Progressive Dairy Farmers Association: ਪੰਜਾਬ ਦੀ ਨੌਜਵਾਨ ਪਨੀਰੀ ਨੂੰ ਖੇਤੀਬਾੜੀ ਅਤੇ ਡੇਅਰੀ ਧੰਦੇ ਪ੍ਰਤੀ ਉਤਸ਼ਾਹਿਤ ਕਰਨ ਅਤੇ ਇਨ੍ਹਾਂ ਰਵਾਇਤੀ ਧੰਦਿਆਂ ਨਾਲ ਜੋੜੀ ਰੱਖਣ ਲਈ ਸਮੇਂ-ਸਮੇ 'ਤੇ ਵਧੀਆ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ 'ਚ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (Progressive Dairy Farmers Association) ਵੀ ਲਗਾਤਾਰ ਯਤਨਸ਼ੀਲ ਹੈ। ਦਰਅਸਲ, ਪੰਜਾਬ 'ਚ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵੱਲੋਂ 16ਵੀਂ ਵਾਰ ਕੌਮਾਂਤਰੀ ਡੇਅਰੀ ਤੇ ਖੇਤੀ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਹੈ।
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (Progressive Dairy Farmers Association) ਵੱਲੋਂ 16ਵੇਂ ਕੌਮਾਂਤਰੀ ਡੇਅਰੀ ਤੇ ਖੇਤੀ ਐਕਸਪੋ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਜਗਰਾਉਂ ਵਿੱਚ ਹਾਈਵੇਅ 'ਤੇ ਕਈ ਏਕੜ ਥਾਂ 'ਚ ਬਣੀ ਹੋਈ ਪਸ਼ੂ ਮੰਡੀ ਵਿੱਚ 16ਵੀਂ ਵਾਰ ਕੌਮਾਂਤਰੀ ਡੇਅਰੀ ਤੇ ਖੇਤੀ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੇਲਾ 3 ਤੋਂ 5 ਫਰਵਰੀ ਤੱਕ ਚੱਲੇਗਾ, ਜਿਸ ਨੂੰ ਸਫਲ ਬਣਾਉਣ ਲਈ ਪੀ.ਡੀ.ਏ. ਯਾਨੀ ਕਿ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੀ ਸਮੁੱਚੀ ਟੀਮ ਆਪਣੀ ਪੂਰੀ ਵਾਹ ਲਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੇਲੇ 'ਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸ਼ਿਰਕਤ ਕੀਤੀ ਜਾਂਦੀ ਹੈ। ਇਸ ਵਾਰ ਦਾ ਮੇਲਾ ਹੋਰ ਵੀ ਖ਼ਾਸ ਹੋਣ ਵਾਲਾ ਹੈ ਕਿਉਂਕਿ ਇਸ ਵਾਰ ਇਨਾਮਾਂ ਦੀ ਰਕਮ ਚੁੱਗਣੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: PUNJAB KISAN MELA 2023: ਮਾਰਚ 'ਚ ਇਨ੍ਹਾਂ ਥਾਵਾਂ 'ਤੇ ਹੋਣਗੇ "ਕਿਸਾਨ ਮੇਲੇ", ਦੇਖੋ ਪ੍ਰੋਗਰਾਮਾਂ ਦੀ ਸੂਚੀ
ਪੰਜਾਬੀ ਟ੍ਰਿਬਿਊਨ ਰਾਹੀਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਦੁੱਧ ਚੁਆਈ ਦੇ ਜੇਤੂ ਨੂੰ ਇਨਾਮ ਵਜੋਂ ਟਰੈਕਟਰ ਦੇਣ ਸਮੇਤ ਲੱਖਾਂ ਰੁਪਏ ਦੇ ਹੋਰ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਇਸ ਵਾਰ ਦੁੱਧ ਚੁਆਈ ਦੇ ਜੇਤੂ ਨੂੰ ਜੌਹਨ-ਡੀਅਰ ਟਰੈਕਟਰ ਇਨਾਮ ਵੱਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰਨਾਂ ਇਨਾਮਾਂ ਦੀ ਰਕਮ ਵੀ ਪਹਿਲਾਂ ਨਾਲੋਂ ਦੁੱਗਣੀ ਕਰ ਦਿੱਤੀ ਗਈ ਹੈ।
ਡੇਅਰੀ ਤੇ ਖੇਤੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਅਤਿ ਆਧੁਨਿਕ ਤਕਨੀਕਾਂ ਦੇ ਹਾਣੀ ਬਣਾਉਣ ਲਈ ਖੇਤੀ ਮਾਹਿਰ ਅਤੇ ਵੱਡੀਆਂ ਵਿਦੇਸ਼ੀ ਕੰਪਨੀਆਂ ਮੇਲੇ ਵਿੱਚ ਸ਼ਾਮਲ ਹੋਣਗੀਆਂ। ਇਸ ਮੇਲੇ ਵਿੱਚ ਕੈਨੇਡਾ, ਅਮਰੀਕਾ, ਯੂਰੋਪ, ਦੱਖਣੀ ਅਫ਼ਰੀਕਾ ਤੇ ਏਸ਼ੀਆ ਦੀਆਂ ਅਤਿ ਆਧੁਨਿਕ ਮਸ਼ੀਨਰੀ ਕੰਪਨੀਆਂ ਦੇ ਉਤਪਾਦ ਖਿੱਚ ਦਾ ਕੇਂਦਰ ਹੋਣਗੇ ਅਤੇ ਵੱਖ ਵੱਖ ਦੇਸ਼ਾਂ ਤੋਂ ਆਏ ਖੇਤੀ ਮਾਹਿਰ ਡੇਅਰੀ ਤੇ ਖੇਤੀ ਕਿੱਤੇ ਨੂੰ ਮੁਨਾਫ਼ੇ 'ਚ ਲਿਜਾਣ ਸਬੰਧੀ ਨੁਕਤੇ ਸਾਂਝੇ ਕਰਨਗੇ।
ਇਹ ਵੀ ਪੜ੍ਹੋ: Inauguration of 3rd India Agri Progress Expo: ਛੋਟੇ ਅਤੇ ਪਛੜੇ ਕਿਸਾਨਾਂ ਲਈ ਹੋਵੇਗੀ ਮਸ਼ੀਨਰੀ ਤਿਆਰ: ਧਾਲੀਵਾਲ
ਇਸ ਤੋਂ ਇਲਾਵਾ ਮੇਲੇ ਵਿੱਚ ਪਹਿਲੀ ਵਾਰ ਨੀਲੇ ਰਾਵੀ ਤੇ ਮੁੱਰ੍ਹਾ ਕਿਸਮ ਦੀਆਂ ਮੱਝਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ ਅਤੇ ਵੱਧ ਫੈਟ ਵਾਲਾ ਦੁੱਧ ਦੇਣ ਵਾਲੀ ਗਾਂ ਨੂੰ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਹਾਲਾਂਕਿ, ਕੌਮਾਂਤਰੀ ਪੱਧਰ 'ਤੇ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (Progressive Dairy Farmers Association) ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਅਜਿਹੇ 'ਚ ਉਮੀਦ ਲਈ ਜਾ ਰਹੀ ਹੈ ਕਿ ਇਨ੍ਹਾਂ ਸਭਨਾਂ ਦੇ ਯਤਨਾਂ ਸਦਕਾ ਐਤਕੀਂ ਦਾ ਡੇਅਰੀ ਤੇ ਐਗਰੀ ਐਕਸਪੋ ਵੀ ਯਕੀਨਨ ਯਾਦਗਾਰੀ ਹੋ ਨਿਬੜੇਗਾ।
Summary in English: 16th International Dairy and Agriculture Expo: Fair starts from February 3, JOHN DEERE tractor wins first prize in competition