1. Home
  2. ਖਬਰਾਂ

ਸਮਾਜਵਾਦੀ ਨੇਤਾ ਮੁਲਾਇਮ ਸਿੰਘ ਯਾਦਵ ਦਾ ਦਿਹਾਂਤ, 82 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਸਮਾਜਵਾਦੀ ਪਾਰਟੀ ਦੇ ਸੰਸਥਾਪਕ ਤੇ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਮੁਲਾਇਮ ਸਿੰਘ ਯਾਦਵ ਦਾ 82 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।

Gurpreet Kaur Virk
Gurpreet Kaur Virk
ਨਹੀਂ ਰਹੇ ਮੁਲਾਇਮ ਸਿੰਘ ਯਾਦਵ

ਨਹੀਂ ਰਹੇ ਮੁਲਾਇਮ ਸਿੰਘ ਯਾਦਵ

Mulayam Singh Yadav Passed Away: ਸਮਾਜਵਾਦੀ ਪਾਰਟੀ ਦੇ ਸੰਸਥਾਪਕ ਤੇ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਮੁਲਾਇਮ ਸਿੰਘ ਯਾਦਵ ਦਾ 82 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੁਲਾਇਮ ਸਿੰਘ ਯਾਦਵ ਨੇ ਆਖਰੀ ਸਾਹ ਲਏ। ਦੱਸ ਦੇਈਏ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਮੁਲਾਇਮ ਸਿੰਘ ਯਾਦਵ (Mulayam Singh Yadav) ਨੂੰ ਯੂਰਿਨ ਇਨਫੈਕਸ਼ਨ ਦੇ ਚੱਲਦਿਆਂ 26 ਸਤੰਬਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਨਾਲ ਹੀ ਉਨ੍ਹਾਂ ਦਾ ਬੇਟਾ ਅਖਿਲੇਸ਼ ਯਾਦਵ, ਭਰਾ ਸ਼ਿਵਪਾਲ ਯਾਦਵ ਅਤੇ ਚਚੇਰਾ ਭਰਾ ਰਾਮ ਗੋਪਾਲ ਯਾਦਵ ਲੰਬੇ ਸਮੇਂ ਤੋਂ ਹਸਪਤਾਲ 'ਚ ਸਨ। ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਾਰਟੀ ਦੇ ਟਵਿੱਟਰ ਹੈਂਡਲ ‘ਤੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਲਿਖਿਆ,”ਮੇਰੇ ਪਿਤਾ ਜੀ ਤੇ ਸਭ ਦੇ ਨੇਤਾ ਜੀ ਨਹੀਂ ਰਹੇ।”

ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ (Draupadi Murmu ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਅਫਸੋਸ ਜਤਾਇਆ ਹੈ।

ਉੱਤਰ ਪ੍ਰਦੇਸ਼ (Uttar Pradesh) ਦੇ ਸੀਐਮ ਯੋਗੀ (CM Yogi) ਨੇ ਵੀ ਮੁਲਾਇਮ ਸਿੰਘ ਯਾਦਵ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪ੍ਰਮਾਤਮਾ ਤੋਂ ਵਿਛੜੀ ਰੂਹ ਦੀ ਸ਼ਾਂਤੀ ਦੀ ਕਾਮਨਾ ਕੀਤੀ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ 'ਤੇ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ (Declaration of official mourning) ਕੀਤਾ ਹੈ। ਮੁਲਾਇਮ ਸਿੰਘ ਦਾ ਅੰਤਿਮ ਸੰਸਕਾਰ (funeral) ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

ਮੁਲਾਇਮ ਸਿੰਘ ਯਾਦਵ ਦਾ ਜੀਵਨ ਸਫਰ

ਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਸਰਗਰਮ ਰਹੇ ਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ ਇਟਾਵਾ ਜ਼ਿਲ੍ਹੇ ਦੇ ਸੈਫ਼ਈ ਵਿੱਚ ਹੋਇਆ ਸੀ। ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿੱਚ ਐਮਏ ਦੀ ਪੜ੍ਹਾਈ ਕੀਤੀ ਅਤੇ 1967 ਵਿੱਚ ਯੂਪੀ ਦੇ ਜਸਵੰਤ ਨਗਰ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਵਿਧਾਨ ਸਭਾ ਵਿੱਚ ਪਹੁੰਚੇ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦਾ ਯੂਪੀ ਦੀ ਰਾਜਨੀਤੀ ਵਿੱਚ ਚੰਗਾ ਦਬਦਬਾ ਹੈ ਅਤੇ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਦੇ 25 ਤੋਂ ਵੱਧ ਲੋਕ ਰਾਜਨੀਤੀ ਵਿੱਚ ਸਰਗਰਮ ਹਨ।

ਮੁਲਾਇਮ ਸਿੰਘ ਯਾਦਵ ਦਾ ਸਿਆਸੀ ਸਫ਼ਰ

ਨੇਤਾਜੀ ਦੇ ਨਾਂ ਨਾਲ ਮਸ਼ਹੂਰ ਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ ਯੂਪੀ ਦੇ ਇਟਾਵਾ ਜ਼ਿਲ੍ਹੇ ਵਿੱਚ ਸਥਿਤ ਸੈਫ਼ਈ ਪਿੰਡ ਵਿੱਚ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਮੁਲਾਇਮ ਸਿੰਘ ਯਾਦਵ ਮੈਨਪੁਰੀ ਵਿੱਚ ਜੈਨ ਇੰਟਰ ਕਾਲਜ ਕਰਹਲ 'ਚ ਅਧਿਆਪਕ ਸਨ।

ਪਰ ਉਸ ਸਮੇਂ ਦੇਸ਼ ਦੀ ਰਾਜਨੀਤੀ ਵਿਚ ਸਮਾਜਵਾਦੀ ਵਿਚਾਰਧਾਰਾ ਦਾ ਹੜ੍ਹ ਆਇਆ ਹੋਇਆ ਸੀ ਅਤੇ ਉਨ੍ਹਾਂ ਨੇ ਇਸ 'ਚ ਸ਼ਾਮਲ ਹੋਣਾ ਠੀਕ ਸਮਝਿਆ ਅਤੇ ਇਸ ਬਾਰੇ ਬੋਲਣਾ ਅਤੇ ਲੋਕਾਂ ਦਾ ਪੱਖ ਰੱਖਣਾ ਸ਼ੁਰੂ ਕਰ ਦਿੱਤਾ। ਇੱਥੋਂ ਹੀ ਉਨ੍ਹਾਂ ਦਾ ਸੰਸਦ ਤੋਂ ਮੁੱਖ ਮੰਤਰੀ ਦੇ ਅਹੁਦੇ ਤੱਕ ਸਿਆਸਤ ਦਾ ਲੰਬਾ ਸਫ਼ਰ ਸ਼ੁਰੂ ਹੋਇਆ।

ਇਹ ਵੀ ਪੜ੍ਹੋ : ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਗੈਸ ਸਿਲੰਡਰ ਲਈ ਨਵਾਂ ਨਿਯਮ ਜਾਰੀ

 ਤਿੰਨ ਵਾਰ ਰਹੇ ਮੁੱਖ ਮੰਤਰੀ

● ਪਹਿਲੀ ਵਾਰ - 1989 - 1991
● ਦੂਜੀ ਵਾਰ - 1993 - 1995
● ਤੀਜੀ ਵਾਰ - 2003 - 2007

ਮੁਲਾਇਮ ਸਿੰਘ ਯਾਦਵ (Mulayam Singh Yadav) ਦਾ ਕੋਈ ਸਿਆਸੀ ਪਿਛੋਕੜ ਨਹੀਂ ਸੀ। ਅਜਿਹੇ 'ਚ ਉਹ 28 ਸਾਲ ਦੀ ਉਮਰ ਵਿੱਚ 1967 ਵਿੱਚ ਜਸਵੰਤ ਨਗਰ ਤੋਂ ਪਹਿਲੀ ਵਾਰ ਵਿਧਾਇਕ ਬਣੇ। 1989 'ਚ ਮੁਲਾਇਮ ਸਿੰਘ ਯਾਦਵ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਜਿਸ ਤੋਂ ਬਾਅਦ ਉਹ 1993 ਤੇ ਫਿਰ 2003 ਵਿੱਚ ਸੂਬੇ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਕੇਂਦਰ ਵਿੱਚ ਦੇਵਗੌੜਾ ਅਤੇ ਗੁਜਰਾਲ ਸਰਕਾਰ ਵਿੱਚ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾਈ। ਨੇਤਾਜੀ ਦੇ ਨਾਂ ਨਾਲ ਮਸ਼ਹੂਰ ਮੁਲਾਇਮ ਸਿੰਘ ਯਾਦਵ 7 ਵਾਰ ਲੋਕ ਸਭਾ ਮੈਂਬਰ ਅਤੇ 9 ਵਾਰ ਵਿਧਾਇਕ ਚੁਣੇ ਗਏ।

Summary in English: Samajwadi leader Mulayam Singh Yadav passed away, breathed his last at the age of 82

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters