ਪੰਜਾਬ 'ਚ ਕਣਕ ਹਾੜ੍ਹੀ ਸੀਜ਼ਨ ਦੀ ਮੁੱਖ ਫ਼ਸਲ ਹੈ। ਮੰਨਿਆ ਜਾਂਦਾ ਹੈ ਕਿ ਚੰਗੇ ਝਾੜ ਲਈ ਕਣਕ ਦੀ ਬਿਜਾਈ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ। ਅਜਿਹੇ 'ਚ ਨਵੰਬਰ ਦਾ ਪਹਿਲਾ ਪੰਦਰ੍ਹਵਾੜਾ ਕਣਕ ਦੀ ਬਿਜਾਈ ਲਈ ਬਹੁਤ ਢੁਕਵਾਂ ਹੁੰਦਾ ਹੈ। ਪਰ ਪੰਜਾਬ ਵਿੱਚ ਐਤਕੀਂ ਕਿਸਾਨਾਂ ਸਾਹਮਣੇ ਡੀਏਪੀ ਖਾਦ ਦਾ ਸੰਕਟ ਬਣਿਆ ਹੋਇਆ ਹੈ, ਜਿਸਦੇ ਚਲਦਿਆਂ ਕਣਕ ਦੀ ਬਿਜਾਈ ਵਿੱਚ ਦੇਰੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ...
ਹਾੜੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਕਿਸਾਨ ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਇਸ ਦੇ ਬਾਵਜੂਦ ਪੰਜਾਬ ਦੇ ਕਿਸਾਨ ਕਣਕ ਦੀ ਬਿਜਾਈ ਵਿੱਚ ਪਛੜ ਰਹੇ ਹਨ। ਇਸ ਦਾ ਮੁੱਖ ਕਾਰਨ ਸੂਬੇ ਵਿੱਚ ਲੋੜੀਂਦੀ ਮਾਤਰਾ ਵਿੱਚ ਡੀਏਪੀ ਖਾਦ ਦਾ ਨਾ ਮਿਲਣਾ ਹੈ। ਅਜਿਹੇ 'ਚ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਣਕ ਦੀ ਬਿਜਾਈ 15 ਨਵੰਬਰ ਤੱਕ ਚੱਲਣੀ ਹੈ, ਪਰ ਖ਼ਬਰਾਂ ਮਿਲ ਰਹੀਆਂ ਹਨ ਕਿ ਪੇਂਡੂ ਸਹਿਕਾਰੀ ਸਭਾਵਾਂ ਕੋਲ ਡੀਏਪੀ ਖਾਦ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਨਹੀਂ ਹੈ। ਜਿਸਦੇ ਚਲਦਿਆਂ ਇਹ ਘਾਟਾ ਸਮੁੱਚੀ ਖੇਤੀ ਲਈ ਵੱਡੀ ਸਮੱਸਿਆ ਬਣ ਰਿਹਾ ਹੈ। ਹਾਲਾਂਕਿ, ਦੂਜੇ ਪਾਸੇ ਖਾਦ ਡੀਲਰਾਂ ਵੱਲੋਂ ਖਾਦ ਦੀ ਕਮੀ ਦਾ ਪੂਰਾ ਲਾਹਾ ਚੁੱਕਿਆ ਜਾ ਰਿਹਾ ਹੈ।
ਖਾਦ ਦੀ ਅਣਹੋਂਦ ਵਿੱਚ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੇ ਚੱਕਰ ਕੱਟ ਕੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪਰ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬੀ ਟ੍ਰਿਬਿਊਨ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 30 ਨਵੰਬਰ ਤੱਕ 7.50 ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਲੋੜ ਹੈ, ਜਦੋਂਕਿ ਪਹਿਲੀ ਅਪਰੈਲ ਤੋਂ ਹੁਣ ਤੱਕ 5.10 ਲੱਖ ਮੀਟਰਿਕ ਟਨ ਡੀਏਪੀ ਖਾਦ ਉਪਲੱਬਧ ਹੋਈ ਹੈ।
ਜਾਣਕਾਰੀ ਮੁਤਾਬਿਕ ਨਵੀਂ ਸਰਕਾਰ ਨੇ ਇਸ ਵਾਰ ਨਵਾਂ ਤਜਰਬਾ ਕੀਤਾ ਹੈ ਕਿ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਕਰਨ ਵਿੱਚ ਇਫਕੋ ਦੀ ਹਿੱਸੇਦਾਰੀ ਵਿੱਚ ਵਾਧਾ ਕੀਤਾ ਹੈ ਅਤੇ ਇਫਕੋ ਹੀ ਪੇਂਡੂ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਕਰਨ ਵਿੱਚ ਪੱਛੜ ਰਿਹਾ ਹੈ। ਪਿਛਲੇ ਵਰ੍ਹਿਆਂ ਵਿੱਚ ਪੇਂਡੂ ਸਹਿਕਾਰੀ ਸਭਾਵਾਂ ਨੂੰ 75 ਫ਼ੀਸਦੀ ਖਾਦ ਮਾਰਕਫੈੱਡ ਸਪਲਾਈ ਕਰਦਾ ਸੀ, ਜਦੋਂਕਿ 25 ਫ਼ੀਸਦੀ ਖਾਦ ਦੀ ਸਪਲਾਈ ਇਫਕੋ ਵੱਲੋਂ ਦਿੱਤੀ ਜਾਂਦੀ ਸੀ। ਇਸ ਵਾਰ ਸਹਿਕਾਰਤਾ ਵਿਭਾਗ ਨੇ ਇਫਕੋ ਦੀ ਖਾਦ ਸਪਲਾਈ ਵਿੱਚ ਹਿੱਸੇਦਾਰੀ ਵਧਾ ਕੇ 35 ਫ਼ੀਸਦੀ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਤਕਰੀਬਨ 3500 ਪੇਂਡੂ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਨੂੰ ਇਫਕੋ ਨੇ ਕੁੱਲ 1.08 ਲੱਖ ਮੀਟਰਿਕ ਟਨ ਡੀਏਪੀ ਦੀ ਸਪਲਾਈ ਕਰਨੀ ਸੀ, ਪਰ ਇਫਕੋ ਨੇ ਕਰੀਬ 30 ਹਜ਼ਾਰ ਮੀਟਰਿਕ ਟਨ ਦੀ ਸਪਲਾਈ ਕੀਤੀ ਹੈ। ਮਾਰਕਫੈੱਡ ਵੱਲੋਂ ਸਹਿਕਾਰੀ ਸਭਾਵਾਂ ਨੂੰ 1.95 ਲੱਖ ਮੀਟਰਿਕ ਟਨ ਡੀਏਪੀ ਸਪਲਾਈ ਕੀਤੀ ਜਾਣੀ ਸੀ ਅਤੇ ਹੁਣ ਤੱਕ ਮਾਰਕਫੈੱਡ 1.40 ਲੱਖ ਮੀਟਰਿਕ ਟਨ ਡੀਏਪੀ ਸਹਿਕਾਰੀ ਸਭਾਵਾਂ ਨੂੰ ਦੇ ਚੁੱਕਿਆ ਹੈ। ਇਸ ਨਜ਼ਰੀਏ ਤੋਂ ਦੇਖੀਏ ਤਾਂ ਮਾਰਕਫੈੱਡ ਦੀ ਸਪਲਾਈ ਬਿਹਤਰ ਜਾਪਦੀ ਹੈ।
ਇਹ ਵੀ ਪੜ੍ਹੋ : 'ਜੀਐਮ ਸਰ੍ਹੋਂ' ਦੀ ਵਪਾਰਕ ਵਰਤੋਂ ਨੂੰ ਮਿਲੀ ਮਨਜ਼ੂਰੀ, ਹਾਈਬ੍ਰਿਡ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਵਿਵਾਦ
ਜਿਕਰਯੋਗ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਖਾਦ ਦੇ ਭਾਅ ਉੱਚੇ ਹਨ ਅਤੇ 80 ਫ਼ੀਸਦੀ ਖਾਦ ਭਾਰਤ ਵਿਦੇਸ਼ਾਂ ਤੋਂ ਲਿਆਉਂਦਾ ਹੈ। ਕੁਝ ਸਮਾਂ ਪਹਿਲਾਂ ਕੌਮਾਂਤਰੀ ਮਾਰਕੀਟ ਵਿੱਚ ਡੀਏਪੀ 1050 ਡਾਲਰ ਪ੍ਰਤੀ ਐੱਮਟੀਸੀ ਅਤੇ ਹੁਣ ਇਹ ਭਾਅ 700 ਡਾਲਰ ਪ੍ਰਤੀ ਮੀਟਰਿਕ ਟਨ 'ਤੇ ਆ ਗਿਆ ਹੈ। ਇਸ ਦੇ ਬਾਵਜੂਦ ਸਪਲਾਈ ਢੁਕਵੀਂ ਮਿਲ ਨਹੀਂ ਰਹੀ ਹੈ। ਪ੍ਰਾਈਵੇਟ ਡੀਲਰਾਂ ਕੋਲ ਕਰੀਬ 80 ਹਜ਼ਾਰ ਮੀਟਰਿਕ ਟਨ ਡੀਏਪੀ ਖਾਦ ਪਹੁੰਚੀ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਕਣਕ ਦੀ ਬਿਜਾਈ ਤੋਂ ਪਹਿਲਾਂ ਡੀਏਪੀ ਦੀ ਢੁੱਕਵੀਂ ਸਪਲਾਈ ਯਕੀਨੀ ਨਹੀਂ ਬਣਾ ਸਕੀ ਹੈ ਅਤੇ ਨਿੱਜੀ ਖਾਦ ਡੀਲਰ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਸ਼ਹਿਰਾਂ ਵਿੱਚ ਪ੍ਰਾਈਵੇਟ ਡੀਲਰ ਕਿਸਾਨਾਂ 'ਤੇ ਖਾਦ ਦੇ ਨਾਲ ਹੋਰ ਕੀਟਨਾਸ਼ਕ ਦੀ ਵਿਕਰੀ ਥੋਪ ਰਹੇ ਹਨ।
ਖੇਤੀ ਮਾਹਿਰਾਂ ਦੀ ਮੰਨੀਏ ਤਾਂ ਕਣਕ ਦੀ ਬਿਜਾਈ ਵਿੱਚ ਸਿਰਫ਼ 20 ਦਿਨ ਰਹਿ ਗਏ ਹਨ ਅਤੇ ਇਨ੍ਹਾਂ ਦਿਨਾਂ ਦੌਰਾਨ ਡੀਏਪੀ ਦੀ ਸਪਲਾਈ ਨਾ ਹੋਈ ਤਾਂ ਕਿਸਾਨਾਂ ਦੀ ਅਗਲੀ ਫ਼ਸਲ ਦੇ ਝਾੜ 'ਤੇ ਵੀ ਅਸਰ ਪਵੇਗਾ।
Summary in English: Delay in sowing of wheat due to lack of DAP fertilizer, Fear of having a negative impact on the yield!