Punjab Farmers: ਵਿਦੇਸ਼ਾਂ ਵੱਲ ਨੂੰ ਭੱਜਦੇ ਪੰਜਾਬ ਦੇ ਨੌਜਵਾਨ ਜੇਕਰ ਖੇਤੀ ਸਹਾਇਕ ਧੰਦਿਆਂ ਨੂੰ ਪਹਿਲ ਦੇਣ ਤਾਂ ਖੇਤੀ ਕਾਰੋਬਾਰ ਵਿੱਚ ਨਵੀਆਂ ਉਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਨੌਜਵਾਨ ਕਿਸਾਨਾਂ ਲਈ ਖੇਤੀਬਾੜੀ ਨਾਲ ਸਬੰਧਤ ਕਈ ਪਹਿਲਕਦਮੀਆਂ ਕੀਤੀਆਂ ਜਾਂਦੀਆਂ ਹਨ। ਕਿਸਾਨਾਂ ਲਈ ਮਸੀਹਾ ਮੰਨੀ ਜਾਂਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਮੇਂ-ਸਮੇਂ 'ਤੇ ਨਵੇਕਲੇ ਉਪਰਾਲੇ ਕਰਦੀ ਰਹਿੰਦੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।
ਇਸ ਲੜੀ ਨੂੰ ਅੱਗੇ ਤੋਰਦਿਆਂ ਪੀਏਯੂ ਨੇ ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਖੇਤੀਬਾੜੀ ਨਾਲ ਸਬੰਧਤ ਇੱਕ ਤਿਮਾਹੀ ਕੋਰਸ ਸ਼ੁਰੂ ਕੀਤਾ ਹੈ।ਆਓ ਜਾਣਦੇ ਹਾਂ ਪੂਰਾ ਵੇਰਵਾ...
ਹੁਨਰ ਵਿਕਾਸ ਸਿਖਲਾਈ ਕੋਰਸ ਦਾ ਨਵਾਂ ਬੈਚ ਸ਼ੁਰੂ
ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ 'ਤੇ ਤਿਮਾਹੀ ਹੁਨਰ ਵਿਕਾਸ ਸਿਖਲਾਈ ਕੋਰਸ ਦਾ ਨਵਾਂ ਬੈਚ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤਿਮਾਹੀ ਸਿਖਲਾਈ ਕੋਰਸ ਵਿੱਚ 32 ਸਿਖਿਆਰਥੀ ਭਾਗ ਲੈ ਰਹੇ ਹਨ। ਇਸ ਕੋਰਸ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਡਾਇਰੈਕਟਰ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਕੋਰਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਖੇਤੀ ਨੂੰ ਵਿਗਿਆਨਕ ਲੀਹਾਂ ’ਤੇ ਲਿਆਉਣ ਨੂੰ ਤਰਜੀਹ
ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਕੋਰਸ ਵਿੱਚ ਖੇਤੀ ਨੂੰ ਵਿਗਿਆਨਕ ਲੀਹਾਂ 'ਤੇ ਅੱਗੇ ਵਧਾਉਣ ਲਈ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਖੇਤੀ ਨੂੰ ਸਿਰਫ਼ ਉਤਪਾਦਨ ਤੱਕ ਸੀਮਤ ਨਾ ਰਹਿ ਕੇ ਇੱਕ ਧੰਦੇ ਵਜੋਂ ਪ੍ਰਫੁੱਲਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਜੁੜ ਕੇ ਖੇਤੀਬਾੜੀ ਬਾਰੇ ਹੋਰ ਗਿਆਨ ਹਾਸਲ ਕਰਨ ਲਈ ਵੀ ਪ੍ਰੇਰਿਤ ਕੀਤਾ।
ਖੇਤੀਬਾੜੀ ਸਹਾਇਕ ਕਿੱਤਿਆਂ ਨੂੰ ਪਹਿਲ
ਕੋਰਸ ਦੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਮਿਤੀ ਮਾਰਚ 28, 2024 ਤੱਕ ਚੱਲੇਗਾ। ਉਨ੍ਹਾਂ ਇਸ ਕੋਰਸ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਖਿਆਰਥੀ ਆਪਣੇ ਕਿੱਤੇ ਵਿੱਚ ਮੁਹਾਰਤ ਲਿਆ ਕੇ ਅਤੇ ਖੇਤੀਬਾੜੀ ਸਹਾਇਕ ਕਿੱਤਿਆਂ ਨੂੰ ਪਹਿਲ ਦੇ ਕੇ ਖੇਤੀਬਾੜੀ ਕਿੱਤੇ ਵਿੱਚ ਨਵੀਆਂ ਉਚਾਈਆਂ ਹਾਸਲ ਕਰ ਸਕਦੇ ਹਨ।
ਇਹ ਵੀ ਪੜੋ: PAU-GADVASU ਵੱਲੋਂ ਨਵੇਂ ਸਾਲ ਦਾ ਡਾਇਰੀ ਅਤੇ ਕੈਲੰਡਰ ਲੋਕ ਅਰਪਣ
ਸਿਖਿਆਰਥੀਆਂ ਨੂੰ ਅਪੀਲ
ਦੱਸਣਯੋਗ ਹੈ ਕਿ ਇਸ ਮੌਕੇ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਖੇਤੀ ਖੋਜ ਫਾਰਮਾਂ ਦੀ ਗਿਆਨਵਰਧਕ ਫੇਰੀ ਵੀ ਕਰਵਾਈ ਗਈ ਅਤੇ ਡਾ. ਲਵਲਿਸ਼ ਗਰਗ ਨੇ ਆਏ ਹੋਏ ਮਹਿਮਾਨਾਂ, ਸਟਾਫ਼ ਮੈਂਬਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਮੂਹ ਸਿਖਿਆਰਥੀਆਂ ਨੂੰ ਇਸ ਕੋਰਸ ਦਾ ਭਰਪੂਰ ਲਾਹਾ ਲੈਣ ਦੀ ਅਪੀਲ ਕੀਤੀ।
Summary in English: A golden opportunity for the youth of Punjab, quarterly courses related to agriculture started