1. Home
  2. ਖਬਰਾਂ

ਲੋਕਾਂ ਨੂੰ ਮਿਲੀ ਰਾਹਤ, ਇਸ ਵਾਰ ਦੀਵਾਲੀ ਮੌਕੇ ਪ੍ਰਦੂਸ਼ਣ ਪਿਛਲੇ ਸਾਲ ਨਾਲੋਂ ਘਟਿਆ: ਮੀਤ ਹੇਅਰ

ਪੰਜਾਬ ਵਿੱਚ ਦੀਵਾਲੀ ਮੌਕੇ ਹੋਣ ਵਾਲਾ ਪ੍ਰਦੂਸ਼ਣ ਪਿਛਲੇ ਸਾਲ ਮੁਕਾਬਲੇ ਇਸ ਵਾਰ ਘਟਿਆ ਹੈ, ਇਹ ਦਾਅਵਾ ਕੀਤਾ ਹੈ ਪੰਜਾਬ ਦੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ।

Gurpreet Kaur Virk
Gurpreet Kaur Virk
ਲੋਕਾਂ ਨੂੰ ਮਿਲੀ ਰਾਹਤ

ਲੋਕਾਂ ਨੂੰ ਮਿਲੀ ਰਾਹਤ

ਪੰਜਾਬ ਵਿੱਚ ਦੀਵਾਲੀ ਮੌਕੇ ਹੋਣ ਵਾਲਾ ਪ੍ਰਦੂਸ਼ਣ ਪਿਛਲੇ ਸਾਲ ਮੁਕਾਬਲੇ ਇਸ ਵਾਰ ਘਟਿਆ ਹੈ, ਇਹ ਦਾਅਵਾ ਕੀਤਾ ਹੈ ਪੰਜਾਬ ਦੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ। ਵਾਤਾਵਰਨ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਇਸ ਸਾਲ ਦੋ ਸ਼ਹਿਰਾਂ ਦਾ ਏਕਿਊਆਈ ਮੱਧਮ ਸ਼੍ਰੇਣੀ ਵਿੱਚ ਰਿਹਾ। ਜਦੋਂਕਿ, ਪਿਛਲੇ ਸਾਲ ਅਤੇ 2020 ਵਿੱਚ ਕਿਸੇ ਵੀ ਸ਼ਹਿਰ ਦਾ ਏਕਿਊਆਈ ਅਜਿਹਾ ਨਹੀਂ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਪੀਲਾਂ ਸਦਕਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਕੋਸ਼ਿਸ਼ਾਂ ਕਰਕੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਦੀਵਾਲੀ ਮੌਕੇ ਪ੍ਰਦੂਸ਼ਣ ਘਟਿਆ ਹੈ। ਇਹ ਪੰਜਾਬ ਦੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਦੀਵਾਲੀ ਦੇ ਤਿਉਹਾਰ ਮੌਕੇ ਹਵਾ ਦੀ ਗੁਣਵੱਤਾ ਵਿੱਚ ਕਾਫੀ ਸੁਧਾਰ ਹੋਇਆ ਹੈ, ਜਿਸਦੇ ਚਲਦਿਆਂ ਪੰਜਾਬ ਵਿੱਚ ਔਸਤ ਏਅਰ ਕੁਆਲਿਟੀ ਇੰਡੈਕਸ (AQI) ਵਿੱਚ ਪਿਛਲੇ ਸਾਲ ਦੇ ਮੁਕਾਬਲੇ 16.4 ਫੀਸਦੀ ਅਤੇ 2020 ਦੇ ਮੁਕਾਬਲੇ 31.7 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।

ਵਾਤਾਵਰਨ ਮੰਤਰੀ ਮੀਤ ਹੇਅਰ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੇ ਗਰੀਨ ਪਟਾਕਿਆਂ ਦੀ ਵਰਤੋਂ ਬਾਰੇ ਜਾਰੀ ਸਲਾਹ ਦੀ ਪਾਲਣਾ ਕੀਤੀ ਹੈ। ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ਼ ਪਾਲ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ।

ਵਾਤਾਵਰਣ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਕੋਈ ਵੀ ਸ਼ਹਿਰ ਏਕਿਊਆਈ (AQI) ਦੀ ਮੱਧਮ ਸ਼੍ਰੇਣੀ ਵਿੱਚ ਨਹੀਂ ਰਿਹਾ। ਜਦੋਂਕਿ, ਇਸ ਸਾਲ ਸੂਬੇ ਦੇ 2 ਸ਼ਹਿਰ (ਖੰਨਾ ਅਤੇ ਮੰਡੀ ਗੋਬਿੰਦਗੜ੍ਹ) ਏਕਿਊਆਈ (AQI) ਦੀ ਮੱਧਮ ਸ਼੍ਰੇਣੀ ਵਿੱਚ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚੇ ਤੌਰ 'ਤੇ ਦੇਖਿਆ ਜਾਵੇ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਪਿਛਲੇ ਦੋ ਸਾਲਾਂ ਦੀ ਦੀਵਾਲੀ ਮੌਕੇ ਇਸ ਸਾਲ ਦੀਵਾਲੀ ਦੌਰਾਨ AQI ਵਿੱਚ ਕਾਫੀ ਕਮੀ ਆਈ ਹੈ।

ਜੇਕਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ 'ਚ ਸਭ ਤੋਂ ਜ਼ਿਆਦਾ ਹਵਾ ਅੰਮ੍ਰਿਤਸਰ ਦੀ ਖ਼ਰਾਬ ਰਹੀ ਹੈ, ਜਿਸ ਦਾ ਏਕਿਊਆਈ (AQI) 262 ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਵੱਧ ਤੋਂ ਵੱਧ ਏਕਿਊਆਈ 327 ਜਲੰਧਰ ਵਿੱਚ ਦਰਜ ਕੀਤਾ ਗਿਆ ਸੀ। ਜਦੋਂਕਿ, ਇਸ ਵਰ੍ਹੇ ਘੱਟੋ-ਘੱਟ ਏਕਿਊਆਈ (AQI) ਮੰਡੀ ਗੋਬਿੰਦਗੜ੍ਹ ਵਿੱਚ 188 ਦਰਜ ਕੀਤਾ ਗਿਆ, ਜੋ ਪਿਛਲੇ ਸਾਲ 220 (ਖ਼ਰਾਬ) ਦਰਜ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਪਿਛਲੇ ਸਾਲ ਅੰਮ੍ਰਿਤਸਰ ਤੇ ਜਲੰਧਰ ਦਾ ਏਕਿਊਆਈ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਰਿਹਾ। ਇਸ ਸਾਲ ਏਕਿਊਆਈ (AQI) 'ਚ ਸਭ ਤੋਂ ਵੱਧ ਕਮੀ ਜਲੰਧਰ (31.2 ਫ਼ੀਸਦੀ) ਅਤੇ ਸਭ ਤੋਂ ਘੱਟ ਕਮੀ ਪਟਿਆਲਾ (7.0 ਫ਼ੀਸਦੀ) ਵਿੱਚ ਦੇਖੀ ਗਈ।

ਇਹ ਵੀ ਪੜ੍ਹੋ : ਵਿਸ਼ਵ ਦੀ ਪ੍ਰਮੁੱਖ ਖੇਤੀ ਵਿਗਿਆਨ ਕੰਪਨੀ ਐਫਐਮਸੀ ਇੰਡੀਆ ਨੇ ਪੇਸ਼ ਕੀਤੇ ਕਿਸਾਨਾਂ ਲਈ 3 ਨਵੇਂ ਉਤਪਾਦ

ਦੱਸ ਦੇਈਏ ਕਿ ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਹੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਸਿਖ਼ਰਾਂ 'ਤੇ ਹੁੰਦਾ ਹੈ। ਨਵੀਂ ਸਰਕਾਰ ਨਿਰੋਲ ਰੂਪ ਵਿਚ 'ਗਰੀਨ ਦੀਵਾਲੀ' ਦਾ ਟੀਚਾ ਤਾਂ ਪੂਰਾ ਨਹੀਂ ਕਰ ਸਕੀ, ਪਰ ਪਿਛਲੇ ਵਰ੍ਹੇ ਮੁਕਾਬਲੇ ਸਥਿਤੀ ਸੁਧਾਰਨ ਵਿਚ ਸਫਲ ਹੋਈ ਹੈ। ਪੰਜਾਬ ਦੇ ਵੱਡੇ 6 ਸ਼ਹਿਰਾਂ ਵਿੱਚ ਪਿਛਲੇ ਦੋ ਸਾਲਾਂ ਮੁਕਾਬਲੇ ਏਕਿਊਆਈ (AQI) ਵਿੱਚ ਕਾਫ਼ੀ ਕਮੀ ਦਰਜ ਕੀਤੀ ਗਈ ਹੈ।

ਪੰਜਾਬ ਵਿੱਚ ਦੀਵਾਲੀ ਮੌਕੇ ਹੋਣ ਵਾਲਾ ਪ੍ਰਦੂਸ਼ਣ ਪਿਛਲੇ ਸਾਲਾਂ ਮੁਕਾਬਲੇ ਇਸ ਵਾਰ ਘਟਿਆ ਹੈ ਪਰ 'ਗਰੀਨ ਦੀਵਾਲੀ' ਦੇ ਸੱਦੇ ਦੇ ਬਾਵਜੂਦ ਸੂਬੇ ਦੀ ਆਬੋ ਹਵਾ 'ਖ਼ਰਾਬ' ਸ਼੍ਰੇਣੀ 'ਚ ਰਹੀ ਹੈ। ਹਾਲਾਂਕਿ, ਬੀਤੇ ਦੋ ਸਾਲਾਂ 'ਚ ਦੀਵਾਲੀ ਮੌਕੇ ਸੂਬੇ ਦੀ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਸ਼੍ਰੇਣੀ 'ਚ ਰਹੀ ਸੀ। ਪੰਜਾਬ ਦੇ ਵੱਡੇ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ 'ਰੈੱਡ ਜ਼ੋਨ' ਤੋਂ ਵੀ ਉੱਪਰ ਹੀ ਰਿਹਾ। ਉਂਜ ਸਮੁੱਚਾ ਪੰਜਾਬ ਰੈੱਡ ਤੋਂ ਉੱਪਰ 'ਜਾਮਨੀ' ਜ਼ੋਨ 'ਚ ਹੀ ਰਿਹਾ ਹੈ।

Summary in English: The people got relief, this time the pollution on the occasion of Diwali decreased compared to last year

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters