ਪੀਏਯੂ ਵਿਚ ਬੀਤੇ ਦਿਨਾਂ ਤੋਂ ਜਾਰੀ ਯੁਵਕ ਮੇਲਾ ਅੱਜ ਅਭੁੱਲ ਯਾਦਾਂ ਸਿਰਜਦਾ ਆਪਣੇ ਸਿਖ਼ਰ ਤੇ ਪੁੱਜ ਗਿਆ। ਅੱਜ ਇਸ ਮੇਲੇ ਦੇ ਆਖਰੀ ਦਿਨ ਕਲਾਤਮਕ ਤੇ ਲੋਕ ਨਾਚਾਂ ਦਾ ਭਰਪੂਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਗਿੱਧੇ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਪੂਰੇ ਕੈਂਪਸ ਨੂੰ ਲੋਕ ਰੰਗ ਵਿਚ ਰੰਗ ਦਿੱਤਾ। ਅੱਜ ਦੇ ਇਸ ਦਿਨ ਦੇ ਮੁੱਖ ਮਹਿਮਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ ਮਨਦੀਪ ਸਿੰਘ ਸਿੱਧੂ ਸਨ। ਉਨ੍ਹਾਂ ਨਾਲ ਮੈਡਮ ਧਨਪ੍ਰੀਤ ਕੌਰ ਆਈ ਪੀ ਐਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਰਹੇ।
ਸ ਮਨਦੀਪ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਪੀਏਯੂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਰੰਗ ਅਤੇ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਦੇਸ਼ ਲਈ ਭਰਪੂਰ ਅਨਾਜ ਹੀ ਪੈਦਾ ਨਹੀਂ ਕੀਤਾ ਬਲਕਿ ਪੰਜਾਬ ਨੂੰ ਬੜੇ ਉੱਚੇ ਕੱਦ ਦੇ ਕਲਾਕਾਰ ਵੀ ਦਿੱਤੇ ਹਨ। ਸ ਸਿੱਧੂ ਨੇ ਅਜੋਕੇ ਦੌਰ ਵਿਚ ਵਿਦਿਆਰਥੀਆਂ ਵਿਚ ਕਲਾਤਮਕ ਅਤੇ ਅਕਾਦਮਿਕ ਰੁਚੀਆਂ ਦਾ ਸੁਮੇਲ ਹੋਣ ਨੂੰ ਜ਼ਰੂਰੀ ਕਿਹਾ।
ਉਨ੍ਹਾਂ ਅਨੁਸਾਰ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਉਸਦਾ ਇਨ੍ਹਾਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਲਾਜ਼ਮੀ ਹੈ। ਸ ਸਿੱਧੂ ਨੇ ਕਿਹਾ ਕਿ ਜਿੱਤ ਹਾਰ ਦੀ ਭਾਵਨਾ ਵੀ ਸ਼ਖ਼ਸੀ ਵਿਕਾਸ ਨੂੰ ਹੁਲਾਰਾ ਦੇਣ ਤਕ ਰਹਿਣੀ ਚਾਹੀਦੀ ਹੈ ਨਾ ਕਿ ਇਸਨੂੰ ਨਿੱਜੀ ਹਉਂਮੈਂ ਦਾ ਕੋਈ ਮਸਲਾ ਬਣਾਇਆ ਜਾਵੇ। ਉਨ੍ਹਾਂ ਤਸੱਲੀ ਪ੍ਰਗਟ ਕੀਤੀ ਕਿ ਅੱਜ ਦੇ ਵਿਦਿਆਰਥੀ ਆਪਣੇ ਵਿਰਸੇ ਬਾਰੇ ਜਾਗਰੂਕ ਹਨ।
ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਰਸੇ ਤੇ ਵਾਤਾਵਰਨ ਦੀ ਸੰਭਾਲ ਅੱਜ ਦੇ ਸਭ ਤੋਂ ਉਭਰਵੇਂ ਮੁੱਦੇ ਹਨ। ਡਾ ਗੋਸਲ ਨੇ ਲੋਕ ਕਲਾਵਾਂ ਨਾਲ ਜੁੜਨ ਵਾਲੇ ਕਲਾਕਾਰਾਂ ਨੂੰ ਕਿਸੇ ਕੌਮ ਦਾ ਅਨਮੋਲ ਸਰਮਾਇਆ ਕਿਹਾ ਤੇ ਆਸ ਪ੍ਰਗਟ ਕੀਤੀ ਕਿ ਪੀ ਏ ਯੂ ਦੇ ਵਿਦਿਆਰਥੀ ਇਸ ਖੇਤਰ ਵਿਚ ਪ੍ਰਾਪਤੀਆਂ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿਸ ਅਨੁਸ਼ਾਸਨ ਨਾਲ ਇਹ ਮੇਲਾ ਨੇਪਰੇ ਚੜ੍ਹਿਆ ਹੈ ਉਸ ਲਈ ਭਾਗ ਲੈਣ ਵਾਲਿਆਂ ਅਤੇ ਦਰਸ਼ਕਾਂ ਦੀ ਤਾਰੀਫ਼ ਕੀਤੀ ਜਾਣੀ ਬਣਦੀ ਹੈ।
ਇਹ ਵੀ ਪੜ੍ਹੋ: Dr. Manjit Singh, Dr. Manmohanjit Singh ਅਤੇ Dr. Kiran Bains ਨੂੰ ਸੌਂਪੀ ਡੀਨ ਦੀ ਜ਼ਿੰਮੇਵਾਰੀ
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਨੂੰ ਵਿਚ ਧੰਨਵਾਦ ਕਰਦਿਆਂ ਇਸ ਯੁਵਕ ਮੇਲੇ ਦੀ ਸਫ਼ਲਤਾ ਲਈ ਨਾਲ ਜੁੜੇ ਸਾਰੇ ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਦੇ ਨਾਲ ਮਹਿਮਾਨਾਂ ਅਤੇ ਜੱਜਮੈਂਟ ਨਾਲ ਜੁੜੇ ਮਾਹਿਰਾਂ ਦਾ ਧਨਵਾਦ ਕੀਤਾ।
ਅੱਜ ਦੇ ਸਮਾਗਮਾਂ ਵਿੱਚ ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਅਮਨਪ੍ਰੀਤ ਸਿੰਘ ਬਰਾੜ, ਸਾਬਕਾ ਪੁਲਿਸ ਅਧਿਕਾਰੀ ਸ ਗੁਰਪ੍ਰੀਤ ਸਿੰਘ ਤੂਰ, ਉੱਘੇ ਅਦਾਕਾਰ ਮਲਕੀਤ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ ਆਦਿ ਹਸਤੀਆਂ ਦੇ ਨਾਲ ਪੀ ਏ ਯੂ ਦੇ ਉੱਚ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ ਅਤੇ ਗੈਰ ਅਧਿਆਪਨ ਅਮਲੇ ਦੇ ਲੋਕ ਭਾਰੀ ਗਿਣਤੀ ਵਿੱਚ ਮੌਜੂਦ ਰਹੇ।
ਕੱਲ੍ਹ ਹੋਏ ਮੁਕਾਬਲਿਆਂ ਦੇ ਨਤੀਜਿਆਂ ਵਿਚ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਦੀ ਕੰਗਨਾ ਅਤੇ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵੰਸ਼ ਸ਼ਰਮਾ ਨੂੰ ਕ੍ਰਮਵਾਰ ਸਰਵੋਤਮ ਅਦਾਕਾਰਾ ਅਤੇ ਸਰਵੋਤਮ ਅਦਾਕਾਰ ਚੁਣਿਆ ਗਿਆ।
ਇਹ ਵੀ ਪੜ੍ਹੋ: Punjab ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ Training Camp
ਖੇਤੀ ਇੰਜਨੀਅਰਿੰਗ ਕਾਲਜ ਦੇ ਅਰਸ਼ਦੀਪ ਅਤੇ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਰਿਉਮਨੀ ਨੂੰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਵਿੱਚ ਸਰਵੋਤਮ ਡਾਂਸਰ ਐਲਾਨਿਆ ਗਿਆ। ਖੇਤੀਬਾੜੀ ਕਾਲਜ ਦੀ ਵਿਦਿਆਰਥੀ ਗਾਇਤਰੀ ਗੁਪਤਾ, ਬਾਗਬਾਨੀ ਕਾਲਜ ਦੀ ਮੀਨਾਕਸ਼ੀ ਅਤੇ ਬੇਸਿਕ ਸਾਈਂਸਿਜ਼ ਕਾਲਜ ਦੇ ਗੁਰਵਿੰਦਰ ਸਿੰਘ ਮੋਨੋ ਐਕਟਿੰਗ ਵਿੱਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।
ਸਮੂਹ ਲੋਕ ਨਾਚਾਂ ਵਿੱਚ ਖੇਤੀਬਾੜੀ ਕਾਲਜ, ਕਮਿਊਨਟੀ ਸਾਇੰਸ ਕਾਲਜ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਸਿਖਰਲੇ ਤਿੰਨ ਸਥਾਨ ਹਾਸਲ ਕੀਤੇ। ਮਾਈਮ ਵਿੱਚ, ਬਾਗਬਾਨੀ ਅਤੇ ਜੰਗਲਾਤ ਕਾਲਜ ਨੇ ਪਹਿਲਾ ਇਨਾਮ ਜਿੱਤਿਆ, ਜਦੋਂ ਕਿ ਖੇਤੀਬਾੜੀ ਕਾਲਜ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਇਨਾਮ ਜਿੱਤਿਆ।
ਇੱਕ ਝਾਕੀ ਨਾਟਕ ਵਿੱਚ ਪਹਿਲੇ ਤਿੰਨ ਸਥਾਨ ਖੇਤੀਬਾੜੀ ਕਾਲਜ, ਖੇਤੀ ਇੰਜਨੀਅਰਿੰਗ ਕਾਲਜ ਅਤੇ ਬੇਸਿਕ ਸਾਇੰਸ ਕਾਲਜ ਨੇ ਕ੍ਰਮਵਾਰ ਹਾਸਲ ਕੀਤੇ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Youth fair of PAU was successful with cultural colours