1. Home
  2. ਖਬਰਾਂ

German Delegation ਵੱਲੋਂ ਕਣਕ ਦੀਆਂ ਕਿਸਮਾਂ ਅਤੇ ਸਿੰਚਾਈ ਪ੍ਰਣਾਲੀਆਂ ਦੀ ਸ਼ਲਾਘਾ

ਜਲ ਸਰੋਤਾਂ ਦੇ ਟਿਕਾਊ ਪ੍ਰਬੰਧਨ ਲਈ Hydrological ਅੰਕੜਾ ਅਤੇ ਪ੍ਰਕਿਰਿਆਵਾਂ ਦੇ ਨਾਲ-ਨਾਲ ਲਾਗੂ ਕੀਤੇ Hydrological Models ਦੇ ਵਿਕਾਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ: Dr. Thoma

Gurpreet Kaur Virk
Gurpreet Kaur Virk
ਪੀਏਯੂ ਪਹੁੰਚਿਆ ਜਰਮਨ ਪ੍ਰਤੀਨਿਧੀ ਮੰਡਲ

ਪੀਏਯੂ ਪਹੁੰਚਿਆ ਜਰਮਨ ਪ੍ਰਤੀਨਿਧੀ ਮੰਡਲ

ਜਰਮਨੀ ਦੀ ਖੇਤੀ ਨਾਲ ਸੰਬੰਧਿਤ ਪ੍ਰਮੁੱਖ ਸੰਸਥਾ ਬੇਵਾ, ਏਜੀ ਵਿਚ ਪਸਾਰ, ਖੇਤੀਬਾੜੀ ਲਾਗਤਾਂ ਵਿਭਾਗ ਦੇ ਮੁਖੀ ਡਾ. ਜੋਸੇਫ ਥੋਮਾ ਨੇ ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ।

ਡਾ. ਥੋਮਾ ਇੰਡੀਅਨ ਸਕੂਲ ਆਫ਼ ਬਿਜ਼ਨਸ, ਮੋਹਾਲੀ, ਪੰਜਾਬ ਵਿਖੇ ਆਯੋਜਿਤ ਕੀਤੇ ਜਾ ਰਹੇ 5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਵਿੱਚ ਹਨ। ਆਪਣੀ ਸੰਸਥਾ ਬਾਰੇ ਜਾਣਕਾਰੀ ਦਿੰਦੇ ਹੋਏ, ਡਾ. ਥੋਮਾ ਨੇ ਕਿਹਾ ਕਿ ਬੇਵਾ ਗਰੁੱਪ ਜਿੱਥੇ ਤੱਕ ਸੰਭਵ ਹੋ ਸਕੇ ਨਕਾਰਾਤਮਕ ਪ੍ਰਭਾਵਾਂ ਨੂੰ ਘਟਾਉਣਾ ਚਾਹੁੰਦਾ ਹੈ ਅਤੇ ਆਪਣੀ ਜਲਵਾਯੂ ਰਣਨੀਤੀ ਅਤੇ ਵਾਤਾਵਰਣ ਦੇ ਅਗਾਂਹਵਧੂ ਪ੍ਰਬੰਧਨ ਨਾਲ ਜੀਵਨ ਦੇ ਅਧਾਰ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਨਾ ਚਾਹੁੰਦਾ ਹੈ।

ਪੰਜਾਬ ਬਾਰੇ ਆਪਣੇ ਪ੍ਰਭਾਵ ਨੂੰ ਬਿਆਨ ਕਰਦੇ ਹੋਏ, ਡਾ. ਥੋਮਾ ਨੇ ਇਸ ਨੂੰ ਕੁਦਰਤ ਦੀ ਉਪਜਾਊ ਮਿੱਟੀ ਅਤੇ ਪਾਣੀ ਨਾਲ ਭਰਪੂਰ ਮੰਨਿਆ। ਉਨ੍ਹਾਂ ਦੱਸਿਆ ਕਿ ਸੰਭਾਵੀ ਜਰਮਨ ਯੋਗਦਾਨ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਅਤੇ ਪਾਣੀ ਦੀ ਸੰਭਾਲ ਵਿੱਚ ਹੋ ਸਕਦਾ ਹੈ। ਉਸ ਨੇ ਦੱਸਿਆ ਕਿ ਜਲ ਸਰੋਤਾਂ ਦੇ ਟਿਕਾਊ ਪ੍ਰਬੰਧਨ ਲਈ ਹਾਈਡ੍ਰੋਲੋਜੀਕਲ ਅੰਕੜਾ ਅਤੇ ਪ੍ਰਕਿਰਿਆਵਾਂ ਦੇ ਨਾਲ-ਨਾਲ ਲਾਗੂ ਕੀਤੇ ਹਾਈਡ੍ਰੋਲੋਜੀਕਲ ਮਾਡਲਾਂ ਦੇ ਵਿਕਾਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: PAU: ਡਾ. ਪਰਮਿੰਦਰ ਸਿੰਘ ਬਣੇ Floriculture ਅਤੇ Landscaping ਵਿਭਾਗ ਦੇ ਮੁਖੀ

ਉਨ੍ਹਾਂ ਕਿਹਾ ਕਿ ਸਹਿਯੋਗ ਹਾਈਡ੍ਰੋਲੋਜੀਕਲ ਅਤਿਅੰਤ (ਹੜ੍ਹ ਅਤੇ ਸੋਕੇ), ਏਕੀਕ੍ਰਿਤ ਜਲ ਸਰੋਤ ਪ੍ਰਬੰਧਨ, ਭੂਮੀਗਤ ਪਾਣੀ ਪ੍ਰਣਾਲੀਆਂ ਵਿੱਚ ਮਿਸ਼ਰਣ ਪ੍ਰਕਿਰਿਆਵਾਂ, ਪਾਣੀ ਦੀ ਗੁਣਵੱਤਾ, ਰਿਮੋਟ ਸੈਂਸਿੰਗ ਅਤੇ ਹਾਈਡ੍ਰੋਲੋਜੀਕਲ ਡਿਜੀਟਾਈਜੇਸ਼ਨ ਦੇ ਵਿਸ਼ਿਆਂ 'ਤੇ ਸਹਿਯੋਗ ਦੀ ਸੰਭਾਵਨਾ ਹੈ।

ਜਦੋਂ ਡਾ. ਥੋਮਾ ਨੇ ਪੀਏਯੂ ਦੇ ਅੰਦਰ ਖਾਸ ਥਾਵਾਂ ਦਾ ਦੌਰਾ ਕੀਤਾ, ਤਾਂ ਉਹ ਮਿੱਟੀ ਦੇ ਅਜਾਇਬ ਘਰ ਤੋਂ ਆਕਰਸ਼ਤ ਹੋਏ ਅਤੇ ਉਨ੍ਹਾਂ ਨੇ ਕਣਕ ਦੀਆਂ ਕਿਸਮਾਂ, ਖਾਸ ਕਰਕੇ ਸ਼ੂਗਰ ਰੋਗੀਆਂ ਲਈ ਰੋਧਕ ਸਟਾਰਚ ਕਿਸਮ ਅਤੇ ਉੱਚ ਜ਼ਿੰਕ ਕਿਸਮਾਂ ਦੀ ਸ਼ਲਾਘਾ ਕੀਤੀ; ਸੈਂਸਰ ਅਧਾਰਤ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਕਣਕ ਦੀ ਜ਼ਮੀਨਦੋਜ਼ ਸਿੰਚਾਈ; ਅਤੇ ਟਿਸ਼ੂ ਕਲਚਰ, ਐਰੋਪੋਨਿਕਸ ਅਤੇ ਪੌਲੀ ਸਕਰੀਨ ਹਾਊਸ ਕਾਸ਼ਤ ਦੇ ਸੁਮੇਲ ਨਾਲ ਆਲੂ ਦਾ ਸੁਪਰ ਕੁਲੀਨ ਬੀਜ ਉਤਪਾਦਨ ਆਦਿ ਦਾ ਉਨ੍ਹਾਂ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਅਜਿਹੀਆਂ ਨਵੀਆਂ ਤਕਨੀਕਾਂ ਨੂੰ ਅਮਲ ਵਿੱਚ ਲਿਆਉਦੇ ਦੇਖਣਾ ਇੱਕ ਚੰਗਾ ਅਨੁਭਵ ਸੀ।

ਇਹ ਵੀ ਪੜ੍ਹੋ: Good News! ਪੀ.ਏ.ਯੂ ਦੇ ਇਸ ਵਿਭਾਗ ਨੇ ਵਧਾਇਆ ਮਾਣ, ਸਰਵੋਤਮ ਪ੍ਰਸੰਸਾ ਪੁਰਸਕਾਰ ਨਾਲ ਸਨਮਾਨਿਤ

ਪੀਏਯੂ ਦੀ ਮੌਜੂਦਾ ਸਥਿਤੀ ਬਾਰੇ ਮਹਿਮਾਨਾਂ ਨੂੰ ਜਾਣਕਾਰੀ ਦਿੰਦੇ ਹੋਏ, ਡਾ. ਸਤਿਬੀਰ ਸਿੰਘ ਗੋਸਲ ਨੇ ਸੁਰੱਖਿਆ ਅਤੇ ਪ੍ਰੋਸੈਸਿੰਗ ਤਕਨਾਲੋਜੀਆਂ ਵਿੱਚ ਖੋਜ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਜਿਹੀਆਂ ਤਕਨੀਕਾਂ ਤਿਆਰ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਜੋ ਵਾਤਾਵਰਣ ਦੇ ਖਤਰਿਆਂ ਤੋਂ ਬਿਨਾਂ ਲਾਗਤਾਂ ਨੂੰ ਹੁਲਾਰਾ ਦਿੰਦੀਆਂ ਹਨ। 

ਡਾ. ਗੋਸਲ ਨੇ ਦੱਸਿਆ ਕਿ ਪੀਏਯੂ ਜਲਵਾਯੂ ਅਨੁਕੂਲ ਤਕਨੀਕਾਂ, ਜੀਨੋਮ ਸੰਪਾਦਨ, ਗੁਣ-ਵਿਸ਼ੇਸ਼ ਫਸਲ ਵਿਕਾਸ, ਬਾਇਓਸੈਂਸਰ, ਸਪੀਡ ਬਰੀਡਿੰਗ, ਕੰਜ਼ਰਵੇਸ਼ਨ ਐਗਰੀਕਲਚਰ, ਸਟੀਕਸ਼ਨ ਐਗਰੀਕਲਚਰ, ਆਰਟੀਫੀਸ਼ੀਅਲ ਇੰਟੈਲੀਜੈਂਸ, ਆਈਓਟੀ ਆਦਿ ਖੇਤਰਾਂ ਵਿੱਚ ਸਹਿਯੋਗੀ ਖੋਜ ਲਈ ਲਗਾਤਾਰ ਯਤਨਸ਼ੀਲ ਹੈ।

ਡਾ. ਗੁਰਵਿੰਦਰ ਸਿੰਘ ਨੇ ਟਿੱਪਣੀ ਕੀਤੀ ਕਿ ਰਾਜ ਕਿਸਾਨਾਂ ਦੇ ਫਾਇਦੇ ਲਈ ਇੱਕ ਗਤੀਸ਼ੀਲ ਪਸਾਰ ਪ੍ਰਬੰਧ ਦੀ ਉਸਾਰੀ ਕਰਦਾ ਹੈ। ਉਨ੍ਹਾਂ ਦਾ ਵਿਭਾਗ ਲਗਾਤਾਰ ਵੱਧ ਤੋਂ ਵੱਧ ਸਰੋਤ ਅਤੇ ਜਾਣਕਾਰੀ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਸੂਬੇ ਦੇ ਹਰ ਕਿਸਾਨ ਤੱਕ ਪਹੁੰਚ ਕੀਤੀ ਜਾ ਸਕੇ।

ਇਸ ਤੋਂ ਪਹਿਲਾਂ, ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਦੇ ਵਿਕਾਸ ਅਤੇ ਉਨ੍ਹਾਂ ਦੇ ਉਤਪਾਦਨ-ਸੁਰੱਖਿਆ ਤਕਨਾਲੋਜੀ , ਮਿੱਟੀ ਦੀ ਪੁਨਰ-ਨਿਰਮਾਣ ਤਕਨਾਲੋਜੀ, ਫ਼ਸਲ-ਪ੍ਰਣਾਲੀ ਅਤੇ ਵਾਤਾਵਰਨ ਪੱਖੀ ਲਾਗਤਾਂ ਦੇ ਵਿਕਾਸ ਵਿੱਚ ਯੂਨੀਵਰਸਿਟੀ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਖੇਤੀ ਮਸ਼ੀਨੀਕਰਨ, ਵਾਢੀ ਤੋਂ ਬਾਅਦ ਪ੍ਰੋਸੈਸਿੰਗ, ਭੋਜਨ ਇੰਜੀਨੀਅਰਿੰਗ, ਮੁੱਲ ਲੜੀ ਵਿਸ਼ਲੇਸ਼ਣ ਆਦਿ ਬਾਰੇ ਵੀ ਦੱਸਿਆ।

ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਪੀਏਯੂ ਦੇ ਪਸਾਰ ਢਾਂਚੇ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਪੀਏਯੂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਦੇ ਇੱਕ ਢਾਂਚੇ ਰਾਹੀਂ ਖੇਤੀਬਾੜੀ ਪਸਾਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਹੈ। 

ਸੂਬੇ ਦੇ ਲਾਭਪਾਤਰੀ ਵਿਭਾਗਾਂ ਨੂੰ ਕੈਂਪਾਂ/ਖੇਤ ਦਿਵਸਾਂ/ਨਿਗਰਾਨੀ ਦੌਰਾਨ ਯੂਨੀਵਰਸਿਟੀ ਸਟਾਫ਼ ਤੋਂ ਤਕਨੀਕੀ ਸਹਾਇਤਾ ਮਿਲਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਤੱਕ ਪਹੁੰਚਣ ਲਈ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਤੋਂ ਇਲਾਵਾ ਸਾਲ ਵਿੱਚ ਦੋ ਵਾਰ ਕਿਸਾਨ ਮੇਲੇ ਨਿਯਮਤ ਤੌਰ 'ਤੇ ਆਯੋਜਿਤ ਕੀਤੇ ਜਾਂਦੇ ਹਨ।

ਡਾ. ਪਰਦੀਪ ਕੁਮਾਰ ਛੁਨੇਜਾ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਵਫਦ ਨੂੰ ਯੂਨੀਵਰਸਿਟੀ ਵਿੱਚ ਚੱਲ ਰਹੇ ਅਕਾਦਮਿਕ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅਕਾਦਮਿਕ ਕੰਮਾਂ ਦੇ ਉੱਚ ਮਿਆਰਾਂ ਨੂੰ ਸਿੱਖਿਆ ਅਤੇ ਖੋਜ ਦੀਆਂ ਲੋੜਾਂ ਅਨੁਸਾਰ ਨਿਯਮਿਤ ਤੌਰ 'ਤੇ ਸੋਧੇ ਪਾਠਕ੍ਰਮ ਦੇ ਨਾਲ ਪੰਜ ਸੰਵਿਧਾਨਕ ਕਾਲਜਾਂ ਦੁਆਰਾ ਪੂਰਾ ਕੀਤਾ ਜਾਂਦਾ ਹੈ। ਗੱਲਬਾਤ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਦੁਆਰਾ ਕੀਤਾ ਗਿਆ।

Summary in English: German delegation appreciates wheat varieties and irrigation systems

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters