Okra Cultivation: ਭਿੰਡੀ ਬਰਸਾਤੀ ਮੌਸਮ ਦੀਆਂ ਪ੍ਰਮੁੱਖ ਫ਼ਸਲਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਕਾਸ਼ਤ ਵਿੱਚ ਬਿਜਾਈ ਦਾ ਸਮਾਂ ਆ ਗਿਆ ਹੈ। ਦਰਅਸਲ, ਭਿੰਡੀ ਦੀ ਬਿਜਾਈ ਜੂਨ ਦੇ ਅਖੀਰਲੇ ਹਫ਼ਤੇ ਅਤੇ ਜੁਲਾਈ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ। ਭਿੰਡੀ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਦੀ ਪਰਖ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਫ਼ਸਲ ਦੀਆਂ ਢੁਕਵੀਆਂ, ਸੁਧਰੀਆਂ ਅਤੇ ਹਾਈਬ੍ਰਿਡ ਕਿਸਮਾਂ ਦੇ ਬੀਜਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਭਿੰਡੀ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਜਿਵੇਂ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਏ, ਬੀ ਅਤੇ ਸੀ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਜਿਹੇ 'ਚ ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਬਰਸਾਤ ਰੁੱਤੇ ਭਿੰਡੀ ਦੀ ਕਾਸ਼ਤ ਕਿਵੇਂ ਕਰਨੀ ਹੈ, ਇਸ ਬਾਬਤ ਪੂਰੀ ਜਾਣਕਾਰੀ ਦੇ ਰਹੇ ਹਾਂ।
ਉੱਨਤ ਕਿਸਮਾਂ:
ਪੰਜਾਬ ਲਾਲਿਮਾ: ਫ਼ਲ ਗੂੜੇ ਲਾਲ, ਪਤਲੇ, ਲੰਮੇ ਪੰਜ ਧਾਰੀਆ ਵਾਲੇ ਹੁੰਦੇ ਹਨ।ਇਸ ਕਿਸਮ ਵਿੱਚ ਐਂਥੋਸਾਈਨਨ ਅਤੇ ਆਇੳਡੀਨ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਕਿਸਮ ਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਸੁਹਾਵਨੀ: ਫ਼ਲ ਦਰਮਿਆਨੇ ਲੰਮੇ, ਗੂੜ੍ਹੇ ਹਰੇ, ਨਰਮ ਅਤੇ ਪੰਜ ਨੁੱਕਰਾਂ ਵਾਲੇ ਹੁੰਦੇ ਹਨ।ਇਸ ਕਿਸਮ ਦਾ ਔਸਤ ਝਾੜ 49 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ-8: ਫ਼ਲ ਪਤਲੇ, ਲੰਮੇਂ, ਗੂੜ੍ਹੇ ਹਰੇ ਰੰਗ ਦੇ ਅਤੇ ਪੰਜ ਨੁੱਕਰਾਂ ਵਾਲੇ ਹੁੰਦੇ ਹਨ। ਇਸ ਕਿਸਮ ਦਾ ਔਸਤ ਝਾੜ 55 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ-7: ਫ਼ਲ ਦਰਮਿਆਨੇ ਲੰਮੇ, ਹਰੇ ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। ਫ਼ਲ ਦੀ ਨੋਕ ਖੂੰਡੀ ਹੁੰਦੀ ਹੈ। ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਪਦਮਨੀ: ਫ਼ਲ ਤੇਜੀ ਨਾਲ ਵਧਣ ਵਾਲੇ, ਹਰੇ, ਪਤਲੇ ਲੰਮੇ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ ਜੋ ਕਿ ਜ਼ਿਆਦਾ ਦੇਰ ਤੱਕ ਨਰਮ ਰਹਿੰਦੇ ਹਨ। ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
ਜ਼ਮੀਨ ਦੀ ਚੋਣ
ਭਿੰਡੀ ਵੈਸੇ ਤਾਂ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਪੈਦਾ ਕੀਤੀ ਜਾ ਸਕਦੀ ਹੈ, ਪਰ ਹਲਕੀ ਅਤੇ ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਇਸ ਫ਼ਸਲ ਲਈ ਜ਼ਿਆਦਾ ਢੁਕਵੀਂ ਹੈ।
ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ
ਬਰਸਾਤ ਰੁੱਤ ਵਿੱਚ ਭਿੰਡੀ ਦੀ ਬਿਜਾਈ ਜੂਨ-ਜੁਲਾਈ ਵਿੱਚ ਪੱਧਰੇ ਕੀਤੀ ਜਾਂਦੀ ਹੈ। ਇੱਕ ਏਕੜ ਵਾਸਤੇ 4-6 ਕਿੱਲੋ ਬੀਜ ਕਾਫ਼ੀ ਹੈ।
ਬਿਜਾਈ ਦਾ ਢੰਗ
ਬਿਜਾਈ ਹਮੇਸ਼ਾ ਵੱਤਰ ਵਿੱਚ ਹੀ ਕਰੋ। ਕਤਾਰ ਤੋਂ ਕਤਾਰ ਦਾ ਫਾਸਲਾ 20 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 60 ਸੈਂਟੀਮੀਟਰ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Agricultural Planning: ਜਾਣੋ ਖੇਤੀ ਵਿਉਂਤਬੰਦੀ ਦੀ ਅਹਿਮੀਅਤ ਅਤੇ ਧਿਆਨ ਰੱਖਣ ਯੋਗ ਨੁਕਤੇ, ਕਿਸਾਨ ਵੀਰੋਂ ਆਪਣੀ ਆਮਦਨ ਵਧਾਉਣ ਲਈ ਇਹ ਤਰੀਕੇ ਅਪਣਾਓ
ਖਾਦਾਂ ਦੀ ਵਰਤੋਂ
15-20 ਟਨ ਗਲੀ-ਸੜੀ ਰੂੜੀ ਦੀ ਖਾਦ ਨੂੰ ਬਿਜਾਈ ਤੋਂ ਘੱਟੋ-ਘੱਟ ਇੱਕ ਹਫ਼ਤਾ ਪਹਿਲਾਂ ਜ਼ਮੀਨ ਵਿੱਚ ਚੰਗੀ ਤਰ੍ਹਾਂ ਰਲਾਉਣਾ ਚਾਹੀਦਾ ਹੈ। ਚੰਗੀ ਫ਼ਸਲ ਲਈ 36 ਕਿੱਲੋ ਨਾਈਟਰੋਜਨ (80 ਕਿੱਲੋ ਯੂਰੀਆ) ਪ੍ਰਤੀ ਏਕੜ ਦਰਮਿਆਨੀਆਂ (ਆਮ) ਜ਼ਮੀਨਾਂ ਵਾਸਤੇ ਸਿਫਾਰਸ਼ ਕੀਤੀ ਜਾਂਦੀ ਹੈ। ਅੱਧੀ ਨਾਈਟਰੋਜਨ ਬਿਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ ਪਾਉ।
ਨਦੀਨਾਂ ਦੀ ਰੋਕਥਾਮ
ਭਿੰਡੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ, ਜੋ ਕਿ 3-4 ਗੋਡੀਆਂ ਰਾਹੀਂ ਕੀਤੀ ਜਾ ਸਕਦੀ ਹੈ। ਪਹਿਲੀ ਗੋਡੀ ਫ਼ਸਲ ਦੇ ਉੱਗਣ ਤੋਂ ਦੋ ਹਫਤੇ ਪਿੱਛੋਂ ਕਰੋ। ਬਾਕੀ ਗੋਡੀਆਂ 15 ਦਿਨ ਦੇ ਵਕਫ਼ੇ ਤੇ ਕਰਦੇ ਰਹੋ।
ਇਹ ਵੀ ਪੜ੍ਹੋ : Green Manure: ਕਿਸਾਨ ਵੀਰੋਂ ਖੇਤੀ ਤਕਨੀਕਾਂ ਦੀ ਮਦਦ ਨਾਲ ਹਰੀ ਖਾਦ ਵਿੱਚ ਬੀਜ ਉਤਪਾਦਨ ਨੂੰ ਯਕੀਨੀ ਬਣਾਓ
ਪਾਣੀ ਦੀ ਜ਼ਰੂਰਤ
ਪਹਿਲਾਂ ਪਾਣੀ ਬੀਜ ਜੰਮਣ ਤੋਂ ਬਾਅਦ ਦਿਉ।ਬਰਸਾਤ ਵਿੱਚ ਪਾਣੀ ਦੀ ਘੱਟ ਲੋੜ ਹੁੰਦੀ ਹੈ, ਸਿੰਚਾਈ ਬਾਰਿਸ਼ ਦੇ ਹਿਸਾਬ ਨਾਲ ਕਰੋ।
ਤੁੜਾਈ ਕਦੋਂ ਤੇ ਕਿਵੇਂ?
ਕਿਸਮ ਅਤੇ ਮੌਸਮ ਮੁਤਾਬਿਕ ਭਿੰਡੀ ਦੀ ਫ਼ਸਲ 45 ਤੋਂ 60 ਦਿਨਾਂ ਵਿੱਚ ਤੁੜਾਈ ਯੋਗ ਹੋ ਜਾਂਦੀ ਹੈ। ਫ਼ਲ ਨਾਲ 1 ਸੈਂਟੀਮੀਟਰ ਦੀ ਡੰਡੀ ਰਹਿਣ ਦਿਓ ਅਤੇ ਨਰਮ ਫ਼ਲ (10 ਸੈਂਟੀਮੀਟਰ ਲੰਬਾਈ) ਦੀ ਤੁੜਾਈ ਕਰੋ।
ਫਲਾਂ ਦੀ ਸੰਭਾਲ
ਜੇਕਰ ਫ਼ਲ ਨੂੰ ਪੈਕ ਕਰਕੇ ਸੰਭਾਲਣਾ ਹੋਵੇ ਤਾਂ ਪਲਾਸਟਿਕ ਫਿਲਮ ਦੀ ਪੈਕਿੰਗ ਕੀਤੀ ਜਾਂਦੀ ਹੈ ਅਤੇ ਲਗਭਗ 8 ਸੈਂਟੀਗਰੇਡ ਤਾਪਮਾਨ (90-95% ਨਮੀਂ) ਤੇ 10-15 ਦਿਨਾਂ ਲਈ ਫ਼ਲ ਨੂੰ ਬਿਨਾਂ ਖਰਾਬ ਹੋਏ ਸਾਂਭਿਆ ਜਾ ਸਕਦਾ ਹੈ।
Summary in English: Farmers earn good profit from okra cultivation in rainy season, adopting these methods will give good yield at low cost.