ਪੀਏਯੂ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ, ਕਾਲਜ ਦੀ ਸਲਾਨਾ ਐਲੂਮਨੀ ਮੀਟ 25 ਨਵੰਬਰ, 2023 ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕਾਲਜ ਦੀ ਇਹ ਸਲਾਨਾ ਮੀਟਿੰਗ ਦੁਨੀਆ ਭਰ ਦੇ ਸਾਬਕਾ ਵਿਦਿਆਰਥੀਆਂ ਲਈ ਉਤਸ਼ਾਹ ਦਾ ਸਬਬ ਬਣਦੀ ਹੈ। ਇਸ ਸਮਰੋਹ ਵਿਚ ਸਾਬਕਾ ਵਿਦਿਆਰਥੀ ਆਪਣੇ ਪਰਿਵਾਰਾਂ ਸਮੇਤ ਇਕੱਠੇ ਹੁੰਦੇ ਹਨ ਅਤੇ ਯੂਨੀਵਰਸਿਟੀ ਅਤੇ ਕਾਲਜ ਵਿੱਚ ਬਿਤਾਏ ਸਮੇਂ ਨੂੰ ਯਾਦ ਕਰਦੇ ਹਨ।
ਇਸ ਮੌਕੇ ਕਾਲਜ ਦੇ ਬਹੁਤ ਸਾਰੇ ਮੌਜੂਦਾ ਵਿਦਿਆਰਥੀ ਆਪਣੇ ਸੀਨੀਅਰ ਸਾਬਕਾ ਵਿਦਿਆਰਥੀਆਂ ਦੇ ਤਜਰਬਿਆਂ ਤੋਂ ਸਿੱਖਣ ਲਈ ਅਲੂਮਨੀ ਮੀਟ ਵਿੱਚ ਸ਼ਾਮਲ ਹੁੰਦੇ ਹਨ। ਸਾਬਕਾ ਵਿਦਿਆਰਥੀ ਆਪਣੀ ਪੇਸ਼ੇਵਰ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ, ਆਪਣੇ ਅਧਿਆਪਕਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਸਫਲ ਹੋਣ ਵਿੱਚ ਮਦਦ ਕੀਤੀ। ਇਸ ਸਾਲਾਨਾ ਸਮਾਗਮ ਦੀਆਂ ਗਤੀਵਿਧੀਆਂ ਸਿਖਲਾਈ, ਪਲੇਸਮੈਂਟ ਅਤੇ ਸਮਰੱਥਾ-ਨਿਰਮਾਣ ਲਈ ਸਾਬਕਾ ਵਿਦਿਆਰਥੀਆਂ ਅਤੇ ਮੌਜੂਦਾ ਵਿਦਿਆਰਥੀਆਂ ਵਿਚਕਾਰ ਮਜ਼ਬੂਤ ਸੰਪਰਕ ਬਣਾਉਣ ਵਲ ਕੇਂਦ੍ਰਿਤ ਹੁੰਦੀਆਂ ਹਨ।
ਇਸ ਵਾਰ ਵੀ, ਛੋਟੇ-ਛੋਟੇ ਸਮੂਹਾਂ ਵਿਚ ਵਿਚਾਰ ਚਰਚਾ ਦੀ ਯੋਜਨਾ ਬਣਾਈ ਗਈ ਹੈ ਜਿਸ ਦੌਰਾਨ ਵੱਖ-ਵੱਖ ਸੈਕਟਰਾਂ ਦੇ ਸਾਬਕਾ ਵਿਦਿਆਰਥੀ ਸਫਲ ਉੱਦਮੀ ਅਤੇ ਕਾਰਜਕਾਰੀ ਬਣਨ ਲਈ ਮੌਜੂਦਾ ਇੰਜੀਨੀਅਰਾਂ ਦੇ ਨਾਲ ਗੱਲਬਾਤ ਅਤੇ ਆਪਣੇ ਤਜਰਬੇ ਸਾਂਝੇ ਕਰਨਗੇ।
ਇਸ ਮੀਟ ਵਿਚ ਕਈ ਸਾਬਕਾ ਡੀਨ, ਮੁਖੀ ਅਤੇ ਸੇਵਾਮੁਕਤ ਮਾਹਿਰ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਨਗੇ ਅਤੇ ਆਪਣੇ ਵਿਚਾਰ ਸਾਂਝੇ ਕਰਨਗੇ। ਜਨਰਲ ਬਾਡੀ ਦੀ ਮੀਟਿੰਗ 25 ਨਵੰਬਰ ਨੂੰ ਦੁਪਹਿਰ ਨੂੰ ਨਿਯਤ ਕੀਤੀ ਗਈ ਹੈ। ਸਾਬਕਾ ਵਿਦਿਆਰਥੀਆਂ ਲਈ 26 ਨਵੰਬਰ ਨੂੰ ਹੋਸਟਲ ਵਿੱਚ ਇੱਕ ਮੁਲਾਕਾਤ ਦਾ ਆਯੋਜਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 8 ਕਿਸਾਨ ਭਰਾਵਾਂ ਨੇ ਆਪਣੇ ਤਜ਼ਰਬੇ ਕੀਤੇ ਸਾਂਝੇ, ਕਿਹਾ ਨਵੇਂ ਬੀਜਾਂ ਤੋਂ ਰਹੋ ਸਾਵਧਾਨ!
ਨਾਲ ਹੀ ਕਾਲਜ ਅਤੇ ਯੂਨੀਵਰਸਿਟੀ ਦਾ ਦੌਰਾ, ਸਾਬਕਾ ਵਿਦਿਆਰਥੀ-ਵਿਦਿਆਰਥੀਆਂ ਦਾ ਆਪਸੀ ਤਾਲਮੇਲ, ਸੱਭਿਆਚਾਰਕ ਸਮਾਗਮ, ਪਰਿਵਾਰਕ ਮੌਜ-ਮਸਤੀ-ਨਾਚ ਆਦਿ ਇਸ ਮੀਟ ਦੀਆਂ ਮੁੱਖ ਝਲਕੀਆਂ ਹੋਣਗੀਆਂ। ਕਾਲਜ ਵਿੱਚ ਇਸ ਮੀਟ ਦੇ ਮੱਦੇਨਜ਼ਰ ਜ਼ੋਰਦਾਰ ਤਿਆਰੀਆਂ ਜਾਰੀ ਹਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Annual Alumni Meet of Agricultural Engineering College on 25 November 2023