Hockey Tournament: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਡਾਇਮੰਡ ਜੁਬਲੀ ਵਰ੍ਹੇ ਨੂੰ ਸਮਰਪਿਤ ‘ਪੀ.ਏ.ਯੂ. ਡਾਇਮੰਡ ਜੁਬਲੀ ਹਾਕੀ ਟੂਰਨਾਮੈਂਟ’ ਨੂੰ 18-20 ਸਤੰਬਰ ਆਯੋਜਿਤ ਕੀਤਾ ਜਾਵੇਗਾ। ਇਹ ਟੂਰਨਾਮੈਂਟ ਪੀ.ਏ.ਯੂ. ਸਪੋਰਟਸ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤਾ ਜਾਵੇਗਾ।
ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਪ੍ਰਧਾਨ ਅਤੇ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਜੇਤੂ ਟੀਮ ਨੂੰ ‘ਸ. ਅਰਜਨ ਸਿੰਘ ਭੁੱਲਰ ਕੱਪ’ ਦਿੱਤਾ ਜਾਵੇਗਾ ਅਤੇ 25000 ਰੁਪਏ ਦੀ ਰਾਸ਼ੀ ਭੇਂਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ 15000 ਅਤੇ 10,000 ਦੀ ਰਾਸ਼ੀ ਤੋਂ ਇਲਾਵਾ ਮੈਡਲਾਂ ਨਾਲ ਸਨਾਮਨਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਕੱਪ ਯੂਨੀਵਰਸਿਟੀ ਦੇ ਸਾਬਕਾ ਕੋਚ ਸ. ਹਰਿੰਦਰ ਸਿੰਘ ਭੁੱਲਰ ਦੇ ਪਿਤਾ ਦੀ ਯਾਦ ਵਿੱਚ ਭੇਂਟ ਕੀਤਾ ਜਾਵੇਗਾ।
ਐਸੋਸੀਏਸ਼ਨ ਦੇ ਕਾਰਜਕਾਰੀ ਅਧਿਕਾਰੀ ਸ. ਅਜੈਪਾਲ ਸਿੰਘ ਪੁੰਨੀਆ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਮਾਣਯੋਗ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ, ਜਦੋਂਕਿ ਉਦਘਾਟਨੀ ਸਮਾਰੋਹ ਦੇ ਵਿੱਚ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਜੀ ਦਾ ਪੁੱਤਰ ਸਾਬਕਾ ਓਲੰਪੀਅਨ ਅਤੇ ਅਰਜਨ ਐਵਾਰਡ ਜੇਤੂ ਸ਼੍ਰੀ ਅਸ਼ੋਕ ਕੁਮਾਰ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਇਹ ਟੂਰਨਾਮੈਂਟ ਪੀ.ਏ.ਯੂ. ਦੇ ਸ. ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਮੌਜੂਦਾ ਹਾਕੀ ਕੋਚ ਸ. ਗੁਰਤੇਗ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਸੂਬੇ ਦੀਆਂ 8 ਨਾਮੀ ਅਕੈਡਮੀਆਂ ਭਾਗ ਲੈ ਰਹੀਆਂ ਹਨ।
ਇਹ ਵੀ ਪੜ੍ਹੋ: 'ਵੱਖ ਵੱਖ ਫਸਲਾਂ ਦੀਆਂ 940 ਕਿਸਮਾਂ ਦੀ ਖੋਜ, ਕੌਮੀ ਪੱਧਰ 'ਤੇ ਕਾਸ਼ਤ ਲਈ 229 ਕਿਸਮਾਂ ਦੀ ਪਛਾਣ'
ਉਹਨਾਂ ਦੱਸਿਆ ਕਿ ਫਾਈਨਲ ਮੈਚ ਦੇ ਵਿੱਚ ਸਾਬਕਾ ਓਲੰਪੀਅਨ ਅਤੇ ਅਰਜਨ ਐਵਾਰਡੀ ਸ. ਸੁਰਿੰਦਰ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦੋਂਕਿ ਡਾ. ਗੋਸਲ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਐਸੋਸੀਏਸ਼ਨ ਦੇ ਸਕੱਤਰ ਡਾ. ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਵਧੀਆ ਖਿਡਾਰੀ, ਸਰਵੋਤਮ ਫੁੱਲ ਬੈਕ, ਫਾਰਵਰਡ, ਗੋਲਕੀਪਰ, ਰੱਖਿਅਕ ਖਿਡਾਰੀ ਅਤੇ ਹਰ ਮੈਚ ਦੇ ਸਰਵੋਤਮ ਖਿਡਾਰੀ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਯਾਦ ਰਹੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੁਣ ਤੱਕ 3 ਓਲੰਪੀਅਨ ਪੈਦਾ ਕੀਤੇ ਹਨ ਅਤੇ ਇਸ ਦੇ ਕਈ ਖਿਡਾਰੀ ਹਾਕੀ ਦੇ ਵਿਚ ਦੇਸ਼ ਦਾ ਨਾਂ ਰੌਸ਼ਨ ਕਰ ਸਕੇ ਹਨ।
Summary in English: Diamond Jubilee Hockey Tournament on 18-20 September