Punjab Farmers: ਦੇਸ਼ ਦੇ ਕਰੋੜਾਂ ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਅਕਸਰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰਦਾ ਨਜ਼ਰ ਆਉਂਦਾ ਹੈ। ਪਰ ਹਰ ਪਾਸਿਓਂ ਧੱਕਾ ਖਾਣ ਦੇ ਬਾਵਜੂਦ ਇਨ੍ਹਾਂ ਕਿਸਾਨਾਂ ਨੂੰ ਆਪਣੀਆਂ ਮੁਸੀਬਤਾਂ ਦਾ ਕੋਈ ਹੱਲ ਨਹੀਂ ਲੱਭਦਾ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਜਾਂ ਤਾਂ ਵਿਰੋਧ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਫਿਰ ਖੁਦਖੁਸ਼ੀ ਦਾ ਆਖਰੀ ਰਾਹ ਚੁਣਨਾ ਪੈਂਦਾ ਹੈ। ਬਾਰ-ਬਾਰ ਅਜਿਹੇ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਹੁਣ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਵੱਡਾ ਫੈਸਲਾ ਲਿਆ ਹੈ।
ਡਿਪਟੀ ਕਮਿਸ਼ਨਰ ਨੇ ਸਹਿਕਾਰੀ ਖੰਡ ਮਿੱਲ ਪਨਿਆੜ ਅਤੇ ਬਟਾਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਹਿਕਾਰੀ ਖੰਡ ਮਿੱਲਾਂ ਨਾਲ ਸਬੰਧਤ ਹਿੱਸੇਦਾਰ ਕਿਸਾਨਾਂ ਦੀਆਂ ਮੁਸ਼ਕਲਾਂ, ਗੰਨੇ ਦੀ ਪਿੜਾਈ, ਪਰਚੀਆਂ ਅਤੇ ਅਦਾਇਗੀਆਂ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਹਰ ਹਫ਼ਤੇ ਦੇ ਸੋਮਵਾਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਮੀਟਿੰਗ ਹਰ ਸੋਮਵਾਰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਮਿੱਲ ਵਿੱਚ ਹੋਵੇਗੀ, ਜਿਸ ਵਿੱਚ ਮਿੱਲ ਅਧਿਕਾਰੀਆਂ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਮੀਟਿੰਗ ਬਟਾਲਾ ਮਿੱਲ ਵਿਖੇ ਹੋਵੇਗੀ ਜਦੋਂਕਿ ਪਨਿਆੜ ਮਿੱਲ ਦੀ ਮੀਟਿੰਗ ਪਨਿਆੜ ਮਿੱਲ ਵਿਖੇ ਹੋਵੇਗੀ।
ਇਹ ਵੀ ਪੜ੍ਹੋ : ਖੇਤੀ ਮਸ਼ੀਨਾਂ 'ਤੇ SUBSIDY ਪ੍ਰਾਪਤ ਕਰਨ ਲਈ ਕਿਸਾਨਾਂ ਕੋਲੋਂ ਬਿਨੈ ਪੱਤਰ ਦੀ ਮੰਗ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਸਹਿਕਾਰੀ ਖੰਡ ਮਿੱਲਾਂ ਨਾਲ ਸਬੰਧਤ ਕੋਈ ਮਸਲੇ ਹਨ ਤਾਂ ਉਹ ਹਰ ਸੋਮਵਾਰ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਬਟਾਲਾ ਅਤੇ ਪਨਿਆੜ ਮਿੱਲਾਂ ਵਿੱਚ ਪਹੁੰਚ ਕੇ ਅਧਿਕਾਰੀਆਂ ਨੂੰ ਮਿਲ ਸਕਦੇ ਹਨ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
Summary in English: Every Monday, farmers' problems will be resolved at sugarcane mills