1. Home
  2. ਖਬਰਾਂ

ਆਓ ਪੰਜਾਬ ਨੂੰ ਗੰਧਲਾ ਹੋਣ ਤੋਂ ਬਚਾਈਏ, ਪ੍ਰਦੂਸ਼ਨ ਘਟਾ ਕੇ ਰੰਗਲਾ ਬਣਾਈਏ

ਇਸ ਲੇਖ ਰਾਹੀਂ ਪ੍ਰਦੂਸ਼ਣ ਘਟਾਉਣ ਦੇ ਤਰੀਕਿਆਂ ਬਾਰੇ ਜਾਣੋ ਤੇ ਪੰਜਾਬ ਨੂੰ ਦੂਸ਼ਿਤ ਹੋਣ ਤੋਂ ਬਚਾਓ....

Priya Shukla
Priya Shukla
ਇਸ ਲੇਖ ਰਾਹੀਂ ਪ੍ਰਦੂਸ਼ਣ ਘਟਾਉਣ ਦੇ ਤਰੀਕਿਆਂ ਬਾਰੇ ਜਾਣੋ ਤੇ ਪੰਜਾਬ ਨੂੰ ਦੂਸ਼ਿਤ ਹੋਣ ਤੋਂ ਬਚਾਓ....

ਇਸ ਲੇਖ ਰਾਹੀਂ ਪ੍ਰਦੂਸ਼ਣ ਘਟਾਉਣ ਦੇ ਤਰੀਕਿਆਂ ਬਾਰੇ ਜਾਣੋ ਤੇ ਪੰਜਾਬ ਨੂੰ ਦੂਸ਼ਿਤ ਹੋਣ ਤੋਂ ਬਚਾਓ....

ਆਰਥਿਕ ਵਿਕਾਸ ਤੇ ਆਬਾਦੀ ਦੇ ਵਾਧੇ ਨਾਲ ਵੱਧਦੇ ਉਦਯੋਗੀਕਰਨ ਤੇ ਭੋਜਨ ਮੰਗਾਂ ਨੂੰ ਪੂਰਾ ਕਰਨ ਲ਼ਈ ਖੇਤੀਬਾੜੀ ਖੇਤਰ `ਤੇ ਦਬਾਅ ਵਧਿਆ ਹੈ। ਨਤੀਜਨ, ਸਿੰਥੈਟਿਕ ਖਾਦਾਂ, ਕੀਟਨਾਸ਼ਕਾਂ (Insecticides) ਦੀ ਉੱਚ ਵਰਤੋਂ ਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਹਾਲ ਦੇ ਦਹਾਕਿਆਂ `ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੇ ਹਨ। ਇਸ ਦੇ ਨਾਲ-ਨਾਲ ਕਾਸ਼ਤ ਵਾਲੀ ਜ਼ਮੀਨ ਦਾ ਵਿਸਥਾਰ, ਕੁਦਰਤੀ ਸਰੋਤਾਂ ਦਾ ਸ਼ੋਸ਼ਣ ਤੇ ਅਗਲੀ ਫ਼ਸਲਾਂ ਦੀ ਤਿਆਰੀ ਲਈ ਪਿਛਲੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਕਰਕੇ ਬਹੁਤ ਸਾਰੀਆਂ ਵਾਤਾਵਰਣ ਸੰਬੰਧੀ ਸਮੱਸਿਆਵਾਂ ਪੈਦਾ ਹੋਈਆਂ ਹਨ। ਜਿਵੇਂ ਕਿ ਪਾਣੀ, ਹਵਾ ਤੇ ਮਿੱਟੀ ਦਾ ਦੂਸ਼ਿਤ ਹੋਣਾ, ਗ੍ਰੀਨਹਾਊਸ (Greenhouse) ਗੈਸਾਂ ਦਾ ਵਾਤਾਵਰਨ `ਚ ਵਾਧਾ ਹੋਣਾ, ਓਜ਼ੋਨ ਪਰਤ ਦਾ ਪਤਲੇ ਹੋਣਾ, ਬਿਮਾਰੀਆ ਦਾ ਵੱਧਣਾ ਆਦਿ। ਇਹ ਸਮੱਸਿਆਵਾਂ ਨਾ ਸਿਰਫ਼ ਵਾਤਾਵਰਣ ਦੀ ਸਥਿਰਤਾ ਨੂੰ ਵਿਗਾੜ ਰਹੀਆਂ ਹਨ ਬਲਕਿ ਮਨੁੱਖੀ ਸਿਹਤ ਲਈ ਵੀ ਗੰਭੀਰ ਖਤਰਾ ਪੈਦਾ ਕਰ ਰਹੀਆਂ ਹਨ।

ਸਾਉਣੀ `ਚ ਝੋਨੇ ਦੀ ਫ਼ਸਲ ਦੀ ਕਟਾਈ ਤੇ ਹਾੜੀ ਦੀ ਫ਼ਸਲ ਲਈ ਖੇਤ ਤਿਆਰ ਕਰਨ ਵਿਚਕਾਰ ਬਹੁਤ ਘੱਟ ਸਮਾਂ ਮਿਲਦਾ ਹੈ।ਇਸ ਕਾਰਨ ਪਰਾਲੀ ਨੂੰ ਸਾੜਨਾ ਕਿਸਾਨਾਂ ਨੂੰ ਖੇਤ `ਚ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਦਾ ਇੱਕ ਤੇਜ਼, ਸਸਤਾ ਤੇ ਆਸਾਨ ਤਰੀਕਾ ਲੱਗਦਾ ਹੈ। ਪਹਿਲਾਂ ਪਰਾਲੀ ਨੂੰ ਕਿਸਾਨ ਪਸ਼ੂਆਂ ਜਾਂ ਘਰਾਂ ਨੂੰ ਗਰਮ ਰੱਖਣ ਲਈ ਪਰਾਗ ਵਜੋਂ ਤੇ ਖਾਣਾ ਪਕਾਉਣ ਲਈ ਵਰਤਦੇ ਸਨ। ਹਾਲਾਂਕਿ, ਪਰਾਲੀ ਦੀ ਇਹ ਵਰਤੋਂ ਹੁਣ ਪੁਰਾਣੀ ਹੋ ਗਈ ਹੈ।

ਪ੍ਰਭਾਵਿਤ ਜਨਜੀਵਨ:

ਮੌਸਮੀ ਤਬਦੀਲੀਆਂ ਕਰਕੇ ਪਿਛਲੇ ਦੋ ਸਾਲਾਂ ਤੋਂ ਅਸੀਂ ਕਰੋਨਾ ਵਰਗੀ ਮਹਾਂਮਾਰੀ ਨਾਲ ਜੂਝ ਰਹੇ ਹਾਂ ਤੇ ਇਸ ਵਾਰ ਤਾਂ ਪਸ਼ੂਆਂ ਤੇ ਪੌਦਿਆਂ ਉੱਪਰ ਵੀ ਇਸਦਾ ਪ੍ਰਕੋਪ ਦੇਖਿਆ ਗਿਆ, ਜਿਵੇਂ ਕਿ ਪਸ਼ੂਆਂ `ਚ ਲੰਪੀ ਚਮੜੀ ਰੋਗ ਤੇ ਝੋਨੇ `ਚ ਮਧਰੇਪਣ ਦਾ ਰੋਗ। ਪਰਾਲੀ ਸਾੜਨ ਨਾਲ `ਦੁਸ਼ਮਣ` ਕੀੜਿਆਂ `ਚ ਵਾਧਾ ਹੋ ਸਕਦਾ ਹੈ ਕਿਉਂਕਿ, ਹਵਾ `ਚ ਬਹੁਤ ਸਾਰੇ ਸੂਖਮ ਜੀਵ ਮਾਰੇ ਜਾਂਦੇ ਹਨ। ਇਹਨਾਂ ਜੀਵਾਂ ਦੇ ਨੁਕਸਾਨ ਨਾਲ ਕੀੜਿਆਂ `ਚ ਵਾਧਾ ਹੁੰਦਾ ਹੈ, ਜਿਸ ਕਾਰਨ ਫਸਲਾਂ `ਚ ਬਿਮਾਰੀਆਂ ਵਧਦੀਆਂ ਹਨ।

ਜ਼ਹਿਰੀਲੀਆਂ ਗੈਸਾਂ ਦਾ ਪ੍ਰਕੋਪ:

ਪਰਾਲੀ ਸਾੜਨ ਨਾਲ 244 ਲੱਖ ਟਨ ਜ਼ਹਿਰੀਲੀਆ ਗੈਸਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਮੌਸਮੀ ਤਬਦੀਲੀਆਂ `ਚ ਵਾਧਾ ਹੋਣ ਦਾ ਖਦਸ਼ਾ ਵੱਧਦਾ ਹੈ। ਇਹਨਾਂ ਗੈਸਾਂ `ਚ ਕਾਰਬਨ ਡਾਇਆਕਸਾਇਡ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਜੋ ਕਿ ਇੱਕ ਮੁੱਖ ਗ੍ਰੀਨ ਹਾਊਸ ਗੈਸ ਹੈ ਤੇ ਦਹਾਕਿਆਂ ਤੱਕ ਵਾਤਾਵਰਣ `ਚ ਰਹਿਣ ਵਾਲੀਆਂ ਗੈਸਾਂ `ਚੋਂ ਇੱਕ ਹੈ। ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ `ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਨਾਲ ਮਿੱਟੀ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਤੇ ਇਸ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।

ਸਮੋਗ ਦਾ ਮਾਰੂ ਅਸਰ:

ਪਰਾਲੀ ਨੂੰ ਖੁਲ੍ਹੇ `ਚ ਅੱਗ ਲਗਾ ਕੇ ਸਾੜ੍ਹਨ ਨਾਲ ਪੈਦਾ ਹੋਇਆ ਜ਼ਹਿਰੀਲਾ ਧੂੰਆਂ ਹਵਾ ਦੇ ਪ੍ਰਦੂਸ਼ਨ ਦਾ ਕਾਰਨ ਬਣਦਾ ਹੈ। ਖਾਸ ਕਰਕੇ ਮਾਨਸੂਨ ਦੀ ਵਿਦਾਇਗੀ ਤੋਂ ਬਾਅਦ ਅਕਤੂਬਰ ਤੇ ਨਵੰਬਰ ਮਹੀਨੇ ਦੌਰਾਨ ਤਾਪਮਾਨ `ਚ ਆਈ ਗਿਰਾਵਟ, ਹਵਾ ਵੱਗਣ ਦੇ ਆਸਾਰ ਨੂੰ ਘਟਾਉਂਦੀ ਹੈ ਤੇ ਗਹਿਰ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਅਸਲ `ਚ “ਗਹਿਰ” ਇੱਕ ਕਿਸਮ ਦਾ ਹਵਾ ਪ੍ਰਦੂਸ਼ਣ ਹੈ, ਭਾਵ ਹਵਾ `ਚ ਧੂੰਏਂ ਤੇ ਧੁੰਦ ਦਾ ਮਿਸ਼ਰਣ। ਤੇਜ਼ ਗਤੀ ਹਵਾ ਦੇ ਵੱਗਣ ਨਾਲ ਜਾਂ ਥੋੜ੍ਹੀ ਬਹੁਤੀ ਬਾਰਸ਼ ਪੈਣ ਨਾਲ ਵਾਤਾਵਰਣ `ਚ ਬਣੀ ਗਹਿਰ ਤੋਂ ਛੁਟਕਾਰਾ ਮਿਲਦਾ ਹੈ, ਜਿਸ ਨਾਲ ਗੰਦਲਾ ਵਾਤਾਵਰਣ ਸਾਫ ਹੋ ਜਾਂਦਾ ਹੈ। ਪਰਾਲੀ ਸਾੜਨ ਨਾਲ ਸੂਖਮ ਕਣ ਫੇਫੜਿਆਂ ਦੇ ਅੰਦਰ ਫਸ ਸਕਦੇ ਹਨ ਤੇ ਫੇਫੜਿਆਂ ਦੇ ਕੈਂਸਰ ਦੇ ਜੋਖਮ ਨੂੰ 36% ਵਧਾ ਸਕਦੇ ਹਨ। ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੌਰਾਨ ਸਾਹ ਦੇ ਜਿ਼ਆਦਾਤਰ ਲੱਛਣਾਂ `ਚ ਦੋ ਤੋਂ ਤਿੰਨ ਗੁਣਾ ਵਾਧਾ ਦੇਖਿਆ ਗਿਆ ਸੀ। ਇਸ `ਚ ਘਬਰਾਹਟ, ਸਾਹ ਚੜ੍ਹਨਾ, ਸਵੇਰੇ ਖੰਘ, ਰਾਤ ਨੂੰ ਖੰਘ, ਚਮੜੀ ਦੇ ਧੱਫੜ, ਨੱਕ ਵਗਣਾ ਜਾਂ ਅੱਖਾਂ `ਚ ਖੁਜਲੀ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੁਸ਼ਖਬਰੀ, ਹੁਣ 20 ਨਵੰਬਰ ਤੱਕ ਖ਼ਰੀਦ ਸਕਦੇ ਹੋ ਸਬਸਿਡੀ ’ਤੇ ਮਸ਼ੀਨਾਂ

ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ:

ਵਾਤਾਵਰਣ ਨੂੰ ਸ਼ੁਧ ਰੱਖਣ ਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾੳਣੁ ਦੀ ਬਜਾਏ ਖੇਤ `ਚ ਹੀ ਵਾਹ ਕੇ ਕਣਕ ਤੇ ਹੋਰ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਅੱਜਕੱਲ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਕੇਂਦਰ ਸਰਕਾਰ ਵੱਲੋਂ 50 ਤੋਂ ਲੈ ਕੇ 80 ਫੀਸਦੀ ਤੱਕ ਮਸ਼ੀਨਾਂ `ਤੇ ਸਬਸਿਡੀਆਂ ਮਿਲ ਰਹੀਆਂ ਹਨ ਤੇ ਪੀਏਯੂ ਵੱਲੋਂ ਪਰਾਲੀ ਨੂੰ ਸਾਂਭਣ ਲਈ ਕਈ ਤਰਾਂ ਦੀ ਮਸ਼ੀਨਰੀ ਵੀ ਵਿਕਸਿਤ ਕੀਤੀ ਗਈ ਹੈ। ਕਿਸਾਨਾਂ ਦੀ ਸਹੂਲਤ ਲਈ ''ਆਈ ਖੇਤ ਐਪਲੀਕੇਸ਼ਨ'' ਬਣਾਈ ਗਈ ਹੈ, ਜਿਸ ਤਰ੍ਹਾਂ ਸ਼ਹਿਰਾਂ `ਚ ਕਾਰ ਆਦਿ ਕਿਰਾਏ `ਤੇ ਲੈਣ ਲਈ ਉਬਰ, ਓਲਾ ਵਰਗੀਆਂ ਐਪਲੀਕੇਸ਼ਨ ਹਨ, ਉਸੇ ਤਰ੍ਹਾਂ ਹੀ ਇਸ ਮਸ਼ੀਨਰੀ ਲਈ ਵੀ ਇਹ ਸੁਵਿਧਾ ਬਣਾਈ ਗਈ ਹੈ। ਇਸ ਲਈ ਮੋਬਾਇਲ ਐਪਲੀਕੇਸ਼ਨ ‘ਆਈ ਐਪ’ ਤਿਆਰ ਕੀਤਾ ਗਿਆ ਹੈ, ਜਿਸ `ਚ ਕਿਸਾਨਾਂ ਨੂੰ ਆਪਣੇ ਪਿੰਡ ਤੇ ਜ਼ਮੀਨ ਬਾਰੇ ਵੇਰਵਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਨ੍ਹਾਂ ਦਾ ਖੇਤ ਕਦੋਂ ਖਾਲੀ ਹੋਵੇਗਾ ਤਾਂ ਕਿ ਮਸ਼ੀਨਾਂ ਮੁਹੱਈਆਂ ਕਰਵਾਈਆਂ ਜਾ ਸਕਣ। ਇਸ ਨੂੰ ਅਪਣਾ ਕੇ ਬੇਲੋੜੇ ਖਰਚਿਆ ਨੂੰ ਘਟਾਇਆ ਜਾ ਸਕਦਾ ਹੈ ਤੇ ਵਾਤਾਵਰਨ ਨੂੰ ਵੀ ਪਲੀਤ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਖੇਤੀ ਮਸ਼ੀਨਾਂ ਜਿਵੇਂ ਹੈਪੀ ਸੀਡਰ (Happy Seeder) (ਖੜੀ ਪਰਾਲੀ `ਚ ਫ਼ਸਲ ਬੀਜਣ ਲਈ), ਰੋਟਾਵੇਟਰ (Rotavator) (ਜ਼ਮੀਨ ਦੀ ਤਿਆਰੀ ਲਈ ਤੇ ਮਿੱਟੀ `ਚ ਪਰਾਲੀ ਨੂੰ ਸ਼ਾਮਿਲ ਕਰਨ ਲਈ), ਜ਼ੀਰੋ ਟਿਲ ਸੀਡ ਡਰਿੱਲ ( ਪਿਛਲੀ ਫ਼ਸਲ ਦੀ ਪਰਾਲੀ `ਚ ਬੀਜ ਦੀ ਸਿੱਧੀ ਬਿਜਾਈ ਲਈ), ਪੈਡੀ ਸਟਰਾਅ ਚੋਪਰ (Paddy straw chopper) (ਮਿੱਟੀ `ਚ ਆਸਾਨੀ ਨਾਲ ਮਿਲਾਉਣ ਲਈ ਝੋਨੇ ਦੀ ਪਰਾਨੀ ਨੂੰ ਕੱਟਣਾ) ਆਦਿ ਕਿਸਾਨ ਵਰਤ ਸਕਦੇ ਹਨ। ਹਾਲਾਂਕਿ ਇਹ ਮਸ਼ੀਨਾਂ ਬਹੁਤ ਮਹਿੰਗੀਆਂ ਹਨ ਪਰ ਖੇਤੀਬਾੜੀ ਸੋਸਾਇਟੀਆਂ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (Krishi Vigyan Kendra) `ਚ ਇਹ ਮਸ਼ੀਨਾਂ ਮਾਮੂਲੀ ਜਿਹਾ ਕਿਰਾਇਆਂ ਦੇ ਕੇ ਵਰਤੀਆਂ ਜਾ ਸਕਦੀਆਂ ਹਨ। ਝੋਨੇ `ਚ ਪਾਣੀ ਖੜਾ ਨਾ ਰੱਖ ਕੇ, ਲੋੜ ਅਨੁਸਾਰ ਸਿੰਚਾਈ ਕਰਕੇ ਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਜ਼ਮੀਨ `ਚ ਵਾਹ ਕੇ ਗੈਸਾਂ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਮਿੱਟੀ ਵਿਚਲੇ ਕਾਰਬਨ ਨੂੰ ਵਧਾਇਆ ਜਾ ਸਕਦਾ ਹੈ।

ਜਿਸ ਦਰ ਨਾਲ ਕੁਦਰਤੀ ਸਰੋਤ ਘੱਟ ਰਹੇ ਹਨ, ਇਹਨਾਂ ਨੂੰ ਸਾਂਭਣਾ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਕੁਝ ਕਿਸਾਨ ਪਰਾਲੀ ਨੂੰ ਸੰਭਾਲਣ ਲਈ ਆਪਣੇ ਤਰੀਕੇ ਵੀ ਵਰਤ ਰਹੇ ਹਨ ਜੋ ਕਿ ਸ਼ਲਾਘਾਯੋਗ ਕਦਮ ਹਨ। ਪਰਾਲੀ ਦੀ ਸਾਂਭ-ਸੰਭਾਲ ਨੂੰ ਲੈ ਕੇ ਯੂਨੀਵਰਸਿਟੀ ਹਰ ਹੀਲੇ-ਵਸੀਲੇ ਲੇਖਾਂ, ਕਿਸਾਨ ਮੇਲਿਆਂ, ਸੋਸ਼ਲ ਮੀਡਿਆ (Social Media) , ਟੀ ਵੀ/ ਰੇਡੀਓ (Radio) ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੀ ਰਹਿੰਦੀ ਹੈ। ਇਨ੍ਹਾਂ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਵੱਡੇ ਪੱਧਰ `ਤੇ ਸਾਂਝੇ ਯਤਨਾਂ ਦੀ ਲੋੜ ਹੈ। ਜਿਸ ਨਾਲ ਕੁਦਰਤੀ ਸੋਮਿਆਂ ਦੀ ਸੰਭਾਲ ਹੋ ਸਕੇ, ਖੇਤੀ `ਚ ਆ ਰਹੀਆਂ ਸਮੱਸਿਆਵਾਂ ਵੀ ਦੂਰ ਹੋ ਸਕਣ, ਲੋਕਾਂ ਨੂੰ ਚੰਗੀ ਸਿਹਤ ਲਈ ਸਾਫ ਸੁਥਰਾ ਜਲਵਾਯੂ ਮਿਲ ਸਕੇ ਤੇ ਵੱਧ ਤੋਂ ਵੱਧ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ।

Summary in English: Let's save Punjab from getting dirty, make Rangla by reducing pollution

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters