Success Story:`ਮਿਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ` ਦੀ ਕਹਾਵਤ ਨੂੰ ਪਿੰਡ ਕਾਹਲਵਾਂ ਦੇ ਕਿਸਾਨ ਨੇ ਆਪਣੀ ਮਿਹਨਤ ਨਾਲ ਸੱਚ ਕਰ ਦਿਖਾਇਆ ਹੈ। ਕਾਦੀਆਂ ਨੇੜਲੇ ਪਿੰਡ ਕਾਹਲਵਾਂ ਦੇ ਕਿਸਾਨ ਤਰਸੇਮ ਸਿੰਘ ਕੋਲ 14 ਕਨਾਲ ਵਾਹੀਯੋਗ ਜ਼ਮੀਨ ਹੈ ਪਰ ਉਹ ਇਸ ਤੋਂ ਸਬਜ਼ੀਆਂ ਦੀ ਕਾਸ਼ਤ ਅਤੇ ਬਾਗਬਾਨੀ ਰਾਹੀਂ ਚੰਗੀ ਕਮਾਈ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਿਸਾਨ ਤਰਸੇਮ ਸਿੰਘ ਪਿਛਲੇ ਕਈ ਸਾਲ ਤੋਂ ਸਬਜ਼ੀਆਂ ਅਤੇ ਫ਼ਲਾਂ ਦੀ ਸਫਲ ਕਾਸ਼ਤ ਕਰ ਰਿਹਾ ਹੈ। ਉਹ ਆਪਣੇ ਖੇਤਾਂ ਵਿੱਚ ਹਰ ਸਾਲ ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਜਿਸ ਵਿੱਚ ਉਹ ਮੁੱਖ ਤੌਰ `ਤੇ ਤੋਰੀ, ਭਿੰਡੀ, ਸਾਗ, ਧਨੀਆ, ਪਾਲਕ, ਆਲੂ ਆਦਿ ਨੂੰ ਉਗਾਉਂਦਾ ਹੈ। ਤਰਸੇਮ ਸਿੰਘ ਆਪਣੀ ਸਬਜ਼ੀਆਂ ਦੀ ਕਾਸ਼ਤ ਵਿੱਚ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਨਹੀਂ ਕਰਦਾ, ਸਗੋਂ ਕੇਵਲ ਸਥਾਨਕ ਖਾਦ ਅਤੇ ਗੰਡੋਇਆਂ ਦੀ ਖਾਦ ਦੀ ਵਰਤੋਂ ਕਰਦਾ ਹੈ। ਖੇਤਾਂ ਦਾ ਸਾਰਾ ਕੰਮ ਉਹ ਖੁਦ ਕਰਦਾ ਹੈ, ਜਿਸ ਨਾਲ ਉਸ ਦੀ ਖੇਤੀ ਦਾ ਖਰਚਾ ਵੀ ਘੱਟ ਜਾਂਦਾ ਹੈ।
ਇਹ ਵੀ ਪੜ੍ਹੋ : Progressive Farmer Kuldeep Singh ਵੱਲੋਂ ਵਾਤਾਵਰਨ ਬਚਾਉਣ 'ਚ ਅਹਿਮ ਯੋਗਦਾਨ
ਕਿਸਾਨ ਤਰਸੇਮ ਸਿੰਘ ਸਬਜ਼ੀਆਂ ਦੀ ਕਾਸ਼ਤ ਤੋਂ ਇਲਾਵਾ ਬਾਗਬਾਨੀ ਵੀ ਕਰਦਾ ਹੈ। ਉਸਨੇ ਆਪਣੇ ਖੇਤਾਂ ਵਿੱਚ ਅੰਬ, ਲੀਚੀ, ਆਲੂ-ਬੁਖਾਰਾ ਅਤੇ ਨਿੰਬੂ ਦੇ ਬੂਟੇ ਲਗਾਏ ਹੋਏ ਹਨ ਜਿਨ੍ਹਾਂ ਤੋਂ ਹਰ ਸਾਲ ਉਸਨੂੰ ਮੌਸਮੀ ਫ਼ਲ ਪ੍ਰਾਪਤ ਹੋ ਜਾਂਦੇ ਹਨ। ਇਹ ਫ਼ਲ ਉਸਦੀ ਆਮਦਨ ਵਿੱਚ ਹੋਰ ਵੀ ਵਾਧਾ ਕਰਦੇ ਹਨ। ਕਿਸਾਨ ਤਰਸੇਮ ਸਿੰਘ ਦੀ ਏਨੀ ਥੋੜੀ ਖੇਤੀ ਵਿਚੋਂ ਵੀ ਸਫਲਤਾ ਦਾ ਮੁੱਖ ਕਾਰਨ ਉਸ ਵੱਲੋਂ ਖੁਦ ਹੱਥੀਂ ਕੰਮ ਕਰਨਾ ਹੈ ਅਤੇ ਆਪਣੀ ਉਪਜ ਦਾ ਖੁਦ ਮੰਡੀਕਰਨ ਕਰਨਾ ਹੈ।
ਇਹ ਵੀ ਪੜ੍ਹੋ : ਹਲਦੀ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਦੀ ਵਿਉਂਤਬੰਦੀ ਦੀ ਮਿਸਾਲ Amritpal Singh Randhawa
ਉਹ ਆਪਣੀਆਂ ਸਬਜ਼ੀਆਂ ਅਤੇ ਫ਼ਲਾਂ ਨੂੰ ਖੁਦ ਕਾਦੀਆਂ ਸ਼ਹਿਰ ਵਿੱਚ ਜਾ ਕੇ ਵੇਚਦਾ ਹੈ। ਤਰਸੇਮ ਸਿੰਘ ਦੱਸਦਾ ਹੈ ਕਿ ਇਸ ਸਾਲ ਜਦੋਂ ਮੰਡੀ ਵਿੱਚ ਆਲੂ ਦਾ ਰੇਟ 4-5 ਰੁਪਏ ਮਿਲ ਰਿਹਾ ਸੀ ਤਾਂ ਉਸ ਵੱਲੋਂ ਸਿੱਧੀ ਗ੍ਰਾਹਕਾਂ ਤੱਕ ਮਾਰਕਟਿੰਗ ਕਰਦੇ ਹੋਏ ਆਲੂਆਂ ਦਾ ਭਾਅ 10-12 ਰੁਪਏ ਪ੍ਰਤੀ ਕਿਲੋ ਵੱਟਿਆ ਗਿਆ। ਉਸਨੇ ਕਿਹਾ ਕਿ ਹੁਣ ਉਸਦੀ ਮਾਰਕਿਟ ਬਣ ਗਈ ਹੈ ਅਤੇ ਉਸਦੀਆਂ ਸਬਜ਼ੀਆਂ ਅਤੇ ਫਲ਼ਾਂ ਦੀ ਕੁਆਲਿਟੀ ਵਧੀਆ ਹੋਣ ਕਾਰਨ ਗ੍ਰਾਹਕ ਵੀ ਬਜ਼ਾਰੀ ਕੀਮਤ ਨਾਲੋਂ ਵੱਧ ਕੀਮਤ ਭਰਦੇ ਹਨ। ਇਸਤੋਂ ਇਲਾਵਾ ਤਰਸੇਮ ਸਿੰਘ ਆਪਣੀਆਂ ਜਿਨਸਾਂ ਖੇਤ ਤੋਂ ਕਿਸਾਨ ਸਿਖਲਾਈ ਕੈਂਪਾਂ, ਕਿਸਾਨ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਦੌਰਾਨ ਵੀ ਵੇਚਦੇ ਹਨ।
ਇਹ ਵੀ ਪੜ੍ਹੋ : ਇਸ ਅਗਾਂਹਵਧੂ ਕਿਸਾਨ ਨੇ ਖਾਦਾਂ ਦਾ ਖਰਚਾ ਅੱਧਾ ਕਰਨ ਦਾ ਦੱਸਿਆ ਤਰੀਕਾ, ਬਣਿਆ ਕਿਸਾਨਾਂ ਲਈ ਮਿਸਾਲ
ਕਿਸਾਨ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਹੱਥੀਂ ਮਿਹਨਤ ਕਰਕੇ ਸਾਫ਼-ਸੁਥਰੀ ਪੈਦਾਵਾਰ ਕਰਨ ਦੀ ਲੋੜ ਹੈ ਅਤੇ ਜਦੋਂ ਤੁਸੀਂ ਗ੍ਰਾਹਕ ਸਾਹਮਣੇ ਆਪਣੀ ਮਿਆਰੀ ਉਪਜ ਪੇਸ਼ ਕਰੋਗੇ ਤਾਂ ਉਸ ਤੋਂ ਬਾਅਦ ਗ੍ਰਾਹਕ ਖੁਦ ਹੀ ਤੁਹਾਡੇ ਤੱਕ ਪਹੁੰਚ ਕਰ ਲੈਂਦੇ ਹਨ। ਕਿਸਾਨ ਤਰਸੇਮ ਸਿੰਘ ਨੇ ਛੋਟੇ ਕਿਸਾਨਾਂ ਨੂੰ ਕਿਹਾ ਹੈ ਕਿ ਸਬਜ਼ੀਆਂ ਅਤੇ ਫ਼ਲਾਂ ਦੀ ਪੈਦਾਵਾਰ ਬਿਹਤਰ ਵਿਕਲਪ ਹੈ ਅਤੇ ਛੋਟੇ ਕਿਸਾਨਾਂ ਨੂੰ ਥੋੜੀ ਜ਼ਮੀਨ ਵਿੱਚੋਂ ਵੱਧ ਆਮਦਨ ਪ੍ਰਾਪਤ ਕਰਨ ਲਈ ਸਬਜ਼ੀਆਂ ਅਤੇ ਬਾਗਬਾਨੀ ਨੂੰ ਅਪਨਾਉਣਾ ਚਾਹੀਦਾ ਹੈ। ਕਿਸਾਨ ਤਰਸੇਮ ਛੋਟੇ ਕਿਸਾਨਾਂ ਲਈ ਕਾਮਯਾਬੀ ਦੀ ਇੱਕ ਵਧੀਆ ਉਦਾਹਰਨ ਹੈ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Farmer Tarsem Singh created a path to success for small farmers