ਪੀ.ਏ.ਯੂ. 'ਚ ਸਥਾਪਿਤ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ। ਉਹਨਾਂ ਦੀ ਨਿਯੁਕਤੀ ਚਾਰ ਸਾਲ ਲਈ ਹੋਈ ਅਤੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿਚ ਇਸ ਨਿਯੁਕਤੀ ਨੂੰ ਪ੍ਰਵਾਨ ਕੀਤਾ ਗਿਆ। ਜਦੋਂਕਿ, ਯੂਨੀਵਰਸਿਟੀ ਪ੍ਰਬੰਧਕੀ ਬੋਰਡ ਦੀ 313ਵੀਂ ਮੀਟਿੰਗ 'ਚ ਭੂਮੀ ਵਿਗਿਆਨੀ ਡਾ. ਮਨਮੋਹਨਜੀਤ ਸਿੰਘ ਨੂੰ ਚਾਰ ਸਾਲ ਲਈ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦਾ ਡੀਨ ਨਿਯੁਕਤ ਕੀਤਾ ਗਿਆ। ਡਾ. ਮਨਮੋਹਨਜੀਤ ਸਿੰਘ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਸਾਬਕਾ ਨਿਰਦੇਸ਼ਕ ਅਤੇ ਇਸੇ ਕਾਲਜ ਦੇ ਮੋਢੀ ਡੀਨ ਵੀ ਰਹੇ ਹਨ। ਉਨ੍ਹਾਂ ਦੀ ਪੀ.ਏ.ਯੂ. ਵਿਚ ਸੇਵਾ ਸ਼ਾਨਦਾਰ ਉਪਲੱਬਧੀਆਂ ਅਤੇ ਸਮਰਪਣ ਦਾ ਜਿਊਂਦਾ ਜਾਗਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਪੀਏਯੂ ਦੇ ਡਾ. ਕਿਰਨ ਬੈਂਸ ਨੂੰ ਚਾਰ ਸਾਲਾਂ ਦੀ ਮਿਆਦ ਲਈ ਡੀਨ, ਕਮਿਊਨਿਟੀ ਸਾਇੰਸ ਕਾਲਜ ਨਿਯੁਕਤ ਕੀਤਾ ਗਿਆ ਹੈ।
ਡਾ. ਮਨਜੀਤ ਸਿੰਘ ਨੇ ਪਿਛਲੇ 27 ਸਾਲਾਂ ਤੋਂ ਮਸ਼ੀਨਰੀ ਮਾਹਿਰ ਵਜੋਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਉਹਨਾਂ ਨੇ 30 ਤੋਂ ਵਧੇਰੇ ਮਸ਼ੀਨਾਂ ਅਤੇ ਤਕਨਾਲੋਜੀਆਂ ਦੇ ਡਿਜ਼ਾਇਨ ਅਤੇ ਵਿਕਾਸ ਵਿਚ ਯੋਗਦਾਨ ਪਾਇਆ। ਇਹਨਾਂ ਵਿਚੋਂ 22 ਤਕਨਾਲੋਜੀਆਂ ਨੂੰ ਯੂਨੀਵਰਸਿਟੀ ਦੀ ਖੋਜ ਵਿਸ਼ਲੇਸ਼ਣ ਦੇ ਕਿਸਾਨਾਂ ਲਈ ਸਿਫਾਰਸ਼ ਵੀ ਕੀਤਾ ਅਤੇ ਵਪਾਰੀਕਰਨ ਲਈ ਤਜ਼ਵੀਜ਼ ਵੀ ਕੀਤੀਆਂ ਗਈਆਂ। ਉਹਨਾਂ ਦੀਆਂ ਬਣਾਈਆਂ ਤਿੰਨ ਮਸ਼ੀਨਰੀ ਤਕਨਾਲੋਜੀਆਂ ਨੂੰ ਨਿਰਮਾਣ ਲਈ 126 ਮਸ਼ੀਨਰੀ ਨਿਰਮਾਤਾਵਾਂ ਤੱਕ ਪਹੁੰਚਾਇਆ ਗਿਆ।
ਡਾ. ਮਨਜੀਤ ਸਿੰਘ 18 ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹੇ। ਇਹਨਾਂ ਵਿੱਚੋਂ ਬਹੁਤੇ ਵਿਸ਼ਵ ਬੈਂਕ, ਆਈ ਸੀ ਏ ਆਰ, ਐੱਸ ਈ ਆਰ ਬੀ ਅਤੇ ਵਿਗਿਆਨ ਤਕਨਾਲੋਜੀ ਮੰਤਰਾਲੇ ਤੋਂ ਬਿਨਾਂ ਵੱਖ-ਵੱਖ ਉਦਯੋਗਾਂ ਦੁਆਰਾ ਪ੍ਰਾਯੋਜਿਤ ਸਨ। 341 ਪ੍ਰਕਾਸ਼ਨਾਵਾਂ ਉਹਨਾਂ ਦੇ ਨਾਂ ਹੇਠ ਦਰਜ ਹਨ ਜਿਨ੍ਹਾਂ ਵਿੱਚੋਂ 101 ਖੋਜ ਪੱਤਰ, 64 ਕਿਤਾਬਾਂ ਦੇ ਅਧਿਆਇ, ਮੈਨੂਅਲ ਅਤੇ ਬੁਲੇਟਿਨ ਅਤੇ 66 ਪੱਤਰ ਰਾਸ਼ਟਰੀ-ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਪੇਸ਼ ਹੋਏ ਸ਼ਾਮਿਲ ਹਨ। ਉਹਨਾਂ ਦੀਆਂ ਕਈ ਤਕਨਾਲੋਜੀਆਂ ਦੇ ਪੇਟੇਂਟ ਲਈ ਬੇਨਤੀ ਕੀਤੀ ਹੋਈ ਹੈ।
ਉਹਨਾਂ ਨੂੰ ਕਈ ਰਾਸ਼ਟਰੀ ਪੱਧਰੀ ਸੁਸਾਇਟੀਆਂ ਨੇ ਸਨਮਾਨਿਤ ਕੀਤਾ ਜਿਨ੍ਹਾਂ ਵਿਚ 2019 ਦਾ ਨੈਸ਼ਨਲ ਸੋਸਾਈਟਲ ਇਨੋਵੇਸ਼ਨ ਐਵਾਰਡ, 2019 ਦਾ ਗੁਰਦੇਵ ਸਿੰਘ ਖੁਸ਼ ਫਾਊਡੇਸ਼ਨ ਟੀਮ ਐਵਾਰਡ ਅਤੇ ਇਸੇ ਸਾਲ ਪੰਜਾਬ ਦੇ ਰਾਜਪਾਲ ਵਿਚ ਨਕਦ ਇਨਾਮ ਅਤੇ ਪ੍ਰਸ਼ੰਸ਼ਾ ਪੱਤਰ ਸ਼ਾਮਿਲ ਹਨ। 2019 ਵਿਚ ਹੀ ਭਾਰਤ ਦੇ ਇੰਜਨੀਅਰਜ਼ ਸੰਸਥਾਨ ਨੇ ਉਹਨਾਂ ਨੂੰ ਫੈਲੋ ਵਜੋਂ ਨਾਮਜ਼ਦ ਕੀਤਾ। 2011 ਵਿਚ ਉਹਨਾਂ ਨੂੰ ਜੋਤੀ ਐਵਾਰਡ ਵੀ ਹਾਸਲ ਹੋਇਆ। ਡਾ. ਮਨਜੀਤ ਸਿੰਘ 18 ਅਧਿਆਪਨ ਕੋਰਸਾਂ ਦਾ ਹਿੱਸਾ ਰਹੇ ਜਿਨ੍ਹਾਂ ਵਿੱਚੋਂ ਚਾਰ ਪੋਸਟ ਗ੍ਰੈਜੂਏਟ ਅਤੇ 14 ਅੰਡਰ ਗਰੈਜੂਏਟ ਕੋਰਸ ਹਨ। ਉਹਨਾਂ ਨੇ 30 ਵਿਦਿਆਰਥੀਆਂ ਦੇ ਨਿਗਰਾਨ ਵਜੋਂ ਕੰਮ ਕੀਤਾ ਅਤੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਪੇਪਰ ਵੀ ਬਣਾਏ।
ਇਹ ਵੀ ਪੜ੍ਹੋ: Punjab ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ Training Camp
ਉਹਨਾਂ ਦੀ ਅਗਵਾਈ ਵਿਚ 113 ਸਿਖਲਾਈ ਪੋ੍ਰਗਰਾਮ ਆਯੋਜਿਤ ਹੋਏ ਜਿਨ੍ਹਾਂ ਵਿੱਚੋਂ 43 ਰਾਜ ਸਰਕਾਰ ਦੇ ਮਹਿਕਮਿਆਂ ਲਈ ਸਨ। ਰਾਜ ਅਤੇ ਰਾਸ਼ਟਰੀ ਪੱਧਰ ਤੇ 84 ਮਾਹਿਰਾ ਭਾਸ਼ਣਾਂ ਸਣੇ 210 ਭਾਸ਼ਣ ਦੇਣ ਲਈ ਡਾ. ਮਨਜੀਤ ਸਿੰਘ ਬੁਲਾਇਆ ਗਿਆ। 18 ਵਾਰ ਉਹ ਰੇਡੀਓ ਅਤੇ ਟੀ ਵੀ ਤੇ ਵਾਰਤਾਲਾਪ ਲਈ ਸ਼ਾਮਿਲ ਹੋਏ| ਵੱਖ-ਵੱਖ ਵਰਕਸ਼ਾਪਾਂ ਵਿਚ ਉਹਨਾਂ ਨੇ 93 ਮਸ਼ੀਨਰੀ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ। ਅਮਰੀਕਾ, ਕੈਨੇਡਾ, ਜਪਾਨ, ਰੂਸ, ਦੱਖਣੀ ਕੋਰੀਆ, ਨਿਊਜ਼ੀਲੈਂਡ ਅਤੇ ਚੀਨ ਸਮੇਤ ਕਈ ਦੇਸ਼ਾਂ ਦੀਆਂ 24 ਕੌਮਾਂਤਰੀ ਕਾਨਫਰੰਸਾਂ ਵਿਚ ਸ਼ਾਮਿਲ ਹੋਣ ਦਾ ਮੌਕਾ ਉਹਨਾਂ ਨੂੰ ਮਿਲਿਆ।
ਡਾ. ਮਨਮੋਹਨਜੀਤ ਸਿੰਘ ਨੇ 1996 ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਤੋਂ ਭੂਮੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਆਪਣਾ ਕਾਰਜ ਅਰੰਭ ਕੀਤਾ। ਇਸ ਤੋਂ ਬਾਅਦ ਉਹ ਕਿਸਾਨ ਸਲਾਹਕਾਰ ਸੇਵਾ ਕੇਂਦਰ ਮੋਹਾਲੀ ਦੇ ਪਸਾਰ ਮਾਹਿਰ ਵੀ ਰਹੇ। ਸਰਵ ਭਾਰਤੀ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਮਾਰੂ ਖੇਤੀ ਸੰਬੰਧੀ ਪ੍ਰੋਜੈਕਟ ਦੇ ਮੁੱਖ ਨਿਗਰਾਨ ਅਤੇ ਬੱਲੋਵਾਲ ਸੌਂਖੜੀ ਕੇਂਦਰ ਦੇ ਨਿਰਦੇਸ਼ਕ ਵਜੋਂ ਵੀ ਉਹਨਾਂ ਨੇ ਸੇਵਾ ਨਿਭਾਈਆਂ। ਅੱਠ ਸਾਲ ਤੱਕ ਉਹ ਜੀ ਕੇ ਐੱਮ ਐੱਸ ਪ੍ਰੋਜੈਕਟ ਦੇ ਨੋਡਲ ਅਫਸਰ ਵਜੋਂ ਕਾਰਜਸ਼ੀਲ ਰਹੇ।
ਉਹਨਾਂ ਦੀਆਂ ਪ੍ਰਾਪਤੀਆਂ ਵਿਚ ਡਾ. ਐੱਨ ਐੱਸ ਰੰਧਾਵਾ ਗੋਲਡ ਮੈਡਲ, ਸੁਮੇਰ ਯਾਦਗਾਰੀ ਬੈਸਟ ਪਸਾਰ ਮਾਹਿਰ ਐਵਾਰਡ, ਬੈਸਟ ਬਾਹਰੀ ਖੋਜ ਵਿਗਿਆਨ ਐਵਾਰਡ ਸ਼ਾਮਿਲ ਹਨ। ਉਹਨਾਂ ਨੇ 260 ਖੋਜ ਅਤੇ ਪਸਾਰ ਲੇਖ ਲਿਖੇ| 17 ਤੋਂ ਵਧੇਰੇ ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਜੈਕਟਾਂ ਦਾ ਉਹ ਹਿੱਸਾ ਰਹੇ| 73 ਵਧੇਰੇ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਵਿਚ ਡਾ. ਸਿੰਘ ਨੇ ਭਾਗ ਲਿਆ ਜੋ ਅਮਰੀਕਾ, ਚੀਨ, ਆਸਟੇਰਲੀਆ, ਇਟਲੀ, ਬੰਗਲਾਦੇਸ਼ ਅਤੇ ਨੇਪਾਲ ਵਿਚ ਹੋਈਆਂ। ਉਹਨਾਂ ਨੇ ਐੱਮ ਐੱਸ ਸੀ ਅਤੇ ਪੀ ਐੱਚ ਡੀ ਵਿਦਿਆਰਥੀਆਂ ਦੀ ਖੋਜ ਵਿਚ ਨਿਗਰਾਨੀ ਵੀ ਕੀਤੀ। ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਨੂੰ ਅਰੰਭ ਕਰਨ ਅਤੇ ਸਫਲਤਾ ਨਾਲ ਚਲਾਉਣ ਵਿਚ ਭਰਪੂਰ ਯੋਗਦਾਨ ਪਾਇਆ।
ਇਹ ਵੀ ਪੜ੍ਹੋ: PAU College of Agriculture ਦੇ ਨਵੇਂ ਡੀਨ ਬਣੇ Dr Charanjit Singh Aulakh
ਇਕ ਖੇਤੀ ਮਾਹਿਰ ਵਜੋਂ ਉਹਨਾਂ ਦੀ ਮੁਹਾਰਤ ਦਾ ਖੇਤਰ ਭੂਮੀ ਨਾਲ ਸੰਬੰਧਤ ਰਿਹਾ। ਇਸ ਤੋਂ ਇਲਾਵਾ ਖੇਤੀ ਦੇ ਪਾਣੀ ਦੀ ਸੰਭਾਲ, ਭੂਮੀ ਦੇ ਮਿਆਰ ਦੀ ਜਾਂਚ ਰਿਹਾ| ਉਹਨਾਂ ਨੇ ਕਿਸਾਨਾਂ ਨਾਲ ਨੇੜਲੇ ਸੰਬੰਧ ਬਣਾਏ ਅਤੇ ਖੇਤੀ ਦੇ ਵਿਕਾਸ ਲਈ ਲਗਾਤਾਰ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ।
ਖੁਰਾਕ ਅਤੇ ਪੋਸ਼ਣ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਉਂਦੇ ਹੋਏ, ਡਾ. ਕਿਰਨ ਬੈਂਸ ਨੇ 12 ਐਡਹਾਕ ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ। ਨਾਲ ਹੀ ਉਹ ਸੱਤ ਫਸਲਾਂ ਤਕਨਾਲੋਜੀ ਦੀ ਪਰਖ ਨਾਲ ਜੁੜੇ ਰਹੇ। ਉਨ੍ਹਾਂ 242 ਪ੍ਰਕਾਸ਼ਨਾਵਾਂ ਪ੍ਰਕਾਸ਼ਿਤ ਕੀਤੀਆਂ ਜਿਨ੍ਹਾਂ ਵਿੱਚੋਂ 103 ਖੋਜ ਪੱਤਰ ਵੱਕਾਰੀ ਪੱਤਰਾਂ ਵਿੱਚ ਅਤੇ 25 ਖੋਜ ਪੱਤਰ ਉੱਚ ਪ੍ਰਭਾਵ ਵਾਲੇ ਰਸਾਲਿਆਂ ਵਿਚ ਪ੍ਰਕਾਸ਼ਤ ਹੋਏ ਹਨ।
ਉਨ੍ਹਾਂ ਰਾਸ਼ਟਰੀ ਕਾਨਫਰੰਸਾਂ ਵਿੱਚ 10 ਸਰਵੋਤਮ ਪੇਪਰ ਅਵਾਰਡ ਪ੍ਰਾਪਤ ਕੀਤੇ। 25 ਐੱਮ ਐੱਸ ਸੀ ਅਤੇ 10 ਪੀ.ਐਚ.ਡੀ. ਵਿਦਿਆਰਥੀਆਂ ਦੀ ਖੋਜ ਨਿਗਰਾਨੀ ਵੀ ਉਨ੍ਹਾਂ ਕੀਤੀ। ਡਾ ਕਿਰਨ ਬੈਂਸ ਨੇ 55 ਕਾਨਫਰੰਸਾਂ ਵਿੱਚ ਹਿੱਸਾ ਲਿਆ ਅਤੇ 48 ਮਾਹਿਰ ਭਾਸ਼ਣ ਦਿੱਤੇ।
ਇਹ ਵੀ ਪੜ੍ਹੋ: ਨਿੰਬੂ ਜਾਤੀ ਦੇ ਫਲਾਂ ਬਾਰੇ International Conference, ਵਿਗਿਆਨੀਆਂ ਨੇ ਜਿੱਤੇ ਇਨਾਮ
ਉਹ ਨੈਸਲੇ ਇੰਡੀਆ ਲਿਮਟਿਡ ਦੀ ਫੰਡਿੰਗ ਨਾਲ ਚੱਲ ਰਹੀ ਪੇਂਡੂ ਵਿਦਿਆਰਥਣਾਂ ਲਈ ਪੋਸ਼ਣ ਜਾਗਰੂਕਤਾ ਸਿਖਲਾਈ ਯੋਜਨਾ ਦੇ ਪ੍ਰਮੁੱਖ ਜਾਂਚਕਰਤਾ ਵੀ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਔਰਤਾਂ ਅਤੇ ਬੱਚਿਆਂ ਦੀ ਜ਼ਿੰਕ ਸਥਿਤੀ ਦਾ ਅਧਿਐਨ ਕਰਨ ਲਈ 2011 ਵਿੱਚ ਹਾਰਵੈਸਟਪਲੱਸ, ਵਾਸ਼ਿੰਗਟਨ ਡੀਸੀ ਦੁਆਰਾ ਖੋਜ ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ ਹੈ।
2003 ਵਿੱਚ ਵਰਲਡ ਵੈਜੀਟੇਬਲ ਸੈਂਟਰ, ਤਾਈਵਾਨ ਅਤੇ 2007 ਵਿੱਚ ਮੈਸੀ ਯੂਨੀਵਰਸਿਟੀ, ਨਿਊਜ਼ੀਲੈਂਡ ਵਿਖੇ ਰਿਸਰਚ ਫੈਲੋਸ਼ਿਪ ਨਾਲ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਡਾ. ਬੈਂਸ ਆਈਸੀਏਆਰ ਦੀ ਕਮਿਊਨਿਟੀ ਸਾਇੰਸ ਲਈ ਕਮੇਟੀ ਦੇ ਇੱਕ ਵਿਸ਼ੇਸ਼ ਮੈਂਬਰ ਰਹੇ ਹਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Dean's responsibility assigned to Dr Manjit Singh, Dr Manmohanjit Singh and Dr Kiran Bains