਦੀ ਬਹੁਤ ਜਰੂਰਤ ਹੈ, ਕਿਉਂਕਿ ਲੰਮੇ ਸਮੇਂ ਲਈ ਜ਼ਿਆਦਾ ਠੰਡ ਪੈਣ ਨਾਲ ਪਿਆਜ਼ ਦਾ ਨਿਸਾਰਾ ਜ਼ਿਆਦਾ ਹੋ ਜਾਂਦਾ ਹੈ ਅਤੇ ਇਸ ਦਾ ਮੰਡੀਕਰਨਯੋਗ ਝਾੜ ਘੱਟ ਜਾਂਦਾ ਹੈ।ਇਸ ਦੀ ਸਫ਼ਲ ਕਾਸ਼ਤ ਲਈ ਸਾਰੀਆਂ ਨਾਜ਼ਿਕ ਸਿਫ਼ਾਰਿਸਾਂ ਧਿਆਨ ਵਿੱਚ ਰੱਖਣੀਆਂ ਜਰੂਰੀ ਹਨ।
ਮੋਸਮ, ਜ਼ਮੀਨ ਦੀ ਬਣਤਰ ਅਤੇ ਕਿਸਮਾਂ:
ਪਿਆਜ਼ ਦੀ ਕਾਸਤ ਲਈ ਅਨੁਕੂਲ ਵਾਤਾਵਰਨ ਜਿਹੜਾ ਕਿ ਬਹੁਤਾ ਗਰਮ ਜਾਂ ਠੰਡਾ ਅਤੇ ਜਿਆਦਾ ਵਰਖਾਂ ਵਾਲਾ ਨਾ ਹੋਵੇ, ਢੁੱਕਵਾਂ ਹੈ। ਇਸ ਨੂੰ ਡੂੰਘੀ ਭੁਰਭਰੀ ਅਤੇ ਚੰਗੇ ਨਿਕਾਸ ਵਾਲੀ ਮੈਰਾ ਜ਼ਮੀਨ, ਜਿਸ ਵਿੱਚ ਮੱਲੜ੍ਹ ਕਾਫੀ ਮਾਤਰਾ ਵਿੱਚ ਹੋਵੇ ਅਤੇ ਬਿਮਾਰੀਆਂ ਅਤੇ ਨਦੀਨਾਂ ਤੋਂ ਰਹਿਤ ਹੋਵੇ, ਇਸ ਦੀ ਕਾਸ਼ਤ ਲਈ ਬਹੁਤ ਢੁੱਕਵੀਂ ਹੈ। ਖਾਰੀਆਂ ਅਤੇ ਡੁੰਘੀਆਂ ਜ਼ਮੀਨਾਂ, ਜਿੱਥੇ ਪਾਣੀ ਖੜਨ ਦੀ ਸਮੱਸਿਆ ਆਉਦੀ ਹੈ, ਇਸ ਦੀ ਪੈਦਾਵਾਰ ਲਈ ਢੁੱਕਵੀਆਂ ਨਹੀਂ ਹਨ। ਇਸ ਦੇ ਪੌਦਿਆ ਅਤੇ ਗੰਢਿਆਂ ਦੇ ਚੰਗੇ ਵਾਧੇ ਲਈ ਖਾਰੀ ਅੰਗ 5.8-6.8 ਹੋਣਾ ਚਾਹੀਂਦਾ ਹੈ। ਸਾਉਣੀ ਦੇ ਪਿਆਜ਼ ਲਈ ਢੁਕਵੀਆਂ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ।
ਜੇਕਰ ਹਾੜ੍ਹੀ ਦੇ ਪਿਆਜ਼ ਵਾਲੀਆਂ ਕਿਸਮਾਂ ਦੀ ਚੋਣ ਕਰਾਗੇ ਤਾਂ ਇਸ ਦੇ ਗੰਢਿਆਂ ਦਾ ਪੁਰਾ ਵਿਕਾਸ ਨਹੀਂ ਹੋਵੇਗਾ। ਅਗੇਤੀਆ ਪੱਕਣ ਅਤੇ ਚੰਗੇ ਆਕਾਰ ਦੇ ਗੰਢੇ ਵਾਲੀਆ ਕਿਸਮਾਂ ਹੀ ਇਸ ਰੁੱਤ ਦੀ ਕਾਸ਼ਤ ਲਈ ਢੁੱਕਵੀਆਂ ਹਨ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਉਣੀ ਵਿੱਚ ਸੁੱਧਰੀ ਉੱੱਨਤ ਕਿਸਮ ਐਗਰੀਫੋਂਡ ਡਾਰਕ ਰੈੱਡ (ਏ.ਡੀ.ਆਰ.) ਦੀ ਸਿਫਾਰਿਸ ਕੀਤੀ ਹੈ।ਇਸ ਕਿਸਮ ਦੇ ਬੂਟੇ ਦਰਮਿਆਨੇ ਕੱਦ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਗੰਢੇ ਇੱਕਸਾਰ ਗੂੜ੍ਹੇ ਲਾਲ, ਦਰਮਿਆਨੇ ਆਕਾਰ ਦੇ (70-80 ਗ੍ਰਾਮ) ਗੋਲ ਅਤੇ ਘੁੱਟਵੇਂ ਛਿਲਕੇ ਅਤੇ ਦਰਮਿਆਨੀ ਕੁੜੱਤਣ ਵਾਲੇ ਹੁੰਦੇ ਹਨ।ਇਸ ਦੀ ਪੁਟਾਈ ਬੀਜਣ ਤੋਂ 100-100 ਦਿਨਾਂ ਵਿੱਚ ਹੋ ਜਾਂਦੀ ਹੈ।ਇਸ ਦਾ ਔਸਤ ਝਾੜ 120 ਕੁਇੰਟਲ ਪ੍ਰਤੀ ਏਕੜ ਹੈ।
ਬੀਜ ਦੀ ਮਾਤਰਾ:
ਇੱਕ ਏਕੜ ਲਈ 1.5-2.5 ਸੈਂਟੀਮੀਟਰ ਘੇਰੇ ਵਾਲੀਆਂ ਨਰੋਈਆਂ ਤੇ ਸਿਹਤਮੰਦ ਗੰਢੀਆਂ ਦੀ ਜਰੂਰਤ ਪੈਂਦੀ ਹੈ।ਜੇਕਰ ਕਾਸ਼ਤ ਪਨੀਰੀ ਰਾਹੀਂ ਕਰਨੀ ਹੋਵੇ ਤਾਂ 5 ਕਿਲੋ ਬੀਜ ਨੂੰ 200 ਵਰਗਮੀਟਰ ਬੀਜੇ ਰਕਬੇ ਵਿੱਚੋ ਤਿਆਰ ਕੀਤੀ ਪਨੀਰੀ ਨਾਲ ਇੱਕ ਏਕੜ ਲਾਇਆ ਜਾ ਸਕਦਾ ਹੈ।ਪਨੀਰੀ ਸਿਹਤਮੰਦ ਅਤੇ ਵਧੀਆ ਜੜ੍ਹਾਂ ਵਾਲੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮਿੱਟੀ ਦੀ ਸਿਹਤ ਨਾਲ ਜੁੜੇ ਇਹ 5 ਤਰੀਕੇ ਵਧਾ ਸਕਦੇ ਹਨ ਤੁਹਾਡੀ ਫਸਲ ਦਾ ਝਾੜ
ਬਿਜਾਈ ਦਾ ਸਮਾਂ ਤੇ ਢੰਗ:
ਸਾਉਣੀਂ ਦੇ ਪਿਆਜ਼ ਦੀਆਂ ਗੰਢੀਆਂ ਜਾਂ ਪਨੀਰੀ ਨੂੰ ਅੱਧ-ਅਗਸਤ ਤੋਂ ਲੈ ਕੇ ਸਤੰਬਰ ਦੇ ਪਹਿਲੇ ਹਫਤੇ ਤੱਕ ਖੇਤ ਵਿੱਚ ਲਾ ਦਿਉ। ਫ਼ਸਲ ਨਵੰਬਰ ਦੇ ਅਖੀਰ ਵਿੱਚ ਤਿਆਰ ਹੋ ਜਾਵੇਗੀ।ਚੰਗਾ ਝਾੜ ਲੈਣ ਲਈ ਕਤਾਰਾਂ ਵਿੱਚ 15 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫਾਸਲਾ ਰੱਖੋ। ਪਨੀਰੀ ਹਮੇਸ਼ਾ ਸ਼ਾਮ ਵੇਲੇ ਖੇਤ ਵਿੱਚ ਲਾਉ ਅਤੇ ਤੁਰੰਤ ਪਾਣੀ ਲਾ ਦਿਓ। ਬਾਅਦ ਵਿੱਚ ਪਾਣੀ ਲੋੜ ਅਨੁਸਾਰ ਲਾਓ ਅਤੇ ਖੇਤ ਵਿੱਚ ਪਾਣੀ ਜਿਆਦੇ ਸਮੇਂ ਲਈ ਨਹੀਂ ਖੜਨਾਂ ਚਾਹੀਂਦਾ। ਸਾਉਣੀ ਦੇ ਪਿਆਜ਼ ਨੂੰ ਪੱਟੜਿਆਂ (ਬੈਡਾਂ) ਉੱਪਰ ਲਾਉਣ ਨਾਲ ਗੰਢੇ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ। ਪੱਟੜਾ 60 ਸੈਂਟੀਮੀਟਰ ਚੌੜਾ ਅਤੇ 10 ਸੈਂਟੀਮੀਟਰ ਉੱਚਾ ਹੋਣਾ ਚਾਹੀਦਾ ਹੈ। ਇਹ ਤਰੀਕਾ ਭਾਰੀਆਂ ਜਮੀਨਾਂ ਲਈ ਜਿਥੇ ਪਾਣੀ ਖੜ੍ਹਨ ਦੀ ਸਮੱਸਿਆ ਹੋਵੇ, ਬਹੁਤ ਢੁਕਵਾਂ ਹੈ। ਪਟੜੇ ਉਪਰ ਗੰਢੀਆਂ ਦੀਆਂ ਤਿੰਨ ਕਤਾਰਾਂ ਲਾਓ।
ਰੂੜੀ ਅਤੇ ਖਾਦਾਂ ਦੀ ਵਰਤੋਂ:
ਸਾਉਣੀ ਦੇ ਪਿਆਜ਼ ਨੂੰ 20 ਟਨ ਗਲੀ ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਸ਼) ਪ੍ਰਤੀ ਏਕੜ ਪਾਉ। ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਪਨੀਰੀ ਲਾਉਣ ਤੋਂ ਪਹਿਲਾ ਖੇਤ ਦੀ ਤਿਆਰੀ ਸਮੇਂ ਅਤੇ ਬਾਕੀ ਅੱਧੀ ਨਾਈਟ੍ਰੋਜਨ ਪੌਦੇ ਲਾਉਣ ਤੋਂ ਚਾਰ ਹਫਤੇ ਬਾਅਦ ਛੱਟੇ ਨਾਲ ਪਾਉ।
ਨਦੀਨਾਂ ਦੀ ਰੋਕਥਾਮ:
ਇਸ ਫਸਲ ਦੇ ਪੌਦਿਆਂ ਵਿੱਚਕਾਰ ਘੱਟ ਫ਼ਾਸਲਾ ਅਤੇ ਜੜ੍ਹਾਂ ਘੱਟ ਡੂੰਘੀਆਂ ਹੋਣ ਕਾਰਣ ਠੀਕ ਸਮੇਂ ਤੇ ਨਦੀਨਾਂ ਦੀ ਰੋਕਥਾਮ ਕਰਨਾ ਬਹੁਤ ਜਰੂਰੀ ਹੈ, ਕਿਉਂਕਿ ਪੌਦੇ ਲਾਉਣ ਤੋਂ 45 ਦਿਨਾਂ ਤੱਕ ਫਸਲ ਅਤੇ ਨਦੀਨਾਂ ਦਾ ਆਪਸੀ ਵਾਧੇ ਲਈ ਬਹੁਤ ਮੁਕਾਬਲਾ ਹੁੰਦਾ ਹੈ।ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜਰੂਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ 3-4 ਹਫਤੇ ਪਿਛੋਂ ਕਰੋ। ਬਾਕੀ ਗੋਡੀਆਂ 15 ਦਿਨਾਂ ਤੇ ਵਕਫੇ ਤੇ ਕਰਦੇ ਰਹੋ।ਨਦੀਨਾਂ ਦੀ ਰੋਕਥਾਮ ਨਦੀਨ ਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ 30 ਈ.ਸੀ. (ਪੈਂਡੀਮੈਥਾਲੀਨ) 750 ਮਿਲੀਲਿਟਰ ਜਾਂ ਗੋਲ 23.5 ਈ.ਸੀ. (ਆਕਸੀਫਲੋਰਫਿਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਅਤੇ 60-75 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਸਿੰਚਾਈ: ਪਹਿਲਾ ਪਾਣੀ ਪਨੀਰੀ ਜਾਂ ਗੰਢੀਆਂ ਲਾਉਣ ਤੋਂ ਤੁਰੰਤ ਬਾਦ ਲਾਉ।ਪਰ ਇਸ ਗੱਲ ਦਾ ਜਰੂਰ ਖਿਆਲ ਰੱਖਿਆ ਜਾਵੇ ਕਿ ਪਾਣੀ ਪੱਟੜਿਆਂ ਉੱਪਰ ਨਾ ਚੜੇ ਅਤੇ ਪਾਣੀ ਸਿਰਫ ਖਾਲੀਆਂ ਵਿੱਚ ਹੀ ਲਾਇਆ ਜਾਵੇ। ਦੂਜਾ ਪਾਣੀ 7-8 ਦਿਨਾਂ ਬਾਦ ਮੌਸਮ ਦੇਖ ਕੇ ਹੀ ਲਾਇਆ ਜਾਵੇ।ਇਸ ਫਸਲ ਨੂੰ ਕੁਲ 10-12 ਪਾਣੀਆਂ ਦੀ ਜਰੂਰਤ ਪੈਂਦੀ ਹੈ।ਅਖੀਰਲਾ ਪਾਣੀ ਗੰਢੇ ਪੁੱਟਣ ਤੋਂ ਤਿੰਨ ਹਫ਼ਤੇ ਪਹਿਲਾ ਬੰਦ ਕਰ ਦੇਣਾ ਚਾਹੀਦਾ ਹੈ।
ਪੁਟਾਈ, ਭੰਡਾਰ ਅਤੇ ਮੰਡੀਕਰਨ:
ਸਾਉਣੀ ਦੇ ਪਿਆਜ਼ ਦੀ ਪੁਟਾਈ ਸਮੇਂ ਬਹੁਤ ਧਿਆਨ ਦੇਣ ਦੀ ਜਰੂਰਤ ਹੰੁਦੀ ਹੈ। ਇਸ ਰੁੱਤ ਦੇ ਪਿਆਜ਼ ਦੀ ਕਿਸਮ ਅੱਧ ਨਵੰਬਰ ਤੋਂ ਅੱਧ ਦਸੰਬਰ ਤੱਕ ਮੰਡੀਕਰਨਯੋਗ ਹੋ ਜਾਂਦੀ ਹੈ। ਇਹਨਾਂ ਮਹੀਨਿਆ ਵਿੱਚ ਠੰਡ ਪੈਣ ਕਾਰਨ ਪਿਆਜ਼ ਦੀਆਂ ਭੂਕਾਂ ਹਰੀਆ ਰਹਿੰਦੀਆਂ ਹਨ ਅਤੇ ਧੌਣ ਨਹੀਂ ਸੁੱਟਦੀਆਂ। ਸੋ, ਇਸ ਰੁੱਤ ਦੇ ਪਿਆਜ਼ ਦੀ ਪੁਟਾਈ ਗੰਢੇ ਦੇ ਆਕਾਰ ਦੇ ਹਿਸਾਬ ਨਾਲ ਕਰ ਲੈਣੀ ਚਾਹੀਦੀ ਹੈ। ਇਸ ਦੇ ਹਰੇ ਪਿਆਜ਼ ਵੀ ਸਣੇ ਭੂਕਾਂ ਮੰਡੀ ਵਿੱਚ ਵੇਚੇ ਜਾ ਸਕਦੇ ਹਨ।
ਫ਼ਸਲ ਪੁੱਟਣ ਤੋਂ ਬਾਅਦ ਗੰਢੇ ਸਣੇ ਭੂਕਾਂ 28-30 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਸਟੋਰ ਵਿੱਚ ਪਤਲੀਆਂ ਤਹਿਾਂ ਵਿੱਚ ਭੰਡਾਰ ਕੀਤੇ ਜਾਣੇ ਚਾਹੀਦੇ ਹਨ ਨਹੀਂ ਤਾਂ ਠੰਡ ਕਾਰਨ ਪਿਆਜ਼ ਨਿਸਰਨੇ ਸੁਰੂ ਹੋ ਜਾਣਗੇ, ਜਿਸ ਨਾਲ ਮੰਡੀਕਰਨਯੋਗ ਝਾੜ, ਗੁਣਵਤਾ ਅਤੇ ਮੁਨਾਫਾ ਘੱਟ ਜਾਵੇਗਾ।ਭੰਡਾਰ ਦੌਰਾਨ ਪਿਆਜ਼ਾਂ ਨੂੰ ਥੋੜੇ ਦਿਨਾਂ ਦੇ ਵਕਫੇ ਤੇ ਹਿਲਾਉਦੇ ਰਹੋ ਅਤੇ ਕੱਟੇ ਗਲੇ ਹੋਏ ਪਿਆਜ਼ਾਂ ਦੀ ਛਾਂਟੀ ਕਰ ਦੇਣੀ ਚਾਹੀਦੀ ਹੈ।ਮੰਡੀਕਰਣ ਸਮੇਂ ਭੂਕਾਂ ਕੱਟ ਕੇ ਅਤੇ ਸਾਫ-ਸੁਥਰੇ ਪਿਆਜ਼ ਹੀ ਜਾਲੀਦਾਰ ਬੋਰੀਆਂ ਵਿੱਚ ਪੈਂਕ ਕਰ ਕੇ ਮੰਡੀ ਲਿਜਾਣੇ ਚਾਹੀਦੇ ਹਨ।
Summary in English: Cultivation of onions well, know the right way and reap good benefits