Success Story: ਇਹ ਕਹਾਣੀ ਸ. ਕੁਲਵਿੰਦਰ ਸਿੰਘ ਦੀ ਹੈ ਜਿਸਨੇ ਡੇਅਰੀ ਦੇ ਕਿੱਤੇ ਦੇ ਨਾਲ ਨਾਲ ਸਾਈਲੇਜ (ਚਾਰੇ ਦਾ ਅਚਾਰ) ਵੇਚਣ ਦਾ ਕੰਮ ਸ਼ੁਰੂ ਕੀਤਾ ਅਤੇ ਸਫ਼ਲਤਾ ਦੇ ਨਵੇਂ ਮੁਕਾਮ ਸਿਰਜੇ। ਇਸ ਕਿੱਤੇ ਵਿੱਚ ਉਸਦੇ ਭਰਾ ਸੁਖਮੰਦਰ ਸਿੰਘ ਨੇ ਵੀ ਪੂਰਾ ਸਾਥ ਦਿੱਤਾ ਹੈ। ਆਓ ਜਾਣਦੇ ਹਾਂ ਦੋਵੇਂ ਭਰਾਵਾਂ ਦੀ ਇਹ ਸਫਲ ਗਾਥਾ...
ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਭਰਾ ਬਠਿੰਡੇ ਜਿਲੇ ਦੇ ਪਿੰਡ ਬਾਜਕ ਦੇ ਰਹਿਣ ਵਾਲੇ ਹਨ। ਉਹਨਾਂ ਦੇ ਪਰਿਵਾਰ ਵਿੱਚ ਕੁੱਲ 9 ਮੈਂਬਰ ਹਨ। ਉਹਨਾਂ ਦੋਵਾਂ ਭਰਾਵਾਂ ਕੋਲ ਕੁੱਲ 7 ਏਕੜ ਜ਼ਮੀਨ ਹੈ। ਜ਼ਮੀਨ ਘੱਟ ਹੋਣ ਕਾਰਨ ਸਿਰਫ਼ ਖੇਤੀ ਤੋਂ ਜ਼ਿਆਦਾ ਮੁਨਾਫ਼ਾ ਕਮਾਉਣਾ ਮੰਤਵ ਨਹੀਂ ਸੀ। ਇਸ ਲਈ ਉਹਨਾਂ ਨੇ ਪਸ਼ੂ-ਪਾਲਣ ਨੂੰ ਸਹਾਇਕ ਕਿੱਤੇ ਦੇ ਤੌਰ ਤੇ ਚੁਣਿਆ।
ਇਸ ਕਿੱਤੇ ਵਿੱਚ ਆਪਣੀ ਕਾਮਯਾਬੀ ਯਕੀਨੀ ਬਣਾਉਣ ਲਈ ਕੁਲਵਿੰਦਰ ਸਿੰਘ ਨੇ ਕੇ.ਵੀ.ਕੇ ਬਠਿੰਡਾ ਤੋਂ ਵੀ ਡੇਅਰੀ ਦੀ ਸਿਖਲਾਈ ਲਈ ਅਤੇ ਡੇਅਰੀ ਦੇ ਕਿੱਤੇ ਨੂੰ ਵਪਾਰਕ ਪੱਧਰ ਤੇ ਸ਼ੁਰੂ ਕਰਨ ਦਾ ਮਨ ਬਣਾਇਆ। ਇਸ ਹੁਨਰ ਵਿਕਾਸ ਸਿਖਲਾਈ ਦੌਰਾਨ ਉਹਨਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ, ਖੁਰਾਕੀ ਪ੍ਰਬੰਧ, ਵਧੀਆ ਅਤੇ ਹਵਾਦਾਰ ਢਾਰੇ, ਸਾਫ-ਸੁਥਰਾ ਦੁੱਧ ਉਤਪਾਦਨ, ਪਸ਼ੂਆਂ ਦੀਆਂ ਬਿਮਾਰੀਆਂ ਅਤੇ ਟੀਕਾਕਰਣ ਬਾਰੇ ਪੂਰਨ ਜਾਣਕਾਰੀ ਮੁਹੱਇਆ ਕਰਵਾਈ ਗਈ।
ਇਹ ਵੀ ਪੜ੍ਹੋ : Success Story: ਬਲਦੇਵ ਸਿੰਘ ਬਾਜਵਾ ਨੇ ਆਪਣੇ ਖੇਤਾਂ 'ਚ ਲਗਾਇਆ `ਗੁਰੂ ਨਾਨਕ ਮਿੰਨੀ ਜੰਗਲ`
ਇਸ ਉਪਰੰਤ ਉਹਨਾਂ ਨੇ ਘਰ ਦੇ ਪਸ਼ੂਆਂ ਦੇ ਨਾਲ-ਨਾਲ ਕੁਝ ਹੋਰ ਗਾਵਾਂ ਹੋਰ ਖਰੀਦ ਕੇ ਇਸ ਧੰਦੇ ਦਾ ਪਸਾਰ ਕਰਨਾ ਸ਼ੁਰੂ ਕੀਤਾ। ਉਹਨਾਂ ਦੇ ਇਸ ਕਿੱਤੇ ਵਿੱਚ ਉਹਨਾਂ ਦੇ ਪਰਿਵਾਰ ਨੇ ਵੀ ਪੂਰਾ ਸਹਿਯੋਗ ਦਿੱਤਾ। ਉਹਨਾਂ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੱਕੇ ਤੌਰ ਤੇ ਇੱਕ ਕਾਮਾ ਵੀ ਰੱਖਿਆ ਹੋਇਆ ਹੈ। ਇਸ ਪ੍ਰਕਾਰ ਉਹ ਸਵੈ-ਰੁਜ਼ਗਾਰ ਦੇ ਨਾਲ ਨਾਲ ਹੋਰਨਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾ ਰਹੇ ਹਨ।
ਮੌਜੂਦਾ ਸਮੇਂ ਉਹਨਾਂ ਦੇ ਡੇਅਰੀ ਫਾਰਮ ਵਿੱਚ ਕੁੱਲ 125 ਪਸ਼ੂ ਹਨ ਜਿਹਨਾਂ ਵਿੱਚ 80 ਤੋਂ ਉੱਤੇ ਦੁਧਾਰੂ ਗਾਵਾਂ ਹਨ ਅਤੇ ਬਾਕੀ ਵਹਿੜਾਂ-ਵੱਛੀਆਂ ਆਦਿ ਹਨ। ਸ਼ੁਰੂ ਵਿੱਚ ਉਹ ਪਿੰਡ ਵਿੱਚ ਹੀ ਘਰੋਂ-ਘਰੀ ਦੁੱਧ ਦੀ ਵਿੱਕਰੀ ਕਰਦੇ ਸਨ ਪਰ ਹੁਣ ਉਹ ਸਾਰਾ ਦੁੱੱਧ ਨੈਸਲੇ ਕੰਪਨੀ ਨੂੰ 35-36 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਉਸਦਾ ਨਿਸ਼ਾਨਾ 150 ਗਾਵਾਂ ਰੱਖਣ ਦਾ ਹੈ ਅਤੇ ਇਸ ਇਸ ਮੁਕਾਮ ਤੇ ਉਹ ਜਲਦੀ ਹੀ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : Basmati ਦੀ ਸਿੱਧੀ ਬਿਜਾਈ ਕਰਨ ਵਾਲਾ ਉੱਦਮੀ ਕਿਸਾਨ ਸ਼੍ਰੀ ਬਾਲ ਕ੍ਰਿਸ਼ਨ
ਦੁੱਧ ਪੈਦਾਵਾਰ ਦੀ ਲਾਗਤ ਘਟਾਉਣ ਲਈ ਅਤੇ ਪਸ਼ੂਆਂ ਦੇ ਸੰਤੁਲਿਤ ਆਹਾਰ ਲਈ ਉਹ ਪਿਛਲੇ ਕਈ ਸਾਲ ਤੋਂ ਆਪਣੇ ਪਸ਼ੂਆਂ ਨੂੰ ਮੱਕੀ ਦਾ ਆਚਾਰ ਬਣਾਕੇ ਪਾ ਰਹੇ ਸਨ। ਉਹ ਇਸ ਗੱਲ ਨੂੰ ਤੋਂ ਭਲੀਂ-ਭਾਂਤ ਜਾਣਦੇ ਹਨ ਕਿ ਡੇਅਰੀ ਧੰਦੇ ਲਈ ਸਾਰਾ ਸਾਲ ਹਰੇ ਚਾਰੇ ਦੀ ਉਪਲੱਬਧਤਾ ਬਹੁਤ ਜ਼ਰੂਰੀ ਹੈ।
ਪਰ ਇਹ ਆਮ ਦੇਖਿਆ ਗਿਆ ਹੈ ਕਿ ਪੰਜਾਬ 'ਚ ਕਈ ਮਹੀਨਿਆਂ 'ਚ ਹਰਾ ਚਾਰਾ ਵਾਧੂ ਹੋ ਜਾਂਦਾ ਹੈ ਅਤੇ ਕਈ ਮਹੀਨਿਆਂ 'ਚ ਤੋਟ ਆ ਜਾਂਦੀ ਹੈ। ਇਸ ਲਈ ਸੂਝਵਾਨ ਅਤੇ ਅਗਾਂਹਵਧੂ ਕਿਸਾਨ ਇਸ ਵਾਧੂ ਹਰੇ ਚਾਰੇ ਤੋਂ ਸਾਈਲੇਜ਼ ਜਾਂ ਆਚਾਰ ਬਣਾਉਂਦੇ ਹਨ।
ਪੰਜਾਬ 'ਚ ਜ਼ਿਆਦਾਤਰ ਪਸ਼ੂ ਪਾਲਕ ਆਪਣੀ ਲੋੜ ਅਨੁਸਾਰ ਚਾਰੇ ਵਾਲੀ ਮੱਕੀ ਦਾ ਆਚਾਰ ਬਣਾਉਂਦੇ ਹਨ ਪਰ ਪਰ ਟੋਏ ਜਾਂ ਬੰਕਰ 'ਚ ਬਣੇ ਇਸ ਆਚਾਰ ਨੂੰ ਇੱਕ ਤੋਂ ਦੂਜੀ ਥਾਂ ਲਿਜਾਣਾ ਸੰਭਵ ਨਹੀਂ ਹੁੰਦਾ ਕਿਉਂਕਿ ਇਸ 'ਚ ਨਮੀ ਦੀ ਮਾਤਰਾ ਵੱਧ ਹੋਣ ਕਰਕੇ ਆਚਾਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਕੁਲਵਿੰਦਰ ਸਿੰਘ ਨੇ ਕੇ. ਵੀ. ਕੇ. ਦੇ ਮਾਹਰਾਂ ਦੀ ਸਲਾਹ ਅਤੇ ਆਪਣੀ ਅਗਾਂਹਵਧੂ ਸੋਚ ਸਦਕਾ ਸਾਈਲੇਜ਼ ਦੀਆਂ ਗੱਠਾਂ ਵੇਚਣ ਦਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ।
ਇਹ ਵੀ ਪੜ੍ਹੋ : Ranjit Bagh ਦੀ ਕਿਸਾਨ ਰਣਜੀਤ ਕੌਰ Women Empowerment ਦੀ ਉਦਾਹਰਨ ਬਣੀ
ਮੌਜੂਦਾ ਸਮੇਂ ਕਈ ਨਵੀਨਤਮ ਮਸ਼ੀਨਾਂ ਰਾਹੀਂ ਸਾਈਲੇਜ਼ ਦੀਆਂ ਗੱਠਾਂ 'ਚ ਤਿਆਰ ਕੀਤੀਆਂ ਜਾ ਸਕਦੀਆਂ ਹਨ ਜਿੰਨ੍ਹਾਂ ਨੂੰ ਅਸਾਨੀ ਨਾਲ ਬੇਜ਼ਮੀਨੇ ਕਿਸਾਨਾਂ, ਸ਼ਹਿਰੀ ਡੇਅਰੀਆਂ ਅਤੇ ਹਰੇ ਚਾਰੇ ਦੀ ਘਾਟ ਵਾਲੇ ਸੂਬਿਆਂ ਨੂੰ ਭੇਜਿਆ ਜਾ ਸਕਦਾ ਹੈ। ਇਸ ਨਾਲ ਛੋਟੇ ਅਤੇ ਸ਼ਹਿਰੀ ਡੇਅਰੀ ਫਾਰਮਰਾਂ ਨੂੰ ਵਾਜਬ ਕੀਮਤ 'ਤੇ ਸਾਰਾ ਸਾਲ ਸੰਤੁਲਿਤ ਆਹਾਰ ਮੁਹੱਈਆ ਹੁੰਦਾ ਹੈ। ਇਹ ਮਸ਼ੀਨਾਂ ਆਂਮ ਤੌਰ ਤੇ 100 ਕਿੱਲੋ ਅਤੇ 500 ਕਿੱਲੋ ਦੀਆਂ ਗੱਠਾਂ ਬਣਾਉਂਦੀਆਂ ਹਨ।
ਇਸ ਲਈ ਕੁਲਵਿੰਦਰ ਸਿੰਘ ਨੇ ਸਾਲ 2019 ਦੇ ਅਖੀਰ ਵਿੱਚ 19.5 ਲੱਖ ਦੀ ਲਾਗਤ ਨਾਲ ਸਾਈਲੇਜ ਬੇਲਰ ਮਸ਼ੀਨ ਮਸ਼ੀਨ ਖਰੀਦੀ। ਇਸ ਮਸ਼ੀਨ ਤੇ ਉਹਨਾਂ ਨੂੰ 5.6 ਲੱਖ ਰੁਪਏ ਸਬਸਿਡੀ ਵੀ ਮਿਲੀ। ਉਹਨਾਂ ਸਾਲ 2020 ਵਿੱਚ ਅਚਾਰ ਦੀਆਂ ਗੱਠਾਂ ਬਣਾਉਣ ਵਾਲੀ ਇਸ ਐਟੋਮੈਟਿਕ ਮਸ਼ੀਨ ਨਾਲ ਲਗਭਗ 12000 ਗੱਠਾਂ ਬਣਾਈਆਂ।
ਇਹਨਾਂ ਗੱਠਾਂ ਲਈ ਓਹਨਾਂ ਨੇ 70-80 ਕਿੱਲੇ ਚਾਰੇ ਵਾਲੀ ਮੱਕੀ ਦੇ ਖਰੀਦੇ। ਮਈ ਵਿੱਚ ਮੱਕੀ ਦਾ ਅਚਾਰ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਸਿਲਸਿਲਾ ਸਤੰਬਰ ਤੱਕ ਚਲਦਾ ਰਹਿੰਦਾ ਹੈ। ਇਹ ਮੱਕੀ ਉਹਨਾਂ ਨੇ 145-225 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ। ਮੱਕੀ ਨੂੰ ਕੁਤਰਕੇ ਪੈਕ ਕਰਨ ਦੀ ਕੁੱਲ ਲਾਗਤ 3-4 ਰੁਪਏ ਪ੍ਰਤੀ ਕਿੱਲੋ ਤੱਕ ਆਈ।
ਇਹ ਵੀ ਪੜ੍ਹੋ : Punjab ਦੇ Dairy Farmer ਗਗਨਦੀਪ ਨੇ ਬਣਾਈ ਅਨੋਖੀ ਮਸ਼ੀਨ, ਦੇਸੀ ਜੁਗਾੜ ਨੇ ਖੋਲ੍ਹੇ ਕਾਮਯਾਬੀ ਦੇ ਰਾਹ
ਉਹਨਾਂ ਸਾਇਲੇਜ ਨੂੰ 5-6 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ। ਹਰ ਗੱਠ ਦਾ ਭਾਰ ਲਗਭਗ 100 ਕਿੱਲੋ ਦੇ ਕਰੀਬ ਹੁੰਦਾ ਹੈ। ਇਸ ਪ੍ਰਕਾਰ ਉਹਨਾਂ ਨੂੰ ਇਹਨਾਂ ਗੱਠਾਂ ਦੀ ਵਿਕਰੀ ਤੋਂ ਚੋਖਾ ਮੁਨਾਫ਼ਾ ਹੋਇਆ। ਸਾਲ 2020 ਵਿੱਚ ਉਹਨਾਂ ਨੇ ਗੱਠਾਂ ਵੇਚਕੇ 10 ਲੱਖ ਦੇ ਕਰੀਬ ਮੁਨਾਫ਼ਾ ਕਮਾਇਆ। ਇਸ ਪ੍ਰਕਾਰ ਉਹਨਾਂ ਦੀ ਸਾਈਲੇਜ ਬੇਲਰ ਮਸ਼ੀਨ ਦੀ ਲਾਗਤ ਸਾਲ 2020 ਦੌਰਾਨ ਹੀ ਪੂਰੀ ਹੋ ਗਈ।
ਸਾਲ 2021 ਦੌਰਾਨ ਨੇ ਆਸ ਪਾਸ ਦੇ ਹੋਰਨਾਂ ਕਿਸਾਨਾਂ ਨੂੰ ਮੱਕੀ ਬੀਜਣ ਲਈ ਕਿਹਾ ਤਾਂ ਜੋ ਓਹ ਇਸਨੂੰ ਖ੍ਰੀਦਕੇ ਇਸਦੀਆਂ ਗੱਠਾਂ ਬਣਾ ਸਕਣ। ਇਸ ਪ੍ਰਕਾਰ ਸਾਲ 2021 ਵਿੱਚ ਉਹਨਾਂ ਦੀ ਲਗਭਗ 150 ਕਿੱਲਿਆਂ ਦੀ ਮੱਕੀ ਦਾ ਅਚਾਰ ਵੇਚਿਆ ਅਤੇ ਉਹਨਾਂ ਨੂੰ 12.5 ਲੱਖ ਰੁਪਏ ਮੁਨਾਫਾ ਹੋਇਆ।
ਬੀਤੇ ਵਰ੍ਹੇ (2022) ਉਹਨਾਂ 250 ਕਿੱਲਿਆਂ ਦਾ ਮੱਕੀ ਦਾ ਅਚਾਰ ਵੇਚਿਆ ਅਤੇ ਉਹਨਾਂ ਨੂੰ 16 ਲੱਖ ਰੁਪਏ ਤੋਂ ਵਧੇਰੇ ਮੁਨਾਫਾ ਹੋਇਆ।ਕੁਲਵਿੰਦਰ ਸਿੰਘ ਦੇ ਸਾਈਲੇਜ ਯੂਨਿਟ ਪਿੱਛਲੇ ਤਿੰਨ ਸਾਲਾਂ ਦਾ ਆਰਥਿਕ ਵਿਸ਼ਲੇਸ਼ਣ ਸਾਰਣੀ 1 ਵਿੱਚ ਦਿੱਤਾ ਹੋਇਆ ਹੈ।
ਇਹ ਵੀ ਪੜ੍ਹੋ : ਬਾਜਰੇ ਨੇ ਬਦਲੀ ਅਗਾਂਹਵਧੂ ਕਿਸਾਨ ਪੰਨੂ ਦੀ ਕਿਸਮਤ, ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਵਧਿਆ ਬਾਜਰੇ ਦਾ ਰੁਝਾਨ
ਸਾਰਣੀ 1: ਕੁਲਵਿੰਦਰ ਸਿੰਘ ਦੇ ਸਾਈਲੇਜ ਯੂਨਿਟ ਦਾ ਪਿੱਛਲੇ ਤਿੰਨ ਸਾਲਾਂ ਦਾ ਆਰਥਿਕ ਵਿਸ਼ਲੇਸ਼ਣ
ਸਾਲ |
2020 |
2021 |
2022 |
ਖਰਚ |
|||
ਮੱਕੀ ਖਰੀਦਣ ਤੇ ਖਰਚ (ਪ੍ਰਤੀ ਏਕੜ) |
24000 |
28000 |
30000 |
ਮੱਕੀ ਵੱਢਣ ਅਤੇ ਕੁਤਰਨ ਤੇ ਔਸਤ ਖਰਚ (ਪ੍ਰਤੀ ਏਕੜ) |
4500 |
5000 |
5500 |
ਲ਼ੇਬਰ ਖਰਚ (ਪ੍ਰਤੀ ਏਕੜ) |
1200 |
1400 |
1800 |
ਕੁਤਰੇ ਹੋਏ ਚਾਰੇ ਤੇ ਕੁੱਲ ਖਰਚ (ਪ੍ਰਤੀ ਏਕੜ) |
29700 |
34400 |
37300 |
ਔਸਤ ਝਾੜ ਪ੍ਰਤੀ ਏਕੜ (ਕੁਇੰਟਲ) |
180 |
180 |
185 |
ਕੁਤਰੇ ਹੋਏ ਚਾਰੇ ਤੇ ਕੁੱਲ ਖਰਚ (ਪ੍ਰਤੀ ਕੁਇੰਟਲ) |
165 |
191 |
202 |
ਪੌਲੀਥੀਨ ਦਾ ਖ੍ਰੀਦ ਮੁੱਲ (ਰੁਪਏ/ ਕਿੱਲੋ) |
153 |
200 |
210 |
ਪੌਲੀਥੀਨ ਤੇ ਖਰਚ (700 ਗ੍ਰਾਮ ਪ੍ਰਤੀ ਗੱਠ ਦੇ ਹਿਸਾਬ ਨਾਲ) |
107.1 |
140 |
147 |
ਪ੍ਰਤੀ ਗੱਠ ਹੋਰ ਖਰਚ ਜਿਵੇਂ ਕਿ ਡੀਜ਼ਲ, ਲੇਬਰ ਅਤੇ ਇਨੋਕੁਲੈਂਟ ਆਦਿ) |
200 |
210 |
220 |
ਪ੍ਰਤੀ ਗੱਠ ਕੁੱਲ ਖਰਚ |
472 |
541 |
569 |
ਕੁੱਲ ਖਰਚ (ਰੁਪਏ) |
53,80,800 |
80, 50,080 |
1,51,35,400 |
ਆਮਦਨ |
|||
ਸਾਈਲੇਜ ਦੀਆਂ ਗੱਠਾਂ ਦੀ ਗਿਣਤੀ |
12000 |
15500 |
28000 |
ਖਰਾਬ ਮੌਸਮ, ਚੂਹਿਆਂ ਅਤੇ ਉੱਲੀ ਆਦਿ ਕਰਕੇ ਖਰਾਬ ਹੋਈਆਂ ਗੱਠਾਂ |
600 (5%) |
620 (4%) |
(1400) 5% |
ਵੇਚੀਆਂ ਗੱਠਾਂ ਦੀ ਗਿਣਤੀ |
11400 |
14880 |
26600 |
ਪ੍ਰਤੀ ਗੱਠ ਔਸਤ ਵੇਚਮੁੱਲ (ਰੁਪਏ) |
560 |
625 |
630 |
ਕੁੱਲ ਆਮਦਨ (ਰੁਪਏ) |
63,84,000 |
93,00,000 |
1,67,58,000 |
ਮੁਨਾਫ਼ਾ |
|||
ਮੁਨਾਫ਼ਾ (ਰੁਪਏ) |
10,03,200 |
12,49,920 |
16,22,600 |
ਅਚਾਰ ਪਾਉਣ ਲਈ ਉਹ ਹੋਰ ਕਿਸਾਨ ਵੀਰਾਂ ਤੋਂ ਐਗਰੀਮੈਂਟ ਤਹਿਤ 30,000 ਤੋਂ 40,000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੱਕੀ ਖਰੀਦਦੇ ਹਨ। ਮੱਕੀ ਮਹਿੰਗੀ ਮਿਲਣ ਕਾਰਨ ਬੀਤੇ ਵਰ੍ਹੇ ਸਾਈਲੇਜ ਬਣਾਉਣ ਦੀ ਲਾਗਤ ਵਿੱਚ ਵਾਧਾ ਹੋਇਆ ਹੈ ਪਰ ਨਾਲ ਹੀ ਤੂੜੀ ਦੀ ਘਾਟ ਕਾਰਨ ਅਤੇ ਜ਼ਿਆਦਾ ਕੀਮਤ ਕਾਰਨ ਸਾਈਲੇਜ ਕਾਫੀ ਮਹਿੰਗਾ ਵਿੱਕਿਆ ਅਤੇ ਉਸਨੇ ਚੋਖਾ ਮੁਨਾਫ਼ਾ ਕਮਾਇਆ।
ਇਸ ਲਈ ਸਾਈਲੇਜ ਯੂਨਿਟ ਇੱਕ ਵਧੇਰੇ ਆਮਦਨ ਵਾਲੇ ਕਿੱਤੇ ਦੇ ਰੂਪ ਵਿੱਚ ਉੱਭਰ ਰਿਹਾ ਹੈ। ਇਸ ਪ੍ਰਕਾਰ ਇਹ ਸੂਝਵਾਨ ਅਤੇ ਅਗਾਂਹਵਧੂ ਕਿਸਾਨ ਆਪਣੇ ਇਲਾਕੇ ਵਿੱਚ ਇੱਕ ਮਿਸਾਲ ਬਣਕੇ ਉਭਰਿਆ ਹੈ ਅਤੇ ਹੋਰਨਾਂ ਕਿਸਾਨਾਂ ਅਤੇ ਬੇਰੁਜ਼ਗਾਰ ਨੌਜੁਆਨਾਂ ਨੂੰ ਕੁਲਵਿੰਦਰ ਸਿੰਘ ਦੀ ਸਫਲਤਾ ਤੋਂ ਸੇਧ ਲੈਣੀ ਚਾਹੀਦੀ ਹੈ।
ਪਲਵਿੰਦਰ ਸਿੰਘ, ਅਜੀਤਪਾਲ ਸਿੰਘ ਅਤੇ ਪ੍ਰਕਾਸ਼ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Kulwinder Singh has created a new level of success from dairy and silage work