1. Home
  2. ਖੇਤੀ ਬਾੜੀ

Short-Duration Varieties: ਝੋਨੇ ਦੀਆਂ ਘੱਟ ਸਮੇਂ ਵਾਲੀਆਂ ਇਨ੍ਹਾਂ ਸੁਧਰੀਆਂ ਕਿਸਮਾਂ ਦੀ ਕਰੋ ਕਾਸ਼ਤ, ਜਾਣੋ ਨਰਸਰੀ ਦੀ ਲੁਆਈ ਦਾ ਸਮਾਂ ਅਤੇ ਸਿੰਚਾਈ ਦੇ ਪਾਣੀ ਨੂੰ ਸੰਜਮ ਨਾਲ ਵਰਤਣ ਦੇ ਸੁਝਾਅ

ਪੰਜਾਬ ਖੇਤੀਬਾੜੀ ਯੂਨਿਵਰਸਿਟੀ ਨੇ ਵੱਖ-ਵੱਖ ਘੱਟ ਮਿਆਦ ਵਾਲੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ ਨੂੰ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ ਅਤੇ ਇਹ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਵੀ ਢੁੱਕਵੀਆਂ ਹਨ। ਆਓ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੀਆਂ ਇਨ੍ਹਾਂ ਕਿਸਮਾਂ ਬਾਰੇ ਇਸ ਲੇਖ ਵਿੱਚ ਵਿਸਥਾਰ ਨਾਲ ਜਾਣਦੇ ਹਾਂ...

Gurpreet Kaur Virk
Gurpreet Kaur Virk
ਜਾਣੋ ਨਰਸਰੀ ਦੀ ਲੁਆਈ ਦਾ ਸਮਾਂ ਅਤੇ ਸਿੰਚਾਈ ਦੇ ਪਾਣੀ ਨੂੰ ਸੰਜਮ ਨਾਲ ਵਰਤਣ ਦੇ ਸੁਝਾਅ

ਜਾਣੋ ਨਰਸਰੀ ਦੀ ਲੁਆਈ ਦਾ ਸਮਾਂ ਅਤੇ ਸਿੰਚਾਈ ਦੇ ਪਾਣੀ ਨੂੰ ਸੰਜਮ ਨਾਲ ਵਰਤਣ ਦੇ ਸੁਝਾਅ

Short-Duration Varieties of Paddy: ਪੰਜਾਬ ਵਿੱਚ ਝੋਨਾ ਸਾਉਣੀ ਦੀ ਪ੍ਰਮੁੱਖ ਫਸਲ ਹੈ। ਭਾਵੇ ਚੌਲ ਦੇਸ਼ ਦੇ ਜਿਆਦਾਤਰ ਲੋਕਾਂ ਦਾ ਮੁੱਖ ਭੋਜਨ ਹੈ ਪਰ ਪੰਜਾਬ ਦੇ ਲੋਕ ਚੌਲਾਂ ਨੂੰ ਖਾਣ ਦੇ ਆਦੀ ਨਹੀ ਹਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਪੰਜਾਬ ਵਿੱਚ ਝੋਨੇ ਹੇਠ ਰਕਬਾ ਹਰ ਸਾਲ ਵੱਧ ਰਿਹਾ ਹੈ। ਸਾਉਣੀ 2022-23 ਦੌਰਾਨ ਪੰਜਾਬ ਦਾ 31.67 ਲੱਖ ਹੈਕਟੇਅਰ ਰਕਬੇ ਵਿੱਚ ਗੈਰ ਬਾਸਮਤੀ ਉਤਪਾਦਨ 182.96 ਲੱਖ ਟਨ ਸੀ। ਜੋ ਕਿ 2023-24 ਵਿੱਚ ਵੱਧ ਕੇ ਕ੍ਰਮਵਾਰ ਰਕਬਾ 31.93 ਲੱਖ ਹੈਕਟੇਅਰ ਅਤੇ ਉਤਪਾਦਨ 185.86 ਲੱਖ ਟਨ ਹੋ ਗਿਆ।

ਇਥੋ ਤੱਕ ਪੰਜਾਬ ਦੇ ਦੱਖਣੀ-ਪੱਛਮੀ ਖੇਤਰ, ਜਿਥੇ ਕਿ ਧਰਤੀ ਹੇਠਲੇ ਪਾਣੀ ਖਾਰੇ ਜਾਂ ਲੂਣੇ ਹਨ ਉਥੇ ਵੀ ਕਿਸਾਨ ਨਰਮੇ ਨਾਲੋਂ ਝੋਨੇ ਨੂੰ ਪਹਿਲ ਦੇਣ ਲੱਗ ਪਏ ਹਨ। ਇਸ ਤੋਂ ਇਲਾਵਾ ਕਪਾਹ ਅਤੇ ਹੋਰ ਅਨਾਜ ਦੀਆਂ ਫਸਲਾਂ ਦੀ ਪੈਦਾਵਾਰ ਘੱਟ ਹੁੰਦੀ ਹੈ ਅਤੇ ਇਹਨਾਂ ਫਸਲਾਂ ਦੀ ਕਾਸ਼ਤ ਦੀ ਲਾਗਤ ਝੋਨੇ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਨਿਕਾਸੀ ਦੇ ਨਤੀਜੇ ਵਜੋਂ ਪਾਣੀ ਦਾ ਪੱਧਰ ਹੇਠਾ ਜਾ ਰਿਹਾ ਹੈ। ਇੱਕ ਕਿਲੋ ਚੌਲ ਪੈਦਾ ਕਰਨ ਲਈ ਤਕਰੀਬਨ 4000-5000 ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ। ਇਸ ਲਈ ਝੋਨੇ ਦੀ ਕਾਸ਼ਤ ਲਈ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਸਮੇ ਦੀ ਸਭ ਤੋਂ ਵੱਡੀ ਲੋੜ ਹੈ। ਹੇਠਾਂ ਲਿਖੀਆਂ ਸੂਚੀ ਬੱਧ ਰਣਨੀਤੀਆਂ ਦੀ ਜੇਕਰ ਪਾਲਣਾ ਕੀਤੀ ਜਾਵੇ ਤਾਂ ਸਿੰਚਾਈ ਦੇ ਪਾਣੀ ਨੂੰ ਜ਼ਿਆਦਾ ਮਾਤਰਾ ਵਿੱਚ ਬਚਾਇਆ ਜਾ ਸਕਦਾ ਹੈ। 

ਘੱਟ ਸਮੇਂ ਵਾਲੀਆਂ ਸੁਧਰੀਆਂ ਕਿਸਮਾਂ ਦੀ ਵਰਤੋਂ ਕਰੋ

ਕਿਸਮਾਂ ਦੀ ਚੋਣ ਪਾਣੀ ਦੀ ਬੱਚਤ ਵੱਲ ਸਭ ਤੋਂ ਮਹੱਤਵਪੂਰਨ ਕਦਮ ਹੈ। ਪੰਜਾਬ ਖੇਤੀਬਾੜੀ ਯੂਨਿਵਰਸਿਟੀ ਨੇ ਵੱਖ-ਵੱਖ ਘੱਟ ਮਿਆਦ ਵਾਲੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ ਨੂੰ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ ਅਤੇ ਇਹ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਵੀ ਢੁੱਕਵੀਆਂ ਹਨ। ਪੀ ਆਰ 131, ਪੀ ਆਰ 130, ਪੀ ਆਰ 129, ਐੱਚ ਕੇ ਆਰ 47, ਪੀ ਆਰ 127, ਪੀ.ਆਰ 126 ਵਰਗੀਆਂ ਕਿਸਮਾਂ ਪੱਕਣ ਵਿੱਚ 93 ਤੋਂ 110 ਦਿਨ ਲੈਂਦੀਆਂ ਹਨ। ਸਾਰੀਆਂ ਹੀ ਕਿਸਮਾਂ ਵਿੱਚੋਂ ਕਿਸਮ ਪੀ ਆਰ 126 ਪੱਕਣ ਵਿੱਚ ਸਿਰਫ 93 ਦਿਨ ਲੈਂਦੀ ਹੈ ਇਸ ਲਈ ਪਾਣੀ ਦੀ ਬੱਚਤ ਲਈ ਇਹ ਕਿਸਾਨਾ ਦੁਆਰਾ ਉਗਾਈ ਜਾਣ ਵਾਲੀ ਸਭ ਤੋਂ ਤਰਜੀਹੀ ਕਿਸਮ ਹੋਣੀ ਚਾਹੀਦੀ ਹੈ। ਪੂਸਾ 44, ਪੀਲੀ ਪੂਸਾ, ਡੋਗਰ ਪੂਸਾ ਵਰਗੀਆਂ ਕਿਸਮਾ ਦੀ ਕਾਸ਼ਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਕਿਸਮਾ ਨੂੰ 15 ਤੋਂ 20 ਪ੍ਰਤੀਸ਼ਤ ਵਾਧੂ ਪਾਣੀ ਦੀ ਲੋੜ ਹੁੰਦੀ ਹੈ ਅਤੇ ਘੱਟੋ ਘੱਟ 2 ਵਾਧੂ ਕੀਟਨਾਸ਼ਕ ਸਪਰੇਆਂ ਦੀ ਲੋੜ ਪੈਦੀ ਹੈ ਜਿਸ ਨਾਲ ਕਾਸ਼ਤ ਦੀ ਲਾਗਤ ਵੱਧਦੀ ਹੈ।

ਖੇਤ ਦੀ ਤਿਆਰੀ

ਕੱਦੂ ਕਰਨ ਤੋਂ ਪਹਿਲਾ ਲੇਜ਼ਰ ਵਾਲੇ ਕਰਾਹੇ ਨਾਲ ਖੇਤ ਨੂੰ ਪੱਧਰਾਂ ਕਰਨ ਨਾਲ ਪਾਣੀ ਦੀ ਵਰਤੋਂ ਕੁਸ਼ਲਤਾ ਵੱਧਦੀ ਹੈ। ਸਿੱਟੇ ਵਜੋਂ ਸਿੰਚਾਈ ਦੇ ਪਾਣੀ ਦੀ ਯੋਗ ਵਰਤੋਂ ਹੁੰਦੀ ਹੈ। ਖੇਤ ਦੀਆਂ ਵੱਟਾਂ ਦੀ ਮਰੁੰਮਤ ਪਾਣੀ ਦੇ ਰਿਸਾਵ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਸਿੰਚਾਈ ਚੈਨਲਾਂ ਦੀ ਲਿਪਾਈ ਪਾਣੀ ਦੇ ਸਿੰਮਣ ਨੂੰ ਰੋਕਣ ਲਈ ਕੀਤੀ ਜਾਣੀ ਚਾਹੀਦੀ ਹੈ।

ਨਰਸਰੀ ਦੀ ਬਿਜਾਈ ਅਤੇ ਲੁਆਈ ਦਾ ਸਮਾਂ

ਝੋਨੇ ਦੀ ਨਰਸਰੀ ਦੀ ਬਿਜਾਈ ਦਾ ਸਰਵੋਤਮ ਸਮਾਂ 20 ਮਈ ਤੋਂ 20 ਜੂਨ ਹੈ ਜਦਕਿ ਇਸਦੀ ਲੁਆਈ 20 ਜੂਨ ਤੋਂ 10 ਜੁਲਾਈ ਤੱਕ ਕਰਨੀ ਚਾਹੀਦੀ ਹੈ। ਝੋਨੇ ਦੀ ਅਗੇਤੀ ਬਿਜਾਈ ਦੇ ਨਤੀਜੇ ਵਜੋਂ ਖੇਤਾਂ ਵਿੱਚ ਇਹਨਾਂ ਦਿਨਾਂ ਵਿੱਚ ਬਹੁਤ ਜਿਆਦਾ ਵਾਸ਼ਪੀਕਰਨ ਦੀ ਮੰਗ ਹੋਣ ਕਾਰਨ ਵਧੇਰੇ ਸਿੰਚਾਈ ਦੀ ਲੋੜ ਪੈਂਦੀ ਹੈ , ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਗਿਰਾਵਟ ਵਿੱਚ ਵਾਧਾ ਹੁੰਦਾ ਹੈ। ਪਛੇਤੀ ਬਿਜਾਈ ਦੀਆਂ ਹਾਲਤਾਂ ਵਿੱਚ, ਕਿਸਮ ਪੀ. ਆਰ 126 ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਪਰ ਪਨੀਰੀ 25-30 ਦਿਨਾਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ ।

ਖੜ੍ਹੇ ਪਾਣੀ ਅਤੇ ਵਾਰੀ-ਵਾਰੀ ਪਾਣੀ ਲਾਉਣ ਦੀ ਰਿਵਾਇਤ

ਸਭ ਤੋਂ ਪਹਿਲਾਂ, ਸਿੰਚਾਈ ਦੇ ਪਾਣੀ ਦੀ ਡੂੰਘਾਈ 10 ਸੈਂਟੀਮੀਟਰ ਤੋਂ ਵੱਧ ਨਹੀ ਹੋਣੀ ਚਾਹੀਦੀ । ਇਸ ਤੋਂ ਇਲਾਵਾ ਕੱਦੂ ਕਰਕੇ ਪਨੀਰੀ ਲਾਉਣ ਤੋਂ ਬਾਅਦ, ਬੂਟੇ ਦੀ ਸਥਾਪਨਾ ਲਈ ਸਿਰਫ ਦੋ ਹਫਤਿਆਂ ਤੱਕ ਪਾਣੀ ਲਗਾਤਾਰ ਖੜ੍ਹਾ ਰੱਖੋ। ਉਸ ਤੋਂ ਬਾਅਦ ਖੜਾ ਕਰਨ ਲਈ ਪਾਣੀ ਦੀ ਲੋੜ ਨਹੀ ਹੁੰਦੀ। ਜ਼ਮੀਨ ਦੀ ਕਿਸਮ ਮੁਤਾਬਿਕ ਝੋਨੇ ਵਿੱਚ ਪਾਣੀ ਦੀ ਵਰਤੋਂ ਉਦੋਂ ਕਰੋ ਜਦੋਂ ਖੇਤ ਦਾ ਪਾਣੀ ਜ਼ਮੀਨ ਵਿੱਚ ਜ਼ਜ਼ਬ ਹੋ ਜਾਵੇ।

ਇਸ ਤੋਂ ਇਲਾਵਾ, ਲਗਾਤਾਰ ਖੜ੍ਹੇ ਪਾਣੀ ਕਾਰਨ ਵੱਧ ਨਮੀ ਕੀੜਿਆਂ ਅਤੇ ਬਿਮਾਰੀਆਂ ਲਈ ਸਹਾਇਕ ਹੁੰਦੀ ਹੈ। ਜੇਕਰ ਟੈਨਸ਼ਿਓਮੀਟਰ ਯੰਤਰ ਜੋ ਕਿ 15-20 ਸੈਂਟੀਮੀਟਰ ਮਿੱਟੀ ਦੀ ਡੂੰਘਾਈ ਤੇ ਲੱਗਿਆ ਹੈ ਜਦੋ ਪਾਣੀ ਦਾ ਪੱਧਰ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਦਾਖਲ ਹੋ ਜਾਵੇ ਤਾਂ ਪਾਣੀ ਲਗਾਉਣਾ ਚਾਹੀਦਾ ਹੈ। ਇਸ ਗੱਲ ਦਾ ਧਿਆਨ ਕੀਤਾ ਜਾਣਾ ਚਾਹੀਦਾ ਹੈ ਕਿ ਖੇਤ ਵਿੱਚ ਤਰੇੜਾਂ ਨਹੀ ਪੈਣੀਆਂ ਚਾਹੀਦੀਆਂ ਹਨ। ਇਹਨਾ ਕੁਝ ਗੱਲਾ ਨੂੰ ਧਿਆਨ ਵਿੱਚ ਰੱਖਕੇ ਸਿੰਚਾਈ ਦੇ ਪਾਣੀ ਨੂੰ ਪ੍ਰਭਾਵਿਤ ਕੀਤੇ ਬਿਨਾਂ ਜ਼ਿਆਦਾ ਝਾੜ ਲਿਆ ਜਾ ਸਕਦਾ ਹੈ। ਆਖਰੀ ਸਿੰਚਾਈ ਵਾਢੀ ਤੋਂ 15 ਦਿਨ ਪਹਿਲਾਂ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Profitable Farming: ਕਿਸਾਨ ਵੀਰੋਂ ਵਧੀਆ ਮੁਨਾਫ਼ੇ ਲਈ ਕਰੋ ਹਰੀ ਮਿਰਚਾਂ ਦੀ ਕਾਸ਼ਤ, ਜਾਣੋ ਹਰੀ ਮਿਰਚਾਂ ਨੂੰ ਕਿਉਂ ਮੰਨਿਆ ਜਾਂਦਾ ਹੈ ਵੱਡੀ ਆਮਦਨ ਦਾ ਸਰੋਤ?

ਝੋਨੇ ਦੀ ਸਿੱਧੀ ਬਿਜਾਈ ਅਪਣਾਓ

ਬਿਨਾਂ ਕੱਦੂ ਕੀਤੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਗਭਗ 10-20 ਪ੍ਰਤੀਸ਼ਤ ਪਾਣੀ ਦੀ ਬੱਚਤ ਕਰ ਸਕਦੀ ਹੈ। ਪਰ ਇਹ ਸਿਰਫ਼ ਭਾਰੀ ਤੋਂ ਦਰਮਿਆਨੀ ਬਣਤਰ ਵਾਲੀ ਮਿੱਟੀ ਵਿੱਚ ਹੀ ਸਫਲ ਹੁੰਦੀ ਹੈ। ਕਿਉਂਕਿ ਹਲਕੀ ਬਣਤਰ ਵਾਲੀ ਮਿੱਟੀ ਵਿੱਚ ਲੋਹੇ ਦੀ ਘਾਟ ਹੋ ਜਾਂਦੀ ਹੈ ਅਤੇ ਪਾਣੀ ਜਲਦੀ ਜ਼ਜ਼ਬ ਹੋ ਜਾਂਦਾ ਹੈ। ਸਿੰਚਾਈ ਦੇ ਪਾਣੀ ਦੀ ਵੱਧ ਬੱਚਤ ਲਈ ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ 1 ਜੂਨ ਤੋਂ ਬਾਅਦ ਹੀ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਲਗਭਗ 10-12% ਵੱਧ ਜ਼ਮੀਨੀ ਪਾਣੀ ਰੀਚਾਰਜ ਸੰਭਵ ਹੈ।

ਤਰ-ਵਤੱਰ ਸਿੱਧੀ ਬਿਜਾਈ ਤਕਨੀਕ ਵਿੱਚ, ਪਹਿਲੀ ਸਿੰਚਾਈ ਬਿਜਾਈ ਤੋਂ 21 ਦਿਨਾਂ ਬਾਅਦ ਕੀਤੀ ਜਾਂਦੀ ਹੈ, ਇਸ ਤੋਂ ਬਾਅਦ ਮਿੱਟੀ ਦੀ ਕਿਸਮ ਦੇ ਅਧਾਰ ਤੇ 5-7 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕੀਤੀ ਜਾਂਦੀ ਹੈ। ਸੁੱਕੇ ਖੇਤ ਦੀ ਤਕਨੀਕ ਵਿੱਚ ਸਿੱਧੀ ਬਿਜਾਈ ਦੌਰਾਨ, ਪਹਿਲੀ ਸਿੰਚਾਈ ਬਿਜਾਈ ਤੋਂ ਤਰੁੰਤ ਬਾਅਦ ਅਤੇ ਦੂਜੀ ਸਿੰਚਾਈ ਬਿਜਾਈ ਤੋਂ 4-5 ਦਿਨਾਂ ਬਾਅਦ ਕਰਨੀ ਚਾਹੀਦੀ ਹੈ। ਅਗਲੀਆਂ ਸਿੰਚਾਈਆਂ ਮਿੱਟੀ ਦੀ ਕਿਸਮ ਦੇ ਆਧਾਰ ਤੇ 5-7 ਦਿਨਾਂ ਦੇ ਅੰਤਰਾਲ ਤੇ ਲਾਉਣੀਆਂ ਚਾਹੀਦੀਆਂ ਹਨ।

ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਤੁਪਕਾ ਸਿੰਚਾਈ

ਤੁਪਕਾ ਸਿੰਚਾਈ ਤਕਨੀਕ ਦੀ ਵਰਤੋਂ ਸਿੱਧੀ ਬਿਜਾਈ ਵਾਲੇ ਝੋਨੇ ਅਧੀਨ ਵੀ ਕੀਤੀ ਜਾ ਸਕਦੀ ਹੈ। ਇਹ ਸਿੰਚਾਈ ਦੇ ਪਾਣੀ ਦੀ ਕਾਫੀ ਮਾਤਰਾ ਨੂੰ ਬਚਾਉਂਦਾ ਹੈ, ਕਿਉਂਕਿ ਪਾਣੀ ਦੀ ਬਰਬਾਦੀ ਘੱਟ ਹੁੰਦੀ ਹੈ ਅਤੇ ਪਾਣੀ ਸਿਰਫ ਜੜ੍ਹਾਂ ਤੱਕ ਹੀ ਸੀਮਿਤ ਹੁੰਦਾ ਹੈ। ਝੋਨੇ ਦੀ ਬਿਜਾਈ ਸੁੱਕੀ ਮਿੱਟੀ ਵਿੱਚ ਕੀਤੀ ਜਾਂਦੀ ਹੈ ਅਤੇ ਬਿਜਾਈ ਤੋਂ ਤਰੁੰਤ ਬਾਅਦ ਪਾਣੀ, 2 ਲੀਟਰ ਪ੍ਰਤੀ ਘੰਟਾ ਡਿਸਚਾਰਜ ਰੇਟ ਦੇ ਨਾਲ ਇਨਲਾਈਨ ਐਮੀਟਰ ਵਾਲੀ ਡਰਿੱਪ ਲਾਈਨ ਰਾਹੀ 15 ਸੈਂਟੀਮੀਟਰ ਡੂੰਘਾਈ ਤੇ 30 ਸੈਂਟੀਮੀਟਰ ਦੀ ਦੂਰੀ ਅਤੇ ਲੇਟਰਲ ਤੋਂ ਲੈਟਰਲ ਵਿੱਥ 67.5 ਸੈਂਟੀਮੀਟਰ ਦੇ ਨਾਲ ਲਗਾਇਆ ਜਾਂਦਾ ਹੈ। ਫਸਲ ਦੇ ਸਹੀ ਜੰਮ ਅਤੇ ਵਿਕਸਿਤ ਹੋਣ ਲਈ 21 ਦਿਨਾਂ ਤੱਕ ਬਦਲਵੇਂ ਦਿਨਾਂ ਤੇ ਸਿੰਚਾਈ ਕਰਨੀ ਚਾਹੀਦੀ ਹੈ। ਜੂਨ ਤੋਂ ਅਕਤੂਬਰ ਤੱਕ ਦਿਨਾਂ ਦੇ ਵਕਫੇ ਤੇ 65 ਮਿੰਟ ਤੱਕ ਸਿੰਚਾਈ ਕਰੋ।

ਮਾੜੇ ਅਤੇ ਚੰਗੇ ਪਾਣੀ ਨੂੰ ਅਦਲ-ਬਦਲ ਜਾਂ ਰਲਾ ਕੇ ਵਰਤੋਂ

ਖਾਰੇ ਜਾਂ ਲੂਣੇ ਪਾਣੀ ਨੂੰ ਸਹਿਣ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਹੀ ਉਗਾਓ। ਝੋਨਾ ਮਾੜੀ ਗੁਣਵੱਤਾ ਵਾਲੇ ਪਾਣੀ ਦੀ ਸਥਿਤੀ ਲਈ ਅਰਧ- ਸਹਿਣਸ਼ੀਲ ਹੈ। ਇਸ ਲਈ ਖਾਰੇ ਜਾਂ ਲੂਣੇ ਨੂੰ ਚੰਗੀ ਗੁਣਵੱਤਾ ਵਾਲੇ ਪਾਣੀ ਨਾਲ ਮਿਲਾ ਕੇ ਜਾਂ ਅਦਲ- ਬਦਲ ਕੇ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਜੇਕਰ ਨਿਕਾਸੀ ਮਾੜੀ ਹੈ ਤਾਂ ਸਿੰਚਾਈ ਲਈ ਖਾਰੇ ਜਾਂ ਲੂਣੇ ਪਾਣੀ ਦੀ ਵਰਤੋਂ ਨਹੀ ਕਰਨੀ ਚਾਹੀਦੀ।

ਉਪਰੋਕਤ ਸਿੰਚਾਈ ਦੇ ਢੰਗ ਅਤੇ ਹੋਰ ਰਣਨੀਤੀਆਂ ਅਪਣਾ ਕੇ ਕਿਸਾਨ ਘੱਟ ਪਾਣੀ ਨਾਲ ਝੋਨੇ ਦਾ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਪਾਣੀ ਦੀ ਉਤਪਾਦਕਤਾ ਵਿੱਚ ਵਾਧਾ ਹੋ ਸਕਦਾ ਹੈ ਅਤੇ ਪਾਣੀ ਦੇ ਸਰੋਤਾਂ ਨੂੰ ਕਾਇਮ ਰੱਖਿਆ ਜਾ ਸਕਦਾ ਹੈ।

ਸਰੋਤ: ਅਨੁਰੀਤ ਕੋਰ ਧਾਲੀਵਾਲ, ਅਨੁਰਾਗ ਮਲਿਕ ਅਤੇ ਕਰਮਜੀਤ ਸਿੰਘ ਸੇਖੋ, ਪੀ.ਏ.ਯੂ ਖੇਤਰੀ ਖੋਜ ਕੇਂਦਰ ਬਠਿੰਡਾ।

Summary in English: Cultivate these improved short-duration varieties of paddy, know nursery planting timings and tips on using irrigation water sparingly.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters