KVK Hoshiarpur: ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਬਾਇਰ ਕੰਪਨੀ ਦੇ ਸਹਿਯੋਗ ਨਾਲ ਮਿਤੀ 17 ਸਤੰਬਰ, 2024 ਨੂੰ ਝੋਨੇ ਦੀ ਸਿੱਧੀ ਬਿਜਾਈ ਬਾਬਤ ਖੇਤ ਦਿਵਸ ਦਾ ਆਯੋਜਨ ਪਿੰਡ ਟੋਡਰਪੁਰ ਵਿਖੇ ਕੀਤਾ ਗਿਆ।
ਕੈਂਪ ਦੀ ਸ਼ੂਰੁਆਤ ਵਿੱਚ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਆਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਹਾਜਿਰ ਕਿਸਾਨਾਂ ਨੂੰ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਵਿਧੀ ਅਪਨਾਉਣ ਲਈ ਪ੍ਰੇਰਿਆ।
ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਇਸ ਵਿਧੀ ਬਾਰੇ ਜਾਗਰੁਕ ਕਰਨਾ ਹੈ ਅਤੇ ਉਹਨਾਂ ਨੂੰ ਪ੍ਰਤੱਖ ਰੂਪ ਵਿੱਚ ਸਿੱਧੀ ਬਿਜਾਈ ਕੀਤੇ ਖੇਤਾਂ ਦੀ ਪ੍ਰਦਰਸ਼ਨੀ ਦੀ ਕਾਰਗੁਜਾਰੀ ਬਾਬਤ ਰੂਬਰੁ ਕਰਵਾਉਣਾ ਹੈ। ਡਾ. ਬੌਂਸ ਨੇ ਦੱਸਿਆ ਕਿ ਇਸ ਸਾਲ ਟੋਡਰਪੁਰ ਅਤੇ ਨੇੜਲੇ ਪਿੰਡਾਂ ਪੰਜੌੜ ਅਤੇ ਪੰਡੋਰੀ ਗੰਗਾ ਸਿੰਘ, ਵਿੱਚ ਅਗਾਂਹਵਧੂ ਸੋਚ ਵਾਲੇ ਕਿਸਾਨਾਂ ਨੇ 150 ਏਕੜ ਰਕਬਾ ਇਸ ਵਿਧੀ ਹੇਠ ਲਿਆਉਂਦਾ ਹੈ ਅਤੇ ਇਸ ਲਈ ਉਹਨਾਂ ਕਿਸਾਨਾਂ ਦੀ ਸ਼ਲਾਘਾ ਵੀ ਕੀਤੀ।
ਡਾ. ਅਜੈਬ ਸਿੰਘ, ਸਹਾਇਕ ਪ੍ਰਫੈਸਰ (ਖੇਤੀਬਾੜੀ ਇੰਜੀਨਿਅਰਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਸਿੱਧੀ ਬਿਜਾਈ ਤਕਨੀਕ ਦੇ ਫਾਇਦਿਆਂ ਅਤੇ ਸਿੱਧੀ ਬਿਜਾਈ ਰਾਂਹੀ ਝੋਨੇ ਦੀ ਸਫਲ ਕਾਸ਼ਤ, ਖਾਦਾਂ ਦੀ ਵਰਤੋਂ ਅਤੇ ਨਦੀਨ ਪ੍ਰਬੰਧਨ ਬਾਰੇ ਦੱਸਿਆ ਅਤੇ ਸਿੱਧੀ ਬਿਜਾਈ ਨੂੰ ਜਮੀਨ ਅਨੁਸਾਰ ਅਪਨਾਉਣ ਲਈ ਪ੍ਰੇਰਿਆ। ਡਾ. ਅਜੈਬ ਨੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਅਤੇ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਵੀ ਜੋਰ ਦਿੱਤਾ। ਉਹਨਾਂ ਨੇ ਜੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਵੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਅਤੇ ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਸਰਵਪੱਖੀ ਘਰੇਲੂ ਬਗੀਚੀ ਬਾਬਤ ਵੀ ਕਿਸਾਨਾਂ ਨੂੰ ਵਿਸਥਾਰ ਪੂਰਵਕ ਦੱਸਿਆ।
ਬਾਇਰ ਕੰਪਨੀ ਦੇ ਅਧਿਕਾਰੀਆਂ, ਸ੍ਰੀ. ਰੋਹਿਤ ਮੋਂਗਾ, ਸ੍ਰੀ ਰੋਮਿਤ ਸਿੰਘ ਅਤੇ ਸ. ਸਤਨਾਮ ਸਿੰਘ ਨੇ ਪੀ.ਏ.ਯੂ., ਲੁਧਿਆਣਾ ਦੁਆਰਾ ਸਿਫਾਰਿਸ਼ ਨਦੀਨਨਾਂਸ਼ਕਾਂ ਰਾਹੀਂ ਝੋਨੇ ਵਿੱਚ ਨਦੀਨਾਂ ਦੇ ਸੁਚੱਜੇ ਪ੍ਰਬੰਧਨ ਬਾਬਤ ਜਾਣਕਾਰੀ ਸਾਂਝੀ ਕੀਤੀ।
ਇਸ ਖੇਤ ਦਿਵਸ ਵਿੱਚ ਆਪਣੇ ਤਜਰਬੇ ਸਾਂਝੇ ਕਰਦਿਆਂ ਪਿੰਡ ਪੰਜੌੜ ਦੇ ਅਗਾਂਹਵਧੂ ਕਿਸਾਨ ਸ਼੍ਰੀ ਕੁਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਹਿਲੀ ਵਾਰ ਪਿਛਲੇ ਸਾਲ ਲੇਬਰ ਦੀ ਕਮੀਂ ਦੌਰਾਨ ਸਿੱਧੀ ਬਿਜਾਈ ਤਕਨੀਕ ਬਾਰੇ ਸਫਲ ਤਜਰਬਾ ਕੀਤਾ ਸੀ ਅਤੇ ਇਸ ਸਾਲ ਇਸ ਵਿਧੀ ਹੇਠ 10 ਏਕੜ ਰਕਬਾ ਲਿਆਂਦਾ ਹੈ।ਉਹਨਾਂ ਹੋਰ ਕਿਸਾਨਾਂ ਨੂੰ ਵੀ ਪਾਣੀ ਦੀ ਬੱਚਤ ਲਈ ਇਸ ਤਕਨੀਕ ਨੂੰ ਅਪਨਾਉਣ ਲਈ ਪ੍ਰੇਰਿਆ।
ਹਾਜਿਰ ਕਿਸਾਨਾਂ ਦੀ ਸਹੂਲਤ ਲਈ ਸਰਦੀ ਦੀਆਂ ਸਬਜੀਆ ਦੀਆਂ ਕਿੱਟਾਂ, ਬਰਸੀਮ, ਪਿਆਜ ਤੇ ਤੋਰੀਆ ਦਾ ਬੀਜ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ ਇੱਟ ਅਤੇ ਖੇਤੀ ਸਾਹਿੱਤ ਵੀ ਉਪਲਬਧ ਕਰਵਾਇਆ ਗਿਆ।
ਇਸ ਖੇਤ ਦਿਵਸ ਵਿੱਚ ਪਿੰਡ ਟੋਡਰਪੁਰ, ਪੰਜੌੜ ਤੇ ਪੰਡੋਰੀ ਗੰਗਾ ਸਿੰਘ ਤੋਂ ਸ. ਸੰਦੀਪ ਸਿੰਘ, ਸ. ਸੁਖਵਿੰਦਰ ਸਿੰਘ, ਸ. ਕੁਲਵਿੰਦਰ ਸਿੰਘ, ਸ. ਜਸਪ੍ਰੀਤ ਸਿੰਘ ਖਾਲਸਾ, ਸ. ਪ੍ਰਦੀਪ ਸਿੰਘ, ਪਿੰਡ ਪੰਜੌੜ ਤੋਂ ਸ. ਹਰਜੀਤ ਸਿੰਘ, ਸ. ਸਤਨਾਮ ਸਿੰਘ, ਸ. ਗਗਨਦੀਪ ਸਿੰਘ, ਸ. ਕਰਮਜੀਤ ਸਿੰਘ, ਸ. ਕਰਮਜੀਤ ਸਿੰਘ, ਸ. ਜਸਮਨਪ੍ਰੀਤ ਸਿੰਘ, ਸ. ਕੁਲਵਰਨ ਸਿੰਘ, ਸ. ਮਨਜਿੰਦਰ ਸਿੰਘ, ਸ. ਸੰਦੀਪ ਸਿੰਘ, ਆਦਿ, ਅਗਾਂਹਵਧੂ ਕਿਸਾਨ ਮੌਜੂਦ ਸਨ ਅਤੇ ਉਹਨਾਂ ਵੱਲੋਂ ਆਪਣੇ ਖਦਸ਼ਿਆਂ ਬਾਬਤ ਮਾਹਿਰਾਂ ਨਾਲ ਵਿਚਾਰ-ਚਰਚਾ ਵੀ ਕੀਤੀ ਗਈ।
Summary in English: Krishi Vigyan Kendra, Hoshiarpur organized a field day on direct sowing of paddy at village Todarpur.