ਪੀ.ਏ.ਯੂ. ਵਿਚ ਹਰ ਸਾਲ ਕਰਵਾਏ ਜਾਣ ਵਾਲੇ ਗੁਲਦਾਉਦੀ ਸ਼ੋਅ ਨੂੰ ਇਸ ਵਾਰ 6-7 ਦਸੰਬਰ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਡਾ. ਮਨਮੋਹਨ ਸਿੰਘ ਆਡੀਟੋਰੀਅਰਮ ਵਿਖੇ ਕਰਵਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕੀ ਕੁਝ ਰਹਿਣ ਵਾਲਾ ਹੈ ਖ਼ਾਸ...
ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਮਿਲਖ ਅਸਟੇਟ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਦੋ ਰੋਜ਼ਾ ਸ਼ੋਅ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ 6 ਦਸੰਬਰ ਨੂੰ ਬਾਅਦ ਦੁਪਹਿਰ 2.30 ਵਜੇ ਕਰਨਗੇ। ਯਾਦ ਰਹੇ ਕਿ ਇਹ ਸ਼ੋਅ ਪੰਜਾਬੀ ਦੇ ਆਧੁਨਿਕ ਕਵੀ ਭਾਈ ਵੀਰ ਸਿੰਘ ਦੇ ਕੁਦਰਤ ਪ੍ਰੇਮ ਨੂੰ ਸਮਰਪਿਤ ਹੁੰਦਾ ਹੈ। ਇਸ ਵਿਚ ਨਿੱਜੀ ਫੁੱਲ ਪ੍ਰੇਮੀਆਂ, ਸੰਸਥਾਵਾਂ ਅਤੇ ਆਮ ਲੋਕਾਂ ਵੱਲੋਂ ਗੁਲਦਾਉਦੀ ਫੁੱਲਾਂ ਦੇ ਮੁਕਾਬਲਿਆਂ ਵਿਚ ਭਾਗ ਲਿਆ ਜਾ ਸਕਦਾ ਹੈ। ਕੁੱਲ ਗਿਆਰਾਂ ਵਰਗਾਂ ਦੇ ਗੁਲਦਾਉਦੀ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਵਿਭਾਗ ਭਾਰਤ ਸਰਕਾਰ ਦੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਿਚ ਪ੍ਰਮੁੱਖ ਫੁੱਲ ਖੋਜ ਕੇਂਦਰ ਹੈ ਜੋ ਖੋਜ ਦੇ ਨਾਲ-ਨਾਲ ਗੁਲਦਾਉਦੀ ਦੇ ਜਰਮਪਲਾਜ਼ਮ ਨੂੰ ਇਕੱਤਰ ਕਰਨ ਦਾ ਵੱਡਾ ਸਥਾਨ ਹੈ। ਉਹਨਾਂ ਦੇ ਵਿਭਾਗ ਕੋਲ ਗੁਲਦਾਉਦੀ ਦੀਆਂ 200 ਤੋਂ ਵਧੇਰੇ ਕਿਸਮਾਂ ਦਾ ਸਮੂਹ ਹੈ ਜਿਨ੍ਹਾਂ ਵਿੱਚੋਂ 17 ਕਿਸਮਾਂ ਲੂਜ਼ ਫਲਾਵਰ, ਕੱਟ ਫਲਾਵਰ, ਗਮਲਾ ਉਤਪਾਦਨ ਅਤੇ ਬਾਗ ਸਜਾਵਟ ਵਰਗ ਵਿਚ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Good News: ਪੰਜਾਬ ਦਾ ਪਹਿਲਾ ਡੇਅਰੀ ਪ੍ਰਫੁੱਲਤਾ ਕੇਂਦਰ ਡੇਅਰੀ ਉਦਯੋਗਿਕ ਤਕਨਾਲੋਜੀ ਕ੍ਰਾਂਤੀ ਦਾ ਬਣੇਗਾ ਧੁਰਾ
ਇਸ ਵਰ੍ਹੇ ਵੀ ਉਹਨਾਂ ਦੇ ਵਿਭਾਗ ਨੇ ਮਲਟੀਫਲੋਰਾ, ਕੋਰੀਅਨ ਅਤੇ ਸਜਾਵਟੀ ਵਰਗ ਵਿਚ 19 ਨਵੀਆਂ ਕਿਸਮਾਂ ਜਾਰੀ ਕੀਤੀਆਂ ਜੋ ਇਸ ਸ਼ੋਅ ਵਿਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਸ਼ੋਅ ਦੇ ਆਯੋਜਨ ਦਾ ਉਦੇਸ਼ ਪੰਜਾਬ ਵਾਸੀਆਂ ਨੂੰ ਨਿੱਜੀ ਅਤੇ ਵਪਾਰਕ ਤੌਰ ਤੇ ਫੁੱਲਾਂ ਵਿਸ਼ੇਸ਼ ਕਰਕੇ ਗੁਲਦਾਉਦੀ ਦੇ ਉਤਪਾਦਨ ਨਾਲ ਜੋੜਨਾ ਹੈ। ਉਹਨਾਂ ਕਿਹਾ ਕਿ ਇਸ ਸ਼ੋਅ ਵਿਚ ਭਾਗ ਲੈਣ ਲਈ ਟੈਲੀਫੋਨ ਨੰਬਰ 2401970 (440 ਐਕਸ.) ਜਾਂ ਮੋਬਾਈਲ ਨੰਬਰ 97795-81523 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Guldaudi show will be held at PAU on 6-7 December