ਸਾਡੇ ਕਿਸਾਨ ਭਰਾ ਕਣਕ ਦੀ ਪਛੇਤੀ ਕਿਸਮ PBW 757 ਦੀ ਬਿਜਾਈ ਅੱਧ ਜਨਵਰੀ ਤੱਕ ਕਰ ਸਕਦੇ ਹਨ, ਇਹ ਪੀਲੀ ਕੁੰਗੀ ਅਤੇ ਭੂਰੀ ਜੰਗਾਲ ਰੋਗਾਂ ਪ੍ਰਤੀ ਰੋਧਕ ਹੈ।
Wheat Variety: ਕਣਕ ਦੀ ਇਹ ਕਿਸਮ ਪੰਜਾਬ ਵਿੱਚ ਬਹੁਤ ਦੇਰ ਨਾਲ ਬਿਜਾਈ ਵਾਲੀਆਂ ਹਾਲਤਾਂ ਵਿੱਚ ਭਾਵ ਜਨਵਰੀ ਵਿੱਚ ਸਿੰਚਾਈ ਲਈ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤ ਉਚਾਈ 82 ਸੈਂਟੀਮੀਟਰ ਹੁੰਦੀ ਹੈ ਅਤੇ ਲਗਭਗ 114 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਪੀਲੇ ਝੁਲਸ ਅਤੇ ਭੂਰੀ ਜੰਗਾਲ ਪ੍ਰਤੀ ਰੋਧਕ ਹੈ। ਕਣਕ ਨੂੰ ਚੁਹਿਆਂ, ਕੀੜਿਆਂ ਅਤੇ ਨਦੀਨਾਂ ਤੋਂ ਬਚਾਉਣ ਲਈ ਪੀਏਯੂ ਦੁਆਰਾ ਸੁਝਾਏ ਗਏ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ...
ਪੰਜਾਬ 'ਚ ਕਣਕ ਹਾੜੀ ਦੀ ਮੁੱਖ ਫ਼ਸਲ ਮੰਨੀ ਜਾਂਦੀ ਹੈ ਅਤੇ ਭਾਰਤ ਵਿੱਚ 13% ਫਸਲੀ ਖੇਤਰਾਂ ਵਿੱਚ ਕਣਕ ਉਗਾਈ ਜਾਂਦੀ ਹੈ। ਝੋਨੇ ਤੋਂ ਬਾਅਦ ਕਣਕ ਭਾਰਤ ਦੀ ਸੱਭ ਤੋਂ ਮਹੱਤਵਪੂਰਨ ਅਨਾਜ ਫਸਲ ਹੈ ਅਤੇ ਭਾਰਤ ਦੇ ਉੱਤਰੀ ਅਤੇ ਉੱਤਰੀ ਪੱਛਮੀ ਪ੍ਰਦੇਸ਼ਾ ਦੇ ਲੱਖਾਂ ਲੋਕਾਂ ਦਾ ਮੁੱਖ ਭੋਜਨ ਵੀ ਹੈ।
ਇਹ ਪ੍ਰੋਟੀਨ, ਵਿਟਾਮਿਨ ਅਤੇ ਕਾਰਬੋਹਾਈਡ੍ਰੇਟਸ ਦਾ ਸ੍ਰੋਤ ਹੈ ਅਤੇ ਸੰਤੁਲਿਤ ਭੋਜਨ ਪ੍ਰਦਾਨ ਕਰਦੀ ਹੈ। ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਹੈ। ਵਿਸ਼ਵ ਵਿੱਚ ਪੈਦਾ ਹੋਣ ਵਾਲੀ ਕਣਕ ਦੀ ਪੈਦਾਵਾਰ ਵਿੱਚ ਭਾਰਤ ਦਾ ਯੋਗਦਾਨ 8.7 ਫੀਸਦੀ ਹੈ।
ਇਹ ਵੀ ਪੜ੍ਹੋ : ਇਸ ਕਣਕ ਦੀ ਕਾਸ਼ਤ ਤੋਂ ਮਿਲੇਗਾ ਇੱਕ ਵਿੱਘੇ ਖੇਤ 'ਚੋਂ 10 ਤੋਂ 12 ਕੁਇੰਟਲ ਝਾੜ, ਕਿਸਾਨ ਇੱਥੋਂ ਖਰੀਦਣ ਕਣਕ ਦੇ ਬੀਜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਇਜਾਦ ਕਰਨ ਦੀ ਖੋਜ ਹੁੰਦੀ ਰਹਿੰਦੀ ਹੈ ਤੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਹ ਸਿਫ਼ਾਰਸ਼ ਕੀਤੀਆਂ ਨਵੀਆਂ ਕਿਸਮਾਂ ਇਨ੍ਹਾਂ ਤਜਰਬਿਆਂ ਦੌਰਾਨ ਝਾੜ ਪੱਖੋਂ ਮੋਹਰੀ ਹੁੰਦੀਆਂ ਹਨ। ਇਹ ਬਿਮਾਰੀਆਂ ਤੋਂ ਵੀ ਰਹਿਤ ਹੁੰਦੀਆਂ ਹਨ ਜਾਂ ਬਿਮਾਰੀਆ ਦਾ ਘੱਟ ਅਸਰ ਹੁੰਦਾ ਹੈ। ਵਧੀਆ ਪੈਦਾਵਾਰ ਲੈਣ ਲਈ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਚੋਣ ਖੇਤਰ, ਬਿਜਾਈ ਦੇ ਸਮੇਂ, ਫ਼ਸਲੀ ਚੱਕਰ ਤੇ ਮੁਹੱਈਆ ਸਰੋਤਾਂ ਅਨੁਸਾਰ ਕਰਨੀ ਚਾਹੀਦੀ ਹੈ।
ਸੇਂਜੂ ਹਾਲਤਾਂ ਵਿੱਚ ਪਛੇਤੀ ਬਿਜਾਈ ਲਈ ਕਿਸਮਾਂ
● ਪੀ. ਬੀ. ਡਬਲਯੂ 771 (2020) : ਇਸ ਦਾ ਔਸਤਨ ਕੱਦ 80 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 133 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ।
● ਪੀ. ਬੀ. ਡਬਲਯੂ 757 (2020) : ਇਸ ਦੀ ਬਿਜਾਈ ਅੱਧ ਜਨਵਰੀ ਤਕ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਕੱਦ 82 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 114 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 15.8 ਕੁਇੰਟਲ ਪ੍ਰਤੀ ਏਕੜ ਹੈ।
● ਪੀ. ਬੀ. ਡਬਲਯੂ 752 (2019) : ਇਸ ਦਾ ਔਸਤ ਕੱਦ 89 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 130 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 19.2 ਕੁਇੰਟਲ ਪ੍ਰਤੀ ਏਕੜ ਹੈ।
ਇਹ ਵੀ ਪੜ੍ਹੋ : ਵਧੀਆ ਝਾੜ ਦੇਣ ਵਾਲੀਆਂ ਕਣਕ ਦੀਆਂ ਨਵੀਆਂ ਕਿਸਮਾਂ
ਪੀਏਯੂ ਨੇ ਸਾਂਝੇ ਕੀਤੇ ਜ਼ਰੂਰੀ ਨੁਕਤੇ
● ਇਸ ਸਮੇਂ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਚੁਹਿਆਂ ਤੋਂ ਬਚਾਉਣ ਲਈ ਬੀਜਣ ਤੋਂ ਬਾਅਦ 10-15 ਦਿਨ ਦੇ ਵਕਫੇ ਤੇ ਦੋ ਵਾਰ 2 % ਜਿੰਕ ਫਾਸਫਾਇਡ ਦਵਾਈ ਦਾ ਚੋਗ ਖੁੰਡਾਂ ਵਿੱਚ (ਸਿੰਚਾਈ ਤੋਂ ਇਕ ਹਫਤਾ ਪਹਿਲੇ ਜਾਂ ਬਾਅਦ) ਰੱਖੋ।
● ਖੇਤਾਂ ਵਿੱਚ ਗੁੱਲੀ ਡੰਡਾ ਦੇ ਫੈਲਾਅ ਨੂੰ ਰੋਕਣ ਲਈ ਸਿਫਾਰਿਸ਼ ਕੀਤੇ ਨਦੀਨ ਨਾਸ਼ਕ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਵਰਤੋ।
● ਜਿਹੜੀ ਕਣਕ ਦੀ ਫਸਲ ਵਿੱਚ ਮੈਗਨੀਜ਼ ਦੀ ਘਾਟ ਕਰਕੇ ਪੱਤੇ ਪੀਲੇ ਪਏ ਨਜ਼ਰ ਆਉਣ ਉਥੇ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦੀ ਸਲਾਹ ਦਿੱਤੀ ਜਾਂਦੀ ਹੈ।
● ਰੇਤਲੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਕਾਰਨ ਉੱਪਰਲੇ ਨਵੇਂ ਪੱਤੇ ਹਲਕੇ ਹਰੇ ਅਤੇ ਫਿਰ ਪੀਲੇ ਹੋ ਜਾਂਦੇ ਹਨ ਜਦੋਂਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ।
● ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇੱਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਉ।
● ਇਨ੍ਹਾਂ ਦਿਨਾਂ ਵਿੱਚ ਕਣਕ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰੋ। ਜੇਕਰ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਵੇ ਤਾਂ ਫਸਲ ਤੇ 0.1% ਕਸਟੋਡੀਆ/ਕੈਵੀਐਟ/ਓੁਪੇਰਾ/ਟਿਲਟ/ਸਿਟਲਟ/ਬੰਪਰ/ਸ਼ਾਈਨ/ਮਾਰਕਜ਼ੋਲ ਜਾਂ 0.06 % ਨਟੀਵੋ ਦਾ ਛਿੜਕਾਅ ਸਾਫ ਮੌਸਮ ਹੋਣ ਤੇ ਕਰੋ।
Summary in English: Sow late wheat variety PBW 757 in January, use this weed killer to prevent Gulli Danda