Beekeeping Business: ਦੇਸ਼ ਦੇ ਕਈ ਸੂਬਿਆਂ ਵਿੱਚ ਖੇਤੀਬਾੜੀ ਦੇ ਨਾਲ-ਨਾਲ ਕਿਸਾਨਾਂ ਦਾ ਰੁਝਾਨ ਪਸ਼ੂ ਪਾਲਣ ਦੇ ਧੰਦੇ ਵੱਲ ਵੀ ਵੱਧ ਰਿਹਾ ਹੈ। ਪਸ਼ੂ ਪਾਲਣ ਦਾ ਧੰਦਾ ਕਰਨ ਵਾਲੇ ਕਿਸਾਨ ਮਧੂ ਮੱਖੀ ਪਾਲਣ ਦੇ ਧੰਦੇ ਤੋਂ ਵਧੀਆ ਮੁਨਾਫਾ ਕਮਾ ਰਹੇ ਹਨ। ਦੂਜੇ ਪਾਸੇ ਸਰਕਾਰ ਵੱਲੋਂ ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਈ ਸਕੀਮਾਂ ਚਲਾਈਆਂ ਗਈਆਂ ਹਨ, ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋ ਸਕੇ।
ਇਹ ਗੱਲ ਤਾਂ ਸਭ ਚੰਗੀ ਤਰ੍ਹਾਂ ਜਾਣਦੇ ਨੇ ਕਿ ਸ਼ਹਿਦ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਤੇ ਬਾਜ਼ਾਰ ਵਿੱਚ ਇਸ ਦੀ ਚੰਗੀ ਮੰਗ ਦੇ ਨਾਲ-ਨਾਲ ਚੰਗੀ ਕੀਮਤ ਵੀ ਵਸੂਲੀ ਜਾਂਦੀ ਹੈ, ਅਜਿਹੇ 'ਚ ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣ ਜਾ ਰਹੇ ਹਾਂ ਕਿ ਉਹ ਮਧੂ ਮੱਖੀ ਪਾਲਣ ਨਾਲ ਕਿਵੇਂ ਵਧੀਆ ਕਮਾਈ ਕਰ ਸਕਦੇ ਹਨ, ਇਸਦੇ ਨਾਲ ਹੀ ਅਸੀਂ ਇਹ ਜਾਣਕਾਰੀ ਵੀ ਸਾਂਝੀ ਕਰਾਂਗੇ ਕਿ ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਕਿੱਥੋਂ ਲੈਣੀ ਹੈ ਅਤੇ ਇਸ ਤੋਂ ਕਿੰਨਾ ਮੁਨਾਫਾ ਕਮਾਇਆ ਜਾ ਸਕਦਾ ਹੈ।
ਮਧੂ ਮੱਖੀ ਪਾਲਣ ਦੀ ਸਿਖਲਾਈ
ਸਾਡੇ ਕਿਸਾਨ ਭਰਾ ਜੋ ਪੰਜਾਬ ਦੇ ਵਸਨੀਕ ਹਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਮਧੂ ਮੱਖੀ ਪਾਲਣ ਦੀ ਸਿਖਲਾਈ ਲੈ ਸਕਦੇ ਹਨ। ਜੇਕਰ ਕੋਈ ਲੁਧਿਆਣੇ ਆਉਣ ਤੋਂ ਅਸਮਰੱਥ ਹੈ ਤਾਂ ਉਹ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਸ ਕੋਰਸ ਦੀ ਸਿਖਲਾਈ ਲੈ ਸਕਦਾ ਹੈ ਅਤੇ ਆਪਣਾ ਕਾਰੋਬਾਰ ਸਥਾਪਤ ਕਰ ਸਕਦਾ ਹੈ।
ਮਧੂ ਮੱਖੀ ਪਾਲਣ ਲਈ ਲੋੜੀਂਦਾ ਸਾਮਾਨ
ਮਧੂ ਮੱਖੀ ਪਾਲਣ ਦੀ ਸਿਖਲਾਈ ਲੈਣ ਲਈ ਤੁਹਾਨੂੰ ਕੁਝ ਜ਼ਰੂਰੀ ਸਾਮਾਨ ਲੈਣੇ ਪੈਣਗੇ, ਜਿਸ ਵਿੱਚ ਹਾਈਵ, ਸਿਰ ਅਤੇ ਚਿਹਰੇ ਉੱਪਰ ਪਹਿਣਨ ਵਾਲੀ ਜਾਲੀ, ਹਾਈਵ ਟੂਲ, ਸਮੋਕਰ, ਮੋਮ ਦੀਆਂ ਬੁਨਿਆਦੀ ਸ਼ੀਟਾਂ, ਰਾਣੀ ਨਖੇੜੂ ਜਾਲੀ, ਆਦਿ। ਇਨ੍ਹਾਂ ਚੀਜ਼ਾਂ ਤੋਂ ਬਿਨ੍ਹਾਂ ਤੁਸੀਂ ਮਧੂ ਮੱਖੀ ਪਾਲਣ ਦੀ ਸਿਖਲਾਈ ਸ਼ੁਰੂ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਇਨ੍ਹਾਂ ਫੁੱਲਾਂ ਵੱਲ ਮਧੂ-ਮੱਖੀਆਂ ਸਭ ਤੋਂ ਵੱਧ ਹੁੰਦੀਆਂ ਹਨ ਆਕਰਸ਼ਿਤ, ਬਾਗਬਾਨੀ ਅਤੇ ਮਧੂ ਮੱਖੀ ਪਾਲਣ ਲਈ ਲਾਹੇਵੰਦ
ਥਾਂ ਦੀ ਚੋਣ
ਮਧੂ ਮੱਖੀ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਲਈ ਸਭ ਤੋਂ ਮਹੱਤਵਪੂਰਨ ਚੀਜ਼ ਜਗ੍ਹਾ ਦੀ ਚੋਣ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਢੁੱਕਵੀਂ ਥਾਂ ਉਹ ਹੈ ਜਿੱਥੇ ਸਾਰਾ ਸਾਲ ਸ਼ਹਿਦ ਦੀਆਂ ਮੱਖੀਆਂ ਲਈ ਉਪਯੋਗੀ ਫੁੱਲ, ਤਾਜ਼ੇ ਪਾਣੀ ਦਾ ਪ੍ਰਬੰਧ, ਲੋੜ ਅਨੁਸਾਰ ਧੁੱਪ-ਛਾਂ, ਹੜ੍ਹ ਆਦਿ ਤੋਂ ਦੂਰੀ, ਘੱਟ ਤੋਂ ਘੱਟ ਖੜਕਾ-ਦੜਕਾ ਅਤੇ ਗੱਡੀ ਜਾਂ ਟਰੈਕਟਰ ਟਰਾਲੀ ਆਦਿ ਪਹੁੰਚਣ ਦੀ ਸੌਖ ਹੋਵੇ।
ਸ਼ਹਿਦ ਮੱਖੀਆਂ ਲਈ ਉਪਯੋਗੀ ਫੁੱਲ
ਮਧੂ ਮੱਖੀਆਂ ਤੋਂ ਵਾਧੂ ਸ਼ਹਿਦ ਇਕੱਠਾ ਕਰਨ ਦੇ ਮੁੱਖ ਸੋਮੇ ਸਫ਼ੈਦਾ, ਤੋਰੀਆ, ਸਰ੍ਹੋਂ/ਰਾਇਆ, ਟਾਹਲੀ, ਬਰਸੀਮ, ਸੂਰਜਮੁਖੀ, ਅਰਹਰ, ਨਾਸ਼ਪਾਤੀ, ਕਪਾਹ, ਨਰਮਾ ਆਦਿ ਹਨ।
ਢੁਕਵਾਂ ਸਮਾਂ
ਜੇਕਰ ਤੁਸੀਂ ਵੀ ਮਧੂ ਮੱਖੀ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਸਦੇ ਲਈ ਢੁਕਵਾਂ ਸਮਾਂ ਫਰਵਰੀ-ਮਾਰਚ ਅਤੇ ਅਕਤੂਬਰ-ਨਵੰਬਰ ਹੈ।
ਇਹ ਵੀ ਪੜ੍ਹੋ : Beekeeping: ਇਟੈਲੀਅਨ ਸ਼ਹਿਦ ਮੱਖੀ ਪਾਲਣ ਨੌਜਵਾਨਾਂ ਲਈ Profitable Business
ਸ਼ਹਿਦ ਮੱਖੀਆਂ ਖ਼ਰੀਦਣਾ
● ਸ਼ਹਿਦ ਮੱਖੀਆਂ ਢੁਕਵੇਂ ਸਮੇਂ ਦੇ ਸ਼ੁਰੂ ਵਿੱਚ ਹੀ ਖ਼ਰੀਦਣੀਆਂ ਚਾਹੀਦੀਆਂ ਹਨ। ਧਿਆਨ ਰੱਖੋ ਕਿ:
● ਪੂਰੇ ਭਰੇ ਹੋਏ ਅੱਠ ਛੱਤਿਆਂ ਤੋਂ ਘੱਟ ਮੱਖੀਆਂ ਨਾ ਹੋਣ।
● ਰਾਣੀ ਮੱਖੀ ਨਵੀਂ ਤੇ ਗਰਭਤ ਹੋਵੇ। ਨਵੀਂ ਗਰਭਤ ਰਾਣੀ ਮੱਖੀ ਦਾ ਧੜ ਹਲਕੇ ਸੰਤਰੀ ਰੰਗੀ ਅਤੇ ਚਮਕੀਲੀ ਹੁੰਦੀ ਹੈ।
● ਪੁਰਾਣੀ ਰਾਣੀ ਮੱਖੀ ਦਾ ਧੜ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦਾ ਅਤੇ ਭੱਦੀ ਚਮਕ-ਦਮਕ ਵਾਲਾ ਹੁੰਦਾ ਹੈ।
● ਖ਼ਰੀਦੇ ਛੱਤਿਆਂ ਵਿੱਚ ਕਾਫੀ ਮਿਕਦਾਰ ਵਿੱਚ ਕਾਮਾ ਮੱਖੀਆਂ, ਅੰਡੇ ਅਤੇ ਬੰਦ ਬਰੂਡ ਆਦਿ ਹੋਣੇ ਚਾਹੀਦੇ ਹਨ।
● ਲੋੜੀਂਦੀ ਮਾਤਰਾ ਵਿੱਚ ਸ਼ਹਿਦ ਅਤੇ ਪੋਲਣ ਵੀ ਹੋਣਾ ਚਾਹੀਦਾ ਹੈ।
● ਅੰਡੇ ਸਹੀ, ਸੈੱਲਾਂ ਦੇ ਥੱਲੇ, ਵਿਚਕਾਰ ਅਤੇ ਹਰ ਸੈੱਲ ਵਿੱਚ ਇੱਕ-ਇੱਕ ਹੋਣੇ ਚਾਹੀਦੇ ਹਨ।
● ਜ਼ਿਆਦਾ ਡਰੋਨ ਬਰੂਡ ਵਾਲੇ ਛੱਤੇ ਨਵੇਂ ਕਟੁੰਬ ਵਿੱਚ ਨਹੀਂ ਹੋਣੇ ਚਾਹੀਦੇ।
ਖਰੀਦੇ ਕਟੁੰਬਾਂ ਨੂੰ ਲਿਜਾਣਾ
ਸ਼ਹਿਦ ਮੱਖੀਆਂ ਦੇ ਕਟੁੰਬਾਂ ਦੇ ਗੇਟ ਬੰਦ ਕਰਨ ਉੁਪਰੰਤ ਇਨ੍ਹਾਂ ਦੀ ਢੋਆ-ਢੁਆਈ ਰਾਤ ਦੇ ਸਮੇਂ ਹੀ ਕਰੋ।
ਖਰੀਦੇ ਹਾਈਵ ਟਿਕਾਉਣੇ ਕਟੁੰਬਾਂ ਨੂੰ ਘੱਟੋ-ਘੱਟ ਦਸ-ਦਸ ਫੁੱਟ ਦੂਰੀ ਦੀਆਂ ਲਾਈਨਾਂ ਵਿੱਚ ਹਾਈਵ ਤੋਂ ਹਾਈਵ ਦੀ ਵਿੱਥ 6 ਤੋਂ 8 ਫੁੱਟ ਅਤੇ ਗੇਟ ਚੜ੍ਹਦੇ ਪਾਸੇ ਵੱਲ ਪਰ ਆਮ ਆਵਾਜਾਈ ਦੇ ਰਸਤੇ ਤੋਂ ਉਲਟ ਪਾਸੇ ਵੱਲ ਕਰਕੇ ਰੱਖ ਕੇ ਟਿਕਾਉ ਅਤੇ ਇਨ੍ਹਾਂ ਦੇ ਗੇਟ ਖੋਲ੍ਹ ਦਿਓ।
ਇਹ ਵੀ ਪੜ੍ਹੋ : ਮਧੂ ਕ੍ਰਾਂਤੀ ਪੋਰਟਲ ਬਣਿਆ ਵਧੀਆ ਸਾਥੀ, ਹੁਣ ਹੋਵੇਗਾ ਆਮਦਨ 'ਚ ਵਾਧਾ
ਕਾਰੋਬਾਰ ਲਈ ਸਰਕਾਰੀ ਸਹਾਇਤਾ
ਸ਼ਹਿਦ ਦੀ ਵਰਤੋਂ ਦਵਾਈਆਂ ਤੋਂ ਲੈ ਕੇ ਖਾਣ-ਪੀਣ ਦੀਆਂ ਵਸਤਾਂ ਤੱਕ ਕਈ ਥਾਵਾਂ 'ਤੇ ਕੀਤੀ ਜਾਂਦੀ ਹੈ। ਬਹੁਤ ਸਾਰੇ ਰਾਜਾਂ ਦੇ ਕਿਸਾਨਾਂ ਨੇ ਰਵਾਇਤੀ ਖੇਤੀ ਛੱਡ ਕੇ ਮਧੂ ਮੱਖੀ ਪਾਲਣ ਵਿੱਚ ਜੁਟ ਗਏ ਹਨ। ਇਸ ਤੋਂ ਉਹਨਾਂ ਨੂੰ ਕਮਾਈ ਤਾ ਹੋ ਰਹੀ ਹੈ ਅਤੇ ਨਾਲ ਹੀ ਸਰਕਾਰ ਵੀ ਕਈ ਤਰੀਕਿਆਂ ਨਾਲ ਮਦਦ ਕਰਦੀ ਹੈ। ਮਧੂ ਮੱਖੀ ਪਾਲਣ ਵਿੱਚ ਖੇਤੀਬਾੜੀ ਅਤੇ ਬਾਗਬਾਨੀ ਉਤਪਾਦਨ ਨੂੰ ਵਧਾਉਣ ਦੀ ਸਮਰੱਥਾ ਵੀ ਹੈ। ਮਧੂ ਮੱਖੀ ਪਾਲਣ ਅਤੇ ਸ਼ਹਿਦ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਕੇ ਪ੍ਰੋਸੈਸਿੰਗ ਪਲਾਂਟ ਦੀ ਮਦਦ ਨਾਲ ਮਧੂ ਮੱਖੀ ਪਾਲਣ ਦੇ ਬਜ਼ਾਰ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ਼ਹਿਦ ਤੋਂ ਇਲਾਵਾ ਹੋਰ ਬਹੁਤ ਸਾਰੇ ਉਤਪਾਦ
ਮਧੂ ਮੱਖੀ ਪਾਲਣ ਨਾਲ ਸਿਰਫ਼ ਸ਼ਹਿਦ ਜਾਂ ਮੋਮ ਹੀ ਨਹੀਂ ਮਿਲਦਾ, ਸਗੋਂ ਇਸ ਤੋਂ ਕਈ ਹੋਰ ਚੀਜ਼ਾਂ ਵੀ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਨੂੰ ਮੋਮ, ਸ਼ਾਹੀ ਜੈਲੀ, ਪ੍ਰੋਪੋਲਿਸ ਜਾਂ ਬੀ ਗਮ, ਮਧੂ ਮੱਖੀ ਦੇ ਪਰਾਗ ਵਰਗੇ ਉਤਪਾਦ ਮਿਲਦੇ ਹਨ। ਇਨ੍ਹਾਂ ਸਾਰੇ ਉਤਪਾਦਾਂ ਦੀ ਮਾਰਕੀਟ ਵਿੱਚ ਬਹੁਤ ਮੰਗ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: A good subsidiary business for farmers, take honey bee training from here