PAU Special 2023: ਸਾਲ 2023 ਪੀ.ਏ.ਯੂ. ਲਈ ਸਥਾਪਤੀ ਦੇ 6 ਦਹਾਕਿਆਂ ਦੇ ਪੂਰੇ ਹੋਣ ਦਾ ਡਾਇਮੰਡ ਜੁਬਲੀ ਵਰ੍ਹਾ ਸੀ। ਇਸ ਸਾਲ ਵੀ ਯੂਨੀਵਰਸਿਟੀ ਨੇ ਅਕਾਦਮਿਕ, ਪਸਾਰ ਅਤੇ ਖੋਜ ਖੇਤਰ ਵਿਚ ਆਪਣੇ ਜਾਣੇ-ਪਛਾਣੇ ਕਾਰਜ ਨੂੰ ਜਾਰੀ ਰੱਖਿਆ। ਯੂਨੀਵਰਸਿਟੀ ਨੇ ਕਿਸਾਨਾਂ, ਕਿਸਾਨ ਔਰਤਾਂ ਅਤੇ ਪੇਂਡੂ ਨੌਜਵਾਨਾਂ ਦੀ ਸਹਾਇਤਾ ਅਤੇ ਤਕਨੀਕੀ ਅਗਵਾਈ ਦੇ ਨਾਲ-ਨਾਲ ਪੇਂਡੂ ਕਿਸਾਨੀ ਸਮਾਜ ਦੀ ਆਮਦਨ ਵਿਚ ਵਾਧਾ ਕਰਨ ਲਈ ਵਿਸ਼ੇਸ਼ ਯਤਨ ਕੀਤੇ। ਇਸ ਸਾਲ ਇਹਨਾਂ ਪ੍ਰਾਪਤੀਆਂ ਦੇ ਨਾਲ-ਨਾਲ ਯੂਨੀਵਰਸਿਟੀ ਨੂੰ ਵਿਸ਼ੇਸ਼ ਮਾਣ-ਸਨਮਾਨ ਵਾਲੇ ਵਰ੍ਹੇ ਵਜੋਂ ਵੀ ਜਾਣਿਆ ਜਾਵੇਗਾ।
ਇਸ ਵਰ੍ਹੇ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ ਆਈ ਆਰ ਐੱਫ) ਨੇ 2023 ਦੀ ਰੈਂਕਿੰਗ ਅਨੁਸਾਰ ਪੀ.ਏ.ਯੂ. ਨੂੰ ਦੇਸ਼ ਦੀਆਂ 63 ਰਾਜ ਖੇਤੀ ਯੂਨੀਵਰਸਿਟੀਆਂ ਵਿੱਚੋਂ ਸਰਵੋਤਮ ਰੈਂਕਿੰਗ ਦਿੱਤੀ। ਇਸਦੇ ਨਾਲ ਹੀ ਯੂਨੀਵਰਸਿਟੀ ਦੇਸ਼ ਦੀਆਂ ਖੇਤੀ ਸੰਸਥਾਵਾਂ ਵਿਚ ਤੀਸਰੀ ਰੈਂਕਿੰਗ ਲੈਣ ਵਿਚ ਕਾਮਯਾਬ ਰਹੀ। ਯੂਨੀਵਰਸਿਟੀ ਵਿੱਚ ਨਵੀਆਂ ਨਿਯੁਕਤੀਆਂ ਹੋਈਆਂ ਜਿਨ੍ਹਾਂ ਵਿਚ ਸ਼੍ਰੀ ਰਿਸ਼ੀਪਾਲ ਸਿੰਘ (ਆਈ ਏ ਐੱਸ) ਨੂੰ ਯੂਨੀਵਰਸਿਟੀ ਦਾ ਰਜਿਸਟਰਾਰ ਨਿਯੁਕਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਡਾ. ਮਾਨਵਇੰਦਰਾ ਸਿੰਘ ਗਿੱਲ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਅਤੇ ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਬਣੇ।
ਵੱਖ-ਵੱਖ ਕਾਲਜਾਂ ਦੇ ਨਵੇਂ ਡੀਨਾਂ ਦੀ ਨਿਯੁਕਤੀ ਹੋਈ ਜਿਨ੍ਹਾਂ ਵਿਚ ਡਾ. ਚਰਨਜੀਤ ਸਿੰਘ ਔਲਖ ਨੂੰ ਖੇਤੀਬਾੜੀ ਕਾਲਜ ਦਾ ਡੀਨ, ਡਾ. ਮਨਜੀਤ ਸਿੰਘ ਨੂੰ ਖੇਤੀ ਇੰਜਨੀਅਰਿੰਗ ਕਾਲਜ ਦਾ ਡੀਨ ਅਤੇ ਡਾ. ਕਿਰਨ ਬੈਂਸ ਨੂੰ ਕਮਿਊਨਟੀ ਸਾਇੰਸ ਕਾਲਜ ਦਾ ਡੀਨ ਬਣਾਇਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ ਅਤੇ ਮੁਖੀ ਵੀ ਨਿਯੁਕਤ ਹੋਏ। ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਵਿਚ ਇਸ ਵਰ੍ਹੇ ਮਾਰਚ ਮਹੀਨੇ ਸਾਉਣੀ ਦੀਆਂ ਫ਼ਸਲਾਂ ਲਈ ਅਤੇ ਸਤੰਬਰ ਮਹੀਨੇ ਹਾੜ੍ਹੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਆਯੋਜਿਤ ਕੀਤੇ ਗਏ। ਇਹਨਾਂ ਮੇਲਿਆਂ ਵਿਚ ਫਸਲਾਂ, ਫਲਦਾਰ ਬੂਟਿਆਂ, ਫੁੱਲਾਂ, ਚਾਰਿਆਂ ਆਦਿ ਦੀਆਂ ਨਵੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਈਆਂ ਗਈਆਂ। ਲੱਖਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਇਹਨਾਂ ਮੇਲਿਆਂ ਵਿਚ ਸ਼ਾਮਿਲ ਹੋ ਕੇ ਆਪਣੀ ਖੇਤੀ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨ ਵੱਲ ਕਦਮ ਵਧਾਏ।
ਸਰਕਾਰ ਵੱਲੋਂ ਕਿਸਾਨਾਂ ਨਾਲ ਸਿੱਧਾ ਰਾਬਤਾ ਬਨਾਉਣ ਦੇ ਯਤਨਾਂ ਵਜੋਂ ਪੀ.ਏ.ਯੂ. ਵਿਚ ਫਰਵਰੀ ਅਤੇ ਮਈ ਮਹੀਨੇ ਦੋ ਸਰਕਾਰ-ਕਿਸਾਨ ਮਿਲਣੀਆਂ ਆਯੋਜਿਤ ਕੀਤੀਆਂ ਗਈਆਂ। ਇਹਨਾਂ ਮਿਲਣੀਆਂ ਵਿਚ ਰਾਜ ਦੇ ਸਾਰੇ ਖੇਤਰਾਂ ਤੋਂ ਕਿਸਾਨਾਂ ਨੇ ਸ਼ਿਰਕਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਦੋਂ ਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਇਹਨਾਂ ਮੇਲਿਆਂ ਵਿਚ ਕਿਸਾਨਾਂ ਨਾਲ ਸਲਾਹ-ਮਸ਼ਵਰਾ ਸ਼ੈਸਨਾਂ ਦਾ ਹਿੱਸਾ ਬਣੇ। ਇਹਨਾਂ ਮੇਲਿਆਂ ਤੋਂ ਪ੍ਰਾਪਤ ਹੋਏ ਸੁਝਾਅ ਅਤੇ ਰਾਵਾਂ ਨੂੰ ਰਾਜ ਦੀ ਖੇਤੀ ਨੀਤੀ ਬਨਾਉਣ ਲਈ ਰੌਸ਼ਨੀ ਦੇ ਤੌਰ ਤੇ ਲਿਆ ਗਿਆ।
ਇਹ ਵੀ ਪੜੋ: ਖੇਤੀ ਮਾਹਿਰਾਂ ਨੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਦਾਇਰੇ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ
ਪੀ.ਏ.ਯੂ. ਦੇ ਖੋਜ ਮਾਹਿਰਾਂ ਨੇ ਇਸ ਵਰ੍ਹੇ ਵੀ ਵੱਖ-ਵੱਖ ਖੇਤਰਾਂ ਵਿਚ ਖੋਜ ਕਾਰਜ ਜਾਰੀ ਰੱਖੇ। ਇਹਨਾਂ ਯਤਨਾਂ ਸਦਕਾ 26 ਨਵੀਆਂ ਕਿਸਮਾਂ ਕਾਸ਼ਤ ਲਈ ਜਾਰੀ ਕੀਤੀਆਂ ਗਈਆਂ। ਇਹਨਾਂ ਵਿਚ ਪੀ ਬੀ ਡਬਲਯੂ ਜ਼ਿੰਕ-2 ਅਤੇ ਸਟਾਰਚ ਮੁਕਤ ਕਿਸਮ ਪੀ ਬੀ ਡਬਲਯੂ ਆਰ ਐੱਸ-1 ਕਣਕ ਦੀਆਂ ਕਿਸਮਾਂ ਹਨ। ਮਟਰਾਂ ਦੀ ਕਿਸਮ ਆਈ ਪੀ ਐੱਫ ਡੀ-12-02, ਛੋਲਿਆਂ ਦੀ ਕਿਸਮ ਪੀ ਬੀ ਜੀ-10, ਮੱਕੀ ਦੀ ਕਿਸਮ ਪੀ ਐੱਮ ਐੱਚ-14, ਸੌਂਫ ਦੀ ਕਿਸਮ ਅਜਮੇਰ ਸੌਂਫ-2, ਚਾਰੇ ਵਾਲੀ ਮੱਕੀ ਦੀ ਕਿਸਮਾ ਜੇ-1008, ਚਰੀ ਦੀ ਕਿਸਮ ਐੱਸ ਐੱਲ-46, ਡਰੈਗਨ ਫਰੂਟ ਦੀ ਕਿਸਮ ਰੈੱਡ ਡਰੈਗਨ-1 ਅਤੇ ਵਾਈਟ ਡਰੈਗਨ-1, ਸੇਬਾਂ ਦੀਆਂ ਕਿਸਮਾਂ ਡਾਰਸੈਟ ਗੋਲਡਨ ਅਤੇ ਅੰਨਾ, ਖੀਰੇ ਦੀ ਕਿਸਮ ਪੀ ਕੇ ਐੱਚ-11, ਖਰਬੂਜੇ ਦੀ ਕਿਸਮ ਪੰਜਾਬ ਸ਼ਾਰਦਾ, ਗਾਜਰਾਂ ਦੀਆਂ ਕਿਸਮਾਂ ਪੰਜਾਬ ਜਾਮਣੀ ਅਤੇ ਪੰਜਾਬ ਰੌਸ਼ਨੀ, ਧਨੀਏ ਦੀ ਕਿਸਮ ਪੰਜਾਬ ਖੁਸ਼ਬੂ, ਗੁਆਰ ਫਲੀਆਂ ਦੀ ਕਿਸਮ ਪੰਜਾਬ ਗੁਆਰ-1, ਇਸ ਤੋਂ ਇਲਾਵਾ ਤਰ ਅਤੇ ਵੰਗਾ ਦੇ ਸੁਮੇਲ ਤੋਂ ਬਣਿਆ ਪੰਜਾਬ ਤਰਵੰਗਾ-1, ਆਲੂਆਂ ਦੀਆਂ ਕਿਸਮਾਂ ਪੰਜਾਬ ਪਟੈਟੋ-101 ਅਤੇ 102, ਬੈਂਗਣਾਂ ਦੀ ਕਿਸਮ ਪੰਜਾਬ ਹਿੰਮਤ, ਭਿੰਡੀ ਦੀ ਕਿਸਮਾ ਪੰਜਾਬ ਲਾਲੀਮਾ ਦੇ ਨਾਲ-ਨਾਲ ਗੁਲਦਾਉਦੀ ਦੀਆਂ ਕਿਸਮਾਂ ਪੰਜਾਬ ਬਹਾਰ ਗੁਲਦਾਉਦੀ-1 ਅਤੇ ਪੰਜਾਬ ਬਹਾਰ ਗੁਲਦਾਉਦੀ-2 ਪਛਾਣੀਆਂ ਗਈਆਂ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਪ੍ਰੇਰਿਤ ਕਰਨ ਹਿਤ ਬਿਜਾਈ ਦੀ ਨਵੀਂ ਤਕਨੀਕ ਸਰਫੇਸ ਸੀਡਿੰਗ-ਕਮ-ਮਲਚਿੰਗ ਦੀ ਸਿਫ਼ਾਰਸ਼ ਕੀਤੀ ਗਈ। ਇਸ ਤਕਨੀਕ ਨਾਲ ਜਿਥੇ ਨਦੀਨਾਂ ਦਾ ਜੰਮ ਘੱਟ ਹੁੰਦਾ ਹੈ, ਉਥੇ ਸਿੰਚਾਈ ਲਈ ਪਾਣੀ ਦੀ ਬੱਚਤ ਵੀ ਹੁੰਦੀ ਹੈ। ਯੂਨੀਵਰਸਿਟੀ ਵੱਲੋਂ ਵੱਖ-ਵੱਖ ਤਕਨੀਕਾਂ ਦੇ ਵਪਾਰੀਕਰਨ ਲਈ ਪੰਜਾਬ, ਹਰਿਆਣਾ, ਹਿਮਾਚਲ, ਨਵੀਂ ਦਿੱਲੀ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਦੀ ਫਰਮਾਂ ਨਾਲ ਸੰਧੀਆਂ ਤੇ ਦਸਤਖਤ ਕੀਤੇ ਗਏ। ਇਹਨਾਂ ਵਿਚ ਮਿਰਚਾਂ ਦੀ ਹਾਈਬ੍ਰਿਡ ਕਿਸਮ ਸੀ ਐੱਚ-27, ਮੱਕੀ ਦੀ ਹਾਈਬ੍ਰਿਡ ਕਿਸਮ ਪੀ ਐੱਮ ਐੱਚ-14, ਗਾਜਰਾਂ ਦੀ ਕਿਸਮ ਪੀ ਸੀ-161, ਖਰਬੂਜੇ ਦੀ ਕਿਸਮ ਐੱਮ ਐੱਚ-27, ਟਮਾਟਰਾਂ ਦੇ ਹਾਈਬ੍ਰਿਡ, ਗੰਨੇ ਦੇ ਬੋਤਲਬੰਦ ਤਕਨੀਕ, ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਤਕਨੀਕ ਅਤੇ ਪੱਕੇ ਗੁੰਬਦ ਵਾਲੇ ਜਨਤਾ ਟਾਈਪ ਬਾਇਓਗੈਸ ਪਲਾਂਟ ਤਕਨੀਕ ਆਦਿ ਮੁੱਖ ਹਨ।
ਅਕਾਦਮਿਕ ਪ੍ਰਾਪਤੀਆਂ ਵਿਚ ਪੀ.ਏ.ਯੂ. ਦੇ ਵੱਖ-ਵੱਖ ਮਾਹਿਰਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ। ਪੀ.ਏ.ਯੂ. ਵਿਚ ਸਥਿਤ ਕਣਕ ਅਤੇ ਜੌਆਂ ਦੇ ਖੋਜ ਫਾਰਮ ਨੂੰ 62ਵੀਂ ਸਰਵ ਭਾਰਤੀ ਕਣਕ ਅਤੇ ਜੌਂਅ ਖੋਜ ਮਿਲਣੀ ਦੌਰਾਨ ਸਰਵੋਤਮ ਕੇਂਦਰ ਐਲਾਨਿਆ ਗਿਆ। ਇਸ ਤੋਂ ਇਲਾਵਾ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਜੋ ਖੇਤੀ ਜੰਗਲਾਤ ਬਾਰੇ ਹੈ ਨੂੰ ਸਰਵੋਤਮ ਕਾਰਜ ਲਈ ਮਾਣਤਾ ਦਿੱਤੀ ਗਈ। ਇਸੇ ਤਰ੍ਹਾਂ ਭੋਜਨ ਅਤੇ ਪੋਸ਼ਣ ਵਿਭਾਗ ਨੂੰ ਵੀ ਭਾਰਤ ਦੀ ਪੋਸ਼ਣ ਸੁਸਾਇਟੀ ਵੱਲੋਂ ਸਰਵੋਤਮ ਕੇਂਦਰ ਦਾ ਇਨਾਮ ਮਿਲਿਆ।
ਪੀ.ਏ.ਯੂ. ਦੇ 26 ਵਿਦਿਆਰਥੀਆਂ ਨੇ ਰਾਸ਼ਟਰੀ ਯੋਗਤਾ ਪ੍ਰੀਖਿਆ (ਨੈੱਟ) ਇਮਤਿਹਾਨਾਂ ਦੀ ਪਾਤਰਤਾ ਹਾਸਲ ਕੀਤੀ| ਪੰਜ ਵਿਦਿਆਰਥੀ ਜੋ ਬੀ ਐੱਸ ਸੀ ਆਨਰਜ਼ ਹਾਰਟੀਕਲਚਰ ਨਾਲ ਸੰਬੰਧਤ ਸਨ, ਨੇ ਰਾਸ਼ਟਰੀ ਪਰਖ ਏਜੰਸੀ ਦਾ ਇਮਤਿਹਾਨ ਪਾਸ ਕੀਤਾ। ਆਈ ਸੀ pluਏ ਆਰ ਵੱਲੋਂ ਲਏ ਗਏ ਏ ਆਈ ਈ ਈ ਏ ਪੀ ਜੀ ਟੈਸਟ ਵਿਚ 23 ਵਿਦਿਆਰਥੀ ਅਤੇ ਜੂਨੀਅਰ ਅਤੇ ਸੀਨੀਅਰ ਖੋਜ ਫੈਲੋਸ਼ਿਪ ਲਈ 46 ਵਿਦਿਆਰਥੀ ਚੁਣੇ ਗਏ। ਵੱਡੀ ਗਿਣਤੀ ਵਿਚ ਵੱਖ-ਵੱਖ ਵਿਦਿਆਰਥੀਆਂ ਨੇ ਮੌਖਿਕ ਪੇਸ਼ਕਾਰੀਆਂ, ਪੋਸਟਰ ਅਤੇ ਪੇਪਰ ਪੇਸ਼ ਕਰਨ ਲਈ ਇਨਾਮ ਜਿੱਤੇ।
ਇਹ ਵੀ ਪੜੋ: ਪਸ਼ੂ ਰੋਗ ਨਿਵਾਰਣ ਸੰਬੰਧੀ ਕਾਨਫਰੰਸ ਵਿੱਚ ਵਿਗਿਆਨੀਆਂ ਨੂੰ ਮਿਲੇ Awards
ਸੱਭਿਆਚਾਰਕ ਗਤੀਵਿਧੀਆਂ ਵਜੋਂ ਪੀ.ਏ.ਯੂ. ਵਿਚ ਸਲਾਨਾ ਯੁਵਕ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੇਲੇ ਦੇ ਅੰਤਰ ਕਾਲਜ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿਚ 18 ਇਨਾਮ ਜਿੱਤਣ ਵਿਚ ਸਫਲ ਰਹੇ। ਕਾਲਜ ਵਿੱਚ ਸਲਾਨਾ ਐਥਲੈਟਿਕ ਮੀਟ ਦੌਰਨ ਖਿਡਾਰੀਆਂ ਨੇ ਆਪਣੇ ਦਮ ਖਮ ਦਾ ਮੁਜ਼ਾਹਿਰਾ ਕੀਤਾ। ਅਥਲੀਟਾਂ ਨੇ 9 ਮੈਡਲ ਜਿੱਤ ਕੇ ਔਰਤਾਂ ਦੇ ਵਰਗ ਵਿਚ ਹੋਈ 21ਵੀਂ ਆਲ ਇੰਡੀਆ ਇੰਟਰ ਖੇਤੀ ਯੂਨੀਵਰਸਿਟੀ ਮੀਟ ਵਿਚ ਓਵਰਆਲ ਦੂਜਾ ਸਥਨ ਹਾਸਲ ਕੀਤਾ।
ਸਾਲ 2023 ਦੌਰਾਨ ਵੱਖ-ਵੱਖ ਪਤਵੰਤੇ ਪੀ.ਏ.ਯੂ. ਦੇ ਵਿਹੜੇ ਪਧਾਰੇ, ਜਿਨ੍ਹਾਂ ਵਿਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਖੇਡ ਮੰਤਰੀ ਸ਼੍ਰੀ ਮੀਤ ਹੇਅਰ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਪ੍ਰਮੁੱਖ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਵੱਖ-ਵੱਖ ਕੌਮਾਂਤਰੀ ਆਯੋਜਨ ਕੀਤੇ ਜਿਨ੍ਹਾਂ ਵਿਚ ਪਰਵਾਸੀ ਕਿਸਾਨਾਂ ਦਾ ਸੰਮੇਲਨ ਹੋਇਆ। ਇਸ ਸੰਮੇਲਨ ਵਿਚ ਪੰਜ ਦੇਸ਼ਾਂ ਦੇ 17 ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲੈ ਕੇ ਆਪਣੇ ਅਨੁਭਵ ਸਾਂਝੇ ਕੀਤੇ।
ਵਿਸ਼ਵ ਬੈਂਕ ਦੇ ਖੇਤੀਬਾੜੀ ਅਤੇ ਭੋਜਨ ਬਾਰੇ ਸਥਾਨਕ ਪ੍ਰਬੰਧਨ ਸ਼੍ਰੀ ਓਲੀਵਰ ਬਰੈਡਡ ਦੀ ਅਗਵਾਈ ਵਿਚ ਇਕ ਵਫਦ ਪੀ.ਏ.ਯੂ. ਵਿਖੇ ਉੱਚ ਪੱਧਰੀ ਗੱਲਬਾਤ ਲਈ ਪਹੁੰਚਿਆ। ਸ਼੍ਰੀ ਬਰੈਡਡ ਨੇ ਕਿਸਾਨ ਮੇਲੇ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਵੀ ਕੀਤੀ। ਪੀ.ਏ.ਯੂ. ਵਿਚ ਖੇਤੀ ਯੂਨੀਵਰਸਿਟੀਆਂ ਵਿਚ ਸਥਾਪਿਤ ਅਜਾਇਬ ਘਰਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਿਤ ਹੋਇਆ। ਇਸ ਕਾਨਫਰੰਸ ਵਿਚ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧ ਸ਼ਾਮਿਲ ਹੋਏ।
ਉੱਘੇ ਝੋਨਾ ਬਰੀਡਰ ਡਾ. ਗੁਰਦੇਵ ਸਿੰਘ ਖੁਸ਼ ਦੇ ਨਾਂ ਤੇ ਪੀ.ਏ.ਯੂ. ਵਿਚ ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਅਤੇ ਅਜਾਇਬ ਘਰ ਦੀ ਸਥਾਪਨਾ ਹੋਈ। ਇਸਦਾ ਉਦਘਾਟਨ ਪੰਜਾਬ ਦੇ ਖੇਤੀਬਾੜੀ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਵੱਖ-ਵੱਖ ਮਹਿਕਮਿਆਂ ਅਤੇ ਵਿਭਾਗਾਂ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਅਕਾਦਮਿਕ ਯੋਗਤਾ ਮਾਣਤਾ ਦਿੰਦੇ ਹੋਏ ਉਹਨਾਂ ਦੀ ਪਲੇਸਮੈਂਟ ਕੀਤੀ। ਇਹਨਾਂ ਵਿਚ ਟਰਾਈਡੈਂਟ ਗਰੁੱਪ, ਰਿਲਾਇੰਸ ਰਿਟੇਲ, ਐੱਚ ਡੀ ਐੱਫ ਸੀ ਬੈਂਕ, ਆਈ ਪੀ ਐੱਲ ਬਾਇਲੋਜੀਕਲ ਅਤੇ ਬੰਜ ਇੰਡੀਆ ਪ੍ਰਾਈਵੇਟ ਲਿਮਿਟਡ ਪ੍ਰਮੁੱਖ ਹਨ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਮੁੱਚੇ ਅਧਿਕਾਰੀਆਂ, ਅਧਿਆਪਨ, ਗੈਰ ਅਧਿਆਪਨ ਅਮਲੇ, ਕਰਮਚਾਰੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਸੂਬਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਭਵਿੱਖ ਵਿੱਚ ਕਿਸਾਨੀ ਭਾਈਚਾਰੇ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹੇਗੀ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Year 2023 of Punjab Agricultural University spent in service and support of farmers, Check out these highlights