Kisan Mela 2023: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਹਰ ਸਾਲ ਵਾਂਗ ਸਤੰਬਰ ਮਹੀਨੇ ਦੇ ਕਿਸਾਨ ਮੇਲੇ ਤੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਵੀ ਇਹਨਾਂ ਸਨਮਾਨਾਂ ਲਈ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਤੋਂ ਅਰਜ਼ੀਆਂ ਦੀ ਮੰਗੀ ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਇਹਨਾਂ ਇਨਾਮਾਂ ਵਿੱਚ ਸ. ਦਲੀਪ ਸਿੰਘ ਧਾਲੀਵਾਲ ਪੁਰਸਕਾਰ ਪ੍ਰਮੁੱਖ ਹੈ ਇਹ ਪੁਰਸਕਾਰ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਆਪਣੇ ਖੇਤਾਂ ਵਿੱਚ ਖੁਦ ਫ਼ਸਲਾਂ ਉਗਾਉਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਪੁਰਸਕਾਰ ਵਿੱਚ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : Diwan Todarmal Haweli ਦੀ ਇਤਿਹਾਸਕ ਇਮਾਰਤ ਨੂੰ ਮਿਲੇਗੀ ਪੁਰਾਤਨ ਦਿੱਖ
ਇਸੇ ਤਰ੍ਹਾਂ ਪਰਵਾਸੀ ਭਾਰਤੀ ਪੁਰਸਕਾਰ ਵੰਨ-ਸਵੰਨੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ ਅੱਠ ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਵੀ ਦਿੱਤਾ ਜਾਂਦਾ ਹੈ।
ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਹੜੇ ਆਪਣੀ ਕੁੱਲ ਜ਼ਮੀਨ ਵਿੱਚੋਂ 60 ਫੀਸਦੀ ਰਕਬੇ ‘ਤੇ ਸਬਜ਼ੀਆਂ ਬੀਜਦੇ ਹਨ। ਇਸ ਪੁਰਸਕਾਰ ਵਿੱਚ 3100/- ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਵੀ ਦਿੱਤਾ ਜਾਵੇਗਾ।
ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਪੰਜ ਏਕੜ ਤੋਂ ਘੱਟ ਮਾਲਕੀ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਖੁਦ ਖੇਤੀ ਕਰਦੇ ਹੋਣ। ਇਸ ਸਨਮਾਨ ਦੀ ਰਾਸ਼ੀ ਪੰਜ ਹਜ਼ਾਰ ਰੁਪਏ ਹੋਵੇਗੀ।
ਇਹ ਵੀ ਪੜ੍ਹੋ : ਘਰੇਲੂ ਪੱਧਰ 'ਤੇ Fruits-Vegetables ਦੀ ਸਾਂਭ-ਸੰਭਾਲ ਲਈ Training Course
ਸਰਦਾਰਨੀ ਜਗਬੀਰ ਕੌਰ ਮੈਮੋਰੀਅਲ ਇੰਨੋਵੇਟਿਵ ਵੁਮੈਨ ਫਾਰਮਰ ਐਵਾਰਡ ਸਿਰਫ਼ ਅਗਾਂਹਵਧੂ ਕਿਸਾਨ ਬੀਬੀਆਂ ਲਈ ਹੀ ਰਾਖਵਾਂ ਹੈ ਜੋ ਖੇਤੀ ਅਤੇ ਉਸ ਨਾਲ ਸੰਬੰਧਤ ਕਾਰੋਬਾਰ ਨਾਲ ਜੁੜੀਆਂ ਹੋਣ। ਇਸ ਵਿੱਚ ਕਿਸਾਨ ਬੀਬੀ ਨੂੰ 3100/- ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਚਿੰਨ੍ਹ ਅਤੇ ਸ਼ਲਾਘਾ ਪੱਤਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਭਾਈ ਬਾਬੂ ਸਿੰਘ ਬਰਾੜ ਬੈਸਟ ਪੌਂਡ ਐਵਾਰਡ ਦਿੱਤਾ ਜਾਵੇਗਾ। ਇਸਦੀ ਰਾਸ਼ੀ 20,000 ਰੁਪਏ ਅਤੇ ਸਨਮਾਨ ਚਿੰਨ ਹੈ। ਇਸਦੀ ਲਾਜ਼ਮੀ ਸ਼ਰਤ ਵਿੱਚ ਘੱਟੋ ਘੱਟ ਦੋ ਕਨਾਲ ਰਕਬੇ ਵਿੱਚ 4 ਫੁੱਟ ਡੂੰਘਾ ਛੱਪੜ ਹੋਵੇ ਜਿਸਦੀ ਸਫਾਈ ਅਤੇ ਪ੍ਰਬੰਧ ਦੁਆਰਾ ਪਾਣੀ ਦੀ ਵੱਖ-ਵੱਖ ਕੰਮਾਂ ਲਈ ਵਰਤੋਂ ਦੇ ਆਧਾਰ ਤੇ ਚੋਣ ਕੀਤੀ ਜਾਵੇਗੀ। ਇਹਨਾਂ ਸ਼ਰਤਾਂ ਤੇ ਖਰਾ ਉਤਰਨ ਵਾਲੇ ਪਿੰਡ ਜਾਂ ਕਸਬੇ ਨੂੰ ਇਹ ਇਨਾਮ ਪ੍ਰਦਾਨ ਕੀਤਾ ਜਾਵੇਗਾ।
ਇਹ ਸਾਰੇ ਪੁਰਸਕਾਰ ਸਤੰਬਰ ਮਹੀਨੇ ਹੋਣ ਵਾਲੇ ਕਿਸਾਨ ਮੇਲੇ ਵਿੱਚ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਭੇਜਣ ਵਾਸਤੇ ਅਗਾਂਹਵਧੂ ਕਿਸਾਨ ਆਪੋ-ਆਪਣੇ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉੱਪ ਨਿਰਦੇਸ਼ਕ, ਖੇਤੀ ਖੋਜ ਕੇਂਦਰਾਂ ਦੇ ਨਿਰਦੇਸ਼ਕ, ਜ਼ਿਲ੍ਹਾ ਪਸਾਰ ਮਾਹਿਰਾਂ ਦੇ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਬਾਗਬਾਨੀ ਵਿਭਾਗ ਦੇ ਉੱਪ ਨਿਰਦੇਸ਼ਕ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਮੁੱਖ ਦਫ਼ਤਰ, ਪੀ.ਏ.ਯੂ. ਲੁਧਿਆਣਾ ਤੋਂ ਨਿਸ਼ਚਤ ਫਾਰਮ ਹਾਸਲ ਕਰ ਸਕਦੇ ਹਨ।
ਇਹ ਫਾਰਮ ਭਰਨ ਉਪਰੰਤ 14 ਜੁਲਾਈ, 2023 ਤੱਕ ਨਿਰਦੇਸ਼ਕ ਪਸਾਰ ਸਿੱਖਿਆ, ਲੁਧਿਆਣਾ ਦੇ ਮੁੱਖ ਦਫ਼ਤਰ ਤੱਕ ਪਹੁੰਚਾਉਣੇ ਜ਼ਰੂਰੀ ਹਨ। ਡਾ. ਗੁਰਮੀਤ ਸਿੰਘ ਬੁੱਟਰ ਨੇ ਇਹ ਵੀ ਦੱਸਿਆ ਕਿ ਹਰ ਪੁਰਸਕਾਰ ਲਈ ਵੱਖਰੀ-ਵੱਖਰੀ ਅਰਜ਼ੀ ਪ੍ਰਵਾਨ ਕੀਤੀ ਜਾਵੇਗੀ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: September Kisan Mela: Request for applications from farmers, send nominations before last date