Veterinary University: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਵੱਲੋਂ 10 ਜੁਲਾਈ ਤੋਂ 15 ਅਗਸਤ 2023 ਤਕ ‘ਦੁੱਧ ਦੀ ਮਿਲਾਵਟ ਦੀ ਜਾਂਚ ਅਤੇ ਜਾਗਰੂਕਤਾ’ ਕੈਂਪ ਦਾ ਆਯੋਜਨ ਕੀਤਾ ਗਿਆ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਭੋਜਨ ਸੁਰੱਖਿਆ ਅਤੇ ਉਸ ਦੀ ਕਵਾਲਿਟੀ ਦਾ ਧਿਆਨ ਰੱਖਣ ਲਈ ਇਸ ਕਿਸਮ ਦੇ ਕੈਂਪ ਬਹੁਤ ਸਹਾਈ ਹੋ ਸਕਦੇ ਹਨ। ਖ਼ਪਤਕਾਰਾਂ ਨੂੰ ਸਿੱਖਿਅਤ ਕਰਕੇ ਅਤੇ ਗਿਆਨ ਦੇ ਕੇ ਜਿਥੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਯੋਗਦਾਨ ਪਾਇਆ ਜਾ ਸਕਦਾ ਹੈ ਉਥੇ ਮਿਲਾਵਟੀ ਵਸਤਾਂ ਤੋਂ ਬਚਾਉਣ ਲਈ ਉਨ੍ਹਾਂ ਦੇ ਹੱਕਾਂ ਦੀ ਰਾਖੀ ਵੀ ਕੀਤੀ ਜਾ ਸਕਦੀ ਹੈ।
ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਡੇਅਰੀ ਸਾਇੰਸ ਨੇ ਕਿਹਾ ਕਿ ਕੈਂਪ ਦਾ ਮੁੱਖ ਮੰਤਵ ਸ਼ੁੱਧ ਦੁੱਧ ਅਤੇ ਦੁੱਧ ਉਤਪਾਦ ਵਰਤਣ ਸੰਬੰਧੀ ਚੇਤਨਾ ਪੈਦਾ ਕਰਨਾ ਹੈ। ਖ਼ਪਤਕਾਰਾਂ ਨੂੰ ਮੁਫ਼ਤ ਵਿੱਚ ਦੁੱਧ ਦੀ ਜਾਂਚ ਦੀ ਸਹੂਲਤ ਵੀ ਮੁਹੱਈਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਹੀ 100 ਤੋਂ ਵਧੇਰੇ ਉਪਭੋਗੀਆਂ ਨੇ ਆਪਣੇ ਦੁੱਧ ਦੇ ਨਮੂਨੇ ਜਾਂਚ ਵਾਸਤੇ ਲਿਆਂਦੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਕਾਲਜ ਦੀ ਟੀਮ ਪੰਜਾਬ ਦੇ ਵਿਭਿੰਨ ਜ਼ਿਲ੍ਹਿਆਂ ਦਾ ਦੌਰਾ ਕਰੇਗੀ ਅਤੇ ਇਸ ਗੱਲ ਲਈ ਜਾਗਰੂਕਤਾ ਦੇਵੇਗੀ ਕਿ ਭਰੋਸੇਯੋਗ ਸਾਧਨਾਂ ਜਾਂ ਸਥਾਨਾਂ ਤੋਂ ਹੀ ਸਹੀ ਦੁੱਧ ਲਿਆ ਜਾਵੇ।
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਕਰੇਗੀ IDEATHON-2023 ਦਾ ਆਯੋਜਨ
ਡਾ. ਅੰਜੂ ਬੋਰ੍ਹਾ ਖਟਕੜ, ਕੈਂਪ ਸੰਯੋਜਕ ਨੇ ਦੱਸਿਆ ਕਿ ਇਸ ਕੈਂਪ ਵਿਚ ਵੱਖੋ-ਵੱਖਰੇ ਮਿਲਾਵਟੀ ਤੱਤ ਜਿਵੇਂ ਪਾਣੀ, ਸਟਾਰਚ, ਕਪੜੇ ਧੋਣ ਵਾਲਾ ਪਾਊਡਰ ਅਤੇ ਯੂਰੀਆ ਆਦਿ ਦੀ ਜਾਂਚ ਕੀਤੀ ਜਾਏਗੀ ਕਿਉਂਕਿ ਮੁੱਖ ਤੌਰ ’ਤੇ ਇਹ ਮਿਲਾਵਟੀ ਤੱਤ ਹੀ ਦੁੱਧ ਵਿਚ ਸ਼ਾਮਿਲ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ: Campus Interview ਦੌਰਾਨ GADVASU ਵਿਦਿਆਰਥੀਆਂ ਨੂੰ ਮਿਲੀ ਵੱਡੀ ਪ੍ਰਾਪਤੀ
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਦੁੱਧ ਵਿਚ ਮਿਲਾਵਟ ਨਾਲ ਜਿਥੇ ਉਪਭੋਗੀ ਦੀ ਸਿਹਤ ’ਤੇ ਮਾੜੇ ਪ੍ਰਭਾਵ ਪੈਂਦੇ ਹਨ ਉਥੇ ਇਸ ਉਦਯੋਗ ਦੀ ਸਾਖ ਵੀ ਖਰਾਬ ਹੁੰਦੀ ਹੈ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Free camp for awareness about milk adulteration by Veterinary University