1. Home
  2. ਖੇਤੀ ਬਾੜੀ

ਨਦੀਨਨਾਸ਼ਕਾਂ ਦਾ ਸਹੀ ਛਿੜਕਾਅ ਕਿਵੇਂ ਕਰੀਏ

ਫ਼ਸਲਾਂ ਵਿੱਚ ਉੱਗੇ ਹੋਏ ਨਦੀਨ ਨਾ-ਕੇਵਲ ਫ਼ਸਲਾਂ ਦਾ ਝਾੜ ਹੀ ਘਟਾਉਂਦੇ ਹਨ, ਬਲਕਿ ਫ਼ਸਲਾਂ ਦੀ ਕਾਸ਼ਤ ਤੇ ਆਉਣ ਵਾਲੇ ਲਾਗਤ-ਖਰਚੇ ਵਿੱਚ ਵੀ ਵਾਧਾ ਕਰਦੇ ਹਨ। ਨਦੀਨਾਂ ਦੀ ਰੋਕਥਾਮ ਦੇ ਵੱਖ-ਵੱਖ ਤਰੀਕਿਆਂ ਵਿਚੋਂ ਨਦੀਨਨਾਸ਼ਕਾਂ ਨਾਲ ਰੋਕਥਾਮ ਦਾ ਤਰੀਕਾ ਸਭ ਤੋ ਵੱਧ ਅਸਰਦਾਰ ਅਤੇ ਸਸਤਾ ਹੈ।

KJ Staff
KJ Staff
pesticides

Pesticides Spray

ਫ਼ਸਲਾਂ ਵਿੱਚ ਉੱਗੇ ਹੋਏ ਨਦੀਨ ਨਾ-ਕੇਵਲ ਫ਼ਸਲਾਂ ਦਾ ਝਾੜ ਹੀ ਘਟਾਉਂਦੇ ਹਨ, ਬਲਕਿ ਫ਼ਸਲਾਂ ਦੀ ਕਾਸ਼ਤ ਤੇ ਆਉਣ ਵਾਲੇ ਲਾਗਤ-ਖਰਚੇ ਵਿੱਚ ਵੀ ਵਾਧਾ ਕਰਦੇ ਹਨ। ਨਦੀਨਾਂ ਦੀ ਰੋਕਥਾਮ ਦੇ ਵੱਖ-ਵੱਖ ਤਰੀਕਿਆਂ ਵਿਚੋਂ ਨਦੀਨਨਾਸ਼ਕਾਂ ਨਾਲ ਰੋਕਥਾਮ ਦਾ ਤਰੀਕਾ ਸਭ ਤੋ ਵੱਧ ਅਸਰਦਾਰ ਅਤੇ ਸਸਤਾ ਹੈ

ਨਦੀਨਾਂ ਦੀ ਨਦੀਨਨਾਸ਼ਕਾਂ ਨਾਲ ਅਸਰਦਾਰ ਰੋਕਥਾਮ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਨਦੀਨਨਾਸ਼ਕਾਂ ਦਾ ਛਿੜਕਾਅ ਸਹੀ ਢੰਗ ਨਾਲ ਕੀਤਾ ਜਾਵੇ। ਆਮ ਤੌਰ ਤੇ ਕਿਸਾਨ ਨਦੀਨਨਾਸ਼ਕਾਂ ਦਾ ਛਿੜਕਾਅ ਵੀ ਕੀਟਨਾਸ਼ਕ ਜ਼ਹਿਰਾਂ ਦੇ ਛਿੜਕਾਅ ਵਾਂਗ ਹੀ ਕਰਦੇ ਹਨ, ਜਿਸ ਕਰਕੇ ਨਦੀਨਾਂ ਦੀ ਰੋਕਥਾਮ ਸਹੀ ਤਰੀਕੇ ਨਾਲ ਨਹੀਂ ਹੁੰਦੀ। ਨਦੀਨਨਾਸ਼ਕਾਂ ਦੇ ਛਿੜਕਾਅ ਤੋਂ ਪੂਰਾ ਲਾਭ ਲੈਣ ਲਈ ਹੇਠ ਦਿੱਤੇ ਕੁਝ ਨੁਕਤੇ ਧਿਆਨ ਵਿੱਚ ਰੱਖਣੇ ਬਹੁਤ ਜ਼ਰੂਰੀ ਹਨ-

- ਨਦੀਨਨਾਸ਼ਕ ਹਮੇਸ਼ਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੇ ਹੀ ਵਰਤੋ।

- ਨਦੀਨਨਾਸ਼ਕਾਂ ਦੀ ਮਿਕਦਾਦ ਅਤੇ ਛਿੜਕਾਅ ਦਾ ਤਰੀਕਾ ਸਿਫ਼ਾਰਸ਼ ਅਨੁਸਾਰ ਹੋਣਾ ਚਾਹੀਦਾ ਹੈ।

- ਖੇਤ ਵਿੱਚ ਉੱਗੇ ਹੋਏ ਨਦੀਨਾਂ ਦੇ ਅਨੁਸਾਰ ਸਹੀ ਨਦੀਨਨਾਸ਼ਕਾਂ ਦੀ ਚੋਣ ਕਰੋ।

- ਛਿੜਕਾਅ ਇਕਸਾਰ ਅਤੇ ਫ਼ਸਲ ਦੇ ਵਾਧੇ ਦੇ ਸਹੀ ਸਮੇਂ ਤੇ ਹੋਣਾ ਚਾਹੀਦਾ ਹੈ।

ਹੇਠ ਲਿਖਿਆ ਤਰੀਕਿਆਂ ਨਾਲ ਨਦੀਨਨਾਸ਼ਕਾਂ ਦੀ ਵਰਤੋਂ ਤੋਂ ਫਾਇਦਾ ਲਿਆ ਜਾ ਸਕਦਾ ਹੈ:-

ਨਦੀਨਨਾਸ਼ਕਾਂ ਦੀ ਚੋਣ  ਫਸਲਾਂ ਵਿੱਚ ਕਈ ਤਰ੍ਹਾਂ ਦੇ ਨਦੀਨ ਹੁੰਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਨਦੀਨਾਂ ਲਈ ਵੱਖ-ਵੱਖ ਤਰ੍ਹਾਂ ਦੇ ਨਦੀਨਨਾਸ਼ਕਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਸੋ ਇਹ ਬਹੁਤ ਜਰੂਰੀ ਹੈ ਕਿ ਕੋਈ ਵੀ ਨਦੀਨਨਾਸ਼ਕ ਖਰੀਦਣ ਤੋਂ ਪਹਿਲਾਂ ਖੇਤ ਵਿੱਚ ਉੱਗੇ ਹੋਏ ਨਦੀਨਾਂ ਦੀ ਪਹਿਚਾਣ ਕਰ ਲੈਣੀ ਚਾਹੀਦੀ ਹੈ ਅਤੇ ਨਦੀਨਾਂ ਦੀ ਬਹੁਤਾਤ ਦੇ ਮੁਤਾਬਿਕ ਨਦੀਨਨਾਸ਼ਕ ਖਰੀਦਣਾ ਚਾਹੀਦਾ ਹੈ।ਤਸਦੀਕ ਸ਼ੁਦਾ ਡੀਲਰ ਤੋਂ ਨਦੀਨਨਾਸ਼ਕ ਖਰੀਦਣ ਸਮੇਂ ਪੱਕੀ ਰਸੀਦ/ਬਿੱਲ ਲਵੋ ਅਤੇ ਧਿਆਨ ਰੱਖੋ ਕਿ ਨਦੀਨਨਾਸ਼ਕ ਦੀ ਮਿਆਦ ਖਤਮ ਨਾ ਹੋਈ ਹੋਵੇ। ਜਿਹੜੇ ਨਦੀਨਨਾਸ਼ਕ ਨਾਲ ਪਿਛਲੇ ਸਾਲ ਖੇਤ ਵਿੱਚ ਨਦੀਨ ਪੂਰੀ ਤਰ੍ਹਾਂ ਨਾਲ ਨਾ ਮਰੇ ਹੋਣ, ਉਹਨਾਂ ਨਦੀਨਨਾਸ਼ਕਾਂ ਦੀ ਚੋਣ ਨਾ ਕਰੋ। ਕਦੇ ਵੀ ਦੁਕਾਨਦਾਰ ਦੀ ਮਰਜ਼ੀ ਅਨੁਸਾਰ ਦੋ ਜਾਂ ਦੋ ਤੋਂ ਵੱਧ ਨਦੀਨ ਨਾਸ਼ਕਾਂ ਨੂੰ ਮਿਲਾ ਕੇ ਨਾ ਵਰਤੋ।

ਪਾਣੀ ਦਾ ਅੰਦਾਜ਼ਾ ਲਗਾਉਣਾ  ਨਦੀਨਨਾਸ਼ਕ ਦਾ ਘੋਲ ਬਣਾਉਣ ਤੋਂ ਪਹਿਲਾਂ ਪੂਰੇ ਖੇਤ ਵਿਚ ਛਿੜਕਾਅ ਲਈ ਲੋੜੀਂਦੇ ਪਾਣੀ ਦਾ ਅੰਦਾਜ਼ਾ ਲਗਾ ਲਵੋ। ਇਸ ਲਈ ਸਪਰੇਅ-ਪੰਪ ਵਿੱਚ ਮਿਣ ਕੇ ਥੋੜਾ ਪਾਣੀ ਪਾਉ ਅਤੇ ਖੇਤ ਵਿੱਚ ਛਿੜਕਾਅ ਕਰੋ। ਇਸ ਤੋ ਬਾਅਦ ਛਿੜਕਾਅ ਕੀਤੇ ਰਕਬੇ ਨੂੰ ਮਿਣ ਲਵੋ ਅਤੇ ਹੇਠ ਲਿਖੇ ਤਰੀਕੇ ਨਾਲ ਪਾਣੀ ਦੀ ਲੋੜੀਂਦੀ ਮਾਤਰਾ ਦਾ ਹਿਸਾਬ ਲਗਾ ਲਵੋ।

ਪਾਣੀ ਦੀ ਮਾਤਰਾ (ਲੀਟਰ ਪ੍ਰਤੀ ਏਕੜ) =  ਮਿਣੀ ਹੋਈ ਪਾਣੀ ਦੀ ਮਾਤਰਾ (ਲੀਟਰ) × 4000

                                                  ਛਿੜਕਾਅ ਕੀਤਾ ਰਕਬਾ (ਵਰਗ ਮੀਟਰ)

 ਇਸ ਤੋਂ ਬਾਅਦ ਇਹ ਧਿਆਨ ਰੱਖੋ ਕਿ ਛਿੜਕਾਅ ਵੇਲੇ ਪੰਪ, ਨੋਜ਼ਲ ਅਤੇ ਛਿੜਕਾਅ ਦੀ ਗਤੀ ਨਾ ਬਦਲੀ ਜਾਵੇ।

ਘੋਲ ਬਣਾਉਣਾ  ਘੋਲ ਬਣਾਉਣ ਲਈ ਉੱਪਰ ਦੱਸੇ ਅਨੁਸਾਰ ਪਾਣੀ ਦੀ ਮਾਤਰਾ ਦਾ ਅਨੁਮਾਨ ਲਗਾ ਲਵੋ ਅਤੇ ਇੱਕ ਏਕੜ ਵਿੱਚ ਛਿੜਕਾਅ ਲਈ ਜਿੰਨੇ ਪੰਪ ਲਗਣੇ ਹਨ, ਉਨ੍ਹੇ ਲੀਟਰ ਪਾਣੀ ਵਿੱਚ ਰਸਾਇਣ ਦਾ ਘੋਲ ਬਣਾ ਲਵੋ। ਉਦਾਹਰਨ ਦੇ ਤੌਰ ਤੇ ਜੇਕਰ 150 ਲੀਟਰ ਪਾਣੀ ਲਗਣਾ ਹੈ ਅਤੇ ਸਪਰੇਅ ਪੰਪ ਦੀ ਸਮਰੱਥਾ 15 ਲੀਟਰ ਹੈ ਤਾਂ ਇੱਕ ਏਕੜ ਵਿੱਚ ਛਿੜਕਾਅ ਲਈ 10 ਪੰਪ ਲੱਗਣਗੇ। ਇਸ ਲਈ ਇੱਕ ਏਕੜ ਲਈ ਲੋੜੀਂਦੇ ਨਦੀਨਨਾਸ਼ਕ ਨੂੰ 10 ਲੀਟਰ ਪਾਣੀ ਵਿੱਚ ਪਾ ਕੇ ਘੋਲ ਬਣਾ ਲਵੋ ਅਤੇ ਛਿੜਕਾਅ ਕਰਨ ਸਮੇਂ ਇਸ ਵਿਚੋਂ ਹਰ ਪੰਪ ਵਿੱਚ ਇਕ ਲੀਟਰ ਘੋਲ ਪਾ ਦਿਉ।

ਪਾਣੀ ਦੀ ਜ਼ਰੂਰਤ  ਵੱਖ-ਵੱਖ ਤਰ੍ਹਾਂ ਦੇ ਨਦੀਨਨਾਸ਼ਕਾ ਦੇ ਛਿੜਕਾਅ ਲਈ ਵੱਖ-ਵੱਖ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਜਿਹੜੇ ਨਦੀਨਨਾਸ਼ਕਾਂ ਦਾ ਛਿੜਕਾਅ ਫ਼ਸਲ ਅਤੇ ਨਦੀਨਾਂ ਦੇ ਉੱਗਣ ਤੋਂ ਪਹਿਲਾਂ ਜ਼ਮੀਨ/ਮਿੱਟੀ ਤੇ ਕੀਤਾ ਜਾਂਦਾ ਹੈ, ਉਨ੍ਹਾਂ ਲਈ ਵੱਧ ਪਾਣੀ (200 ਲੀਟਰ ਪ੍ਰਤੀ ਏਕੜ) ਚਾਹੀਦਾ ਹੈ ਕਿਉਂਕਿ ਇਹ ਨਦੀਨਨਾਸ਼ਕ ਜੰਮ ਰਹੇ ਬੀਜ ਦੇ ਪੱਤਿਆ ਰਾਹੀਂ ਅਤੇ ਜੜ੍ਹਾਂ ਰਾਹੀਂ ਬੂਟੇ ਵਿੱਚ ਪ੍ਰਵੇਸ਼ ਕਰਕੇ ਉਸਨੂੰ ਮਾਰਦੇ ਹਨ। ਸੋ, ਨਦੀਨਨਾਸ਼ਕਾਂ ਨੂੰ ਪੁੰਗਰ ਰਹੇ ਬੀਜ ਤੱਕ ਪਹੁੰਚਣ ਲਈ ਵੱਧ ਪਾਣੀ ਚਾਹੀਦਾ ਹੁੰਦਾ ਹੈ।

ਜਿਹੜਾ ਨਦੀਨਨਾਸ਼ਕ ਬੂਟੇ ਵਿੱਚ ਪੱਤਿਆ ਰਾਹੀਂ ਪ੍ਰਵੇਸ਼ ਕਰਦਾ ਹੈ, ਉਸ ਲਈ ਘੱਟ ਪਾਣੀ (150 ਲੀਟਰ ਪ੍ਰਤੀ ਏਕੜ) ਚਾਹੀਦਾ ਹੁੰਦਾ ਹੈ। ਕਣਕ ਵਿੱਚ ਕਲੋਡੀਨਾਫਾਪ, ਫਿਨੌਕਸਾਪ੍ਰੌਪ ਆਦਿ ਨਦੀਨਨਾਸ਼ਕ ਪੱਤਿਆ ਰਾਹੀਂ ਬੂਟੇ ਵਿੱਚ ਪ੍ਰਵੇਸ਼ ਹੁੰਦੇ ਹਨ। ਇਸ ਲਈ ਇਹਨਾਂ ਲਈ ਘੱਟ ਪਾਣੀ ਚਾਹੀਦਾ ਹੁੰਦਾ ਹੈ। ਜੇਕਰ ਪਾਣੀ ਜਿਆਦਾ ਵਰਤਾਂਗੇ, ਤਾਂ ਪਾਣੀ ਦੇ ਤੁਪਕੇ ਵੱਡੇ ਬਣਨਗੇ ਜੋ ਪੱਤੇ ਨਾਲ ਟਕਰਾਅ ਕੇ ਹੇਠਾਂ ਡਿੱਗ ਪੈਣਗੇ। ਕੁਝ ਨਦੀਨਨਾਸ਼ਕ ਜਿਨ੍ਹਾਂ ਦਾ ਛਿੜਕਾਅ ਖੜੀ ਫ਼ਸਲ ਤੇ ਕੀਤਾ ਜਾਂਦਾ ਹੈ ਜਿਵੇਂ ਕਿ ਸਲਫੋਸਲਫੂਰਾਨ, ਮੈਟਸਲਫੂਰਾਨ + ਆਇਡੋਸਲਫੂਰਾਨ ਆਦਿ, ਬੂਟੇ ਵਿੱਚ ਜੜ੍ਹਾਂ ਅਤੇ ਪੱਤਿਆ ਰਾਹੀਂ ਪ੍ਰਵੇਸ਼ ਕਰਦੇ ਹਨ। ਸੋ, ਇਹਨਾਂ ਨਦੀਨਨਾਸ਼ਕਾ ਦੇ ਪੂਰੇ ਅਸਰ ਲਈ ਵੱਧ ਪਾਣੀ ਚਾਹੀਦਾ ਹੁੰਦਾ ਹੈ। ਅਕਸਰ ਵੇਖਿਆ ਗਿਆ ਹੈ ਕਿ ਕਿਸਾਨ ਨਦੀਨਨਾਸ਼ਕਾਂ ਦਾ ਛਿੜਕਾਅ 90-100 ਲੀਟਰ ਪਾਣੀ ਪ੍ਰਤੀ ਏਕੜ ਵਰਤ ਕੇ ਕਰ ਦਿੰਦੇ ਹਨ, ਜਿਸ ਨਾਲ ਨਦੀਨਾਂ ਦੀ ਪੂਰੀ ਰੋਕਥਾਮ ਨਹੀ ਹੁੰਦੀ ਅਤੇ ਫ਼ਸਲ ਤੇ ਵੀ ਨਦੀਨਨਾਸ਼ਕ ਦਾ ਮਾੜਾ ਅਸਰ ਪੈਂਦਾ ਹੈ।

ਪੰਪ ਅਤੇ ਨੋਜ਼ਲ ਦੀ ਚੋਣ  ਨਦੀਨਨਾਸ਼ਕਾਂ ਦੇ ਛਿੜਕਾਅ ਲਈ ਹੱਥ ਜਾਂ ਬੈਟਰੀ ਨਾਲ ਚਲਣ ਵਾਲੇ ਪੰਪ (ਨੈਪ ਸੈਕ ਸਪਰੇਅਰ) ਜਾਂ ਟਰੈਕਟਰ ਵਾਲੇ ਪੰਪ ਦੀ ਵਰਤੋਂ ਕੀਤੀ ਜਾ ਸਕਦੀ ਹੈ।ਨਦੀਨਨਾਸ਼ਕਾਂ ਦੇ ਛਿੜਕਾਅ ਲਈ ਗੋਲ ਫੁਆਰੇ ਵਾਲੀ ਗੰਨ ਸਪਰੇਅਰ ਦੀ ਵਰਤੋਂ ਨਾ ਕਰੋ। ਨਦੀਨਨਾਸ਼ਕਾਂ ਦੇ ਛਿੜਕਾਅ ਦਾ ਅਸਰ ਬਹੁਤ ਹੱਦ ਤੱਕ ਪੰਪ ਦੀ ਨੋਜ਼ਲ ਤੇ ਨਿਰਭਰ ਕਰਦਾ ਹੈ। ਇਸ ਲਈ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਹਮੇਸ਼ਾ ਕੱਟ ਵਾਲੀ (ਫਲੈਟ ਫੈਨ) ਜਾਂ ਟੱਕ ਵਾਲੀ (ਫਲੱਡ ਜੈਟ) ਨੋਜ਼ਲ ਹੀ ਵਰਤੋਂ। ਇਨ੍ਹਾਂ ਨੋਜ਼ਲਾ ਨਾਲ ਛਿੜਕਾਅ ਇਕਸਾਰ ਹੁੰਦਾ ਹੈ। ਕਦੇ ਵੀ ਗੋਲ ਨੋਜ਼ਲ (ਕੋਨ ਵਾਲੀ ਨੋਜ਼ਲ) ਦੀ ਵਰਤੋਂ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਨਾ ਕਰੋ। ਟਰੈਕਟਰ ਵਾਲੇ ਪੰਪ ਜਾਂ ਪੈਟਰੋਲ ਵਾਲੇ ਪੰਪ ਦੇ ਨਾਲ ਬਹੁਤੀਆਂ ਨੋਜ਼ਲਾਂ ਵਾਲੀ ਲਾਂਸ ਦੀ ਵਰਤੋ ਕਰੋ।

ਛਿੜਕਾਅ ਦਾ ਤਰੀਕਾ  ਕਦੇ ਵੀ ਨਦੀਨਨਾਸ਼ਕਾਂ ਨੂੰ ਸਿਫ਼ਾਰਸ਼ ਮਾਤਰਾ ਤੋਂ ਘੱਟ ਜਾਂ ਵੱਧ ਮਾਤਰਾ ਵਿੱਚ ਨਾ ਵਰਤੋ। ਛਿੜਕਾਅ ਸਿੱਧੀ ਪੱਟੀ ਵਿੱਚ ਕਰੋ ਅਤੇ ਨੋਜ਼ਲ ਨੂੰ ਖੱਬੇ-ਸੱਜੇ ਨਾ ਘੁਮਾਉ। ਜਦੋਂ ਛਿੜਕਾਅ ਕਰਦੇ ਸਮੇਂ ਖੇਤ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਪਹੁੰਚ ਗਏ ਤਾਂ ਛਿੜਕਾਅ ਬੰਦ ਕਰਕੇ, ਪਿੱਛੇ ਨੂੰ ਘੁੰਮ ਕੇ ਪਹਿਲੀ ਪੱਟੀ ਦੇ ਸਮਾਂਤਰ ਦੂਜੀ ਪੱਟੀ ਵਿੱਚ ਛਿੜਕਾਅ ਕਰੋ। ਇਹ ਧਿਆਨ ਰਖੋ ਕਿ ਦੂਜੀ ਪੱਟੀ ਵਿੱਚ ਛਿੜਕਾਅ ਕਰਦੇ ਸਮੇਂ ਪਹਿਲੀ ਪੱਟੀ ਦੇ 15 ਤੋ 20 ਪ੍ਰਤੀਸ਼ਤ ਹਿੱਸੇ ਤੇ ਦੁਹਰਾ ਛਿੜਕਾਅ ਹੋਵੇ। ਇਹ ਧਿਆਨ ਰਖੋ ਕਿ ਛਿੜਕਾਅ ਕਰਦੇ ਸਮੇਂ ਹਵਾ ਨਾ ਚਲਦੀ ਹੋਵੇ।

ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਜ਼ਮੀਨ ਤੋ ਇੱਕ ਤੋ ਡੇਢ ਫੁੱਟ ਉੱੱਚਾ ਰਖੋ।ਅਕਸਰ ਇਹ ਦੇਖਿਆ ਗਿਆ ਹੈ ਕਿ ਛਿੜਕਾਅ ਕਰਨ ਵੇਲੇ ਨੋਜ਼ਲ ਨੂੰ ਜ਼ਮੀਨ ਤੋਂ 3-4 ਫੁੱਟ ਉੱਚਾ ਰੱਖ ਕੇ ਅਤੇ ਖੱਬੇ-ਸੱਜੇ ਘੁੰਮਾ ਕੇ ਇੱਕ ਫੇਰੇ ਵਿੱਚ 8-10 ਫੁੱਟ ਦੀ ਪੱਟੀ ਵਿੱਚ ਛਿੜਕਾਅ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਖੇਤ ਵਿੱਚ ਨਦੀਨ ਸਹੀ ਤਰੀਕੇ ਨਾਲ ਨਹੀਂ ਮਰਦੇ। ਇਹ ਨਦੀਨ ਖੇਤ ਵਿੱਚ ਲੱਖਾਂ ਦੀ ਮਾਤਰਾ ਵਿੱਚ ਬੀਜ ਪੈਦਾ ਕਰ ਦਿੰਦੇ ਹਨ, ਜਿਸ ਨਾਲ ਅਗਲੇ ਸਾਲ ਨਦੀਨਾਂ ਦੀ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ।

ਇਸ ਲਈ ਨਦੀਨਨਾਸ਼ਕਾਂ ਦਾ ਪੂਰਾ ਫਾਇਦਾ ਲੈਣ ਲਈ ਇਨ੍ਹਾਂ ਦਾ ਛਿੜਕਾਅ ਸਹੀ ਤਰੀਕੇ ਨਾਲ, ਸਹੀ ਮਾਤਰਾ ਵਿੱਚ ਅਤੇ ਸਹੀ ਸਮੇਂ ਤੇ ਕਰਨਾ ਚਾਹੀਦਾ ਹੈ। ਇਕਸਾਰ ਛਿੜਕਾਅ ਕਰਨ ਲਈ ਲਗਾਇਆ ਗਿਆ ਵੱਧ ਸਮਾਂ ਨਾ-ਕੇਵਲ ਨਦੀਨਾਂ ਦੀ ਸਹੀ ਰੋਕਥਾਮ ਕਰਕੇ ਝਾੜ ਨੂੰ ਵਧਾਉਂਦਾ ਹੈ, ਬਲਕਿ ਅਗਲੇ ਸਾਲ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਵੀ ਘਟਾਉਂਦਾ ਹੈ।

ਸਿਮਰਜੀਤ ਕੌਰ ਅਤੇ ਨਵਜੋਤ ਸਿੰਘ ਬਰਾੜ

ਫ਼ਸਲ ਵਿਗਿਆਨ ਵਿਭਾਗ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਮੋਬਾਇਲ ਨੰਬਰ:  9814081108; 9417702021

ਇਹ ਵੀ ਪੜ੍ਹੋ :-  ਵਧੀਆ ਝਾੜ ਦੇਣ ਵਾਲੀਆਂ ਕਣਕ ਦੀਆਂ ਨਵੀਆਂ ਕਿਸਮਾਂ

Summary in English: How to spray pesticides properly

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters