1. Home
  2. ਖੇਤੀ ਬਾੜੀ

ਸਾਰਾ ਸਾਲ ਤਾਜ਼ੇ ਫ਼ਲਾਂ ਲਈ ਪੌਸ਼ਟਿਕ ਘਰੇਲੂ ਬਗੀਚੀ ਲਗਾਉ ।

ਅੱਜ ਦੀ ਭੱਜਦੋੜ ਵਾਲੀ ਜਿੰਦਗੀ ਵਿੱਚ ਖੁਰਾਕੀ ਤੱਤਾਂ ਦੀ ਘਾਟ ਕਾਰਨ ਹੋਣ ਬਿਮਾਰੀਆਂ ਵਿੱਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ।ਇਹਨਾਂ ਖੁਰਾਕੀ ਤੱਤਾਂ ਦੀ ਪੂਰਤੀ ਲਈ ਰੋਜਾਨਾ ਖੁਰਾਕ ਵਿੱਚ ਫ਼ਲਾਂ ਨੂੰ ਸ਼ਾਮਲ ਕਰਨਾ ਬਹੁਤ ਜਰੂਰੀ ਹੋ ਗਿਆ ਹੈ।ਖੁਰਾਕੀ ਮਹੱਤਤਾ ਦੇ ਅਧਾਰ ਤੇ ਫ਼ਲ ਮਨੁੱਖੀ ਸਿਹਤ ਲਈ ਬਹੁਤ ਹੀ ਮਹੱਤਵਪੂਰਨ ਹਨ।ਮਹਿੰਗਾਈ ਵਿੱਚ ਵਾਧੇ ਅਤੇ ਆਰਥਿਕ ਪੱਖਾਂ ਕਰਕੇ ਬਹੁਤ ਸਾਰੇ ਕਿਸਾਨ ਵੀਰ ਅਤੇ ਸ਼ਹਿਰੀ ਲੋਕ ਲੋੜ ਮੁਤਾਬਿਕ ਫ਼ਲ ਖਰੀਦਣ ਦੀ ਸਮੱਰਥਾ ਨਹੀਂ ਰੱਖਦੇ ਅਤੇ ਨਤੀਜੇ ਵਜੋਂ ਇਨ੍ਹਾਂ ਦੀ ਖੁਰਾਕੀ ਜਰੂਰਤਾਂ ਦੀ ਪੂਰਤੀ ਨਹੀ ਹੁੰਦੀ ।

KJ Staff
KJ Staff
fresh fruit

fresh fruit

ਅੱਜ ਦੀ ਭੱਜਦੋੜ ਵਾਲੀ ਜਿੰਦਗੀ ਵਿੱਚ ਖੁਰਾਕੀ ਤੱਤਾਂ ਦੀ ਘਾਟ ਕਾਰਨ ਹੋਣ ਬਿਮਾਰੀਆਂ ਵਿੱਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ।ਇਹਨਾਂ ਖੁਰਾਕੀ ਤੱਤਾਂ ਦੀ ਪੂਰਤੀ ਲਈ ਰੋਜਾਨਾ ਖੁਰਾਕ ਵਿੱਚ ਫ਼ਲਾਂ ਨੂੰ ਸ਼ਾਮਲ ਕਰਨਾ ਬਹੁਤ ਜਰੂਰੀ ਹੋ ਗਿਆ ਹੈ।ਖੁਰਾਕੀ ਮਹੱਤਤਾ ਦੇ ਅਧਾਰ ਤੇ ਫ਼ਲ ਮਨੁੱਖੀ ਸਿਹਤ ਲਈ ਬਹੁਤ ਹੀ ਮਹੱਤਵਪੂਰਨ ਹਨ।ਮਹਿੰਗਾਈ ਵਿੱਚ ਵਾਧੇ ਅਤੇ ਆਰਥਿਕ ਪੱਖਾਂ ਕਰਕੇ ਬਹੁਤ ਸਾਰੇ ਕਿਸਾਨ ਵੀਰ ਅਤੇ ਸ਼ਹਿਰੀ ਲੋਕ ਲੋੜ ਮੁਤਾਬਿਕ ਫ਼ਲ ਖਰੀਦਣ ਦੀ ਸਮੱਰਥਾ ਨਹੀਂ ਰੱਖਦੇ ਅਤੇ ਨਤੀਜੇ ਵਜੋਂ ਇਨ੍ਹਾਂ ਦੀ ਖੁਰਾਕੀ ਜਰੂਰਤਾਂ ਦੀ ਪੂਰਤੀ ਨਹੀ ਹੁੰਦੀ ।

ਇਸ ਤੋਂ ਇਲਾਵਾ ਸ਼ਹਿਰੀ ਲੋਕਾਂ ਵਿੱਚ ਰਸਾਇਣ ਰਹਿਤ ਫ਼ਲਾਂ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ।ਪੰਜਾਬ ਅੇਗਰੀਕਲਚਰਲ ਯੁਨੀਵਰਸਿਟੀ ਦੇ ਫ਼ਲ ਵਿਗਿਆਨ ਵਿਭਾਗ ਵੱਲੋਂ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਘਰੇਲੂ ਪੱਧਰ ਵਧੀਆ ਗੁਣਵੱਤਾ ਵਾਲੇ ਅਤੇ ਸਾਰਾ ਸਾਲ ਉਪਲਬੱਧਤਾ ਲਈ ਲਈ 25 ਣ 25 ਮੀਟਰ (625 ਵਰਗ ਮੀਟਰ) ਰਕਬੇ ਵਿਚ ਫ਼ਲਾਂ ਦੀ ਪੌਸ਼ਟਿਕ ਬਗੀਚੀ ਬਣਾਉਣ ਦੀ ਸ਼ਿਫ਼ਾਰਿਸ਼ ਕੀਤੀ ਗਈ ਹੈ । ਲੰਬੇ ਸਮੇਂ ਦੀਆਂ ਫਸਲਾਂ ਹੋਣ ਕਾਰਨ ਇਸ ਬਗੀਚੀ ਲਈ ਫ਼ਲਾਂ ਦੀ ਚੋਣ, ਕਿਸਮ ਦੀ ਚੋਣ, ਦਿਸ਼ਾ ਆਦਿ ਬਹੁਤ ਮਹੱਤਤਾ ਰੱਖਦੇ ਹਨ।ਸਦਾਬਹਾਰ ਫਲਦਾਰ ਬੂਟੇ ਅਤੇ ਪੱਤਝੱੜੀ ਕਿਸਮ ਦੇ ਬੂਟੇ ਵੀ ਅਲੱਗ ਲਾਉਣੇ ਚਾਹੀਦੇ ਹਨ।ਬਹੁਤ ਉੱਚੇ ਕੱਦ ਵਾਲੇ ਬੂਟੇ ਜਿਵੇਂ ਕਿ ਅੰਬ, ਲੀਚੀ, ਜਾਮਣ, ਚੀਕੂ ਆਦਿ ਨੂੰ ਘਰੇਲੂ ਬਗੀਚੇ ਦੇ ਬਿਲਕੁਲ ਉੱਤਰੀ ਹਿੱਸੇ ਵੱਲ ਲਾਉਣ ਦੀ ਸ਼ਿਫ਼ਾਰਿਸ਼ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਨਿੰਬੂ ਜਾਤੀ ਦੇ ਫ਼ਲ, ਅਮਰੂਦ ਅਤੇ ਬਗੀਚੀ ਦੇ ਦੱਖਣੀ-ਪੂਰਬੀ ਹਿਸੇ ਵੱਲ ਪੱਤਝੜੀ ਫ਼ਲਦਾਰ ਬੂਟੇ ਜਿਵੇਂ ਕਿ ਨਾਸ਼ਪਾਤੀ, ਆੜੂ, ਅਲੂਚਾ, ਅਨਾਰ ਆਦਿ ਲਾਏ ਜਾ ਸਕਦੇ ਹਨ । ਦੱਖਣੀ ਪਾਸੇ ਦੀ ਸਭ ਤੋਂ ਆਖਿਰੀ ਕਤਾਰ ਵਿਚ ਪਪੀਤੇ ਅਤੇ ਕੇਲੇ ਦੀ ਕਾਸ਼ਤ ਕੋਰਾ-ਰਹਿਤ ਇਲਾਕੇ ਵਿਚ ਕੀਤੀ ਜਾ ਸਕਦੀ ਹੈ ।ਪੂਰਬੀ ਪਾਸੇ ਵੱਲ ਅੰਗੂਰਾਂ ਦੀਆਂ ਵੱਖ-ਵੱਖ ਕਿਸਮਾਂ ਵਾਈ-ਟਰੈਲਿਸ ਸਿਸਟਮ ਉਪਰ ਲਾਈਆਂ ਜਾ ਸਕਦੀਆਂ ਹਨ । ਪੱਛਮੀ ਹਿਸੇ ਵੱਲ ਕਰੌਂਦਾ ਅਤੇ ਫ਼ਾਲਸਾ ਅਤੇ ਉਤਰੀ ਹਿੱਸੇ ਵੱਲ ਮਿੱਠਾ (ਸ਼ਾੲੲਟ ਲਮਿੲ) ਵਾੜ ਦੇ ਤੌਰ ਤੇ ਲਾਇਆ ਜਾਣਾ ਚਾਹੀਦਾ ਹੈ। ਵਿਊਂਤ ਮੁਤਾਬਿਕ ਲਾਏ ਗਏ ਫ਼ਲਾਂ ਦੀ ਕਾਸ਼ਤ ਕਰਨ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਫ਼ਲਾਂ ਅਤੇ ਉਹਨਾਂ ਦੀਆਂ ਕਿਸਮਾਂ ਦੀ ਚੋਣ ਇਸ ਤਰ੍ਹਾਂ ਕਰੋ ਕਿ ਸਾਰਾ ਸਾਲ ਕੋਈ ਨਾ ਕੋਈ ਫ਼ਲ ਉਪਲੱਬਧ ਹੁੰਦਾ ਰਹੇ।ਫ਼ਲਾਂ ਦੀ ਪੌਸ਼ਟਿਕ ਬਗੀਚੀ ਲਗਾਉਣ ਵੇਲੇ ਹੇਠ ਲਿਖਿਆਂ ਗੱਲਾਂ ਜਰੂਰ ਧਿਆਨ ਵਿੱਚ ਰੱਖੋ ।

ਸਹੀ ਸਮੇਂ ਤੇ ਬੂਟੇ ਲਾਉਣਾ

ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ ਜਾਤੀ ਦੇ ਫ਼ਲ, ਅਮਰੂਦ, ਅੰਬ, ਲੀਚੀ, ਲੁਕਾਠ, ਚੀਕੂ, ਕੇਲਾ ਅਤੇ ਜਾਮਨ ਦੇ ਬੂਟੇ ਫ਼ਰਵਰੀ-ਮਾਰਚ ਜਾਂ ਅਗਸਤ-ਸੰਤਬਰ ਵਿੱਚ ਲਗਾਏ ਜਾਣੇ ਚਾਹੀਦੇ ਹਨ। ਜਦ ਕਿ ਨਾਸ਼ਪਾਤੀ, ਆੜੂ, ਅਲੂਚਾ, ਬੇਰ, ਅੰਗੂਰ, ਅਨਾਰ, ਕਰੌਂਦਾ, ਆਂਵਲਾ, ਅੰਜ਼ੀਰ ਅਤੇ ਫ਼ਾਲਸਾ ਵਰਗੇ ਪਤਝੜੀ ਫ਼ਲਦਾਰ ਬੂਟਿਆਂ ਨੂੰ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਜਨਵਰੀ-ਫ਼ਰਵਰੀ ਵਿੱਚ ਲਗਾਉਣਾ ਚਾਹੀਦਾ ਹੈ।

ਵਧੀਆ ਅਤੇ ਪ੍ਰਮਾਣਿਤ ਬੂਟਿਆਂ ਦੇ ਸਰੋਤ।

ਸਿਰਫ ਪ੍ਰਮਾਣਤ ਕਿਸਮਾਂ ਦੇ ਬੂਟਿਆਂ ਦੀ ਖਰੀਦ ਹਮੇਸ਼ਾ ਭਰੋਸੇਮੰਦ ਨਰਸਰੀਆਂ ਜਿਵੇਂ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਜਾਂ ਇਸ ਦੇ ਖੇਤਰੀ ਖੋਜ ਕੇਂਦਰ ਅਬੋਹਰ, ਗੁਰਦਾਸਪੁਰ, ਬਹਾਦਰਗੜ੍ਹ (ਪਟਿਆਲਾ), ਜੱਲੋਵਾਲ-ਲੇਸਰੀਵਾਲ (ਜਲੰਧਰ), ਬਠਿੰਡਾ, ਬੱਲੋਵਾਲ ਸੋਂਖੜੀ (ਕੰਡੀ ਖੇਤਰ), ਗੰਗੀਆਂ (ਹੁਸ਼ਿਆਰਪੁਰ) ਜਾਂ ਬਾਗਬਾਨੀ ਮਹਿਕਮਾ ਪੰਜਾਬ ਦੀਆਂ ਨਰਸਰੀਆਂ ਤੋਂ ਤੇ ਜਾਂ ਫਿਰ ਕਿਸੇ ਮਾਨਤਾ ਪ੍ਰਾਪਤ ਨਰਸਰੀ ਤੋਂ ਹੀ ਕਰਨੀ ਚਾਹੀਦੀ ਹੈ। ਕਿਉਂਕਿ ਫ਼ਲਦਾਰ ਬੂਟੇ ਕਾਫੀ ਲੰਬੇ ਸਮੇਂ ਤੱਕ ਫ਼ਲ ਦਿੰਦੇ ਹਨ, ਇਸ ਲਈ ਬੂਟਿਆਂ ਦੀ ਖਰੀਦ ਕਦੇ ਵੀ ਗੈਰ ਮੰਜ਼ੂਰਸ਼ੁਦਾ ਨਰਸਰੀਆਂ ਜਾਂ ਪਿੰਡਾਂ ਵਿੱਚ ਫੇਰੀ ਲਾਉਣ ਵਾਲਿਆਂ ਤੋਂ ਨਹੀਂ ਕਰਨੀ ਚਾਹੀਦੀ।

ਖੇਤ ਵਿੱਚ ਬੂਟੇ ਲਗਾਉਣ ਦਾ ਸਹੀ ਤਰੀਕਾ:

ਆਮ ਤੌਰ ਤੇ ਫ਼ਲਦਾਰ ਬੂਟਿਆਂ ਨੂੰ ਲਗਾਉਣ ਲਈ 1 ਮੀਟਰ ਡੂੰਘਾ ਅਤੇ 1 ਮੀਟਰ ਘੇਰੇ ਵਾਲਾ ਟੋਇਆ ਪੁੱਟਣਾ ਚਾਹੀਦਾ ਹੈ। ਪਪੀਤਾ, ਫ਼ਾਲਸਾ ਅਤੇ ਕੇਲੇ ਵਰਗੇ ਘੱਟ ਜੜਾਂ ਵਾਲੇ ਬੂਟਿਆਂ ਲਈ ਛੋਟਾ ਟੋਇਆ ਪੁੱਟਿਆ ਜਾ ਸਕਦਾ ਹੈ। ਇਹਨਾਂ ਟੋਇਆਂ ਵਿੱਚ ਅੱਧੀ ਉਪਰਲੀ ਮਿੱਟੀ ਅਤੇ ਅੱਧੀ ਰੂੜੀ ਖਾਦ ਬਰਾਬਰ ਮਿਕਦਾਰ ਵਿੱਚ ਰਲਾ ਕੇ ਪਾਉ ਅਤੇ ਟੋਇਆਂ ਨੂੰ ਜ਼ਮੀਨ ਦੇ ਪੱਧਰ ਤੋਂ ਥੋੜਾ ਉੱਚਾ ਭਰ ਦਿਓ। ਬੂਟੇ ਨੂੰ ਸਿਉਂਕ ਤੋਂ ਬਚਾਉਣ ਲਈ ਹਰੇਕ ਟੋਏ ਵਿੱਚ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈ ਸੀ 2 ਕਿਲੋ ਮਿੱਟੀ ਵਿੱਚ ਰਲਾ ਕੇ ਪਾ ਦਿਉ। ਬੂਟੇ ਲਾਉਣ ਤੋਂ ਪਹਿਲਾਂ ਇਨ੍ਹਾਂ ਟੋਇਆਂ ਵਿੱਚ ਇੱਕ ਵਾਰ ਪਾਣੀ ਲਾਓ। ਪਾਣੀ ਦੇਣ ਮਗਰੋਂ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉਪਰਲੀ ਤਹਿ ਤੇ ਫਿਰ ਮਿੱਟੀ ਪਾ ਕੇ ਟੋਇਆਂ ਨੂੰ ਜ਼ਮੀਨ ਦੇ ਬਰਾਬਰ ਪੱਧਰ ਕਰ ਦਿਉ। ਬੂਟੇ ਲਗਾਉਣ ਸਮੇਂ ਸਦਾਬਹਾਰ ਫ਼ਲਦਾਰ ਬੂਟਿਆਂ ਦੀ ਗਾਚੀ ਦਾ ਉਪਰਲਾ ਪੱਧਰ ਜ਼ਮੀਨ ਦੀ ਮਿੱਟੀ ਦੇ ਪੱਧਰ ਦੇ ਬਰਾਬਰ ਹੋਣਾ ਚਾਹੀਦਾ ਹੈ। ਬੂਟਾ ਲਗਾਉਣ ਮਗਰੋਂ, ਬੂਟੇ ਦੁਆਲੇ ਮਿੱਟੀ ਨੂੰ ਚੰਗੀ ਤਰ੍ਹਾਂ ਦਬਾਅ ਦਿਉ ਤਾਂ ਜੋ ਜੜਾਂ ਨੂੰ ਹਵਾ ਨਾ ਲੱਗੇ ਅਤੇ ਨਵੇਂ ਲਗਾਏ ਬੂਟੇ ਨੂੰ ਤਰੁੰਤ ਪਾਣੀ ਲਾਓ।

ਦੇਖ-ਰੇਖ ਅਤੇ ਸੁਧਾਈ

ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਸੋਟੀ ਨਾਲ ਸਹਾਰਾ ਦਿਉ, ਤਾਂ ਜੋ ਬੂਟਾ ਸਿੱਧਾ/ਸਹੀ ਢੰਗ ਨਾਲ ਵਿਕਸਿਤ ਹੋ ਸਕੇ। ਕੁੱਝ ਮਹੀਨਿਆਂ ਮਗਰੋਂ ਰੱਸੀ/ਧਾਗਾ ਜਿਸ ਨਾਲ ਨਵੇਂ ਲਗਾਏ ਬੂਟੇ ਅਤੇ ਸੋਟੀ ਨੂੰ ਬੰਨਿਆਂ ਹੋਵੇ, ਉਸਨੂੰ ਖੋਲ ਦਿਓ ਜਾਂ ਢਿੱਲਾ ਕਰਨਾ ਨਾ ਭੁੱਲੋ, ਤਾਂ ਜੋ ਲਗਾਤਾਰ ਵੱਧ ਰਹੇ ਬੂਟੇ ਦੇ ਤਣੇ ਵਿੱਚ ਖੁਰਾਕ ਜਾਂ ਪਾਣੀ ਦੇ ਆਉਣ ਜਾਣ ਵਿੱਚ ਰੋਕ ਨਾ ਆਵੇ। ਨਵੇਂ ਲਗਾਏ ਬੂਟਿਆਂ ਦਾ ਧਿਆਨ ਰੱਖੋ ਅਤੇ ਮੁੱਢੋਂ ਫੁੱਟਣ ਵਾਲੀਆਂ ਖਾਸ ਤੌਰ ਤੇ ਪਿਉਂਦ ਤੋਂ ਨੀਚੇ ਫ਼ੁਟਾਰਾ ਅਤੇ ਜੜਾਂ ਤੋਂ ਨਿਕਲਣ ਵਾਲੀਆਂ ਸ਼ਾਖਾਵਾਂ (ਸੱਕਰ) ਲਗਾਤਾਰ ਕੱਟਦੇ ਰਹੋ, ਤਾਂ ਜੋ ਕਲਮੀ ਬੂਟੇ ਦਾ ਸਹੀ ਵਿਕਾਸ ਹੋ ਸਕੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ, ਕਲਮੀ/ਪਿਉਂਦੀ ਬੂਟੇ ਦੀ ਬਜਾਏ ਜੜ੍ਹ-ਮੁੱਢ ਤੋਂ ਬੂਟਾ ਚੱਲ ਪੈਂਦਾ ਹੈ ਅਤੇ ਪਿਊਂਦੀ ਸ਼ਾਖ ਮਰ ਜਾਂਦੀ ਹੈ । ਅਜਿਹੀਆਂ ਹਾਲਤਾਂ ਵਿੱਚ ਕਿਸਾਨ ਵੀਰ ਅਜਿਹਾ ਆਮ ਪੁੱਛਦੇ ਹਨ ਕਿ ਅਸੀਂ ਤਾਂ ਕਿੰਨੂ/ਬਾਰਾਮਾਸੀ ਨਿੰਬੂ ਦੇ ਬੂਟੇ ਖਰੀਦੇ ਸੀ, ਪਰ ਇਹਨਾਂ ਦਾ ਫ਼ਲ ਤਾਂ ਖੱਟੀ ਵਰਗਾ ਜਾਂ ਦੇਸੀ ਨਿਕਲਿਆ ਹੈ। 

ਵਧੀਆ ਗੁਣਵੱਤਾ ਦਾ ਫਲ ਲੈਣ ਲਈ ਕਾਂਟ-ਛਾਂਟ ਦੀ ਸਹੀ ਵਿਧੀ:

ਸਾਲਾਂ-ਬੱਧੀ ਲਗਾਤਾਰ ਅਤੇ ਵਧੀਆ ਫ਼ਲ ਲੈਣ ਲਈ, ਬੂਟੇ ਦੀ ਸਮੇਂ ਸਿਰ ਕਾਂਟ-ਛਾਂਟ ਕਰਨੀ ਜ਼ਰੂਰੀ ਹੈ। ਕਾਂਟ-ਛਾਂਟ ਕਿੰਨੀ ਕਰਨੀ ਹੈ, ਇਹ ਬੂਟੇ ਦੀ ਕਿਸਮ ਉਪਰ ਨਿਰਭਰ ਕਰਦਾ ਹੈ, ਜਿਵੇਂ ਕਿ ਪਤਝੜੀ ਜਾਂ ਫਿਰ ਸਦਾਬਹਾਰ । ਸਦਾਬਹਾਰ ਫ਼ਲਦਾਰ ਬੂਟਿਆਂ ਵਿੱਚ ਹਰ ਸਾਲ ਕਾਂਟ-ਛਾਂਟ ਕਰਨੀ ਜ਼ਰੂਰੀ ਨਹੀਂ, ਪਰ ਆਪਸ ਵਿਚ ਫ਼ਸੀਆਂ ਸੁੱਕੀਆਂ ਜਾਂ ਰੋਗੀ ਸ਼ਾਖਾਵਾਂ ਨੂੰ ਫ਼ਲ ਟੁੱਟਣ ਤੋਂ ਬਾਅਦ ਕੱਟਣਾ ਜਰੂਰੀ ਹੈ। ਜਦੋਂ ਕਿ ਪਤਝੜੀ ਫ਼ਲਦਾਰ ਬੂਟਿਆਂ ਜਿਵੇਂ ਕਿ ਨਾਸ਼ਪਾਤੀ, ਆੜੂ, ਅਲੂਚਾ (ਆਲੂ ਬੁਖਾਰਾ), ਅੰਗੂਰ, ਬੇਰ, ਕਰੌਂਦਾ, ਫ਼ਾਲਸਾ ਅਤੇ ਅਨਾਰ ਦੇ ਬੂਟਿਆਂ ਦੀ ਕਾਂਟ ਛਾਂਟ ਹਰ ਸਾਲ ਪੁਰਾਣੇ ਪੱਤੇ ਝੜਣ ਤੋਂ ਬਾਅਦ ਅਤੇ ਨਵੇਂ ਪੱਤੇ ਆਉਣ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ। ਪੱਤਝੜੀ ਫ਼ਲਾਂ ਵਿੱਚੋਂ, ਨਾਸ਼ਪਾਤੀ ਦੀ ਬਹੁਤ ਘੱਟ ਕਾਂਟ-ਛਾਂਟ ਦੀ ਲੋੜ ਪੈਂਦੀ ਹੈ, ਕਿਉਂਕਿ ਨਾਸ਼ਪਾਤੀ ਦਾ ਫ਼ਲ ਖੂੰਗਿਆਂ/ਛੋਟੀਆਂ ਟਹਿਣੀਆਂ (ਸਪੱਰ) ਉਪਰ ਲਗਦਾ ਹੈ, ਜੋ ਕਿ ਲਗਾਤਾਰ ਕਈ ਸਾਲਾਂ ਤੱਕ ਫ਼ਲ ਦੇਣ ਦੀ ਸਮਰੱਥਾ ਰੱਖਦੀਆਂ ਹਨ। ਇਸੇ ਤਰ੍ਹਾਂ ਅੰਗੂਰਾਂ ਦੀ ਕਾਂਟ-ਛਾਂਟ 4-ਅੱਖਾਂ ਰੱਖ ਕੇ ਕਰਨੀ ਚਾਹੀਦੀ ਹੈ ਅਤੇ ਜੇ ਸ਼ਿਫ਼ਾਰਿਸ਼ ਕੀਤੀਆਂ ਕਿਸਮਾਂ ਵਿਚ ਵੱਧ ਅੱਖਾਂ ਰੱਖ ਕੇ ਵੇਲਾਂ ਦੀ ਕਟਾਈ ਕੀਤੀ ਜਾਵੇ ਤਾਂ ਫ਼ਲ ਨਹੀਂ ਲਗਦਾ। ਬੇਰ ਤੋਂ ਇਲਾਵਾ, ਬਾਕੀ ਸਾਰੇ ਪਤਝੜੀ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਦਸੰਬਰ-ਜਨਵਰੀ ਵਿੱਚ ਕਰਨੀ ਚਾਹੀਦੀ ਹੈ। ਬੇਰ ਦੀ ਕਾਂਟ-ਛਾਂਟ ਗਰਮੀਆਂ ਵਿੱਚ ਫ਼ਲ ਲੱਗਣ ਉਪਰੰਤ ਕੀਤੀ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ ਪੱਤਝੜੀ ਫ਼ਲਦਾਰ ਬੂਟਿਆਂ ਵਿੱਚ ਪੁਰਾਣੇ ਪੱਤੇ ਝੜਨ ਤੋਂ ਬਾਅਦ ਅਤੇ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਕਾਂਟ-ਛਾਂਟ ਕਰਨੀ ਜ਼ਰੂਰੀ ਹੈ।

ਸਿੰਚਾਈ

ਬੂਟਿਆਂ ਦੀ ਸਿੰਚਾਈ ਲੋੜ ਅਨੁਸਾਰ ਕਰਨੀ ਚਾਹੀਦੀ ਹੈ। ਲੋੜ ਤੋਂ ਘੱਟ ਜਾਂ ਵਧੇਰੇ ਸਿੰਚਾਈ ਬੂਟੇ ਲਈ ਨੁਕਸਾਨਦਾਇਕ ਹੋ ਸਕਦੀ ਹੈ। ਜੜਾਂ ਵਿੱਚ ਲਗਾਤਾਰ ਪਾਣੀ ਦੇ ਖੜੇ ਰਹਿਣ ਨਾਲ ਜ਼ਿਆਦਾਤਰ ਫ਼ਲਾਂ ਦੇ ਬੂਟਿਆਂ ਦਾ ਨੁਕਸਾਨ ਹੁੰਦਾ ਹੈ, ਇਸ ਲਈ ਬੂਟਿਆਂ ਨੂੰ ਲੋੜ ਤੋਂ ਵਧੇਰੇ ਪਾਣੀ ਨਹੀਂ ਦੇਣਾ ਚਾਹੀਦਾ। ਬੂਟੇ ਦੇ ਚੰਗੇ ਵਿਕਾਸ ਲਈ ਗਰਮੀਆਂ ਵਿਚ ਹਫਤੇ ਮਗਰੋਂ ਅਤੇ ਸਰਦੀਆਂ ਵਿੱਚ ਪੰਦਰਾਂ ਦਿਨਾਂ ਮਗਰੋਂ ਪਾਣੀ ਦੇਣਾ ਚਾਹੀਦਾ ਹੈ। ਪਤਝੜੀ ਫ਼ਲਦਾਰ ਬੂਟਿਆਂ ਨੂੰ ਖਾਸ ਤੌਰ ਤੇ ਪੱਤੇ ਝੜਨ ਤੋਂ ਬਾਅਦ ਸਰਦੀਆਂ ਵਿੱਚ ਪਾਣੀ ਦੀ ਲੋੜ ਨਹੀਂ ਹੁੰਦੀ।

ਖੁਰਾਕੀ ਤੱਤਾਂ ਦੀ ਪੂਰਤੀ ਲਈ ਖਾਦਾਂ ਦੀ ਵਰਤੋਂ ਕਿੰਨੀ ਅਤੇ ਕਿਵੇਂ ਕਰੀਏ

ਬੂਟੇ ਦੇ ਉੱਚਿਤ ਵਿਕਾਸ ਲਈ ਰੂੜੀ ਖਾਦ ਦੀ ਵਰਤੋਂ ਬਹੁਤ ਮਹੱਤਵਪੂਰਨ ਹੈ। ਆਮਤੌਰ ਤੇ ਬੂਟਿਆਂ ਨੂੰ ਰੂੜੀ ਖਾਦ ਦਸੰਬਰ ਮਹੀਨੇ ਵਿੱਚ ਪਾਉਣੀ ਚਾਹੀਦੀ ਹੈ, ਪਰ ਅਮਰੂਦ ਅਤੇ ਬੇਰ ਨੂੰ ਰੂੜੀ ਖਾਦ ਪਾਉਣ ਦਾ ਢੁਕਵਾਂ ਸਮਾਂ ਮਈ-ਜੂਨ ਹੈ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਰੂੜੀ ਖਾਦ ਚੰਗੀ ਤਰ੍ਹਾਂ ਗਲੀ ਹੋਵੇ, ਨਹੀਂ ਤਾਂ ਕੱਚੀ ਖਾਦ ਪਾਉਣ ਨਾਲ ਬੂਟਿਆਂ ਨੂੰ ਸਿਉਂਕ ਲੱਗਣ ਦਾ ਡਰ ਰਹਿੰਦਾ ਹੈ। ਆਮ ਤੌਰ ਤੇ ਫ਼ਲਦਾਰ ਬੂਟਿਆਂ ਵਿੱਚ, ਜੈਵਿਕ ਖਾਦ ਦੋ ਹਿੱਸਿਆਂ ਵਿੱਚ ਪਾਉਣੀ ਚਾਹੀਦੀ ਹੈ, ਭਾਵ ਅੱਧੀ ਖਾਦ ਫ਼ੁੱਲ ਖਿੜਣ ਤੋਂ ਪਹਿਲਾਂ ਅਤੇ ਅੱਧੀ ਤੁਰੰਤ ਫ਼ਲ ਬਣਨ ਮਗਰੋਂ। ਬੂਟਿਆਂ ਵਿੱਚ ਖਾਦ ਪਾਉਣ ਅਤੇ ਉਸ ਤੋਂ ਬਾਅਦ ਰਲਾਉਣ ਸਮੇਂ ਇੱਕ ਗੱਲ ਦਾ ਖਾਸ ਧਿਆਨ ਰਖੋ ਕਿ ਖਾਦ ਬੂਟੇ ਦੇ ਤਣੇ ਤੋਂ ਤਕਰੀਬਨ ਇੱਕ ਫੁੱਟ ਦੀ ਦੂਰੀ ਤੋਂ ਬਾਹਰ ਵੱਲ ਨੂੰ ਖਿਲਾਰ ਕੇ ਬੂਟੇ ਦੇ ਚਾਰ ਚੁਫੇਰੇ ਪਾਓ। ਗੋਡੀ ਕਰਨ ਸਮੇਂ ਵੀ ਬੂਟੇ ਦੇ ਤਣੇ ਤੋਂ ਦੂਰ ਹੀ ਗੋਡੀ ਕਰੋ, ਨਹੀਂ ਤਾਂ ਬੂਟੇ ਦੀਆਂ ਮੋਟੀਆਂ ਜੜਾਂ ਦਾ ਨੁਕਸਾਨ ਹੁੰਦਾ ਹੈ।

ਧੁੱਪ ਦੀ ਝੁਲਸ ਅਤੇ ਕੋਰੇ ਤੋਂ ਬਚਾਅ

ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਲਈ, ਪੌਲੀਥੀਨ ਜਾਂ ਪਰਾਲੀ ਦੀਆਂ ਝੁੱਗੀਆਂ ਬਣਾ ਕੇ ਢੱਕਣਾ ਚਾਹੀਦਾ ਹੈ। ਸਮੇਂ ਸਿਰ ਸਿੰਚਾਈ ਕਰਨ ਨਾਲ ਵੀ ਬੂਟਿਆਂ ਨੂੰ ਕੋਰੇ ਦੇ ਮਾਰੂ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ। ਗਰਮੀਆਂ ਵਿੱਚ ਬੂਟਿਆਂ ਨੂੰ ਤੇਜ਼ ਧੁੱਪ ਤੋਂ ਬਚਾਉਣ ਲਈ  ਤਣੇ ਨੂੰ ਕਲੀ/ਸਫੇਦੀ ਕਰੋ। 10 ਲਿਟਰ ਪਾਣੀ ਵਿੱਚ 2.5 ਕਿਲੋ ਚੂਨਾ, 50 ਗ੍ਰਾਮ ਨੀਲਾ ਥੋਥਾ, 50 ਗ੍ਰਾਮ ਸੁਰੇਸ਼ ਨੂੰ ਘੋਲ ਕੇ ਕਲੀ ਦਾ ਸਹੀ ਮਿਸ਼ਰਣ ਬਣਾਇਆ ਜਾ ਸਕਦਾ ਹੈ। ਸੁਰੇਸ਼ ਨੂੰ ਮਿਸ਼ਰਣ ਵਿੱਚ ਪਾਉਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਘੋਲ ਲਵੋ। ਲੋੜ ਮੁਤਾਬਕ ਬੂਟਿਆਂ ਉਪਰ ਪਾਣੀ ਦਾ ਛਿੜਕਾਅ ਕਰਨ ਨਾਲ ਵੀ ਧੁੱਪ ਦੇ ਮਾਰੂ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ।

ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਨਦੀਨ ਅਤੇ ਕੀਟ ਨਾਸ਼ਕਾਂ ਦੀ ਵਰਤੋਂ ਲੋੜ ਮੁਤਾਬਕ ਹੀ ਕਰੋ। ਖਾਸਤੌਰ ਤੇ ਛੋਟੇ ਪੱਧਰ ਤੇ ਲਗਾਈ ਗਈ ਘਰੇਲੂ ਬਗੀਚੀ ਵਿੱਚ ਨਦੀਨ ਅਤੇ ਕੀਟ ਨਾਸ਼ਕਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਬੋਰਡੋ ਮਿਸ਼ਰਣ ਜੋ ਕਿ ਕਾਪਰ ਸਲਫ਼ੇਟ (ਨੀਲਾ ਥੋਥਾ) ਅਤੇ ਅਣਬੁਝੇ ਚੂਨੇ ਦੇ 2:2 ਹਿੱਸਿਆਂ ਨੂੰ 250 ਹਿੱਸੇ ਪਾਣੀ ਵਿੱਚ ਘੋਲ ਕੇ ਤਿਆਰ ਹੌਦਾ ਹੈ, ਇਕ ਵਰਦਾਨ ਹੈ, ਜਿਸ ਨਾਲ ਬਰਸਾਤਾਂ ਵਿੱਚ ਉੱਲੀ ਨਾਸ਼ਕ ਰੋਗਾਂ ਤੋਂ ਫ਼ਲਦਾਰ ਬੂਟਿਆਂ ਨੂੰ ਬਚਾਇਆ ਜਾ ਸਕਦਾ ਹੈ।

ਰਸਾਇਨ ਮੁਕਤ ਵਿਧੀ ਰਾਹੀਂ ਪੌਸ਼ਟਿਕ ਫ਼ਲ ਬਗੀਚੀ ਦੀ ਸਾਂਭ-ਸੰਭਾਲ

ਨਦੀਨਾਂ ਦੀ ਰੋਕਥਾਮ ਲਈ, ਲੋੜ ਮੁਤਾਬਕ ਬੂਟਿਆਂ ਵਿੱਚ ਗੋਡੀ ਕਰੋ ।ਨਦੀਨ-ਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰੋ ।ਨਦੀਨਾਂ ਦੀ ਰੋਕਥਾਮ ਲਈ ਬੂਟਿਆਂ ਦੇ ਆਲੇ ਦੁਆਲੇ ਜ਼ਮੀਨ ਦੀ ਤਹਿ ਤੇ ਪਰਾਲੀ ਜਾਂ ਪਲਾਸਟਿਕ ਦੀ ਤਹਿ ਵਿਛਾ ਕੇ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਗਰਮੀਆਂ ਵਿੱਚ ਬੂਟਿਆਂ ਨੂੰ ਪਾਣੀ ਦੀ ਵੀ ਘੱਟ ਲੋੜ ਪੈਂਦੀ ਹੈ। ਬਗੀਚੀ ਵਿੱਚ ਰਸਾਇਨਕ ਖਾਦਾਂ ਦੀ ਬਜਾਏ ਜੈਵਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੈਵਿਕ ਖਾਦ ਘਰੇਲੂ ਬਗੀਚੀ ਲਈ ਆਪ ਵੀ ਬਣਾਈ ਜਾ ਸਕਦੀ ਹੈ। ਇਸ ਲਈ ਫ਼ਲਾਂ ਦੀ ਪੌਸ਼ਟਿਕ ਬਗੀਚੀ ਦੇ ਕਿਸੇ ਇੱਕ ਪਾਸੇ ਛੋਟਾ ਟੋਇਆ ਬਣਾਓ, ਜਿਸ ਵਿੱਚ ਬਗੀਚੀ ਚੋਂ ਡਿੱਗੇ ਸੁੱਕੇ ਪੱਤੇ, ਟਹਿਣੀਆਂ ਆਦਿ, ਲਗਾਤਾਰ ਪਾਉਂਦੇ ਰਹੋ ਅਤੇ ਉਸ ਵਿੱਚ ਥੋੜ੍ਹੀ ਰੂੜੀ ਖਾਦ ਅਤੇ ਖੇਤ ਦੀ ਮਿੱਟੀ ਵੀ ਮਿਲਾਓ। ਇਸ ਵਿਧੀ ਰਾਹੀਂ 2-3 ਮਹੀਨਿਆ ਵਿੱਚ ਤਿਆਰ ਹੋਈ ਜੈਵਿਕ ਖਾਦ, ਫ਼ਲਦਾਰ ਬੂਟਿਆਂ ਦੇ ਵਾਧੇ ਲਈ ਲਾਹੇਵੰਦ ਹੁੰਦੀ ਹੈ।ਨੁਕਸਾਨ ਪਹੁਚਾਉਣ ਵਾਲੇ ਕੀਟਾਂ ਦੀ ਰੋਕਥਾਮ ਲਈ ਜੈਵਿਕ-ਕੀਟ ਨਾਸ਼ਕ ਜਿਵੇਂ ਕਿ ਨਿੰਮ ਦੇ ਪਾਣੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਅਮਰੂਦ, ਕਿੰਨੂ, ਨਾਸ਼ਪਾਤੀ, ਆੜੂ ਅਤੇ ਅਲੂਚੇ (ਆਲੂ ਬੁਖਾਰੇ) ਵਿੱਚ ਫ਼ਲ ਦੀ ਮੱਖੀ ਦੀ ਕਾਫ਼ੀ ਹੱਦ ਤੱਕ ਰੋਕਥਾਮ ਲਈ ਕੀਟਨਾਸ਼ਕਾਂ ਦੀ ਬਜਾਏ ਫ਼ਰੂਟ ਫ਼ਲਾਈ ਟ੍ਰੇਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿਉਂਕ ਤੋਂ ਬਚਾਅ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਖਾਦ ਹੀ ਫ਼ਲਦਾਰ ਬੂਟਿਆਂ ਵਿੱਚ ਪਾਉ।

ਅਮਰੂਦ ਦੀ ਬਰਸਾਤ ਰੁੱਤੀ ਫ਼ਸਲ ਵਿੱਚ ਫ਼ੱਲ ਦੀ ਮੱਖੀ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ। ਇਸਦੀ ਬਜਾਏ ਮਈ ਮਹੀਨੇ ਸਿੰਚਾਈ ਰੋਕ ਕੇ ਜਾਂ ਫਿਰ ਟਹਿਣੀਆਂ ਦੇ ਸਿਰਿਆਂ ਨੂੰ ਕੱਟ ਕੇ ਫ਼ੁੱਲਾਂ ਨੂੰ ਝਾੜੋ, ਤਾਂ ਜੋ ਬਰਸਾਤਾਂ ਵਿੱਚ ਫ਼ਲ ਨਾ ਪੈਣ। ਇਸ ਉਪਰੰਤ ਜੂਨ-ਜੁਲਾਈ ਵਿੱਚ ਲੱਗੇ ਫ਼ੁੱਲ ਸਰਦੀਆਂ ਵਿੱਚ ਫ਼ਲਦੇ ਹਨ ਅਤੇ ਇਹਨਾਂ ਫ਼ਲਾਂ ਉਪਰ ਫ਼ਲ ਦੀ ਮੱਖੀ ਦਾ ਨੁਕਸਾਨ ਨਾ ਮਾਤਰ ਜਾਂ ਬਹੁਤ ਹੀ ਘੱਟ ਹੁੰਦਾ ਹੈ।

ਪ੍ਰਮੁੱਖ ਫ਼ਲਾਂ ਵਿੱਚ ਆਮ ਪਾਈਆਂ ਜਾਣ ਵਾਲੀਆਂ ਸਮੱਸਿਆਵਾਂ/ਰੋਗ ਅਤੇ ਉਹਨਾਂ ਦੀ ਕੁਦਰਤੀ ਰੋਕਥਾਮ

1. ਕਿੰਨੂ ਵਿੱਚ ਫ਼ਲਾਂ ਦਾ ਝੜਣਾ:

          ਬੂਟੇ ਦੀ ਸਹੀ ਦੇਖ ਭਾਲ ਕਰਨੀ ਚਾਹੀਦੀ ਹੈ।

          ਬਾਰਸਾਤਾਂ ਦੌਰਾਨ ਬੋਰਡੋ ਮਿਸ਼ਰਣ ਦੇ 2-3 ਛਿੜਕਾਅ ਕਰਨ ਨਾਲ ਕੁੱਝ ਹੱਦ ਤੱਕ ਫ਼ਲਾਂ ਦਾ ਕੇਰਾ ਰੋਕਿਆ ਜਾ ਸਕਦਾ ਹੈ।

          ਤੁੜਾਈ ਮਗਰੋਂ ਸੁੱਕੀਆਂ (ਥੋੜੇ ਹਰੇ ਹਿੱਸੇ ਸਮੇਤ) ਅਤੇ ਬਿਮਾਰੀ ਵਾਲੀਆਂ ਟਾਹਣੀਆਂ ਕੱਟਣੀਆਂ ਬਹੁਤ ਜ਼ਰੂਰੀ ਹਨ ।

          ਬੂਟੇ ਦੇ ਥੱਲੇ ਡਿੱਗੇ ਫ਼ਲਾਂ ਨੂੰ ਲਗਾਤਾਰ ਚੱਕਦੇ ਰਹੋ।

2 ਫ਼ਲਾਂ ਦਾ ਫੱਟਣਾ:

          ਜੇਕਰ ਮਿੱਟੀ ਵਿੱਚ ਪਾਣੀ ਦੀ ਮਿਕਦਾਰ ਸੰਤੁਲਤ ਨਾ ਹੋਵੇ ਤਾਂ ਖਾਸ ਤੌਰ ਤੇ ਬਾਰਾਮਾਸੀ ਨਿੰਬੂ ਦੇ ਫ਼ਲ ਫੱਟ ਜਾਂਦੇ ਹਨ।

          ਗਰਮੀਆਂ ਦੌਰਾਨ ਥੋੜ੍ਹੇ-ਥੋੜ੍ਹੇ ਵਕਫੇ ਤੇ ਹਲਕੀ ਸਿੰਚਾਈ ਕਰਨ ਨਾਲ ਫ਼ਲਾਂ ਦੇ ਫੱਟਣ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।

3. ਮੈਂਗੋ ਮਾਲਫਾਰਮੇਸ਼ਨ (ਅੰਬ ਦਾ ਗੁੱਛਾ ਮੱਛਾ ਰੋਗ):

          ਇਸ ਬਿਮਾਰੀ ਦੀ ਕੁੱਝ ਹੱਦ ਤੱਕ ਰੋਕਥਾਮ ਲਈ ਹਰ ਸਾਲ ਬੂਟੇ ਦੀਆਂ ਪ੍ਰਭਾਵਿਤ ਸ਼ਾਖਾਵਾਂ/ਗੁੱਝਿਆਂ ਨੂੰ ਕੱਟ ਕੇ ਦਬਾ ਦਿਓ।

4. ਕੇਲੇ, ਪਪੀਤੇ ਵਿੱਚ ਕੌਰੇ ਦੀ ਮਾਰ:

ਸਰਦੀਆਂ ਵਿੱਚ ਕੌਰੇ ਤੋਂ ਬਚਾਉਣ ਲਈ ਨਵੇਂ ਲਗਾਏ ਬੂਟਿਆਂ ਨੂੰ ਪੌਲੀਥੀਨ ਸ਼ੀਟ ਜਾਂ ਪਰਾਲੀ ਦੀਆਂ ਝੁੱਗੀਆਂ ਬਣਾ ਕੇ ਢੱਕੋ।

ਫ਼ਲਾਂ ਅਤੇ ਸ਼ਾਖਾਵਾਂ ਨੂੰ ਵੀ ਪੌਲੀਥੀਨ ਸ਼ੀਟ ਜਾਂ ਪਰਾਲੀ ਨਾਲ ਢੱਕਣਾ ਚਾਹੀਦਾ ਹੈ, ਤਾਂ ਜੋ ਉਹਨਾਂ ਨੂੰ ਵੀ ਕੌਰੇ ਦੀ ਮਾਰ ਤੋਂ ਬਚਾਇਆ ਜਾ ਸਕੇ। ਬੂਟੇ ਜਾਂ ਫਲਾਂ ਨੂੰ ਪੌਲੀਥੀਨ ਸ਼ੀਟ ਨਾਲ ਢੱਕਣ ਸਮੇਂ ਇਸ ਗੱਲ ਦਾ ਧਿਆਨ ਰੱਖੋ, ਕਿ ਇਹ ਢਿੱਲੀ ਹੋਣੀ ਚਾਹੀਦੀ ਹੈ ਤਾਂ ਜੋ ਫ਼ਲਾਂ/ਟਹਿਣੀਆਂ ਤੱਕ ਹਵਾ ਦਾ ਆਦਾਨ ਪ੍ਰਦਾਨ ਹੋ ਸਕੇ ਨਹੀਂ ਤਾਂ ਉੱਲੀ ਰੋਗ ਲੱਗਣ ਦਾ ਡਰ ਰਹਿੰਦਾ ਹੈ।

ਸਰਦੀਆਂ ਵਿੱਚ ਸਮੇਂ ਸਿਰ ਸਿੰਚਾਈ ਕਰੋ। ਥੋੜ੍ਹੇ ਸਮੇਂ ਮਗਰੋਂ ਹਲਕੀ ਸਿੰਚਾਈ ਕਰਦੇ ਰਹਿਣ ਨਾਲ ਬੂਟਾ ਲੰਮੇ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ।

5. ਪਪੀਤੇ ਵਿੱਚ ਪੱਤਾ ਮਰੋੜ ਵਿਸ਼ਾਣੂ:

          ਬੂਟੇ ਨੂੰ ਬਰੀਕ ਜਾਲੀ ਨਾਲ ਢੱਕੋ ਤਾਂ ਜੋ ਤੇਲੇ ਦੇ ਹਮਲੇ ਨੂੰ ਰੋਕਿਆ ਜਾ ਸਕੇ।

          ਜੇਕਰ ਪੱਤਾ ਮਰੋੜ ਰੋਗ ਲੱਗ ਜਾਂਦਾ ਹੈ ਤਾਂ ਰੋਗੀ ਬੂਟੇ ਨੂੰ ਪੁੱਟ ਕੇ ਸੁੱਟ ਦਿਓ ਤਾਂ ਜੋ ਦੂਜੇ ਬੂਟਿਆਂ ਨੂੰ ਰੋਗ ਲੱਗਣ ਤੋਂ ਬਚਾਇਆ ਜਾ ਸਕੇ।

6. ਪਪੀਤੇ ਵਿੱਚ ਮੁੱਢਾਂ ਅਤੇ ਤਣੇ ਦੇ ਗਲਣ ਦਾ ਰੋਗ:

          ਪਪੀਤੇ ਵਿੱਚ ਇਸ ਰੋਗ ਤੋਂ ਬਚਣ ਲਈ ਲੋੜ ਤੋਂ ਵਧੇਰੇ ਸਿੰਚਾਈ ਨਹੀਂ ਕਰਨੀ ਚਾਹੀਦੀ ਹੈ।

          ਇਕ ਦਿਨ ਲਈ ਵੀ ਜੜਾਂ ਵਿੱਚ ਖੜਾ ਪਾਣੀ ਪਪੀਤੇ ਲਈ ਮਾਰੂ ਹੁੰਦਾ ਹੈ।  

ਕੇ. ਐਸ. ਗਿੱਲ ਅਤੇ ਜੇ. ਐਸ. ਬਰਾੜ

ਫ਼ਲ ਵਿਗਿਆਨ ਵਿਭਾਗ

 

Summary in English: Plant a nutritious home garden for fresh fruit all year round.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters