Success Story: ਅੱਜ ਅਸੀਂ ਤੁਹਾਨੂੰ ਅਜਿਹੇ ਨੌਜਵਾਨ ਕਿਸਾਨ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਸ ਨੇ ਨਾ ਸਿਰਫ਼ ਆਪਣੇ ਕਿੱਤੇ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਹੈ ਸਗੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਵਾਤਾਵਰਨ ਦੇ ਰਾਖੇ’ ਦਾ ਐਵਾਰਡ ਵੀ ਪ੍ਰਾਪਤ ਕੀਤਾ ਹੈ। ਇੰਨਾ ਹੀ ਨਹੀਂ ਇਹ ਨੌਜਵਾਨ ਕਿਸਾਨ ਆਪਣੀ ਕਾਮਯਾਬੀ ਸਦਕਾ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾ ਸਰੋਤ ਬਣਿਆ ਹੈ।
ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਇਲਾਕੇ ਦੇ ਪਿੰਡ ਨਾਨੋਵਾਲ ਕਲਾਂ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਦੀ, ਜੋ ਅੱਜਕੱਲ ਆਪਣੇ ਇਲਾਕੇ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਗੁਰਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜੇ ਬਿਨਾਂ ਫ਼ਸਲਾਂ ਦੀ ਕਾਸ਼ਤ ਕਰ ਰਿਹਾ ਹੈ, ਜਿਸ ਕਾਰਨ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨਾਨੋਵਾਲ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ 3 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਾਰਲੀ ਅਤੇ ਕਣਕ ਦੇ ਨਾੜ ਨੂੰ ਨਹੀਂ ਸਾੜਿਆ, ਜਿਸ ਕਾਰਨ ਉਸ ਦੀ ਫ਼ਸਲ ਦਾ ਝਾੜ ਵਧਿਆ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੇ ਪੰਜਾਬ ਸਰਕਾਰ ਵੱਲੋਂ ਖੇਤੀ ਮਸ਼ੀਨਰੀ ’ਤੇ ਦਿੱਤੀ ਜਾਂਦੀ ਸਬਸਿਡੀ ’ਤੇ ਸੁਪਰਸੀਡਰ ਖਰੀਦਿਆ ਸੀ, ਜਿਸ ਦੀ ਮਦਦ ਨਾਲ ਉਹ ਪਰਾਲੀ ਨੂੰ ਸਾੜਨ ਤੋਂ ਬਿਨਾਂ ਅਗਲੀ ਫ਼ਸਲ ਦੀ ਬਿਜਾਈ ਕਰਦਾ ਹੈ। ਉਹ ਤਕਰੀਬਨ 60 ਕਿਲੇ ਜ਼ਮੀਨ ’ਤੇ ਖੇਤੀ ਕਰਦੇ ਹੋਏ ਹੋਰ ਛੋਟੇ ਕਿਸਾਨਾਂ ਨੂੰ ਵੀ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਆਪਣੀ ਮਸ਼ੀਨਰੀ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਵੀ ਬਿਜਾਈ ਕਰਦੇ ਹਨ।
ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਛੋਟੇ ਕਿਸਾਨਾਂ ਲਈ ਸੁਪਰਸੀਡਰ ਦੀ ਬਿਜਾਈ ਦਾ ਰੇਟ ਵੀ ਬਹੁਤ ਘੱਟ ਰੱਖਿਆ ਹੈ, ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਸ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਨਾਲ ਅਸੀਂ ਨਾ ਸਿਰਫ਼ ਆਪਣੇ ਖੇਤਾਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ, ਸਗੋਂ ਇਸ ਨਾਲ ਪੂਰਾ ਵਾਤਾਵਰਨ ਦੂਸ਼ਿਤ ਹੁੰਦਾ ਹੈ ਅਤੇ ਕਈ ਹਾਦਸੇ ਵਾਪਰਦੇ ਹਨ। ਉਸਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪਰਾਲੀ ਨੂੰ ਅੱਗ ਨਾ ਲਗਾ ਕੇ ਉਸ ਵਾਂਗ ਵਾਤਾਵਰਨ ਦੇ ਰਾਖੇ ਬਣਨ।
ਇਹ ਵੀ ਪੜ੍ਹੋ : Poultry Farming ਰਾਹੀਂ ਆਤਮ ਨਿਰਭਰ ਬਣੇ Jagsir Singh
ਵਾਤਾਵਰਨ ਸੁਰੱਖਿਆ ਪੁਰਸਕਾਰ ਪ੍ਰਾਪਤ ਕਰਨ ਮੌਕੇ ਡਿਪਟੀ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ ਨੇ ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਨਮਾਨ ਉਸ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਹੋਰ ਪ੍ਰੇਰਨਾ ਦੇਵੇਗਾ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Farmer Gurpreet Singh honored with 'Environment Protector' Award