Hybrid Varieties: ਪੀਏਯੂ ਨੇ ਟਮਾਟਰ ਦੀਆਂ ਦੋ ਹਾਈਬ੍ਰਿਡ ਕਿਸਮਾਂ ਟੀਐੱਚ-1 ਅਤੇ ਪੀਟੀਐੱਚ-2 ਦੇ ਵਪਾਰੀਕਰਨ ਲਈ ਮੱਧ ਪ੍ਰਦੇਸ਼ ਸਥਿਤ ਕੰਪਨੀ ਖਜੁਰਾਹੋ ਸੀਡਜ਼ ਪ੍ਰਾਈਵੇਟ ਲਿਮਿਟਡ, ਭੋਪਾਲ ਨਾਲ ਇੱਕ ਸਮਝੌਤਾ ਕੀਤਾ ਹੈ। ਡਾ. ਅਜਮੇਰ ਸਿੰਘ ਢੱਟ, ਡਾਇਰੈਕਟਰ ਖੋਜ, ਪੀਏਯੂ ਅਤੇ ਸਬੰਧਤ ਫਰਮ ਦੇ ਸ੍ਰੀ ਨੀਕੇ ਨਵੀਨ ਸਾਹੂ ਨੇ ਸਮਝੌਤੇ ਦੀਆਂ ਸ਼ਰਤਾਂ 'ਤੇ ਹਸਤਾਖਰ ਕੀਤੇ।
ਐਡੀਸ਼ਨਲ ਡਾਇਰੈਕਟਰ ਰਿਸਰਚ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਐਸੋਸੀਏਟ ਡਾਇਰੈਕਟਰ ਟੈਕਨਾਲੋਜੀ ਮਾਰਕੀਟਿੰਗ ਸੈੱਲ ਡਾ. ਖੁਸ਼ਦੀਪ ਧਰਨੀ ਨੇ ਇਸ ਸਮਝੌਤੇ ਲਈ ਵੈਜੀਟੇਬਲ ਸਾਇੰਸ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਅਤੇ ਵੈਜੀਟੇਬਲ ਬਰੀਡਰ ਡਾ. ਐਸ.ਕੇ. ਜਿੰਦਲ ਨੂੰ ਵਧਾਈ ਦਿੱਤੀ। ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਪੀਏਯੂ ਦੀਆਂ ਸਬਜ਼ੀਆਂ ਦੀਆਂ ਕਿਸਮਾਂ ਅਤੇ ਹਾਈਬ੍ਰਿਡਾਂ ਦੀ ਭਾਰੀ ਮੰਗ ਹੈ। ਇਹ ਮੰਗ ਜਨਤਕ ਅਤੇ ਨਿੱਜੀ ਦੋਵਾਂ ਖੇਤਰਾਂ ਵਿੱਚ ਪਾਈ ਜਾਂਦੀ ਹੈ।
ਡਾ. ਤਰਸੇਮ ਸਿੰਘ ਢਿੱਲੋਂ ਨੇ ਇਹ ਵੀ ਦੱਸਿਆ ਕਿ ਪੀਏਯੂ ਵੱਲੋਂ ਹੁਣ ਤੱਕ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਲਈ ਕੀਤੇ ਗਏ ਸਮਝੌਤੇ ਸਾਂਝੇਦਾਰੀ ਲਈ ਵਿਸ਼ੇਸ਼ ਤੌਰ 'ਤੇ ਲਾਹੇਵੰਦ ਸਾਬਤ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਅਤੇ ਹਾਈਬ੍ਰਿਡਾਂ ਲਈ ਕੰਪਨੀਆਂ, ਫਰਮਾਂ ਅਤੇ ਅਗਾਂਹਵਧੂ ਕਿਸਾਨਾਂ ਨਾਲ 57 ਸਮਝੌਤੇ ਸਹੀਬੰਦ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਡਾ. ਜਿੰਦਲ ਨੇ ਦੱਸਿਆ ਕਿ ਟੀਐਚ-1 ਟਮਾਟਰ ਦੀ ਵੱਧ ਝਾੜ ਦੇਣ ਵਾਲੀ ਹਾਈਬ੍ਰਿਡ ਕਿਸਮ ਹੈ। ਇਸ ਦਾ ਝਾੜ ਲਗਭਗ 245 ਕੁਇੰਟਲ ਪ੍ਰਤੀ ਏਕੜ ਆਉਂਦਾ ਹੈ। ਇਸ ਕਿਸਮ ਦੇ ਫਲ ਗੂੜ੍ਹੇ ਲਾਲ, ਗੋਲ ਹੁੰਦੇ ਹਨ ਅਤੇ ਔਸਤਨ ਭਾਰ 70-75 ਗ੍ਰਾਮ ਹੁੰਦਾ ਹੈ। ਲੰਬੀ ਸ਼ੈਲਫ ਲਾਈਫ ਕਾਰਨ ਇਸ ਕਿਸਮ ਦੀ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਆਸਾਨ ਹੈ।
ਇਹ ਵੀ ਪੜ੍ਹੋ : ਸ਼ਲਗਮ ਦੀ ਫ਼ਸਲ 40 ਤੋਂ 60 ਦਿਨਾਂ 'ਚ ਤਿਆਰ, ਕਿਸਾਨਾਂ ਨੂੰ ਮੋਟਾ ਮੁਨਾਫਾ
ਉਨ੍ਹਾਂ ਦੱਸਿਆ ਕਿ ਪੀ.ਟੀ.ਐਚ.-2 ਦਾ ਔਸਤਨ ਝਾੜ 270 ਕੁਇੰਟਲ ਪ੍ਰਤੀ ਏਕੜ ਆਉਂਦਾ ਹੈ। ਇਹ ਕਿਸਮ ਝੁਲਸ ਅਤੇ ਜੜ੍ਹਾਂ ਦੀਆਂ ਗੰਢਾਂ ਦੀ ਬਿਮਾਰੀ ਪ੍ਰਤੀ ਰੋਧਕ ਹੈ। ਇਸ ਕਿਸਮ ਦੇ ਫਲ ਗੋਲ, ਗੂੜ੍ਹੇ ਲਾਲ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਔਸਤ ਭਾਰ 75-80 ਗ੍ਰਾਮ ਹੁੰਦਾ ਹੈ। ਇਸ ਕਿਸਮ ਵਿੱਚ ਟੀ ਐੱਸ ਐੱਸ ਦੀ ਮਾਤਰਾ 4.2 ਪ੍ਰਤੀਸ਼ਤ ਅਤੇ ਲਾਈਕੋਪੀਨ ਦੀ ਮਾਤਰਾ 4.7 ਪ੍ਰਤੀਸ਼ਤ ਤੱਕ ਪਾਈ ਜਾਂਦੀ ਹੈ। ਇਹ ਕਿਸਮ ਪ੍ਰੋਸੈਸਿੰਗ ਲਈ ਵੀ ਢੁਕਵੀਂ ਹੈ। ਡਾ. ਖੁਸ਼ਦੀਪ ਧਾਰਨੀ ਨੇ ਦੱਸਿਆ ਕਿ ਪੀ.ਏ.ਯੂ. ਵੱਖ-ਵੱਖ ਤਕਨੀਕਾਂ ਦੇ ਵਿਸਥਾਰ ਲਈ ਹੁਣ ਤੱਕ 330 ਸਮਝੌਤਿਆਂ 'ਤੇ ਦਸਤਖਤ ਕੀਤੇ ਜਾ ਚੁੱਕੇ ਹਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Tomato Hybrid Varieties TH-1 and PTH-2 yield 270 quintals per acre