Dairy Animals: ਭਾਰਤ ਦੀ ਸਾਲਾਨਾ ਦੁੱਧ ਦੀ ਪੈਦਾਵਾਰ ਦੁਨੀਆਂ ਵਿਚ ਪਹਿਲੇ ਸਥਾਨ 'ਤੇ ਪਹੁੰਚ ਚੁੱਕੀ ਹੈ ਜੋ ਕਿ ਸਨ 1991-92 ਵਿੱਚ ਸਿਰਫ 5 ਕਰੋੜ 50 ਲੱਖ ਟਨ ਸੀ ਅਤੇ ਸਨ 2021-22 ਵਿਚ ਲਗਭਗ 22 ਕਰੋੜ 10 ਲੱਖ ਟਨ ਹੋ ਗਈ। ਪੰਜਾਬ ਦਾ ਨਾਂ ਵੀ ਦੇਸ਼ ਦੇ ਕੁਝ ਮੋਹਰੀ ਸੂਬਿਆਂ ਵਿਚ ਆਉਂਦਾ ਹੈ ਜਿੱਥੇ ਦੁੱਧ ਦੀ ਪ੍ਰਤਿ ਵਿਅਕਤੀ ਉਪਲਭਦਤਾ 1271 ਗ੍ਰਾਮ ਪ੍ਰਤਿ ਦਿਨ ਹੈ ਜੋ ਕਿ ਦੇਸ਼ ਦੇ ਬਾਕੀ ਸੂਬਿਆਂ ਤੋਂ ਕਾਫੀ ਜ਼ਿਆਦਾ ਹੈ ਅਤੇ ਇੱਥੇ ਦੁੱਧ ਦੀ ਪੈਦਾਵਾਰ ਤਕਰੀਬਨ ਇੱਕ ਕਰੋੜ ਚਾਲੀ ਲੱਖ ਟਨ ਹੈ (ਮੁੱਢਲੇ ਪਸ਼ੂ ਪਾਲਣ ਆਂਕੜੇ, ਭਾਰਤ ਸਰਕਾਰ)।
ਪੁਰਾਣੇ ਸਮੇਂ ਤੋਂ ਹੀ, ਪਸ਼ੂ ਪਾਲਣ ਖੇਤੀ ਦੇ ਨਾਲ ਨਾਲ ਚਲਦਾ ਹੈ ਅਤੇ ਪੇਂਡੂ ਅਰਥਵਿਵਸਥਾ ਨੂੰ ਨਾ ਸਿਰਫ ਆਰਥਿਕ ਸਹਾਇਤਾ ਦਿੰਦਾ ਹੈ ਬਲਕਿ ਪੋਸ਼ਣ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਡੇਅਰੀ ਦੇ ਕਿੱਤੇ ਵਿਚ ਮੁਨਾਫਾ ਤਾਂ ਹੀ ਆ ਸਕਦਾ ਹੈ ਜੇਕਰ ਪਸ਼ੂਆਂ ਦਾ ਪ੍ਰੰਬਧ ਸਹੀ ਹੋਵੇਗਾ ਅਤੇ ਪਸ਼ੂ ਸਿਹਤਮੰਦ ਹੋਣ। ਪੁਰਾਣੇ ਸਮੇਂ ਵਿੱਚ ਲੋਕ ਸਿਰਫ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਦੁਧਾਰੂ ਪਸ਼ੂ ਰੱਖਦੇ ਸਨ ਪਰ ਹੁਣ ਇਸ ਕਿੱਤੇ ਨੂੰ ਆਰਥਿਕ ਤੌਰ ਤੇ ਵੀ ਕੀਤਾ ਜਾਣ ਲੱਗਾ ਹੈ। ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਪਸ਼ੂ ਪਾਲਕ ਵੀਰ ਆਪਣੇ ਪਸ਼ੂਆਂ ਦਾ ਪ੍ਰਬੰਧ ਵਿੱਚ ਹਰ ਛੋਟੀ ਵੱਡੀ ਬਰੀਕੀ ਵੱਲ ਧਿਆਨ ਦੇਨ।
ਪਸ਼ੂ ਪਾਲਣ ਸਾਂਭ ਸੰਭਾਲ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਸਾਂਭ ਸੰਭਾਲ ਸਿਰਫ ਪੱਠੇ ਪਾਣਾ ਨਹੀਂ ਹੈ ਬਲਕਿ ਯੋਜਨਾਬਧ ਤਰੀਕੇ ਨਾਲ ਨਸਲਕਸ਼ੀ, ਸੰਤੁਲਿਤ ਖੁਰਾਕੀ ਪ੍ਰਬੰਧ, ਮੌਸਮ ਅਨੁਸਾਰ ਪਸ਼ੂਆਂ ਦਾ ਅਰਾਮਦਾਇਕ ਰਿਹਾਇਸ਼ ਪ੍ਰਬੰਧ, ਬਿਮਾਰੀਆਂ ਤੋਂ ਬਚਾਅ, ਸਾਫ ਦੁੱਧ ਉਤਪਾਦਨ ਅਤੇ ਦੁੱਧ ਦਾ ਸਹੀ ਮੰਡੀਕਰਣ। ਜੇਕਰ ਸਾਂਭ ਸੰਭਾਲ ਚੰਗੀ ਹੋਵੇ, ਤਾਂ ਇਹ ਧੰਦਾ ਮੁਨਾਫਾ ਦਿੰਦਾ ਹੈ ਪਰ ਜੇਕਰ ਇਸ ਵਿੱਚ ਕਮੀ ਰਹਿ ਜਾਵੇ ਤਾਂ ਮੁਨਾਫਾ ਘਾਟੇ ਵਿੱਚ ਵੀ ਬਦਲ ਜਾਂਦਾ ਹੈ।
ਮੌਸਮ ਦੇ ਹਿਸਾਬ ਨਾਲ ਸਾਂਭ ਸੰਭਾਲ ਦੇ ਅਲੱਗ ਅਲੱਗ ਤਰੀਕੇ ਅਪਣਾ ਕੇ ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਕੋਸ਼ਿਸ਼ ਹੋਣੀ ਚਾਹੀਦੀ ਹੈ। ਪੰਜਾਬ ਵਿੱਚ ਮੌਸਮ ਹੁਣ ਠੰਡਾ ਹੋ ਰਿਹਾ ਹੈ ਅਤੇ ਸਰਦੀ ਦਾ ਮੌਸਮ ਆ ਰਿਹਾ ਹੈ। ਸੋ ਹੁਣ ਸਰਦੀ ਦੀ ਰੁੱਤ ਲਈ ਪਸ਼ੂਆਂ ਦੇ ਪ੍ਰਬਧਾਂ ਦੀ ਵਿਉਂਤਬੰਦੀ ਸਾਨੂੰ ਕਰ ਲੈਣੀ ਚਾਹੀਦੀ ਹੈ ਤਾਂਕਿ ਸਰਦੀ ਵਿੱਚ ਪਸ਼ੂ ਤੰਦਰੁਸਤ ਰਹਿਣ ਅਤੇ ਉਹਨਾਂ ਦੀ ਪੈਦਾਵਰ ਵੀ ਸਹੀ ਰਹੇ।ਸਰਦੀਆਂ ਦੇ ਮੌਸਮ ਆਉਣ ਲੱਗੇ ਅਤੇ ਠੰਡੇ ਵਾਤਾਵਰਣ ਵਿਚ ਪਸ਼ੂਆਂ ਦੇ ਸਿਹਤ ਸੰਭਾਲ ਲਈ ਹੇਠ ਲਿਖੇ ਨੁਕਤਿਆਂ ਵੱਲ ਜ਼ਰੂਰ ਧਿਆਨ ਦਿਓ:
ਇਹ ਵੀ ਪੜ੍ਹੋ : Dangi Cow ਦਿੰਦੀ ਹੈ 800 ਲੀਟਰ ਦੁੱਧ, ਜਾਣੋ ਇਸਦੀ ਪਛਾਣ ਕਰਨ ਦਾ ਤਰੀਕਾ
● ਪਸ਼ੂਆਂ ਨੂੰ ਰੱਖਣ ਵਾਲੀ ਜਗ੍ਹਾ ਭਾਵੇਂ ਉਹ ਢਾਰੇ ਹੋਣ ਜਾਂ ਸ਼ੈਡ, ਸੁੱਕੀ ਤੇ ਆਰਾਮਦਾਇਕ ਹੋਣੀ ਚਾਹੀਦੀ ਹੈ। ਉੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਸਹੀ ਹੋਣਾ ਚਾਹੀਦਾ ਹੈ। ਜ਼ਿਆਦਾ ਗਿੱਲਾ ਵਾਤਾਵਰਣ ਪਸ਼ੂਆਂ ਲਈ ਬਿਮਾਰੀ ਵਾਲੇ ਕੀਟਾਣੂਆਂ ਨੂੰ ਸੱਦਾ ਦੇ ਸਕਦਾ ਹੈ।
● ਪਸ਼ੂਆਂ ਨੂੰ ਸਰਦੀ ਤੋਂ ਬਚਾ ਕੇ ਰੱਖਣ ਲਈ ਸਰਦੀ ਦੇ ਮੌਸਮ ਵਿੱਚ ਪਸ਼ੂਆਂ ਦੇ ਢਾਰੇ ਅੰਦਰ ਆਉਣ ਵਾਲੀਆਂ ਠੰਢੀਆਂ ਹਵਾਵਾਂ ਨੂੰ ਪੱਲੀ ਆਦਿ ਲਗਾ ਕੇ ਰੋਕੋ।ਸਰਦ ਮੌਸਮ ਵਿੱਚ ਆਲੇ ਦੁਆਲੇ ਦਾ ਤਾਪਮਾਨ ਖਾਸ ਕਰਕੇ ਰਾਤ ਵੇਲੇ, ਬਹੁਤ ਘਟ ਜਾਂਦਾ ਹੈ ਇਸ ਲਈ, ਪਸ਼ੂਆਂ ਨੂੰ ਰਾਤ ਵੇਲੇ ਅੰਦਰ ਕਰ ਦੇਣਾ ਚਾਹੀਦਾ ਹੈ ਅਤੇ ਦਿਨ ਵੇਲੇ ਧੁੱਪੇ ਕਰ ਦੇਣਾ ਚਾਹੀਦਾ ਹੈ। ਇਸ ਨਾਲ ਉਹਨਾਂ ਦਾ ਸਰੀਰਿਕ ਤਾਪਮਾਨ ਠੀਕ ਰਹਿੰਦਾ ਹੈ।
● ਧੁੱਪ ਇਕ ਕੁਦਰਤੀ ਰੋਗਾਨੂ ਰਹਿਤ ਕਰਨ ਦੀ ਦਵਾਈ ਜਾਂ ਕਹੀਏ ਤਾਂ ਕੁਦਰਤੀ ਡਿਸਇੰਨਫੈਕਟੈਂਟ ਹੈ। ਇਹ ਬੈਕਟੀਰੀਆ, ਵਾਇਰਸ ਆਦਿ ਨੂੰ ਖਤਮ ਕਰਦੀ ਹੈ ਇਸ ਲਈ ਪਸ਼ੂਆਂ ਦੇ ਢਾਰੇ ਆਲੇ ਦੁਆਲੇ ਦਰਖਤਾਂ ਨੂੰ ਛਾਂਗਣ ਦਾ ਪ੍ਰਬੰਧ ਕਰੋ ਤਾਂਕਿ ਧੁੱਪ ਪਸ਼ੂਆਂ ਦੀ ਜਗਾਅ ਵਿੱਚ ਆ ਸਕੇ, ਥਾਂ ਸੁੱਕੀ ਰਹੇ ਅਤੇ ਪਸ਼ੂ ਰੋਗ ਮੁਕਤ ਰਹਿਣ।
● ਤਾਜੇ ਸੁਏ ਪਸ਼ੂ ਨੂੰ ਅਤੇ ਨਵੇਂ ਜਨਮੇਂ ਕੱਟੜੂ/ਵੱਛੜੂ ਨੂੰ ਖਾਸ ਕਰਕੇ ਜ਼ਿਆਦਾ ਠੰਡ ਤੋਂ ਬਚਾਓ ਕਿਉਂਕਿ ਇਹਨਾਂ ਦਾ ਠੰਡੇ ਮੌਸਮ ਵਿੱਚ ਹਾਈਪੋਥਰਮੀਆਂ ਭਾਵ ਸ਼ਰੀਰ ਦਾ ਤਾਪਮਾਨ ਘਟਨ ਕਰਕੇ ਬਿਮਾਰ ਹੋਣ ਦਾ ਖਦਸ਼ਾ ਵੱਧ ਹੁੰਦਾ ਹੈ।
● ਡੇਅਰੀ ਦੇ ਕਿੱਤੇ ਵਿੱਚ ਹੋਣ ਵਾਲੇ ਕੁੱਲ ਖਰਚ ਦਾ ਲਗਭਗ 65-70 ਪ੍ਰਤੀਸ਼ਤ ਖਰਚਾ ਖੁਰਾਕ 'ਤੇ ਆਉਂਦਾ ਹੈ, ਇਸ ਲਈ ਇਹ ਜਰੂਰੀ ਹੈ ਕਿ ਪਸ਼ੂ ਖੁਰਾਕ ਨਾ ਸਿਰਫ ਸੰਤੁਲਿਤ ਹੋਵੇ ਬਲਕਿ ਸਸਤੀ ਵੀ ਹੋਵੇ। ਹਰਾ ਚਾਰਾ ਪਸ਼ੂਆਂ ਦੇ ਰਾਸ਼ਨ ਵਿੱਚ ਸਭ ਤੋਂ ਸਸਤਾ ਤੇ ਪੌਸ਼ਟਕ ਹਿੱਸਾ ਹੁੰਦਾ ਹੈ। ਇਹ ਵਿਟਾਮਨ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੰਦਾ ਹੈ ਅਤੇ ਬਹੁਤ ਸਸਤਾ ਵੀ ਪੈਂਦਾ ਹੈ। ਇਹ ਪਸ਼ੂਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ। ਹਰਾ ਚਾਰਾ ਲਗਭਗ 35-40 ਕਿਲੋ ਪ੍ਰਤੀ ਪਸ਼ੂ ਦਿੱਤਾ ਜਾਣਾ ਚਾਹੀਦਾ ਹੈ।ਇਸ ਲਈ ਹਰੇ ਚਾਰੇ ਦੇ ਪ੍ਰਬੰਧ ਲਈ ਪਹਿਲਾਂ ਹੀ ਵਿਉਂਤਬੰਦੀ ਕਰਨੀ ਚਾਹੀਦੀ ਹੈ।
● ਸਰਦੀ ਵਿੱਚ ਪਸ਼ੂਆਂ ਦੀ ਖੁਰਾਕ ਵਿਚ ਊਰਜਾ ਦੀ ਮਾਤਰਾ ਵੀ ਵਧਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸਰਦੀਆਂ ਵਿੱਚ ਬੱਕਰੀਆਂ ਦੀ ਦੇਖਭਾਲ ਕਿਵੇਂ ਕਰੀਏ?
● ਠੰਡ ਦੇ ਮੌਸਮ ਵਿਚ ਪਾਏ ਜਾਣ ਵਾਲੇ ਬਰਸੀਮ/ ਲੂਸਣ ਵਰਗੇ ਚਾਰਿਆਂ ਵਿੱਚ ਹਵਾ ਅਤੇ ਨਮੀ ਦੀ ਮਾਤਰਾ ਜਿਆਦਾ ਹੁੰਦੀ ਹੈ ਇਸ ਲਈ ਇਹਨਾਂ ਨਾਲ ਹਮੇਸ਼ਾ ਸੁੱਕਾ ਚਾਰਾ/ਤੂੜੀ ਰਲਾ ਕੇ ਖੁਆਉ। ਇਸ ਨਾਲ ਸੁੱਕਾ ਚਾਰਾ ਮਿਲਾਅ ਕੇ ਖੁਆਉਣ ਨਾਲ ਮੋਕ ਜਾਂ ਆਫਾਰੇ (ਬਲੋਟ) ਦੀ ਸਮੱਸਿਆ ਘੱਟ ਆਉਂਦੀ ਹੈ।
● ਬਰਸੀਮ ਜਾਂ ਲੂਸਣ ਵਰਗੇ ਚਾਰੇ ਫਲੀਦਾਰ ਚਾਰੇ ਹੁੰਦੇ ਹਨ ਅਤੇ ਇਹਨਾਂ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ ਇਸ ਲਈ ਜਦੋਂ ਸਾਡੇ ਕੋਲ ਇਹ ਚਾਰੇ ਖੁੱਲੀ ਮਾਤਰਾ ਵਿੱਚ ਹੋਣ ਤਾਂ ਖਲਾਂ ਦਾ ਖਰਚਾ ਕੁਝ ਹੱਦ ਤੱਕ ਘਟਾਉਣਾ ਚਾਹੀਦਾ ਹੈ।
● ਪਸ਼ੂਆਂ ਦੀ ਖੁਰਾਕ ਵਿੱਚ ਵੰਡ (ਦਾਣੇ0) ਦੀ ਕੁਆਲਟੀ ਵਧੀਆ ਹੋਣੀ ਚਾਹੀਦੀ ਹੈ। ਇਹ ਉੱਲੀ ਰਹਿਤ ਹੋਣਾ ਚਾਹੀਦਾ ਹੈ।ਇਸਨੂੰ ਨਮੀ ਅਤੇ ਸਿੱਲ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ। ਉੱਲੀ ਵਾਲੀ ਫੀਡ ਜਾਂ ਵੰਡ ਵਿੱਚ ਅਫਲਾਟੋਕਸਿਨ ਪਸ਼ੰਆਂ ਦੀ ਸਿਹਤ ਤੇ ਮਾੜਾ ਅਸਰ ਪਾਉਂਦੇ ਹਨ।
● ਪਸ਼ੂਆਂ ਦੀ ਸਿਹਤ ਨੂੰ ਠੀਕ ਰੱਖਣ, ਪ੍ਰਜਨਣ ਕਿਰਿਆਂਵਾਂ ਠੀਕ ਰੱਖਣ ਅਤੇ ਘਾਟਾਂ ਤੋਂ ਬਚਾਉਣ ਲਈ ਲਗਭਗ 50-60 ਗ੍ਰਾਤ ਧਾਤਾਂ ਦਾ ਚੂਰਾ (ਮਿਨਰਲ ਮਿਕਚਰ) ਰੋਜਾਨਾ ਦੇਣਾ ਚਾਹੀਦਾ ਹੈ।
● ਪੀਣ ਵਾਲਾ ਪਾਣੀ ਸਾਫ ਹੋਣ ਦੇ ਨਾਲ ਨਾਲ ਤਾਜ਼ਾ ਹੋਣਾ ਜ਼ਰੂਰੀ ਹੈ। ਰਾਤ ਦਾ ਠੰਡਾ ਪਾਣੀ ਦੇਣ ਨਾਲ ਪਸ਼ੂਆਂ ਦੀ ਸਿਹਤ ਵਿਗੜ ਸਕਦੀ ਹੈ।
ਇਹ ਵੀ ਪੜ੍ਹੋ : ਘਣਾ ਮੱਛੀ ਪਾਲਣ ਤਕਨੀਕ ਦੀਆਂ ਵਿਧੀਆਂ ਬਾਰੇ ਸਿਖਲਾਈ
● ਪਸ਼ੂਆਂ ਥੱਲੇ ਸੁੱਕ ਦੇ ਤੌਰ ਤੇ ਪਰਾਲੀ ਦਾ ਇਸਤਮਾਲ ਕਰਨਾ ਚਾਹੀਦਾ ਹੈ।ਪਸ਼ੂਆਂ ਥੱਲੇ ਪਰਾਲੀ ਦੀ ਪਰਤ ਦੀ ਮੋਟਾਈ ਇਸ ਹਿਸਾਬ ਨਾਲ ਰੱਖੋ ਕਿ ਇਹ ਗਿੱਲ ਸੋਕੇ ਬਲਕਿ ਪਸ਼ੂਆਂ ਨੂੰ ਬਿਸਤਰੇ ਦੇ ਤੌਰ ਤੇ ਵੀ ਮਿਲੇ ਤੇ ਠੰਡ ਤੋਂ ਬਚਾਵੇ।
● ਨਿਯਮਿਤ ਤੌਰ ਤੇ (ਹਰ 3-4 ਮਹੀਨੇ ਦੇ ਅੰਤਰਾਲ ਤੇ) ਪਸ਼ੂਆਂ ਨੂੰ ਕਿਰਮਰਹਿਤ (ਧੲਾੋਰਮਨਿਗ) ਕਰੋ।ਇਸ ਨਾਲ ਪਸ਼ੂਆਂ ਦੀ ਰੋਗਾਂ ਤੋਂ ਬਚਣ ਦੀ ਸ਼ਕਤੀ ਵਧਦੀ ਹੈ ਅਤੇ ਸਿਹਤ ਵਧੀਆ ਰਹਿੰਦੀ ਹੈ। ਪਸ਼ੂਆਂ ਨੂੰ ਮਲੱਪਾਂ ਤੋਂ ਬਚਾਉਣ ਦੀ ਦਵਾਈ ਹਮੇਸ਼ਾ ਪਸ਼ੂ ਦੀ ੳਮਰ, ਭਾਰ, ਪੈਦਾਵਾਰ ਅਤੇ ਗੱਭਣ ਹੋਣ ਜਾਂ ਨਾ ਹੋਣ ਦੇ ਆਧਾਰ ਤੇ ਦਿੱਤੀ ਜਾਂਦੀ ਹੈ। ਇਸ ਲਈ ਪਸ਼ੂਆਂ ਦੇ ਮਾਹਰ ਡਾਕਟਰ ਦੀ ਸਲਾਹ ਲਵੋ।
● ਆਪਣੇ ਫਾਰਮ ਜਾਂ ਪਸ਼ੂ ਵੱਗ ਵਿਚ ਆਉਣ ਵਾਲੇ ਗੇਟ ਤੇ ਕਲੀ ਵਰਗੇ ਰੋਗਾਣੂ ਨਾਸ਼ਕ ਪਾ ਕੇ ਰੱਖਣ ਨਾਲ ਛੂਤ ਦੀਆਂ ਬਿਮਾਰੀਆਂ ਫੈਲਣ ਤੋਂ ਰੋਕੀਆਂ ਜਾ ਸਕਦੀਆਂ ਹਨ। ਇਹ ਬਾਇੳਸੈਕਿੳਰਟੀ ਦਾ ਹਿੱਸਾ ਹੁੰਦਾ ਹੈ।
● ਮੂੰਹ ਖੁਰ ਦੀ ਬਿਮਾਰੀ, ਪਸ਼ੂਆਂ ਦੀ ਇਹੋ ਜਿਹੀ ਬਿਮਾਰੀ ਹੈ ਜੋ ਕਿ ਆਮ ਤੌਰ ਤੇ ਸਰਦੀ ਦੀ ਰੁੱਤ ਵਿੱਚ ਜ਼ਿਆਦਾ ਆਂਉਦੀ ਹੈ ਇਸ ਲਈ ਸਰਦੀ ਆਉਣ ਤੋਂ ਪਹਿਲਾਂ ਹੀ ਆਪਣੇ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਦੇ ਟੀਕੇ ਲਗਵਾ ਲੈਣੇ ਚਾਹੀਦੇ ਹਨ।
● ਪਸ਼ੂਆਂ ਨੂੰ ਕਿਸੇ ਵੀ ਬਿਮਾਰੀ ਦੇ ਲੱਛਣਾ ਲਈ ਧਿਆਨ ਲਾਲ ਦੇਖੋ ਅਤੇ ਬਿਮਾਰ ਜਾਂ ਖੰਗ ਆਦਿ ਲੱਛਣ ਆਉਣ ਤੇ ਤੁਰੰਤ ਹੀ ਆਪਣੇ ਨੇੜੇ ਦੇ ਪਸ਼ੂਆਂ ਦੇ ਡਾਕਟਰ ਨਾਲ ਸੰਪਰਕ ਕਰੋ।
ਡਾ. ਮੁਨੀਸ਼ ਕੁਮਾਰ* ਅਤੇ ਡਾ. ਪ੍ਰਭਜੋਤ ਕੌਰ ਸਿੱਧੂ**
* ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ
** ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Health care of dairy animal in winter