Neeli Ravi Buffaloes: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) ਵਿਖੇ 04 ਤੋਂ 06 ਅਪ੍ਰੈਲ ਦੌਰਾਨ ਨੀਲੀ ਰਾਵੀ ਮੱਝਾਂ ਦਾ ਪਹਿਲਾ ਦੁੱਧ ਚੁਆਈ ਮੁਕਾਬਲਾ ਆਯੋਜਿਤ ਕੀਤਾ। ਆਓ ਜਾਣਦੇ ਹਾਂ ਇਸ ਮੁਕਾਬਲੇ ਦੌਰਾਨ ਕੀ ਕੁਝ ਰਿਹਾ ਖ਼ਾਸ...
ਇਸ ਮੁਕਾਬਲੇ ਵਿੱਚ ਪ੍ਰਤੀ ਦਿਨ 15 ਕਿਲੋ ਤੋਂ ਵੱਧ ਦੁੱਧ ਉਤਪਾਦਨ ਦੇਣ ਵਾਲੀਆਂ ਮੱਝਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਮੁਕਾਬਲੇ ਦਾ ਮੁੱਖ ਉਦੇਸ਼ ਵੱਧ ਦੁੱਧ ਦੇਣ ਵਾਲੀਆਂ ਨੀਲੀ ਰਾਵੀ ਮੱਝਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੀ ਨਸਲ ਬਿਹਤਰੀ ਵਾਸਤੇ ਕੰਮ ਕਰਨਾ ਸੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ, ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸਨ। ਸ. ਗੁਰਲਾਲ ਸਿੰਘ, ਪਿੰਡ, ਜਮਾਲਪੁਰ (ਤਰਨ ਤਾਰਨ) ਦੀ ਮੱਝ ਨੇ 23.94 ਕਿਲੋ ਦੁੱਧ ਦੇ ਕੇ ਪਹਿਲਾ ਇਨਾਮ ਹਾਸਿਲ ਕੀਤਾ। ਦੂਜਾ ਸਥਾਨ ਪਿੰਡ, ਚੂੜ੍ਹ ਚੱਕ (ਮੋਗਾ) ਦੇ ਕਿਸਾਨ, ਸ. ਬੂਟਾ ਸਿੰਘ ਦੀ ਮੱਝ ਨੇ 21.45 ਕਿਲੋ ਦੁੱਧ ਦੇ ਕੇ ਪ੍ਰਾਪਤ ਕੀਤਾ। ਤੀਜੇ ਸਥਾਨ ’ਤੇ 20.91 ਕਿਲੋ ਦੁੱਧ ਉਤਪਾਦਨ ਨਾਲ ਸ. ਲਖਵੀਰ ਸਿੰਘ, ਪਿੰਡ, ਕੁਹਾੜਾ (ਲੁਧਿਆਣਾ) ਦੀ ਮੱਝ ਰਹੀ।
ਇਹ ਵੀ ਪੜ੍ਹੋ : GADVASU ਵੱਲੋਂ ਪਸ਼ੂ ਪਾਲਕਾਂ ਲਈ 'ਯੋਧਾ' ਮੋਬਾਈਲ ਐਪ ਲਾਂਚ
ਡਾ. ਗਿੱਲ ਨੇ ਕਿਹਾ ਕਿ ਨੀਲੀ ਰਾਵੀ ਨਸਲ ਦੀਆਂ ਉੱਤਮ ਮੱਝਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੀ ਸੰਭਾਲ ਕਰਕੇ ਉਨ੍ਹਾਂ ਦੀ ਨਸਲ ਵਧਾਉਣਾ ਬਹੁਤ ਜ਼ਰੂਰੀ ਹੈ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜੇਤੂ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਵਧੀਆ ਨਸਲ ਦੀਆਂ ਮੱਝਾਂ ਸੰਭਾਲਣ ਲਈ ਪ੍ਰਸੰਸਾ ਕੀਤੀ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਸੇ ਢੰਗ ਨਾਲ ਮੁਰ੍ਹਾ ਮੱਝਾਂ, ਸਾਹੀਵਾਲ ਗਾਂਵਾਂ ਅਤੇ ਬੱਕਰੀਆਂ ਦੇ ਮੁਕਾਬਲੇ ਵੀ ਕਰਵਾਏਗੀ ਤਾਂ ਜੋ ਇਨ੍ਹਾਂ ਪਸ਼ੂਧਨ ਜਾਤੀਆਂ ਨੂੰ ਵੀ ਉਤਸਾਹਿਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ‘Save Life’ ਵਿਸ਼ੇ ’ਤੇ GADVASU ਵਿਖੇ ਸਿਖਲਾਈ ਪ੍ਰੋਗਰਾਮ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਜਿੱਥੇ ਪਸ਼ੂਧਨ ਲਈ ਉੱਨਤ ਸਿਹਤ ਸੇਵਾਵਾਂ ਅਤੇ ਇਲਾਜ ਪ੍ਰਬੰਧ ਮੁਹੱਈਆ ਕਰਦੀ ਹੈ ਉਥੇ ਨਸਲ ਸੁਧਾਰ ਲਈ ਵੀ ਇਸ ਤਰੀਕੇ ਦੇ ਦੁੱਧ ਚੁਆਈ ਮੁਕਾਬਲੇ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਡਾ, ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ, ਪਸ਼ੂਧਨ ਫਾਰਮ ਅਤੇ ਉਨ੍ਹਾਂ ਦੀ ਟੀਮ ਦੀ ਪ੍ਰਸੰਸਾ ਕੀਤੀ ਜਿੰਨ੍ਹਾਂ ਨੇ ਇਹ ਮੁਕਾਬਲਾ ਕਰਵਾਉਣ ਲਈ ਤਨਦੇਹੀ ਨਾਲ ਕਾਰਜ ਕੀਤਾ।
ਇਸ ਮੁਕਾਬਲੇ ਹਿਤ ਮੱਝਾਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਦੁੱਧ ਦੀ ਰਿਕਾਰਡਿੰਗ ਸੰਬੰਧੀ ਉਨ੍ਹਾਂ ਉਚੇਚਾ ਯੋਗਦਾਨ ਪਾਇਆ। ਇਸ ਮੌਕੇ ’ਤੇ ਵਿਭਿੰਨ ਡੀਨ ਸਾਹਿਬਾਨ ਡਾ. ਸਰਵਪ੍ਰੀਤ ਸਿੰਘ ਘੁੰਮਣ, ਡਾ. ਯਸ਼ਪਾਲ ਸਿੰਘ ਮਲਿਕ ਅਤੇ ਡਾ. ਸੰਜੀਵ ਕੁਮਾਰ ਉੱਪਲ ਨੇ ਵੀ ਸਮਾਗਮ ਦੀ ਸੋਭਾ ਵਧਾਈ।
Summary in English: First milking competition of Nili Ravi buffaloes by Veterinary University