1. Home
  2. ਖਬਰਾਂ

ਕਿਸਾਨਾਂ ਲਈ Good News, ਹਾੜ੍ਹੀ ਦੀਆਂ ਫ਼ਸਲਾਂ ਲਈ ਵੱਡਾ ਉਪਰਾਲਾ

ਕਿਸਾਨ ਪੀਏਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ: PAU VC Dr. Satbir Singh Gosal

Gurpreet Kaur Virk
Gurpreet Kaur Virk
ਕਿਸਾਨ ਪੀਏਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ: ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ

ਕਿਸਾਨ ਪੀਏਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ: ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ

Kisan Mela: ਪੀ.ਏ.ਯੂ. ਦੇ ਹਾੜ੍ਹੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਯਾਨੀ 12 ਸਤੰਬਰ 2023 ਨੂੰ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰਜ਼ ਅਤੇ ਜੰਗਲਾਤ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਸਨ। ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।

ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਹਾਜ਼ਿਰ ਸਨ। ਇਸ ਤੋਂ ਇਲਾਵਾ ਗੁਰਦਾਪੁਰ ਦੇ ਐੱਸ ਐੱਸ ਪੀ ਸ਼੍ਰੀ ਹਰੀਸ਼ ਦਹੀਆ ਅਤੇ ਸ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਮੁੱਖ ਮਹਿਮਾਨ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰਦਾਸਪੁਰ ਕੇਂਦਰ ਵਿਚ ਮੇਲਾ ਲੱਗਣਾ ਇਸ ਇਲਾਕੇ ਦੇ ਕਿਸਾਨਾਂ ਲਈ ਚੰਗਾ ਸ਼ਗਨ ਹੈ।

ਕਿਸਾਨਾਂ ਵੱਲੋਂ ਮੇਲੇ ਦਾ ਪੂਰਾ ਲਾਭ ਲਿਆ ਜਾਣਾ ਚਾਹੀਦਾ ਹੈ, ਬੀਜ, ਸਾਹਿਤ ਤੇ ਫਲਦਾਰ ਬੂਟੇ ਖਰੀਦ ਕੇ ਇਸ ਮੇਲੇ ਦਾ ਮੰਤਵ ਸਿੱਧ ਹੋ ਸਕਦਾ ਹੈ। ਕਿਸਾਨ ਮਾਹਿਰਾਂ ਕੋਲੋਂ ਤਕਨੀਕਾਂ ਸਿੱਖ ਰਹੇ ਹਨ ਤੇ ਆਸ ਹੈ ਕਿ ਇਹ ਤਕਨੀਕਾਂ ਆਪਣੀ ਖੇਤੀ ਉੱਪਰ ਲਾਗੂ ਵੀ ਕਰਨਗੇ। ਉਨ੍ਹਾਂ ਕਿਹਾ ਕਿ ਵਰਤਮਾਨ ਸਰਕਾਰ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ ਤੇ ਜਲਦ ਹੀ ਖੇਤੀਬਾੜੀ ਨੀਤੀ ਲਾਗੂ ਕਰਕੇ ਇਸ ਦਿਸ਼ਾ ਵਿਚ ਵੱਡਾ ਕਦਮ ਪੁੱਟਿਆ ਜਾਵੇਗਾ।

ਸ਼੍ਰੀ ਕਟਾਰੂਚੱਕ ਨੇ ਕਿਹਾ ਕਿ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਏਗੀ ਤੇ ਖੇਤੀ ਤੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਖੇਤੀਬਾੜੀ ਨੂੰ ਸਮਾਜ ਦੀ ਰੀੜ੍ਹ ਦੀ ਹੱਡੀ ਕਹਿੰਦਿਆਂ ਬਦਲਦੇ ਸਮੇਂ ਮੁਤਾਬਕ ਚੁਣੌਤੀਆਂ ਦੇ ਸਾਮ੍ਹਣੇ ਲਈ ਨਵੀਆਂ ਤਕਨੀਕਾਂ ਅਪਣਾਉਣ ਲਈ ਕਿਸਾਨਾਂ ਨੂੰ ਕਿਹਾ। ਇਸ ਖੇਤਰੀ ਕੇਂਦਰ ਤੇ ਪੀ ਏ ਯੂ ਵਲੋਂ ਕੀਤੇ ਕਾਰਜਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਖੋਜ ਇਤਿਹਾਸ ਅੱਗੇ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ ਮਿਲਣੀਆਂ ਨਾਲ ਪਹਿਲੀ ਵਾਰ ਕਿਸਾਨਾਂ ਤਕ ਸਰਕਾਰ ਨੇ ਪਹੁੰਚ ਕੀਤੀ ਤੇ ਕਿਸਾਨਾਂ ਨੂੰ ਬਣਦਾ ਮਾਣ ਵੀ ਦਿੱਤਾ।

ਕਿਸਾਨਾਂ ਦੀ ਮੁਸ਼ੱਕਤ ਸਭ ਤੋਂ ਸਖ਼ਤ ਘਾਲਣਾ ਹੈ ਤੇ ਕਿਸਾਨ ਹੀ ਅਸਲ ਤਜਰਬਾ ਕਰਨ ਵਾਲਾ ਹੁੰਦਾ ਹੈ। ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਆਪਣੇ ਇਲਾਕੇ ਦੇ ਖੇਤਰੀ ਖੋਜ ਕੇਂਦਰਾਂ ਨਾਲ ਸਾਂਝ ਨੂੰ ਪਕੇਰਾ ਕਰਨ ਦੀ ਅਪੀਲ ਕੀਤੀ। ਪਠਾਨਕੋਟ ਨੂੰ ਲੀਚੀ ਦੀ ਕਾਸ਼ਤ ਦਾ ਵਿਸ਼ੇਸ਼ ਖੇਤਰ ਬਣਾਉਣ ਬਾਰੇ ਗੱਲ ਕਰਦਿਆਂ ਸ਼੍ਰੀ ਕਟਾਰੂਚੱਕ ਨੇ ਅਬੋਹਰ ਵਿਚ ਕਿੰਨੂ ਤੇ ਪਠਾਨਕੋਟ ਵਿਚ ਲੀਚੀ ਦੀ ਪ੍ਰੋਸੈਸਿੰਗ ਦੇ ਸੰਸਥਾਨ ਸਥਾਪਿਤ ਕਰਨ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪਠਾਨਕੋਟ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ। ਸ਼੍ਰੀ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅੰਨ ਪੱਖੋਂ ਸੁਰੱਖਿਅਤ ਬਣਾਇਆ। ਇਸ ਲਈ ਆਉਂਦੇ ਦਿਨੀਂ ਫ਼ਸਲਾਂ ਦੀ ਯਕੀਨੀ ਖਰੀਦ ਅਤੇ ਮੰਡੀਆਂ ਵਿਚ ਹਰ ਸਹੂਲਤ ਕਿਸਾਨਾਂ ਮੁਹਈਆ ਕਰਾਈ ਜਾਵੇਗੀ।

ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਰਮਨ ਬਹਿਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮੇਲੇ ਦੇ ਮੰਤਵ ਨੂੰ ਦ੍ਰਿੜ ਕਰਾਇਆ। ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਉੱਪਰ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਸਰਕਾਰ ਦੀ ਖੇਤੀਬਾੜੀ ਦੇ ਵਿਕਾਸ ਬਾਰੇ ਪ੍ਰਤੀਬੱਧਤਾ ਨੂੰ ਦੁਹਰਾਇਆ ਤੇ ਫ਼ਸਲ ਦੀ ਸੁਚਾਰੂ ਖਰੀਦ ਉੱਪਰ ਤਸੱਲੀ ਪ੍ਰਗਟਾਈ। ਸ਼੍ਰੀ ਬਹਿਲ ਨੇ ਖੇਤੀਬਾੜੀ ਨੀਤੀ ਜਾਰੀ ਕਰਨ ਦੇ ਸਰਕਾਰੀ ਫੈਸਲੇ ਬਾਰੇ ਵੀ ਗੱਲ ਕੀਤੀ ਤੇ ਕਿਸਾਨੀ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਮੰਗ ਦੱਸਿਆ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਨਵੀਂ ਸੈਰ ਸਪਾਟਾ ਨੀਤੀ ਵਿਚ ਕਿਸਾਨੀ ਨੂੰ ਖੇਤੀ ਸੈਰ ਸਪਾਟੇ ਦਾ ਖੇਤਰ ਬਣਾਇਆ ਜਾਵੇ। ਇਸ ਤੋਂ ਬਿਨਾਂ ਖੇਤੀ ਪ੍ਰੋਸੈਸਿੰਗ ਬਾਰੇ ਕੋਈ ਪ੍ਰਾਜੈਕਟ ਲਾਉਣ ਦੀ ਅਪੀਲ ਕਰਦਿਆਂ ਸ਼੍ਰੀ ਬਹਿਲ ਨੇ ਕਿਹਾ ਕਿ ਇਸ ਨਾਲ ਇਲਾਕੇ ਵਿਚ ਕਿਸਾਨੀ ਅਤੇ ਰੁਜ਼ਗਾਰ ਨੂੰ ਹੁਲਾਰਾ ਮਿਲ ਸਕੇਗਾ।

ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਤੋਂ ਮਾਹਿਰਾਂ ਦੇ ਸਿੱਖਣ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਵੀ ਹਨ। ਉਨ੍ਹਾਂ ਗੁਰਦਾਸਪੁਰ ਕੇਂਦਰ ਬਾਰੇ ਕਿਹਾ ਕਿ ਇਹ ਕੇਂਦਰ ਪੀ ਏ ਯੂ ਤੋਂ ਵੀ ਪੁਰਾਣਾ ਹੈ ਇਸ ਲਈ ਸਭ ਤੋਂ ਮਹੱਤਵਪੂਰਨ ਕੇਂਦਰ ਹੈ ਅਤੇ ਫ਼ਸਲਾਂ ਦੀਆਂ ਬਿਮਾਰੀਆਂ ਦੀ ਪਰਖ ਦਾ ਮੁੱਖ ਕੇਂਦਰ ਵੀ ਇਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਵਲੋਂ ਲਾਈਆਂ ਸਟਾਲਾਂ ਤੇ ਜਾ ਕੇ ਜ਼ਰੂਰ ਵੇਖਣ।

ਕਣਕ ਦੀ ਕਿਸਮ ਪੀ ਬੀ ਡਬਲਿਊ 826 ਅਤੇ ਝੋਨੇ ਦੀ ਕਿਸਮ ਪੀ ਆਰ 126 ਦਾ ਜ਼ਿਕਰ ਖਾਸ ਤੌਰ ਤੇ ਕਰਦਿਆਂ ਡਾ ਗੋਸਲ ਨੇ ਸਿਫਾਰਿਸ਼ ਕਿਸਮਾਂ ਬੀਜਣ ਲਈ ਕਿਹਾ। ਉਨ੍ਹਾਂ ਕਣਕ ਦੀ ਬਿਜਾਈ ਦੀ ਨਵੀਂ ਵਿਧੀ ਸਰਫਸ ਸੀਡਿੰਗ ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਇਸਦੀ ਸਫਲਤਾ ਦਾ ਹਵਾਲਾ ਦਿੱਤਾ। ਘਰੇਲੂ ਵਰਤੋਂ ਲਈ ਦਾਲਾਂ, ਸਬਜ਼ੀਆਂ, ਫਲ ਅਤੇ ਦੁੱਧ ਆਦਿ ਪੈਦਾ ਕਰਨ ਲਈ ਸੰਯੁਕਤ ਖੇਤੀ ਪ੍ਰਣਾਲੀ ਅਪਣਾਉਣ ਲਈ ਕਿਸਾਨਾਂ ਨੂੰ ਅਪੀਲ ਕਰਦਿਆਂ ਵਾਈਸ ਚਾਂਸਲਰ ਨੇ ਹੋਰ ਵਸੀਲਿਆਂ ਤੋਂ ਆਮਦਨ ਲੈਣ ਲਈ ਕਿਹਾ।

ਇਹ ਵੀ ਪੜ੍ਹੋ : Surface Seeder Machine ਦਾ ਉਤਪਾਦਨ ਕਰਨ ਲਈ 4 ਫਰਮਾਂ ਨੂੰ ਲਾਈਸਿੰਸ ਜਾਰੀ

ਕਿਸਾਨ ਪੀਏਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ: ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ

ਕਿਸਾਨ ਪੀਏਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ: ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ

ਉਨ੍ਹਾਂ ਕਿਹਾ ਕਿ ਰਸਾਇਣਾਂ ਦੀ ਢੁਕਵੀਂ ਵਰਤੋਂ ਕਰਕੇ ਵਾਤਾਵਰਨ ਦੀ ਸੰਭਾਲ ਹੋ ਸਕਦੀ ਹੈ। ਨਾਲ ਹੀ ਖੇਤੀ ਸਾਹਿਤ ਨਾਲ ਜੁੜਨਾ ਸਮੇਂ ਦੀ ਮੰਗ ਹੈ ਤੇ ਆਪਣੇ ਖਰਚਿਆਂ ਉੱਪਰ ਕਾਬੂ ਪਾ ਕੇ ਸਮੇਂ ਦੇ ਹਾਣੀ ਹੋਇਆ ਜਾ ਸਕਦਾ ਹੈ। ਸਥਾਨਕ ਖੇਤੀ ਸੰਸਥਾਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਖੇਤੀ ਸਿੱਖਿਆ ਲਈ ਪ੍ਰੇਰਿਤ ਕਰਨ ਲਈ ਕਿਹਾ।

ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਹਾੜ੍ਹੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤਕ ਵੱਖ ਵੱਖ ਫ਼ਸਲਾਂ ਦੀਆਂ 940 ਕਿਸਮਾਂ ਦੀ ਖੋਜ ਕੀਤੀ ਹੈ ਇਨ੍ਹਾਂ ਵਿੱਚੋਂ 229 ਕਿਸਮਾਂ ਕੌਮੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ ਹਨ। ਇਸ ਲਿਹਾਜ਼ ਨਾਲ ਯੂਨੀਵਰਸਿਟੀ ਪੂਰੇ ਦੇਸ਼ ਦੇ ਕਿਸਾਨਾਂ ਦੀ ਸੇਵਾ ਕਰਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਹੁਣ ਪੀ ਏ ਯੂ ਝਾੜ ਦੇ ਨਾਲ ਪੌਸ਼ਟਿਕਤਾ ਵੱਲ ਵੀ ਧਿਆਨ ਦੇ ਰਹੀ ਹੈ। ਇਸ ਦਿਸ਼ਾ ਵਿਚ ਉਨ੍ਹਾਂ ਪੀ ਏ ਯੂ ਦੀ ਕਿਸਮ ਪੀ ਬੀ ਡਬਲਿਊ 826 ਦੀ ਸਫਲਤਾ ਲਈ ਕਿਸਾਨਾਂ ਦੀ ਮਿਹਨਤ ਨੂੰ ਵੀ ਵਧਾਈ ਦਿੱਤੀ। ਕਣਕ ਦੀ ਨਵੀਂ ਕਿਸਮ ਚਪਾਤੀ-1 ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਸ਼ੂਗਰ ਦੇ ਮਰੀਜ਼ਾਂ ਲਈ ਢੁਕਵੀਂ ਕਣਕ ਦੀ ਕਿਸਮ ਪੀ ਬੀ ਡਬਲਿਊ ਆਰ ਐੱਸ 1 ਵਿਸ਼ੇਸ਼ ਖੋਜ ਪ੍ਰਾਪਤੀ ਹੈ। ਨਾਲ ਹੀ ਉਨ੍ਹਾਂ ਪੀ ਬੀ ਡਬਲਯੂ ਜ਼ਿੰਕ-2 ਦਾ ਜ਼ਿਕਰ ਕੀਤਾ ਜੋ ਜ਼ਿੰਕ ਦੇ ਭਰਪੂਰ ਤੱਤਾਂ ਵਾਲੀ ਹੈ।

ਇਹ ਵੀ ਪੜ੍ਹੋ : ਕਿਸਾਨ ਮੇਲੇ 'ਚ ਸਨਮਾਨਿਤ ਹੋਣਗੇ ਇਹ Progressive Farmers

ਕਿਸਾਨ ਪੀਏਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ: ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ

ਕਿਸਾਨ ਪੀਏਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ: ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ

ਛੋਲਿਆਂ ਦੀ ਕਿਸਮ ਪੀ ਬੀ ਜੀ-10 ਅਤੇ ਪਕਾਵੇਂ ਮਟਰਾਂ ਦੀ ਕਿਸਮ ਆਈ ਪੀ ਐੱਫ ਡੀ-12 ਤੋਂ ਇਲਾਵਾ ਮੱਕੀ ਦੀ ਕਿਸਮ ਜੇ-1008 ਅਤੇ ਗੋਭੀ ਸਰੋਂ ਕੋਨੋਲਾ ਦੀ ਕਿਸਮ ਜੀ ਐੱਸ ਸੀ 7 ਬਾਰੇ ਵੀ ਦੱਸਿਆ। ਉਤਪਾਦਨ ਤਕਨੀਕਾਂ ਵਿੱਚ ਸਰਫੇਸ ਸੀਡਿੰਗ ਲਈ ਕੰਬਾਇਨ ਨਾਲ ਵਾਢੀ ਤੋਂ ਬਾਅਦ ਕਣਕ ਦੇ ਬੀਜ ਅਤੇ ਖਾਦ ਦਾ ਛੱਟਾ ਦੇ ਕੇ ਕਟਰ-ਕਮ-ਸਪਰੈਡਰ ਚਲਾ ਕੇ ਪਾਣੀ ਲਾਉਣ ਅਤੇ ਕਣਕ ਵਿੱਚ ਬੀਜ ਦੀ ਸੋਧ ਬਾਰੇ ਗੱਲ ਕੀਤੀ।

ਇਸ ਦੇ ਨਾਲ ਹੀ ਪੌਦ ਸੁਰੱਖਿਆ ਤਕਨੀਕਾਂ ਵਿਚ ਛੋਲਿਆਂ ਦੀ ਸੁੰਡੀ ਅਤੇ ਕਣਕ ਦੇ ਨਦੀਨਾਂ ਦੀ ਰੋਕਥਾਮ ਬਾਰੇ ਨਵੀਆਂ ਸਿਫਾਰਿਸ਼ਾਂ ਸਾਂਝੀਆਂ ਕਰਦਿਆਂ ਨਿਰਦੇਸ਼ਕ ਖੋਜ ਨੇ ਖੇਤੀ ਮਸ਼ੀਨਰੀ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਮਲਚ ਵਾਲੀ ਮਸ਼ੀਨ ਵਿਸ਼ੇਸ਼ ਸੀ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਡਰੋਨ ਤਕਨਾਲੋਜੀ ਤੇ ਕੰਮ ਕੀਤਾ ਜਾ ਰਿਹਾ ਹੈ।

ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਦੀ ਲੜੀ ਵਿਚ ਸੱਤ ਕਿਸਾਨ ਮੇਲੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਲਾਏ ਜਾਂਦੇ ਹਨ। ਇਹ ਇਸ ਸਿਲਸਿਲੇ ਦਾ ਤੀਸਰਾ ਮੇਲਾ ਹੈ। ਇਸ ਕੇਂਦਰ ਬਾਰੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਸਭ ਤੋਂ ਪੁਰਾਣਾ ਕੇਂਦਰ ਹੈ ਤੇ ਇਸ ਵਿਚ ਚਾਰ ਦਫ਼ਤਰ ਸਥਾਪਿਤ ਹਨ।

ਕਿਸਾਨਾਂ ਅਤੇ ਯੂਨੀਵਰਸਿਟੀ ਦੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਨੇ ਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚੋਂ ਸਿਖਰਲੀ ਰੈਂਕਿੰਗ ਤੇ ਰਹਿਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਸਮੱਸਿਆ ਨਹੀਂ ਬਲਕਿ ਸਹੂਲਤ ਮੰਨਣ ਦੀ ਭਾਵਨਾ ਪੈਦਾ ਕਰਨ ਦੀ ਅਪੀਲ ਕੀਤੀ। ਪਰਾਲੀ ਦੇ ਤੱਤਾਂ ਦਾ ਜ਼ਿਕਰ ਉਨ੍ਹਾਂ ਦੀ ਇਸੇ ਗੱਲਬਾਤ ਦਾ ਹਿੱਸਾ ਸੀ। ਨਾਲ ਹੀ ਡਾ ਬੁੱਟਰ ਨੇ ਕਣਕ ਦੀਆਂ ਪੀ ਏ ਯੂ ਵਲੋਂ ਸਿਫਾਰਿਸ਼ ਕਿਸਮਾਂ ਦੀ ਹੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: 14-15 ਸਤੰਬਰ ਨੂੰ ਲੁਧਿਆਣਾ ਵਿੱਚ Kisan Mela, CM Mann ਕਰਨਗੇ ਕਿਸਾਨਾਂ ਨੂੰ ਸੰਬੋਧਿਤ

ਕਿਸਾਨ ਪੀਏਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ: ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ

ਕਿਸਾਨ ਪੀਏਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ: ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ

ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਹਰਦਿਆਲ ਸਿੰਘ ਗਜਨੀਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼ ਲਈ ਪੈਦਾ ਕੀਤੇ ਅਨਾਜ ਨੂੰ ਵਡਿਆਇਆ। ਨਾਲ ਹੀ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੇ ਉਨ੍ਹਾਂ ਦਾ ਹੱਲ ਕਰਨ ਲਈ ਯੂਨੀਵਰਸਿਟੀ ਮਾਹਿਰਾਂ ਦੀ ਪ੍ਰਸ਼ੰਸਾ ਕੀਤੀ।

ਇਸ ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਪਿੰਡ ਸੁਨੱਈਆਂ ਦੇ ਸਾਜਨਪ੍ਰੀਤ ਸੰਧੂ, ਪਿੰਡ ਬਰਿਆਰ ਦੇ ਐਡਵੋਕੇਟ ਕਤਨਪਾਲ ਸਿੰਘ ਚੀਮਾ, ਪਿੰਡ ਚੋਤਾ ਦੇ ਸ਼੍ਰੀ ਵਿਜੇ ਕੁਮਾਰ, ਪਿੰਡ ਹਰੂਵਾਲ ਦੇ ਸ ਹਰਦੇਵ ਸਿੰਘ, ਪਿੰਡ ਘੁਰਾਲਾ ਦੇ ਸ਼੍ਰੀਮਤੀ ਕਾਂਤਾ ਰਾਣੀ, ਪਿੰਡ ਮਰੜ ਦੇ ਸ ਮਲਕੀਤ ਸਿੰਘ, ਪਿੰਡ ਮਹਾਂਦੇਵ ਖ਼ੁਰਦ ਦੇ ਸ ਬਿਕਰਮਜੀਤ ਸਿੰਘ, ਪਿੰਡ ਸੱਲੋਪੁਰ ਦੇ ਸ ਕੌਸ਼ਲ ਸਿੰਘ, ਪਿੰਡ ਬਿਧੀਪੁਰ ਦੇ ਸ ਪ੍ਰਿਤਪਾਲ ਸਿੰਘ, ਪਿੰਡ ਆਲਮਾ ਦੇ ਸ ਹਰਨੇਕ ਸਿੰਘ, ਪਿੰਡ ਕੈਲੇ ਕਲਾਂ ਦੇ ਸ ਦਲਜੀਤ ਸਿੰਘ ਅਤੇ ਪਿੰਡ ਤੁਗਲਵਾਲ ਦੇ ਸ ਜਸਪਿੰਦਰ ਸਿੰਘ ਪ੍ਰਮੁਖ ਹਨ।

ਇਹ ਵੀ ਪੜ੍ਹੋ: ਕਿਸਾਨ ਵੀਰੋਂ! ਕਿਸਾਨ ਮੇਲੇ ਜਾਣਾ ਨਾ ਭੁੱਲਿਓ

ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਨੇ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿੱਲੋਂ ਨੇ ਕਹੇ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ।

ਇਸ ਮੇਲੇ ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਹਾੜ੍ਹੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Good news for farmers, big initiative for rabi crops 2023

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters