ਪੰਜਾਬ ਸਰਕਾਰ ਨਵੀਨਤਮ ਤਕਨੀਕੀ ਜਾਣਕਾਰੀ ਤੇ ਮਸ਼ੀਨਰੀ ਆਦਿ ਨਾਲ ਲੈਸ 4 ਜ਼ਿਲ੍ਹਿਆਂ `ਚ ਬਾਗਬਾਨੀ ਅਸਟੇਟ (Horticulture Estates) ਸਥਾਪਤ ਕਰੇਗੀ। ਇਹ ਅਸਟੇਟ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਫਲ ਪੈਦਾ ਕਰਨ ਤੇ ਉਤਪਾਦਨ ਦੀ ਲਾਗਤ ਘਟਾਉਣ `ਚ ਮਦਦ ਕਰਨਗੇ। ਇਹ ਜਾਣਕਾਰੀ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਾਂਝੀ ਕੀਤੀ ਗਈ।
ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ, ਗੁਰਦਾਸਪੁਰ, ਫਰੀਦਕੋਟ ਤੇ ਲੁਧਿਆਣਾ ਜ਼ਿਲ੍ਹੇ `ਚ ਬਾਗਬਾਨੀ ਅਸਟੇਟ ਸਥਾਪਤ ਕੀਤੇ ਜਾਣਗੇ। ਮੀਟਿੰਗ ਦੌਰਾਨ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਅਗਲੇ 5 ਸਾਲਾਂ ਦੌਰਾਨ 1.5 ਲੱਖ ਹੈਕਟੇਅਰ ਰਕਬਾ ਬਾਗਬਾਨੀ ਫਸਲਾਂ ਹੇਠ ਲਿਆ ਕੇ ਪੰਜਾਬ ਦੀ ਜੀਡੀਪੀ `ਚ 39,772 ਕਰੋੜ ਰੁਪਏ ਦਾ ਵਾਧਾ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਕਿਸਾਨਾਂ ਨੂੰ ਮੌਜੂਦਾ ਕਣਕ-ਝੋਨੇ ਦੇ ਫ਼ਸਲੀ ਚੱਕਰ `ਚੋਂ ਬਾਹਰ ਨਿਕਲਣ ਲਈ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਰਕਬਾ ਬਾਗਬਾਨੀ ਫ਼ਸਲਾਂ ਹੇਠ ਲਿਆਇਆ ਜਾਵੇ। ਉਨ੍ਹਾਂ ਬਾਗਬਾਨੀ ਅਧਿਕਾਰੀਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਾਗਰੂਕਤਾ ਪੈਦਾ ਕਰਨ ਲਈ ਕਿਹਾ, ਜੋ ਪੰਜਾਬ `ਚ ਲਗਾਤਾਰ ਡਿੱਗ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਨੂੰ ਸੂਬਾ ਪੱਧਰ 'ਤੇ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ।
ਇਹ ਵੀ ਪੜ੍ਹੋ : International Krishi Mela: ਛੱਤੀਸਗੜ੍ਹ `ਚ ਹੋਵੇਗਾ ਅੰਤਰਰਾਸ਼ਟਰੀ ਖੇਤੀ ਮੇਲੇ ਦਾ ਆਯੋਜਨ
ਮੰਤਰੀ ਨੇ ਅਧਿਕਾਰੀਆਂ ਨੂੰ ਪੰਜਾਬ `ਚ ਪਾਮ ਦੇ ਦਰੱਖਤਾਂ ਤੇ ਹੋਰ ਸਜਾਵਟੀ ਪੌਦਿਆਂ ਲਈ ਨਰਸਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਹ ਪੌਦੇ ਚੰਗੇ ਪ੍ਰੀਮੀਅਮ 'ਤੇ ਵਿਕਦੇ ਹਨ ਤੇ ਕਿਸਾਨਾਂ ਲਈ ਲਾਹੇਵੰਦ ਉੱਦਮ ਹੋ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੂਰੇ ਦੇਸ਼ `ਚ ਪੰਜਾਬ ਆਲੂ ਦੇ ਬੀਜ ਦਾ ਸਭ ਤੋਂ ਵੱਡਾ ਉਤਪਾਦਕ ਹੈ। ਜਿਸਦੇ ਚਲਦਿਆਂ ਭਵਿੱਖ ਦੀ ਮੰਗ ਨੂੰ ਧਿਆਨ `ਚ ਰੱਖਦੇ ਹੋਏ ਜਲੰਧਰ `ਚ 10 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਐਰੋਪੋਨਿਕ ਯੂਨਿਟ (Aeroponic Unit) ਤੇ ਟਿਸ਼ੂ ਕਲਚਰ ਲੈਬ (Tissue Culture Lab) ਸਥਾਪਿਤ ਕੀਤੀ ਜਾਵੇਗੀ।
Summary in English: Horticulture estates will be built in 4 districts to provide facilities to the farmers of Punjab