ਸ਼. ਰਿਸ਼ੀਪਾਲ ਸਿੰਘ, ਆਈ.ਏ.ਐਸ. ਨੇ ਬੀਤੇ ਦਿਨੀਂ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨਵੇਂ ਰਜਿਸਟਰਾਰ ਵਜੋਂ ਅਪਣਾ ਅਹੁਦਾ ਸੰਭਾਲਿਆ।
ਡਾ. ਸਤਿਬੀਰ ਸਿੰਘ ਗੋਸਲ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਜ਼ਿੰਮੇਵਾਰੀ ਸੰਭਾਲਣ ਨਾਲ ਪੀਏਯੂ ਦੀ ਖੇਤੀ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ ਹੈ। ਬੀਤੇ ਛੇ ਦਹਾਕਿਆਂ ਦੌਰਾਨ ਪੀ ਏ ਯੂ ਦੀ ਖੇਤੀ ਵਿਰਾਸਤ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਖੇਤੀ ਵਿਗਿਆਨਕ ਵਿਕਾਸ ਵਿੱਚ ਇਸ ਸੰਸਥਾ ਦੀ ਇਤਿਹਾਸਕ ਭੂਮਿਕਾ ਅਤੇ ਕਿਸਾਨਾਂ ਦੀ ਸੇਵਾ ਲਈ ਅਟੁੱਟ ਸਮਰਪਣ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਤਰੱਕੀ ਲਈ ਸੰਸਥਾ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਨਿਫ ਰੇਟਿੰਗ 2023 ਵਿੱਚ ਰਾਜ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪੀਏਯੂ ਨੂੰ ਸਿਖਰਲਾ ਦਰਜਾ ਦਿੱਤਾ ਗਿਆ ਹੈ। ਡਾ ਗੋਸਲ ਨੇ ਕਿਹਾ ਕਿ ਇਸ ਸੰਸਥਾ ਨੇ ਖੋਜ, ਅਕਾਦਮਿਕ ਅਤੇ ਪਸਾਰ ਦੇ ਖੇਤਰ ਵਿਚ ਨਵੇਂ ਦਿਸਹੱਦੇ ਸਿਰਜੇ ਹਨ ਅਤੇ ਅਨੇਕ ਵੱਕਾਰੀ ਸੰਸਥਾਵਾਂ ਵਿਚ ਉੱਚ ਪਦਵੀਆਂ ਉੱਪਰ ਪੀ ਏ ਯੂ ਦੇ ਸਾਬਕਾ ਵਿਦਿਆ ਅਤੇ ਮਾਹਿਰ ਸੁਸ਼ੋਭਿਤ ਰਹੇ ਹਨ। ਇਸਦੇ ਨਾਲ ਹੀ ਕਿਸਾਨੀ ਸਮਾਜ ਇਸ ਸੰਸਥਾ ਨਾਲ ਜੁੜ ਕੇ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ਉੱਪਰ ਤੋਰਨ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੀ ਏ ਯੂ ਦੇ ਨਵੇਂ ਰਜਿਸਟਰਾਰ ਵਜੋਂ ਸ. ਰਿਸ਼ੀਪਾਲ ਸਿੰਘ ਆਪਣੀਆਂ ਸੇਵਾਵਾਂ ਦਿੰਦਿਆਂ ਇਸ ਸੰਸਥਾ ਦੇ ਮਾਣ ਅਤੇ ਵੱਕਾਰ ਵਿਚ ਵਾਧਾ ਕਰਨਗੇ।
ਇਹ ਵੀ ਪੜ੍ਹੋ: ਪੇਂਡੂ ਔਰਤਾਂ ਖੇਤੀ ਕਾਰੋਬਾਰ ਕਰਕੇ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ: Dr. Mridula Devi
ਆਪਣੇ ਪ੍ਰਸ਼ਾਸਨਿਕ ਕਾਰਜਕਾਲ ਵਜੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਈਏਐਸ ਅਧਿਕਾਰੀ ਵਜੋਂ ਸੇਵਾ ਨਿਭਾ ਚੁੱਕੇ ਸ. ਰਿਸ਼ੀਪਾਲ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਇਸ ਸੰਸਥਾ ਵਲੋਂ ਦੇਸ਼ ਨੂੰ ਅਨਾਜ ਪੱਖੋਂ ਖੁਦਮੁਖਤਾਰ ਬਣਾਏ ਜਾਣ ਲਈ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਸ਼ਾਨਦਾਰ ਵਿਰਾਸਤ ਨੂੰ ਅਗਾਂਹ ਵਧਾਉਣ ਲਈ ਸਾਂਝੇ ਕਾਰਜਾਂ ਅਤੇ ਸਮਰਪਣ 'ਤੇ ਜ਼ੋਰ ਦਿੱਤਾ।
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖੁੱਲ੍ਹੇ ਵਿਚਾਰ ਵਟਾਂਦਰੇ ਅਤੇ ਗੱਲਬਾਤ ਰਾਹੀਂ ਅਸੀਂ ਇਸ ਉਸਾਰੂ ਕਾਰਜਾਂ ਨੂੰ ਅੱਗੇ ਵਧਾ ਸਕਾਂਗੇ। ਉਨ੍ਹਾਂ ਨੇ ਪੀਏਯੂ ਦੀਆਂ ਮਾਣਮੱਤੀਆਂ ਕੀਮਤਾਂ ਨੂੰ ਬਰਕਰਾਰ ਰੱਖਣ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਾਂਝੀ ਤਾਕਤ, ਵਿਭਿੰਨ ਨਜ਼ਰੀਏ ਅਤੇ ਮਿਸ਼ਨ ਪ੍ਰਤੀ ਸਾਂਝੀ ਵਚਨਬੱਧਤਾ ਸਫਲਤਾ ਦੀਆਂ ਨਵੀਆਂ ਸਿਖਰਾਂ ਵੱਲ ਲੈ ਜਾਵੇਗੀ।
ਜ਼ਿਕਰਯੋਗ ਹੈ ਕਿ ਸ. ਰਿਸ਼ੀਪਾਲ ਸਿੰਘ 2004 ਬੈਚ ਦੇ ਪੀਸੀਐਸ ਅਤੇ 2014 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਇਸ ਤੋਂ ਪਹਿਲਾਂ ਧੂਰੀ ਅਤੇ ਗਿੱਦੜਬਾਹਾ ਵਿੱਚ ਐਸਡੀਐਮ, ਲੁਧਿਆਣਾ, ਕਪੂਰਥਲਾ ਅਤੇ ਮੋਗਾ ਵਿੱਚ ਏਡੀਸੀ, ਮਾਨਸਾ ਅਤੇ ਤਰਨਤਾਰਨ ਵਿੱਚ ਡਿਪਟੀ ਕਮਿਸ਼ਨਰ, ਵਧੀਕ ਕਮਿਸ਼ਨਰ ਐਮ.ਸੀ. ਸਮੇਤ ਅਹਿਮ ਭੂਮਿਕਾਵਾਂ ਨਿਭਾ ਚੁੱਕੇ ਹਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: IAS Officer Rishipal Singh appointed as the new registrar of PAU