Planning for Kharif Crops: ਪਾਣੀ ਜੀਵਨ ਹੈ ਅਤੇ ਧਰਤੀ ਉੱਤੇ ਜੀਵਨ ਪਾਣੀ ਨਾਲ ਹੀ ਸੰਭਵ ਹੈ। ਪਾਣੀ ਫਸਲਾਂ ਦੇ ਉਤਪਾਦਨ ਲਈ ਵੀ ਮਹੱਤਵਪੂਰਣ ਜ਼ਰੂਰਤ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਵਿੱਚ ਪਾਣੀ ਦੀ ਸੱਭ ਨਾਲੋਂ ਵੱਧ ਵਰਤੋਂ ਖੇਤੀ ਵਿੱਚ ਹੁੰਦੀ ਹੈ ਅਤੇ ਪਿੱਛਲੇ ਕੁੱਝ ਦਹਾਕਿਆਂ ਤੋਂ ਸੂਬੇ ਵਿੱਚ ਕੀਤੀ ਜਾ ਰਹੀ ਖੇਤੀ ਵਿੱਚ ਪਾਣੀ ਦੀ ਵਰਤੋਂ ਬਹੁਤ ਵੱਧ ਗਈ ਹੈ। ਜਿਸ ਕਾਰਨ ਅੱਜ ਅਸੀਂ ਤੁਹਾਨੂੰ ਸਾਉਣੀ ਦੀਆਂ ਫਸਲਾਂ ਦੇ ਵੱਧ ਝਾੜ ਲਈ ਪਾਣੀ ਦੀ ਸਹੀ ਵਰਤੋਂ ਅਤੇ ਵਿਉਂਤਬੰਦੀ ਬਾਰੇ ਦੱਸਣ ਜਾ ਰਹੇ ਹਾਂ।
ਪੰਜਾਬ ਵਿੱਚ ਖੇਤੀਬਾੜੀ ਸੈਕਟਰ 95 ਪ੍ਰਤੀਸ਼ਤ ਹਿੱਸੇ ਨਾਲ ਪਾਣੀ ਦਾ ਸਭ ਤੋਂ ਵੱਡਾ ਉਪਭੋਗਤਾ ਹੈ। ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਲਗਾਤਾਰ ਹੇਠਾਂ ਡਿੱਗਣਾ ਇਕ ਚਿੰਤਾ ਦਾ ਵਿਸ਼ਾ ਹੈ। ਰਾਜ ਵਿਚ ਪਾਣੀਆਂ ਦੀ ਮੌਜੂਦਾ ਉਪਲੱਬਧਤਾ ਪੰਜਾਬ ਅੰਦਰ ਪਾਣੀ ਦੀ ਕੁਲ੍ਹ ਸਲਾਨਾ ਮੰਗ ਲੱਗਭਗ 66.12 ਬੀ.ਸੀ.ਐਮ. (ਬਿਲੀਅਨ ਕਿਊਸਿਕ ਮੀਟਰ) ਹੈ ਅਤੇ ਪਾਣੀ ਦੀ ਉਪਲੱਬਧਤਾ ਅਤੇ ਮੰਗ ਵਿਚਲਾ ਫਰਕ 13.06 ਬੀ.ਸੀ.ਐਮ. ਹੈ। ਮੰਗ ਅਤੇ ਉਪਲੱਬਧਤਾ ਦੇ ਵਿਚਕਾਰਲੇ ਇਸ ਫਰਕ ਨੂੰ ਪੂਰਾ ਕਰਨ ਲਈ ਅਸੀਂ ਧਰਤੀ ਹੇਠਲੇ ਡੂੰਘੇ ਪਾਣੀ ਦੇ ਸਰੋਤਾਂ ਨੂੰ ਐਕਸਪਲਾਇਟ ਕਰ ਰਹੇ ਹਾਂ ਅਤੇ ਇਸ ਫਰਕ ਦਾ ਵੱਡਾ ਕਾਰਨ ਖੇਤੀਬਾੜੀ ਖੇਤਰ ਵਿਚ ਇਸਤੇਮਾਲ ਹੋ ਰਿਹਾ ਪਾਣੀ।
ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਆਪਣੀ 2017 ਦੀ ਰਿਪੋਰਟ ਵਿਚ ਪੰਜਾਬ ਰਾਜ ਵਿਚ ਆਉਣ ਵਾਲੇ ਸਮੇਂ ਦੌਰਾਨ ਧਰਤੀ ਹੇਠਲੇ ਪਾਣੀਆਂ ਦੀ ਸਥਿਤੀ ਦੱਸੀ ਹੈ। ਉਨ੍ਹਾਂ ਵਲੋਂ ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜੇਕਰ ਅਸੀਂ ਇਸੇ ਤਰ੍ਹਾਂ ਧਰਤੀ ਹੇਠਲਾ ਪਾਣੀ ਕੱਢਦੇ ਰਹੇ ਤਾਂ ਅਗਲੇ 20- 25 ਸਾਲਾਂ ਬਾਅਦ ਧਰਤੀ ਹੇਠੋਂ ਪਾਣੀ ਕੱਢਣਾ ਆਮ ਜਨਤਾ ਲਈ ਆਰਥਿਕ ਤੌਰ ਤੇ ਲਾਹੇਵੰਦ ਨਹੀਂ ਹੋਵੇਗਾ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ 2022 ਦੀ ਰਿਪੋਰਟ ਅਨੁਸਾਰ ਸੂਬੇ ਦੀਆਂ 153 ਮੁਲਾਂਕਣ ਇਕਾਈਆਂ (150 ਬਲਾਕ + 3 ਸ਼ਹਿਰੀ ਖੇਤਰ) ਵਿੱਚੋਂ 114 ਬਲਾਕ ਅਤੇ 3 ਸ਼ਹਿਰੀ ਖੇਤਰ ਅਤਿ-ਨਾਜ਼ੁਕ, 4 ਬਲਾਕ ਨਾਜ਼ੁਕ, 15 ਬਲਾਕ ਅਰਧ-ਨਾਜ਼ੁਕ ਹਨ ਅਤੇ ਸਿਰਫ਼ 17 ਬਲਾਕ ਹੀ ਸੁਰੱਖਿਅਤ ਹਨ।
ਅਸਲ ਵਿੱਚ, ਇਨ੍ਹਾਂ ਸੁਰੱਖਿਅਤ ਬਲਾਕਾਂ ਵਿੱਚੋਂ ਉਪ-ਪਹਾੜੀ ਹਿੱਸੇ ਖੇਤਰ ਵਿੱਚ ਤਿੰਨ ਵੱਡੇ ਡੈਮਾਂ ਨਾਲ ਲਗਦੇ ਕੇਵਲ 9 ਬਲਾਕ ਹੀ ਸੁਰੱਖਿਅਤ ਹਨ ਜਦੋਂ ਕਿ ਬਾਕੀ 8 ਬਲਾਕ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਹਨ ਜਿੱਥੇ ਜ਼ਮੀਨ ਹੇਠਲਾ ਪਾਣੀ ਵਰਤੋਂ ਯੋਗ ਨਹੀ ਹੈ ਅਤੇ ਕੁਝ ਬਲਾਕ ਸੇਮ ਨਾਲ ਪ੍ਰਭਾਵਿਤ ਹਨ। ਪਿਛਲੇ ਚਾਰ ਸਾਲਾਂ ਦੀ ਔਸਤ ਮੁਤਾਬਕ ਹਰ ਸਾਲ 70 ਸੈਂਟੀਮੀਟਰ ਪਾਣੀ ਦਾ ਸਤਰ ਹੇਠਾਂ ਜਾ ਰਿਹਾ ਹੈ।
ਪਾਣੀ ਦੀ ਯੋਗ ਵਰਤੋਂ ਨਾਲ ਨਾ ਸਿਰਫ਼ ਫ਼ਸਲਾਂ ਦੀ ਪੈਦਾਵਾਰ ਅਤੇ ਮੁਨਾਫੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਬਲਕਿ ਜ਼ਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਅਤੇ ਵੱਧ ਰਹੀਆਂ ਬਿਜਲੀ ਸਬਸਿਡੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਹੇਠ ਲਿਖੀਆਂ ਤਕਨੀਕਾਂ ਨੂੰ ਅਪਣਾ ਕੇ ਪਾਣੀ ਦੀ ਯੋਗ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਆਉਣ ਵਾਲੀਆਂ ਸਾਉਣੀ ਦੀਆਂ ਫ਼ਸਲਾਂ ਦੇ ਝਾੜ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Rain Water : ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਲਈ ਇਹ ਤਰੀਕੇ ਅਪਣਾਓ!
ਸਾਉਣੀ ਦੀਆਂ ਫ਼ਸਲਾਂ ਦੇ ਝਾੜ ਵਿੱਚ ਕੀਤਾ ਜਾ ਸਕਦਾ ਹੈ ਵਾਧਾ
1. ਭੁਮੀਗਤ ਪਾਈਪ ਲਾਈਨ ਇੰਸਟਾਲੇਸ਼ਨ: ਮਾਤਰਾ ਤਰੇੜਾਂ ਜਾਂ ਖੱਡਾਂ ਰਾਹੀਂ ਲੀਕ ਹੋ ਕੇ, ਵਾਸ਼ਪੀਕਰਨ ਦੁਆਰਾ ਅਤੇ ਜ਼ਮੀਨ ਵਿੱਚ ਡੂੰਘੇ ਰਿਸਣ ਕਰਕੇ ਬਰਬਾਦ ਹੋ ਜਾਦੀਂ ਹੈ। ਪਾਣੀ ਦੀ ਇਹ ਮਾਤਰਾ ਫ਼ਸਲ ਦੇ ਉਤਪਾਦਨ ਵਿੱਚ ਯੋਗਦਾਨ ਨਹੀਂ ਪਾਉਂਦੀ। ਇਸ ਤਰਾਂ ਬਰਬਾਦ ਹੋਣ ਵਾਲੇ ਪਾਣੀ ਦੀ ਮਾਤਰਾ ਪਾਣੀ ਦੇ ਸੋਮੇਂ ਤੌਂ ਖੇਤ ਦੀ ਦੂਰੀ ਤੇ ਨਿਰਭਰ ਕਰਦੀ ਹੈ।ਨਹਿਰਾਂ ਅਤੇ ਟਿਊਬਵੈਲਾਂ ਤੋਂ ਸਿੰਚਾਈ ਪਾਣੀ ਦੇ ਖਾਲ ਜੋੋ ਕਿ ਅਜੇ ਕੱਚੇ ਹਨ, ਨੂੰ ਤੁਰੰਤ ਪੱਕੇ ਕਰਨ ਦਾ ਕੰਮ ਕੀਤਾ ਜਾਵ।
ਪਾਣੀ ਦੇ ਸੋਮੇਂ ਤੋਂ ਖੇਤ ਤੱਕ ਪਾਣੀ ਪਹੁੰਚਾਉਣ ਲਈ ਕੰਕਰੀਟ ਜਾਂ ਪਲਾਸਟਿਕ ਦੀਆਂ ਬਣੀਆਂ ਜਮੀਨਦੋਜ ਪਾਈਪਾਂ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਇਸ ਦੀ ਮਿਆਦ ਬਹੁਤ ਲੰਮੀ ਹੁੰਦੀ ਹੈ ਅਤੇ ਪਾਣੀ ਦੀ ਬਰਬਾਦੀ ਨੂੰ ਘਟਾਉਣ ਦੇ ਨਾਲ-ਨਾਲ ਇਹ ਖੁੱਲੇ ਚੈਨਲਾਂ ਦੇ ਨਿਰਮਾਣ ਕਾਰਨ ਬਰਬਾਦ ਹੋਈ ਖੇਤੀਬਾੜੀ ਜ਼ਮੀਨ ਨੂੰ ਵੀ ਬਚਾਉਂਦੀ ਹੈ ਅਤੇ ਕਿਸਾਨਾਂ ਲਈ ਕਿਰਤ ਅਤੇ ਸਾਂਭ-ਸੰਭਾਲ ਦੇ ਖਰਚਿਆਂ ਨੂੰ ਘਟਾਉਂਦੀ ਹੈ।
ਪਾਣੀ ਦੇ ਵਹਾਅ ਸਮੇਂ ਹੋਣ ਵਾਲੀ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਜ਼ਮੀਨਦੋਜ ਪਾਈਪਾਂ ਟਿਊਬਵੈਲ ਜਾਂ ਮੋਘੇ ਤੋਂ ਆਪਣੇ ਖੇਤਾਂ ਤੱਕ ਸਰਕਾਰੀ ਮਹਕਮਿਆਂ ਦੀ ਮੱਦਦ ਨਾਲ ਪਾਉਣੀਆਂ ਵਾਹੀਦੀਆਂ ਹਨ, ਜਿਸ ਨਾਲ ਤਕਰੀਬਨ 20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ। ਰਾਜ ਸਰਕਾਰ ਵੱਲੋਂ ਇਸ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਜਿੱਥੇ ਕਿੱਥੇ ਹੋ ਸਕੇ ਪਾਈਪਲਾਈਨਜ਼ ਦਾ ਡਿਜ਼ਾਇਨ ਅਜਿਹਾ ਤਿਆਰ ਕੀਤਾ ਜਾਵੇ ਜੋੋ ਬਾਅਦ ਵਿੱਚ ਸੂਖਮ ਸਿੰਚਾਈ (ਡਰਿੱਪ) ਤਕਨੀਕ ਨਾਲ ਸਿੱਧੇ ਤੌੋਰ ਤੇ ਜੋੋੜਿਆ ਜਾ ਸਕੇ।
ਇਹ ਵੀ ਪੜ੍ਹੋ : Green Gram: ਮੂੰਗੀ ਦੀਆਂ ਉੱਨਤ ਕਿਸਮਾਂ, ਵਾਧੂ ਝਾੜ ਲਈ ਅਪਣਾਓ ਇਹ ਤਕਨੀਕਾਂ
2. ਲੇਜ਼ਰ ਕਰਾਹੇ ਦੀ ਵਰਤੋਂ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਦੀ ਤਕਨੀਕ ਸਿੰਚਾਈ ਵਾਲੇ ਪਾਣੀ ਦੀ ਸੰਭਾਲ ਵਿੱਚ ਬਹੁਤ ਲਾਭਦਾਇਕ ਹੈ, ਅਜਿਹਾ ਕਰਨ ਨਾਲ 15-20 ਫੀਸਦੀ ਪਾਣੀ ਦੀ ਬੱਚਤ, ਖਾਦਾਂ ਤੇ ਨਦੀਨਾਸ਼ਕਾਂ ਦੀ ਸੁਚੱਜੀ ਵਰਤੋਂ ਅਤੇ ਫ਼ਸਲ ਦੇ ਝਾੜ ਵਿੱਚ 10-15 ਫੀਸਦੀ ਵਾਧਾ ਹੁੰਦਾ ਹੈ। ਇਹ ਵੇਖਿਆ ਗਿਆ ਹੈ ਜੇਕਰ ਇੱਕ ਹੈਕਟੇਅਰ ਦੇ ਖੇਤ ਵਿੱਚ ਇੱਕ ਧੈੜੀ ਇੱਕ ਸੈਂਟੀਮੀਟਰ ਉੱਚੀ ਹੋਵੇ ਤਾਂ ਇਸ ਤੇ ਪਾਣੀ ਚੜਾਉਣ ਲਈ ਸਾਰੇ ਰਕਬੇ ਵਿੱਚ ਇੱਕ ਸੈਂਟੀਮੀਟਰ ਪਾਣੀ ਹੋਰ ਲਾਉਣਾ ਪਵੇਗਾ, ਜਿਸ ਨਾਲ 1.0 ਲੱਖ ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਜਿਥੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੋਵੇ ਜਾਂ ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨੀ ਹੋਵੇ ਉਥੇ ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨਾ ਬਹੁਤ ਜ਼ਰੂਰੀ ਹੈ।
3. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ: ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਖੇਤ ਨੂੰ ਵਾਹ ਕੇ ਖੁੱਲ੍ਹਾ ਛੱਡ ਦਿਓ ਤਾਂ ਕਿ ਜਮੀਨ ਦੀ ਪਾਣੀ ਜ਼ੀਰਨ ਅਤੇ ਪਾਣੀ ਸੰਭਾਲਨ ਦੀ ਸਮਰੱਥਾ ਵਧ ਜਾਵੇ। ਇਹ ਵੀ ਦੇਖਿਆ ਗਿਆ ਹੈ ਕਿ ਵਹਾਈ ਉਪਰੰਤ ਬਾਰਿਸ਼ ਜਮੀਨ ਦੀ ਉਪਰਲੀ ਤਹਿ ਤੱਕ ਪਹੁੰਚ ਜਾਂਦੀ ਹੈ ਅਤੇ ਵਾਹੀ ਜਮੀਨ ਵਿੱਚ ਅਣਵਾਹੀ ਜਮੀਨ ਦੇ ਮੁਕਾਬਲੇ ਨਮੀਂ ਜਿਆਦਾ ਹੁੰਦੀ ਹੈ। ਮੈਦਾਨੀ ਇਲਾਕਿਆਂ ਵਿੱਚ ਵਾਹੀ ਉਪਰੰਤ ਖੇਤ ‘ਚ ਲੋੜ ਮੁਤਾਬਿਕ ਕਿਆਰੇ ਪਾਓ ਤਾਂ ਜੋ ਮੀਂਹ ਦਾ ਪਾਣੀ ਕਿਆਰਿਆਂ ਵਿੱਚ ਇਕੱਠਾ ਹੋ ਸਕੇ। ਢਲਾਨਾਂ ਵਾਲੇ ਖੇਤਾਂ ਵਿੱਚ ਕਿਆਰੇ ਛੋਟੇ ਪਾਓ, ਨਹੀਂ ਤਾਂ ਮੀਂਹ ਦਾ ਪਾਣੀ ਇੱਕ ਪਾਸੇ ਇਕੱਠਾ ਹੋਣ ਕਰਕੇ ਵੱਟਾਂ ਟੁੱਟਣ ਦਾ ਖਤਰਾ ਬਣ ਜਾਂਦਾ ਹੈ।
ਕੰਢੀ ਇਲਾਕੇ ਵਿੱਚ ਜ਼ਿਆਦਾ ਉੱਚੀਆਂ-ਨੀਵੀਂਆਂ ਥਾਂਵਾਂ ਨੂੰ ਪੱਧਰ ਕਰਕੇ ਪਾਣੀ ਦੇ ਯੋਗ ਨਿਕਾਸ ਲਈ ਖਾਲ ਜਾਂ ਪਾਈਪਾਂ ਦਾ ਪ੍ਰਬੰਧ ਕਰ ਲਓ ਤਾਂ ਜੋ ਮੀਂਹ ਦਾ ਪਾਣੀ ਸੁਰੱਖਿਅਤ ਥਾਂ ਉੱਪਰ ਇਕੱਠਾ ਕੀਤਾ ਜਾ ਸਕੇ।ਜੇ ਖੇਤ ਦੀ ਢਲਾਨ 5 ਪ੍ਰਤੀਸ਼ਤ ਤੋਂ ਘੱਟ ਹੋਵੇ ਤਾਂ ਥੋੜੀ੍ਹ-ਥੋੜੀ੍ਹ ਵਿੱਥ ‘ਤੇ ਵੱਟਾਂ ਬਣਾਕੇ ਪਾਣੀ ਰੋਕਿਆ ਜਾ ਸਕਦਾ ਹੈ। ਜਿਆਦਾ ਲੰਬੀਆਂ ਢਲਾਨਾਂ ਦੀ ਥੜ੍ਹਾਬੰਦੀ ਕਰਕੇ, ਪੌੜੀਨੁਮਾ ਖੇਤਾਂ ਵਿੱਚ ਮੀਂਹ ਦਾ ਪਾਣੀ ਸੰਭਾਲਿਆ ਜਾ ਸਕਦਾ ਹੈ ਜਿਸ ਨਾਲ ਭੌਂ-ਖੋਰ ਵੀ ਨਹੀਂ ਹੁੰਦਾ ਤੇ ਜਮੀਨਦੋਜ਼ ਪਾਣੀ ਦੀ ਭਰਪਾਈ ਵੀ ਹੋ ਸਕੇਗੀ। ਮੀਂਹ ਦੇ ਪਹਿਲੇ ਛਰਾਟਿਆਂ ਬਾਅਦ ਖੇਤ ਦੀ ਢਲਾਨ ਦੇ ਉਲਟ ਵਹਾਈ ਕਰਨ ਨਾਲ ਮੀਂਹ ਦਾ ਪਾਣੀ ਵਧੇਰੇ ਅਤੇ ਇਕਸਾਰ ਜ਼ੀਰਦਾ ਹੈ।
ਇਹ ਵੀ ਪੜ੍ਹੋ : Multi-Crop Farming: ਲੱਸਣ ਅਤੇ ਮਿਰਚਾਂ ਦੀ ਖੇਤੀ ਨਾਲ ਕਮਾਓ ਲੱਖਾਂ! ਜਾਣੋ ਮਿਸ਼ਰਤ ਖੇਤੀ ਦਾ ਸਹੀ ਤਰੀਕਾ
4. ਝੋਨੇ ਦੀ ਥੋੜੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਬੀਜ ਪ੍ਰਬੰਧ: ਝੋਨੇ ਦੀ ਫਸਲ ਨੂੰ ਸਿੰਚਾਈ ਦੀ ਵੱਧ ਲੋੜ ਅਤੇ ਇਸ ਫਸਲ ਹੇਠ ਵੱਧ ਰਕਬੇ ਕਾਰਨ ਸਾਉਣੀ ਰੁੱਤ ਦੇ 80 ਫੀਸਦੀ ਪਾਣੀ ਦੀ ਖਪਤ ਇਸ ਫ਼ਸਲ ਵਿੱਚ ਹੁੰਦੀ ਹੈ। ਝੋਨੇ ਦੀ ਕਾਸ਼ਤ ਜ਼ਿਆਦਾ ਵਾਸ਼ਪੀਕਰਨ ਵਾਲੇ ਸੌਸਮ ਵਿੱਚ ਕੀਤੀ ਜਾਂਦੀ ਹੈ। ਇਸ ਲਈ ਝੋਨੇ ਦੀਆਂ ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਲਗਾਉਣ ਨਾਲ ਸਿੰਚਾਈ ਵਾਲੇ ਪਾਣੀ ਦੀ ਲੋੜ ਵੱਧ ਜਾਂਦੀ ਹੈ। ਕਿਸਾਨਾਂ ਨੂੰ ਥੋੜੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਪੰਜਾਬ ਐਗਰੀਕਲਚਕਲ ਯੂਨੀਵਰਸਿਟੀ ਝੋਨੇ ਦੀ ਥੋੜੇ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਉੱਚ-ਗੁਣਵੱਤਾ ਦਾ ਬੀਜ ਤਿਆਰ ਕਰਦੀ ਹੈ ਜੋ ਕਿਸਾਨਾਂ ਨੂੰ ਵੱਖ-ਵੱਖ ਕੇਂਦਰਾਂ ਉੱਪਰ ਲੱਗਦੇ ਮੇਲਿਆਂ ਵਿੱਚ, ਬੀਜਾਂ ਦੀ ਦੁਕਾਨ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਬੀਜ ਉਤਪਾਦਨ ਫਾਰਮਾਂ ਤੇ ਵਿਤਰਿਤ ਕੀਤੇ ਜਾਂਦੇ ਹਨ। ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਝੋਨੇ ਦੀਆਂ ਕਿਸਮਾਂ ਜਿਵੇਂਕਿ ਪੀ ਆਰ 126 ਜਿਹੜੀ ਬੀਜ ਤੋਂ ਬੀਜ ਲਈ 123 ਦਿਨ ਲੈਂਦੀ ਹੈ, ਪੀ ਆਰ 131 (140 ਦਿਨ), ਪੀ ਆਰ 130 (138 ਦਿਨ), ਪੀ ਆਰ 129 (138 ਦਿਨ), ਪੀ ਆਰ 128 (141 ਦਿਨ), ਪੀ ਆਰ 127 (137 ਦਿਨ), ਪੀ ਆਰ 122 (147 ਦਿਨ), ਪੀ ਆਰ 121 (140 ਦਿਨ), ਪੀ ਆਰ 114 (145 ਦਿਨ) ਅਤੇ ਐਚ ਕੇ ਆਰ 47 (134 ਦਿਨ) ਦੀ ਕਾਸ਼ਤ ਕਰੋ। ਲੰਬੇ ਸਮੇਂ ਦੀਆਂ ਕਿਸਮਾਂ ਜਿਵੇਂ ਪੂਸਾ 44/ਪੀਲੀ ਪੂਸਾ/ ਡੋਗਰ ਪੂਸਾ ਆਦਿ ਦੀ ਕਾਸ਼ਤ ਤੋਂ ਗੁਰੇਜ਼ ਕਰੋ ਕਿਉਂਕਿ ਇਨ੍ਹਾਂ ਕਿਸਮਾਂ ਲਈ ਨਾ ਸਿਰਫ ਪੀ ਆਰ ਕਿਸਮਾਂ ਨਾਲੋਂ 15-20 ਪ੍ਰਤੀਸ਼ਤ ਵਾਧੂ ਪਾਣੀ ਦੀ ਮੰਗ ਹੁੰਦੀ ਹੈ ਨਾਲ ਹੀ ਕੀਟਨਾਸ਼ਕਾਂ ਦੀਆਂ ਘੱਟੋ-ਘੱਟ ਦੋ ਵਾਧੂ ਸਪਰੇਆਂ ਦੀ ਲੋੜ ਪੈਂਦੀ ਹੈ ਜਿਸ ਕਰਕੇ ਮੁਨਾਫ਼ਾ ਘੱਟਦਾ ਹੈ।
5. ਮਿੱਟੀ ਦੀ ਪਰਖ: ਫਸਲਾਂ ਦੇ ਵੱਧ ਝਾੜ ਲਈ ਅਤੇ ਪਾਣੀ ਦੀ ਵੱਧ ਉਤਪਾਦਕਤਾ ਲਈ ਖੇਤ ਵਿੱਚ ਚੰਗੀ ਮਿੱਟੀ ਦਾ ਹੋਣਾ ਸਬ ਤੋਂ ਵੱਧ ਜ਼ਰੂਰੀ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਮਿੱਟੀ ਦੀ ਜਾਂਚ ਕਰਕੇ ਇਹ ਪਤਾ ਚੱਲਦਾ ਹੈ ਕਿ ਖੇਤਾਂ ਵਿੱਚ ਕਿਸਾਨਾਂ ਨੂੰ ਮਿੱਟੀ ਦੀ ਲੋੜ ਅਨੁਸਾਰ ਕਿਨ੍ਹਾ ਖੁਰਾਕੀ ਤੱਤ ਉਪਲਬਧ ਕਰਾਉਣਾ ਹੁੰਦਾ ਹੈ ਜਿਸ ਨਾਲ ਲਾਗਤ ਘੱਟ ਆਏ ਅਤੇ ਉਤਪਾਦਨ ਸਮਰੱਥਾ ਵਿੱਚ ਵਾਧਾ ਹੋ ਸਕੇ। ਸਰਕਾਰ ਵੱਲੋ ਵੀ ਮਿੱਟੀ ਦੀ ਜਾਂਚ ਲਈ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਹੈ। ਸਰਕਾਰ ਨੇ ਇਸ ਲਈ ਪੀ.ਐਮ. ਸੋਇਲ ਹੈਲਥ ਕਾਰਡ ਯੋਜਨਾ ਵੀ ਤਿਆਰ ਕੀਤੀ ਹੈ।
ਇਹ ਵੀ ਪੜ੍ਹੋ : Farmers' Income: ਕਿਸਾਨਾਂ ਦੀ ਆਮਦਨ ਵਧਾਉਣ ਲਈ ਲਾਹੇਵੰਦ ਸੁਰੱਖਿਅਤ ਖੇਤੀ ਅਤੇ ਸੂਖਮ ਸਿੰਚਾਈ
6. ਤੁਪਕਾ ਸਿੰਚਾਈ ਪ੍ਰਣਾਲੀ: ਤੁਪਕਾ ਸਿੰਚਾਈ ਪ੍ਰਣਾਲੀ ਪਹਿਲਾਂ ਕਤਾਰਾਂ ਵਿੱਚ ਵੱਧ ਫਾਸਲਾ ਜਾਂ ਵੱਧ ਮੁੱਲ ਵਾਲੀਆਂ ਫ਼ਸਲਾਂ ਲਈ ਲਾਹੇਵੰਦ ਮੰਨੀ ਜਾਂਦੀ ਸੀ ਪਰੰਤੂ ਪਾਣੀ ਦੀ ਕਮੀ ਨੂੰ ਵੇਖਦੇ ਹੋਏ ਇਹ ਵਿਧੀ ਦੂਜੀਆਂ ਫ਼ਸਲਾਂ ਲਈ ਵੀ ਵਿਕਸਿਤ ਕੀਤੀ ਗਈ ਹੈ। ਤੁਪਕਾ ਸਿੰਚਾਈ ਪ੍ਰਣਾਲੀ ਨਾਲ ਪਾਣੀ ਅਤੇ ਖਾਦ ਦੀ ਸਹੀ ਮਿਕਦਾਰ ਸਹੀ ਥਾਂ (ਪੌਦੇ ਦੀਆਂ ਜੜਾਂ ਕੋਲ) ਅਤੇ ਸਹੀ ਸਮੇਂ ਤੇ ਕੀਤੀ ਜਾ ਸਕਦੀ ਹੈ। ਤੁਪਕਾ ਸਿੰਚਾਈ ਦੀ ਵਿਧੀ ਨਾਲ ਪਾਣੀ ਦੇ ਰਿਸਾਵ ਕਾਰਨ ਹੋ ਰਹੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਘੱਟ ਪਾਣੀ ਨਾਲ ਵੀ ਫ਼ਸਲ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ।
ਇਸ ਵਿਧੀ ਨਾਲ ਨਦੀਨਾਂ ਦੇ ਵਾਧੇ ਨੂੰ ਵੀ ਘਟਾਈਆ ਜਾ ਸਕਦਾ ਹੈ। ਧਰਤੀ ਦੀ ਸਤ੍ਹਾ ਹੇਠ ਤੁਪਕਾ ਸਿੰਚਾਈ ਪ੍ਰਣਾਲੀ ਵਿਧੀ ਵਿੱਚ ਡਰੀਪ ਲਾਈਨਾਂ ਜ਼ਮੀਨ ਤੇ ਨਾ ਵਿਛਾ ਕੇ ਉਹਨਾਂ ਨੂੰ ਧਰਤੀ ਦੀ ਸਤ੍ਹਾ ਹੇਠ 20 ਸੈ:ਮੀ: ਦੀ ਡੁੰਗਾਈ ਤੇ ਪਾਈਆ ਜਾਂਦਾ ਹੈ। ਇਸ ਲਈ ਟਰੈਕਟਰ ਦੇ ਪਿੱਛੇ ਚਲਣ ਵਾਲੀ ਮਸ਼ੀਨ ਵੀ ਤਿਆਰ ਕੀਤੀ ਗਈ ਹੈ। ਇਸ ਵਿਧੀ ਨਾਲ ਪਾਣੀ ਦੇ ਰਿਸਾਵ ਦੇ ਦੁਰ-ਪ੍ਰਭਾਵ ਜਿਵੇਂ ਕਿ ਪੱਪੜੀ ਪੈਣਾ, ਖੜੇ ਪਾਣੀ ਕਾਰਨ ਸਿੱਲਾਪਣ ਅਤੇ ਹੋਰ ਕਈ ਤਰ੍ਹਾਂ ਦੇ ਨੁਕਸਾਨ ਜਿਵੇਂ ਵਾਸ਼ਪੀਕਰਨ, ਪਾਣੀ ਅਤੇ ਮਿੱਟੀ ਦਾ ਰੋੜ, ਖਾਦਾਂ ਦਾ ਜ਼ਮੀਨ ਵਿੱਚ ਡੂੰਘੇ ਰਿਸਣਾ ਆਦਿ ਤੋਂ ਬਚਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਫ਼ਸਲ ਦੀ ਕਟਾਈ ਸਮੇਂ ਜਾਂ ਬਾਅਦ ਵਿਛਾਈਆਂ ਹੋਇਆਂ ਡਰਿੱਪ ਲਾਈਨਾਂ ਨੂੰ ਇੱਕਠਾ ਕਰਨ ਦੀ ਲੋੜ ਨਹੀਂ ਹੁੰਦੀ। ਮੱਕੀ-ਕਣਕ-ਗਰਮ ਰੁੱਤ ਦੀ ਮੂੰਗੀ ਫ਼ਸਲੀ ਚੱਕਰ ਵਿੱਚ 67.5 ਸੈ.ਮੀ. ਦੇ ਫ਼ਾਸਲੇ ਤੇ 20 ਸੈ.ਮੀ. ਡੂੰਘਾਈ ਤੇ ਡਰਿੱਪ ਇਨਲਾਇਨ ਵਿਛਾਉ ਜਿੰਨ੍ਹਾਂ ਤੇ 20 ਸੈ.ਮੀ. ਦੇ ਫ਼ਾਸਲੇ ਤੇ ਡਰਿੱਪਰ ਲੱਗੇ ਹੋਣ। ਇਸ ਸਿੰਚਾਈ ਅਤੇ ਫਰਟੀਗੇਸ਼ਨ ਵਿਧੀ ਨਾਲ ਆਮ ਰਵਾਇਤੀ ਤਰੀਕੇ ਦੇ ਮੁਕਾਬਲੇ 18.4 ਪ੍ਰਤੀਸ਼ਤ ਵੱਧ ਪ੍ਰਣਾਲੀ ਉਤਪਾਦਕਤਾ ਦੇ ਨਾਲ 28.5 ਪ੍ਰਤੀਸ਼ਤ ਪਾਣੀ ਅਤੇ 20 ਪ੍ਰਤੀਸ਼ਤ ਖਾਦਾਂ ਦੀ ਬੱਚਤ ਹੁੰਦੀ ਹੈ। ਰਾਜ ਸਰਕਾਰ ਵੱਲੋਂ ਤੁਪਕਾ ਸਿੰਚਾਈ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ 80 ਤੋਂ 90 ਪ੍ਰਤੀਸ਼ਤ ਤੱਕ ਸਬਸਿਡੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ।
Summary in English: Planning for efficient use of water and higher yield of kharif crops