1. Home
  2. ਖਬਰਾਂ

PAU ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦਾ ਕਿਸਾਨ ਮੇਲਾ ਵਰਚੁਅਲ ਹੋਇਆ

ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਅੱਜ ਖੇਤਰੀ ਖੋਜ ਕੇਂਦਰ ਬਠਿੰਡਾ ਦਾ ਇੱਕ ਰੋਜ਼ਾ ਵਰਚੁਅਲ ਕਿਸਾਨ ਮੇਲਾ ਸਫ਼ਲਤਾ ਨਾਲ ਸੰਪੂਰਨ ਹੋਇਆ । ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰਾ ਤਿਵਾੜੀ ਸ਼ਾਮਿਲ ਹੋਏ ।

KJ Staff
KJ Staff
PAU

PAU

ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਅੱਜ ਖੇਤਰੀ ਖੋਜ ਕੇਂਦਰ ਬਠਿੰਡਾ ਦਾ ਇੱਕ ਰੋਜ਼ਾ ਵਰਚੁਅਲ ਕਿਸਾਨ ਮੇਲਾ ਸਫ਼ਲਤਾ ਨਾਲ ਸੰਪੂਰਨ ਹੋਇਆ । ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰਾ ਤਿਵਾੜੀ ਸ਼ਾਮਿਲ ਹੋਏ ।

ਸ੍ਰੀ ਰਾਘਵੇਂਦਰਾ ਤਿਵਾੜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿੱਚ ਸ਼ਾਮਿਲ ਹੋਣ ਨੂੰ ਧੰਨਭਾਗ ਕਿਹਾ । ਉਹਨਾਂ ਕਿਹਾ ਰਾਸ਼ਟਰ ਦੇ ਨਿਰਮਾਣ ਵਿੱਚ ਖੇਤੀ ਦੀ ਅਤੇ ਖੇਤੀ ਦੇ ਖੇਤਰ ਵਿੱਚ ਪੀ.ਏ.ਯੂ. ਦੀ ਇਤਿਹਾਸਕ ਭੂਮਿਕਾ ਹੈ । ਹਰੀ ਕ੍ਰਾਂਤੀ ਤੋਂ ਪਹਿਲਾਂ ਦੇਸ਼ ਦਾ ਢਿੱਡ ਭਰਨ ਲਈ ਅਮਰੀਕਾ ਤੋਂ ਕਣਕ ਮੰਗਾਈ ਜਾਂਦੀ ਸੀ ਪਰ ਪੀ.ਏ.ਯੂ. ਅਤੇ ਪੰਜਾਬ ਦੇ ਕਿਸਾਨਾਂ ਦੇਸ਼ ਦੇ ਸਿਰੋਂ ਇਸ ਮਿਹਣੇ ਨੂੰ ਸਦਾ ਲਈ ਧੋ ਕੇ ਅਨਾਜ ਪੱਖੋਂ ਸਵੈ-ਨਿਰਭਰਤਾ ਲਿਆਂਦੀ । ਪਿਛਲੇ ਕੁਝ ਸਾਲਾਂ ਤੋਂ ਕਣਕ ਅਤੇ ਝੋਨਾ ਦੋ ਹੀ ਫਸਲਾਂ ਦਾ ਚੱਕਰ ਅਪਨਾਇਆ ਹੋਇਆ ਹੈ । ਇਸ ਵਿੱਚ ਤਬਦੀਲੀ ਲਿਆਉਣ ਲਈ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ । ਡਾ. ਤਿਵਾੜੀ ਨੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਅਤੇ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਬੀਜਣ ਲਈ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੂੰ ਅਪੀਲ ਕੀਤੀ । ਉਹਨਾਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਬਣਾ ਕੇ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਂਦੀ ਵਸੋਂ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਿੰਡਾਂ ਨੂੰ ਰਵਾਇਤੀ ਤੌਰ ਤੇ ਆਤਮ-ਨਿਰਭਰਤਾ ਵੱਲ ਤੁਰਨਾ ਪਵੇਗਾ ਤਾਂ ਜੋ ਖੇਤੀ ਵਿਭਿੰਨਤਾ ਅਤੇ ਮੁਨਾਫੇ ਦਾ ਇਕਸਾਰ ਫੈਲਾਅ ਹੋ ਸਕੇ । ਉਹਨਾਂ ਕਿਹਾ ਕਿ ਕੁਦਰਤੀ ਨੁਕਸਾਨ ਘੱਟ ਕਰਨ ਲਈ ਸਮਾਜਿਕ ਖੇਤੀ ਅਤੇ ਭਾਈਚਾਰਕ ਸਾਂਝ ਵਿੱਚ ਵਾਧਾ ਹੋਣਾ ਲਾਜ਼ਮੀ ਹੈ । ਉਹਨਾਂ ਨੇ ਅਨਾਜ ਫਸਲਾਂ ਦੇ ਨਾਲ-ਨਾਲ ਤੇਲਬੀਜ ਫਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਨੂੰ ਸਮੇਂ ਦੀ ਲੋੜ ਕਿਹਾ ਅਤੇ ਪੀ.ਏ.ਯੂ. ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ । ਕੋਵਿਡ ਦੇ ਦੌਰ ਵਿੱਚ ਪੋਸ਼ਣ ਅਤੇ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਣ ਲਈ ਖੁਰਾਕ ਦੇ ਸੰਤੁਲਿਤ ਹੋਣ ਵੱਲ ਵੀ ਡਾ. ਤਿਵਾੜੀ ਨੇ ਇਸ਼ਾਰਾ ਕੀਤਾ । ਡਾ. ਤਿਵਾੜੀ ਨੇ ਕਿਹਾ ਕਿ ਇਸ ਖੇਤਰ ਵਿੱਚ ਬਾਗਬਾਨੀ ਨੂੰ ਉਦਯੋਗ ਨਾਲ ਜੋੜਨ ਲਈ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਦੀ ਪਹਿਲਕਦਮੀ ਹੋਣੀ ਚਾਹੀਦੀ ਹੈ ।

ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਬਲਦੇਵ ਸਿੰਘ ਨੌਰਥ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਉਹਨਾਂ ਕਿਹਾ ਕਿ ਪੀ.ਏ.ਯੂ. ਦੀਆਂ ਖੋਜਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੇ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਪੁਰਜ਼ੋਰ ਕੋਸ਼ਿਸ਼ਾਂ ਕਰਦਾ ਹੈ । ਉਹਨਾਂ ਕਿਹਾ ਕਿ ਇਸ ਵਾਰ ਕੁਝ ਮੁਸ਼ਕਿਲਾਂ ਦੇ ਬਾਵਜੂਦ ਫਸਲਾਂ ਦਾ ਰਿਕਾਰਡ ਉਤਪਾਦਨ ਹੋਣ ਦੀ ਆਸ ਹੈ । ਡਾ. ਨੌਰਥ ਨੇ ਆਉਂਦੇ ਹਾੜੀ ਸੀਜ਼ਨ ਲਈ ਕਣਕ ਦੇ ਬੀਜਾਂ ਉੱਪਰ ਸਰਕਾਰੀ ਸਬਸਿਡੀਆਂ ਦਾ ਵੇਰਵਾ ਦਿੱਤਾ ।

ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਖੋਜ ਗਤੀਵਿਧੀਆਂ ਬਾਰੇ ਗੱਲ ਕੀਤੀ। ਉਹਨਾਂ ਦੱਸਿਆ ਕਿ ਖੇਤਰੀ ਖੋਜ ਕੇਂਦਰ ਬਠਿੰਡਾ 1972 ਤੋਂ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ । ਹਾੜੀ ਰੁੱਤ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਦੇ ਨਾਲ-ਨਾਲ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਡਾ. ਬੈਂਸ ਨੇ ਸਾਂਝੀਆਂ ਕੀਤੀਆਂ । ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ-869, ਪੀ.ਬੀ.ਡਬਲਯੂ-824, ਪੀ ਬੀ ਡਬਲਯੂ-803 ਅਤੇ ਬਰਸੀਮ ਦੀ ਨਵੀਂ ਕਿਸਮ ਬੀ ਐੱਲ-44 ਦੇ ਨਾਲ ਜਵੀ ਦੀ ਨਵੀਂ ਕਿਸਮ ਓ ਐੱਲ-15 ਅਤੇ ਚਾਰੇ ਵਾਲੀਆਂ ਕਿਸਮਾਂ ਦਾ ਜ਼ਿਕਰ ਕੀਤਾ । ਇਸ ਤੋਂ ਇਲਾਵਾ ਉਹਨਾਂ ਨੇ ਸਬਜ਼ੀਆਂ ਵਿੱਚ ਗਾਜਰਾਂ ਦੀਆਂ ਨਵੀਆਂ ਕਿਸਮਾਂ ਪੀ ਸੀ ਪੀ-2 ਅਤੇ ਪੀ ਸੀ-22, ਖਰਬੂਜ਼ੇ ਵਿੱਚ ਪੰਜਾਬ ਸਾਰਦਾ ਅਤੇ ਸੁਰੱਖਿਅਤ ਖੇਤੀ ਲਈ ਖੀਰੇ ਦੀ ਨਵੀਂ ਕਿਸਮ ਪੀ ਕੇ ਐੱਚ-11 ਦਾ ਜ਼ਿਕਰ ਕੀਤਾ । ਫੁੱਲਾਂ ਦੀ ਦੋ ਕਿਸਮਾਂ ਅਤੇ ਪੰਜਾਬ ਡੇਕ-1 ਅਤੇ ਪੰਜਾਬ ਡੇਕ-2 ਦਾ ਜ਼ਿਕਰ ਖੇਤੀ ਜੰਗਲਾਤ ਦੇ ਪੱਖ ਤੋਂ ਕੀਤਾ ਗਿਆ । ਖੇਤੀ ਮਸ਼ੀਨਰੀ ਵਿੱਚ ਡਾ. ਬੈਂਸ ਨੇ ਪੀ.ਏ.ਯੂ. ਸਮਾਰਟ ਸੀਡਰ ਦੀ ਸਿਫ਼ਾਰਸ਼ ਸਾਹਮਣੇ ਲਿਆਂਦੀ ਜੋ ਪਰਾਲੀ ਦਾ ਕੁਝ ਹਿੱਸਾ ਜ਼ਮੀਨ ਵਿੱਚ ਵਾਹੁੰਦਾ ਹੈ ਅਤੇ ਬਾਕੀ ਪਰਾਲੀ ਨੂੰ ਮਲਚ ਦੇ ਤੌਰ ਤੇ ਵਿਛਾ ਦਿੰਦਾ ਹੈ । ਉਤਪਾਦਨ ਤਕਨੀਕਾਂ ਵਿੱਚ ਉਹਨਾਂ ਨੇ ਛੋਲਿਆਂ ਦੇ ਦਾਣਿਆਂ ਵਿੱਚ ਜ਼ਿੰਕ ਦਾ ਵਾਧਾ ਆਦਿ ਬਾਰੇ ਸਿਫ਼ਾਰਸ਼ਾਂ ਸਾਹਮਣੇ ਲਿਆਂਦੀਆਂ । ਇਸੇ ਤਰਾਂ ਡਾ. ਬੈਂਸ ਨੇ ਪੌਦ ਸੁਰੱਖਿਆ ਤਕਨੀਕਾਂ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।

ਮੇਲੇ ਦੇ ਆਰੰਭ ਵਿੱਚ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਮੁੱਖ ਮਹਿਮਾਨ, ਮਾਹਿਰਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ । ਉਹਨਾਂ ਨੇ ਵਿਸਥਾਰ ਨਾਲ ਮੇਲਿਆਂ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਭਾਵੇਂ ਕੋਵਿਡ ਕਾਰਨ ਇਹ ਮੇਲੇ ਵਰਚੁਅਲ ਲੱਗ ਰਹੇ ਹਨ ਪਰ ਇਹ ਮੇਲੇ ਹਕੀਕੀ ਮੇਲਿਆਂ ਦਾ ਬਦਲ ਨਹੀਂ । ਉਹਨਾਂ ਕਿਹਾ ਕਿ ਹੁਣ ਤੱਕ 12 ਲੱਖ ਕਿਸਾਨਾਂ ਨੇ ਇਹਨਾਂ ਮੇਲਿਆਂ ਨਾਲ ਜੁੜ ਕੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਉੱਪਰ ਭਰੋਸਾ ਪ੍ਰਗਟਾਇਆ ਹੈ । ਉਹਨਾਂ ਆਸ ਪ੍ਰਗਟਾਈ ਕਿ ਹਾੜੀ ਦੀਆਂ ਫ਼ਸਲਾਂ ਲਈ ਇਹਨਾਂ ਮੇਲਿਆਂ ਤੋਂ ਅਗਵਾਈ ਲੈ ਕੇ ਕਿਸਾਨ ਆਪਣੀ ਖੇਤੀ ਨੂੰ ਅਗਾਂਹਵਧੂ ਦਿਸ਼ਾ ਵੱਲ ਤੋਰਨਗੇ । ਅੰਤ ਵਿੱਚ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

ਸਮੁੱਚੇ ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ । ਉਹਨਾਂ ਨੇ ਮੁੱਖ ਮਹਿਮਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਪ੍ਰੋ. ਤਿਵਾੜੀ ਦੇ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਨੂੰ ਸ਼ੁਭ ਕਦਮ ਕਿਹਾ ।

ਇਸ ਮੇਲੇ ਵਿੱਚ ਕਿਸਾਨਾਂ ਲਈ ਦੋ ਆਨਲਾਈਨ ਵਿਚਾਰ-ਵਟਾਂਦਰਾਂ ਸ਼ੈਸਨਾਂ ਦਾ ਪ੍ਰਬੰਧ ਕੀਤਾ ਗਿਆ ਸੀ । ਇਹਨਾਂ ਵਿੱਚੋਂ ਪਹਿਲੇ ਸੈਸ਼ਨ ਵਿੱਚ ਕੁਦਰਤੀ ਸਰੋਤ ਪਬ੍ਰੰਧਨ ਅਤੇ ਨਰਮੇ ਵਿੱਚ ਸੰਯੁਕਤ ਤਰੀਕਿਆਂ ਰਾਹੀਂ ਕੀੜਿਆਂ ਦੀ ਰੋਕਥਾਮ ਅਤੇ ਦੂਜੇ ਸੈਸ਼ਨ ਵਿੱਚ ਬਾਗਬਾਨੀ ਫਸਲਾਂ ਅਤੇ ਭੋਜਨ ਪ੍ਰੋਸੈਸਿੰਗ ਬਾਰੇ ਗੱਲਬਾਤ ਕੀਤੀ ਗਈ । ਹਾੜੀ ਦੀਆਂ ਫਸਲਾਂ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ ।

ਇਹ ਵੀ ਪੜ੍ਹੋ :  Punjab Cm ਦਾ ਵੱਡਾ ਐਲਾਨ - 2 ਕਿਲੋਵਾਟ ਵਾਲੇ ਲੋਕਾਂ ਦੇ ਬਿਜਲੀ ਦੇ ਬਿੱਲ ਕੀਤੇ ਜਾਣਗੇ ਮੁਆਫ

Summary in English: The Kisan Mela of PAU Regional Research Center Bathinda became virtual

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters