ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਲੁਧਿਆਣਾ ਕੈਂਪਸ ਵਿਖੇ ਕਿਸਾਨ ਮੇਲੇ ਦੇ ਦੂਜੇ ਦਿਨ ਇਨਾਮ ਵੰਡ ਸਮਾਰੋਹ ਹੋਇਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਜੰਗਲਾਤ ਖੋਜ ਸੰਸਥਾਨ ਦੇਹਰਾਦੂਨ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਅਸ਼ਵਨੀ ਕੁਮਾਰ ਸ਼ਰਮਾ ਸ਼ਾਮਿਲ ਹੋਏ, ਜਦੋਂਕਿ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਤੋਂ ਇਲਾਵਾ ਮੰਚ ਤੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਹਰਦਿਆਲ ਸਿੰਘ ਗਜ਼ਨੀਪੁਰ ਅਤੇ ਸ. ਅਮਨਪ੍ਰੀਤ ਸਿੰਘ ਬਰਾੜ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਮੁੱਖ ਮਹਿਮਾਨ ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਪੀ.ਏ.ਯੂ. ਨਾਲ ਪੁਰਾਣੇ ਸੰਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ 50 ਸਾਲ ਪਹਿਲਾਂ ਯੂਨੀਵਰਸਿਟੀ ਵਿੱਚ ਅਕਾਦਮਿਕ ਸਿੱਖਿਆ ਹਾਸਲ ਕਰਨ ਲਈ ਵਧੇਰੇ ਮੁਕਾਬਲਾ ਸੀ। ਪੀ.ਏ.ਯੂ. ਨੇ ਆਪਣੇ ਮਿਆਰ ਨੂੰ ਬਦਲਦੀਆਂ ਸਥਿਤੀਆਂ ਵਿੱਚ ਵੀ ਬਰਕਰਾਰ ਰੱਖਿਆ ਹੈ ਇਹ ਗੱਲ ਵਿਸ਼ੇਸ਼ ਮਾਣ ਵਾਲੀ ਹੈ।
ਉਨ੍ਹਾਂ ਕਿਹਾ ਕਿ ਖੇਤੀ ਇੱਕ ਬਹੁਤ ਉੱਤਮ ਕਿੱਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਾਡਾ ਅੱਜ ਦੇ ਨੌਜਵਾਨ ਦਾ ਧਿਆਨ ਖੇਤੀ ਸਿੱਖਿਆ ਅਤੇ ਖੇਤੀ ਦੇ ਧੰਦੇ ਤੋਂ ਹਟਦਾ ਜਾ ਰਿਹਾ ਹੈ। ਪੀ.ਏ.ਯੂ. ਦੇ ਖੇਤੀ ਖੋਜ ਅਤੇ ਅਧਿਆਪਨ ਦੇ ਮਿਆਰ ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿੱਚ ਪੀ.ਏ.ਯੂ. ਵਿਗਿਆਨੀਆਂ ਅਤੇ ਪੰਜਾਬ ਦੇ ਕਿਸਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਪੰਜਾਬ ਵਿੱਚ ਖਾਰੇਪਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਐਗਰੋ ਫੋਰੈਸਟਰੀ ਦੇ ਮਾਡਲ ਲਗਾਉਣ ਦਾ ਮਸ਼ਵਰਾ ਦਿੰਦਿਆਂ ਉਨ੍ਹਾਂ ਬੇਰ ਦੀ ਕਿਸਮ ਐਪਲ ਬੇਰ ਅਤੇ ਅੰਬ ਦੀ ਕਿਸਮ ਮੀਆਜਾਕੀ ਨੂੰ ਵੱਧ ਤੋਂ ਵੱਧ ਲਾਉਣ ਲਈ ਕਿਹਾ। ਕੁਦਰਤੀ ਸੋਮਿਆਂ ਦੇ ਹੋ ਰਹੇ ਘਾਣ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਖੇਤੀ ਵੰਨ-ਸੁਵੰਨਤਾ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ ਅਤੇ ਇਸ ਲਈ ਔਸ਼ਧੀ ਬੂਟਿਆਂ, ਦਾਲਾਂ, ਕਮਾਦ ਆਦਿ ਫ਼ਸਲਾਂ ਲਾਉਣ ਲਈ ਕਿਹਾ।
ਡਾ. ਸ਼ਰਮਾ ਨੇ ਕਿਹਾ ਕਿ ਬੀਜਾਂ ਦੀ ਪ੍ਰਮਾਣਿਕਤਾ ਪੀ.ਏ.ਯੂ. ਦਾ ਵਿਸ਼ੇਸ਼ ਪਛਾਣ ਚਿੰਨ ਹੈ ਅਤੇ ਖੇਤ ਪ੍ਰਦਰਸ਼ਨ ਇਸ ਪ੍ਰਮਾਣਿਕਤਾ ਦਾ ਸ਼ੀਸ਼ਾ ਹਨ। ਉਨ੍ਹਾਂ ਕੰਢੀ ਖੇਤਰ ਵਿੱਚ ਮਿੱਟੀ ਅਤੇ ਪਾਣੀ ਦੇ ਲੂਣੇਪਣ ਦੀ ਸਮੱਸਿਆ ਨਾਲ ਨਜਿੱਠਣ ਲਈ ਪਾਪਲਰ ਦੀ ਕਾਸ਼ਤ ਦੀ ਸਿਫ਼ਾਰਸ਼ ਵੀ ਕੀਤੀ।
ਇਹ ਵੀ ਪੜ੍ਹੋ : Krishi Vigyan Kendra Patiala ਵਿਖੇ ਗੋਭੀ ਸਰ੍ਹੋਂ 'ਤੇ ਖੇਤ ਦਿਵਸ ਦਾ ਆਯੋਜਨ
ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਰੰਤਰ ਗਿਰਾਵਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਣੀ ਦੀ ਬੱਚਤ ਕਰਨ ਲਈ ਸਾਨੂੰ ਝੋਨੇ ਦੀ ਘੱਟ ਪਾਣੀ ਲੈਣ ਵਾਲੀ ਕਿਸਮ ਪੀ ਆਰ 126 ਲਗਾਉਣੀ ਚਾਹੀਦੀ ਹੈ ਅਤੇ ਬਾਗਾਂ ਵਾਸਤੇ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਪੀ.ਏ.ਯੂ. ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ, ਬੀਜਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਖੇਤੀ ਖਰਚਿਆਂ ਨੂੰ ਢੁੱਕਵਾਂ ਅਤੇ ਤਰਕਸੰਗਤ ਬਨਾਉਣਾ ਯੂਨੀਵਰਸਿਟੀ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਕਿ ਸਿਫ਼ਾਰਸ਼ ਤੋਂ ਵੱਧ ਖਾਦ ਤੇ ਪਾਣੀ ਦੀ ਵਰਤੋਂ ਕਾਰਨ ਫ਼ਸਲ ਦਾ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ : ਕਿਸਾਨ ਮੇਲੇ 'ਚ State Bank of India ਵੱਲੋਂ ਕਿਸਾਨਾਂ ਨਾਲ ਸਬੰਧਤ ਬੈਂਕ ਸਕੀਮਾਂ ਬਾਰੇ ਜਾਣਕਾਰੀ ਸਾਂਝੀ
ਕਿਸਾਨਾਂ ਨੂੰ ਖੇਤੀ ਸਾਹਿਤ ਨਾਲ ਜੋੜਦਿਆਂ ਵਾਈਸ ਚਾਂਸਲਰ ਨੇ ਹਾੜੀ-ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਨਿਰੰਤਰ ਪੜਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਉਣ ਵਾਲੀਆਂ ਪੀੜੀਆਂ ਨੂੰ ਖੇਤੀ ਸਿੱਖਿਆ ਨਾਲ ਜੋੜਨ ਅਤੇ ਖੇਤੀ ਸੰਬੰਧੀ ਜਾਗਰੂਕ ਸਮਾਜ ਦੀ ਉਸਾਰੀ ਦਾ ਸੱਦਾ ਦਿੰਦਿਆਂ ਆਉਂਦੇ ਦਿਨੀਂ ਹਾੜੀ ਦੀ ਫ਼ਸਲ ਦੀ ਸਫਲਤਾ ਨਾਲ ਵਾਢੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਰ ਹਾਲ ਵਿੱਚ ਖੇਤੀ ਨੂੰ ਵੱਧ ਮੁਨਾਫ਼ੇਯੋਗ ਅਤੇ ਵਾਤਾਵਰਨ ਪੱਖੀ ਬਨਾਉਣ ਲਈ ਆਪਣੀ ਖੋਜ ਦੀ ਦਿਸ਼ਾ ਨਿਰਧਾਰਤ ਕਰ ਰਹੀ ਹੈ।
Summary in English: Use of fertilizers and water in excess of recommended causes crop loss: PAU