ਪੰਜਾਬ `ਚ ਅੱਜ-ਕੱਲ੍ਹ ਕਈ ਕਿਸਾਨਾਂ ਲਈ ਮਾੜਾ ਦੌਰ ਚਲ ਰਿਹਾ ਹੈ। ਰੋਜ਼ਾਨਾ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਕੋਈ ਨਾਂ ਕੋਈ ਕਿੱਸਾ ਸੁਨਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੀ ਮਿਹਨਤ ਤੇ ਪੈਸੇ ਦੋਵੇਂ ਬਰਬਾਦ ਹੋ ਰਹੇ ਹਨ ਤੇ ਉਨ੍ਹਾਂ ਨੂੰ ਬਹੁਤ ਵੱਡੇ ਨੁਕਸਾਨ ਝੱਲਣੇ ਪੈ ਰਹੇ ਹਨ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਕਿਸਾਨਾਂ ਦੀਆਂ ਹੱਡ ਬੀਤੀਆਂ ਦੱਸਣ ਜਾ ਰਹੇ ਹਾਂ।
ਫਤਿਹਗੜ੍ਹ ਤੇ ਬਠਿੰਡੇ ਦੇ ਰਹਿਣ ਵਾਲੇ ਦੋ ਅਜਿਹੇ ਕਿਸਾਨ ਹਨ, ਜਿਨ੍ਹਾਂ ਦੀ ਤਿਆਰ ਖੜੀ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਫ਼ਸਲ ਤਬਾਹ ਹੋਣ ਦੇ ਕਾਰਨ ਉਨ੍ਹਾਂ ਦੀਆਂ ਉਮੀਦਾਂ `ਤੇ ਪਾਣੀ ਫਿਰ ਗਿਆ ਹੈ। ਪੀੜਤ ਕਿਸਾਨਾਂ ਨੂੰ ਹੁਣ ਆਪਣੇ ਨੁਕਸਾਨ ਦੀ ਭਰਪਾਈ ਕਰਨ `ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਝੋਨੇ ਦੀ ਫ਼ਸਲ ਤਬਾਹ ਹੋਣ ਦੇ ਕਾਰਣ:
ਬਿਮਾਰੀ ਲੱਗਣ ਨਾਲ:
ਫਤਿਹਗੜ੍ਹ ਛੰਨਾ ਦੇ ਵਸਨੀਕ ਅਮਰੀਕ ਸਿੰਘ ਦੀ ਢਾਈ ਏਕੜ ਦੀ ਝੋਨੇ ਦੀ ਫ਼ਸਲ ਬੈਕਟੀਰੀਅਲ ਲੀਫ ਬਲਾਈਟ ਨਾਂ ਦਾ ਰੋਗ ਲੱਗਣ ਕਾਰਨ ਬਰਬਾਦ ਹੋ ਗਈ ਹੈ। ਇਸ ਬਿਮਾਰੀ ਨਾਲ ਝੋਨੇ ਦੇ ਪੌਦੇ ਕੱਦ `ਚ ਛੋਟੇ ਤੇ ਹੌਲੀ-ਹੌਲੀ ਸੁੱਕਣ ਲੱਗੇ, ਜਿਸਤੋਂ ਬਾਅਦ ਕਿਸਾਨਾਂ ਵੱਲੋਂ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ, ਪਰ ਇਹਦੇ ਉਲਟ ਨਤੀਜੇ ਵੇਖਣ ਨੂੰ ਸਾਹਮਣੇ ਆਏ। ਇਸ ਪ੍ਰਕਿਰਿਆ ਦੌਰਾਨ ਪੈਸੇ ਤਾਂ ਬਰਬਾਦ ਹੋਏ ਹੀ ਨਾਲ ਹੀ ਫ਼ਸਲ ਵੀ ਪੂਰੀ ਤਰ੍ਹਾਂ ਤਬਾਹ ਹੋ ਗਈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਇਸ ਰੋਗ ਦਾ ਕੋਈ ਇਲਾਜ ਨਹੀਂ ਹੈ।
ਨਕਲੀ ਕੀਟਨਾਸ਼ਕ ਦੇ ਛਿੜਕਾਅ ਕਾਰਨ:
ਬਠਿੰਡੇ ਦੇ ਪਿੰਡ ਦਿਉਣ ਦੇ ਰਹਿਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਦੀ 12 ਏਕੜ ਦੀ ਝੋਨੇ ਦੀ ਫ਼ਸਲ ਨਕਲੀ ਕੀਟਨਾਸ਼ਕ ਦੇ ਛਿੜਕਾਅ ਕਾਰਨ ਤਬਾਹ ਹੋ ਗਈ। ਇਸ ਕਿਸਾਨ ਨੇ ਪ੍ਰਤੀ ਏਕੜ 64 ਹਜ਼ਾਰ ਰੁਪਏ `ਤੇ ਜ਼ਮੀਨ ਠੇਕੇ `ਤੇ ਲੈ ਕੇ ਝੋਨੇ ਦੀ ਫ਼ਸਲ ਲਾਈ ਸੀ, ਜੋ ਕਿ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਗੁਰਪ੍ਰੀਤ ਸਿੰਘ ਨੂੰ ਇਸ ਨਾਲ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨਕਲੀ ਦਵਾਈ ਦੀ ਵਿਕਰੀ ਪਿੰਡ ਦੇ ਆੜਤੀਏ ਵੱਲੋਂ ਕੀਤੀ ਗਈ ਸੀ, ਜਿਸ ਦੀ ਗੁਰਪ੍ਰੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਿਰੁੱਧ ਜੰਗ ਦਾ ਐਲਾਨ, ਝੋਨੇ ਦੀ ਪਰਾਲੀ ਵੱਡੀ ਚੁਣੌਤੀ: ਧਾਲੀਵਾਲ
ਸਰਕਾਰ ਵੱਲੋਂ ਚੁੱਕੇ ਗਏ ਕਦਮ:
ਸੂਬਾ ਸਰਕਾਰ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਜਿਸਦੇ ਚਲਦਿਆਂ ਹੁਣ ਸਰਕਾਰ ਸੂਬੇ 'ਚ ਖਾਦਾਂ ਤੇ ਬੀਜਾਂ ਦੀ ਵਿਕਰੀ `ਤੇ ਰੋਕ ਲਗਾਉਣ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਵੱਲੋਂ ਨਕਲੀ ਕੀਟਨਾਸ਼ਕ, ਖਾਦਾਂ ਤੇ ਬੀਜਾਂ ਦੀ ਵਿਕਰੀ ਰੋਕਣ ਲਈ ਕਾਨੂੰਨ ਲਿਆਂਦਾ ਜਾਵੇਗਾ, ਜਿਸ ਵਿੱਚ ਗ਼ੈਰ ਜ਼ਮਾਨਤੀ ਧਾਰਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਨਾਲ ਕਿਸਾਨਾਂ ਨੂੰ ਹੋ ਰਹੇ ਨੁਕਸਾਨ ਤੋਂ ਵੀ ਰਾਹਤ ਮਿਲੇਗੀ। ਇਸ ਬਾਰੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਰਕਾਰ ਕਿਸੇ ਵੀ ਕੀਮਤ ਤੇ ਨਕਲੀ ਕੀਟਨਾਸ਼ਕ, ਖਾਦਾਂ ਤੇ ਬੀਜਾਂ ਦੀ ਵਿਕਰੀ ਨਹੀਂ ਹੋਣ ਦੇਵੇਗੀ।
ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਫਸਰਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਅਫਸਰ ਕਿਸੇ ਗਲਤ ਕੰਪਨੀ ਨਾਲ ਮਿਲੀਭੁਗਤ ਕਰਕੇ ਕੋਈ ਨਕਲੀ ਜਾ ਗੈਰ ਮਿਆਰੀ ਕੀਟਨਾਸ਼ਕ, ਬੀਜ਼ ਜਾਂ ਖਾਦ ਵੇਚਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਪੰਜਾਬ `ਚ ਕੀਟਨਾਸ਼ਕਾਂ, ਖਾਦਾਂ ਤੇ ਬੀਜਾਂ ਦੇ ਉਤਪਾਦਨ ਤੋਂ ਲੈ ਕੇ ਕਿਸਾਨਾਂ ਦੀ ਪਹੁੰਚ ਤੱਕ ਪੂਰੀ ਨਿਗਰਾਨੀ ਲਈ ਟਰੇਸ ਐਂਡ ਟਰੈਕਿੰਗ ਸਿਸਟਮ ਲਿਆਂਦਾ ਜਾਵੇਗਾ।
Summary in English: Why are the paddy crops getting destroyed in Punjab?