Mung Bean: ਮੂੰਗੀ ਖੁਰਾਕੀ ਪ੍ਰੋਟੀਨ ਅਤੇ ਲੋਹੇ ਦਾ ਚੰਗਾ ਸ੍ਰੋਤ ਹੈ। ਇਹ ਅਸਾਨੀ ਨਾਲ ਪਚਣ ਅਤੇ ਥੋੜੇ ਸਮੇ ਵਿੱਚ ਪੱਕਾਣ ਜਾਣ ਵਾਲੀ ਦਾਲ ਹੈ। ਮੂੰਗੀ ਦੀ ਫ਼ਸਲ ਦੀ ਕਾਸ਼ਤ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਮੂੰਗੀ ਦੀ ਫ਼ਸਲ ਦੀ ਕਾਸ਼ਤ ਲਈ ਅਨਾਜ ਵਾਲੀਆ ਫ਼ਸਲਾਂ ਨਾਲੋ ਘੱਟ ਪਾਣੀ ਅਤੇ ਊਰਜਾ ਦੀ ਲੋੜ ਪੈਦੀ ਹੈ। ਇਸ ਫ਼ਸਲ ਦਾ ਵੱਧ ਝਾੜ ਲੈਣ ਲਈ ਕਿਸਾਨ ਵੀਰਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਦੀਆਂ ਹੇਠ ਲਿਖੀਆਂ ਸਿਫ਼ਾਰਸ਼ ਤਕਨੀਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਮੂੰਗੀ ਦੀਆਂ ਉੱਨਤ ਕਿਸਮਾਂ ਅਤੇ ਨਵੀਆਂ ਤਕਨੀਕਾਂ:
● ਮੌਸਮ ਅਤੇ ਜ਼ਮੀਨ ਦੀ ਚੋਣ: ਮੂੰਗੀ ਦੀ ਫ਼ਸਲ ਦੇ ਵਾਧੇ ਲਈ ਗਰਮ ਮੌਸਮ ਦੀ ਜਰੂਰਤ ਹੂੰਦੀ ਹੈ। ਮੂੰਗੀ ਦੀ ਕਾਸ਼ਤ ਲਈ ਕਲਰਾਠੀਆਂ ਅਤੇ ਸੇਮ ਵਾਲੀਆ ਜ਼ਮੀਨਾ ਢੁਕਵੀਆਂ ਨਹੀ। ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਮੂੰਗੀ ਦੀ ਕਾਸ਼ਤ ਲਈ ਸਹੀ ਹੈ।
● ਉੱਨਤ ਕਿਸਮਾਂ: ਐਸਐਮਐਲ 1827, ਟੀਐਮਬੀ 37, ਐਸਐਮਐਲ 832 ਅਤੇ ਐਸਐਮਐਲ 668 ਗਰਮ ਰੁੱਤ ਦੀ ਮੂੰਗੀ ਦੀਆਂ ਉੱਨਤ ਕਿਸਮਾਂ ਹਨ। ਐਸਐਮਐਲ 1827 ਕਿਸਮ ਕਰੀਬ 62 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਇਸਦਾ ਔਸਤ ਝਾੜ 5.0 ਕੁਇੰਟਲ ਪ੍ਰਤੀ ਏਕੜ ਹੈ। ਟੀਐਮਬੀ 37 ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ। ਐਸਐਮਐਲ 832 ਕਿਸਮ ਕਰੀਬ 61 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ। ਐਸਐਮਐਲ 668 ਕਿਸਮ ਕਰੀਬ 60 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।
ਇਹ ਵੀ ਪੜ੍ਹੋ : Moong VS Maize: ਬਹਾਰ ਰੁੱਤੀ ਮੱਕੀ ਨਾਲੋਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਦੇ ਫਾਇਦੇ
● ਜ਼ਮੀਨ ਦੀ ਤਿਆਰੀ: ਜ਼ਮੀਨ ਨੂੰ ਤਿਆਰ ਕਰਨ ਲਈ ਖੇਤ ਨੂੰ 2-3 ਵਾਰ ਵਾਹੋ। ਹਰ ਵਾਹੀ ਮਗਰੋ ਸੁਹਾਗਾ ਮਾਰ ਕੇ ਖੇਤ ਤਿਆਰ ਕਰੋ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਣਕ ਵੱਡਣ ਉਪਰੰਤ ਬਿਨਾਂ ਵਾਹੇ ਵੀ ਕੀਤੀ ਜਾ ਸਕਦੀ ਹੈ। ਖੇਤ ਵਿੱਚ ਕਣਕ ਦੇ ਨਾੜ ਦੇ ਹਿਸਾਬ ਨਾਲ ਮੂੰਗੀ ਦੀ ਬਿਜਾਈ ਜ਼ਿਰੋ-ਟਿੱਲ ਡਰਿੱਲ ਜਾਂ ਪੀ ਏ ਯੂ ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈ।ਜੇਕਰ ਖੇਤ ਵਿਚ ਕਣਕ ਦਾ ਨਾੜ ਨਹੀ ਹੈ ਤਾਂ ਜ਼ੀਰੋ-ਟਿੱਲ ਡਰਿੱਲ ਨਾਲ ਮੂੰਗੀ ਬੀਜੀ ਜਾ ਸਕਦੀ ਹੈ ਅਤੇ ਜੇਕਰ ਕੰਬਾਈਨ ਨਾਲ ਕਣਕ ਦੀ ਕਟਾਈ ਮਗਰੋ ਕਣਕ ਦਾ ਨਾੜ ਖੇਤ ਵਿੱਚ ਹੋਵੇ ਤਾਂ ਪੀ ਏ ਯੂ ਹੈਪੀ ਸੀਡਰ ਨਾਲ ਮੂੰਗੀ ਬੀਜੋ।
● ਬਿਜਾਈ ਦਾ ਸਮਾਂ: ਮੂੰਗੀ ਦੀ ਫ਼ਸਲ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤਕ ਕਰ ਲੈਣੀ ਚਾਹੀਦੀ ਹੈ। ਇਸ ਤੋਂ ਬਾਅਦ ਬੀਜੀ ਫ਼ਸਲ ਦਾ ਪੱਕਣ ਸਮੇਂ ਅਗੇਤੀ ਮੌਨਸੂਨੀ ਬਾਰਸ਼ ਨਾਲ ਨੁਕਸਾਨ ਹੋ ਸਕਦਾ ਹੈ।
● ਬੀਜ ਦੀ ਮਾਤਰਾ: ਇੱਕ ਏਕੜ ਲਈ ਐਸਐਮਐਲ 668 ਕਿਸਮ ਦਾ 15 ਕਿਲੋ, ਐਸਐਮਐਲ 1827, ਟੀਐਮਬੀ 37 ਅਤੇ ਐਸਐਮਐਲ 832 ਕਿਸਮ ਦਾ 12 ਕਿਲੋ ਬੀਜ ਕਾਫੀ ਹੈ।
● ਬੀਜ ਨੂੰ ਟੀਕਾ ਲਾਉਣਾ: ਬੀਜ਼ ਨੂੰ ਮਿਸ਼ਰਿਤ ਜੀਵਾਣੂ ਖਾਦ ਦਾ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ। ਇੱਕ ਏਕੜ ਦੇ ਬੀਜ ਨੂੰ ਤਕਰੀਬਨ 300 ਮਿਲੀਲਿਟਰ ਪਾਣੀ ਨਾਲ ਗਿਲਾ ਕਰਕੇ ਮਿਸ਼ਰਿਤ ਜੀਵਾਣੂੰ ਖਾਦ ਦੇ ਇੱਕ ਪੈਕੇਟ (ਰਾਈਜ਼ੋਬੀਅਮ ਐਲ ਐਸ ਐਮ ਆਰ-1 ਅਤੇ ਰਾਈਜ਼ੋਬੈਕਟੀਰੀਅਮ ਆਰ ਬੀ-3) ਦੇ ਨਾਲ ਚੰਗੀ ਤਰਾਂ ਮਿਲਾਉ ਅਤੇ ਛਾਂ ਵਿੱਚ ਸਕਾਓ।ਬੀਜ ਨੂੰ ਟੀਕਾ ਲਾਉਣ ਤੋ ਬਾਅਦ ਇੱਕ ਘੰਟੇ ਅੰਦਰ ਬੀਜ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : "Mash 1008" ਮਾਂਹ ਦੀ ਦਾਲ ਦੀ ਵਧੀਆ ਕਿਸਮ, 73 ਦਿਨਾਂ ਵਿੱਚ ਮਿਲੇਗਾ 4 ਤੋਂ 5 ਕੁਇੰਟਲ ਝਾੜ
● ਬਿਜਾਈ ਦਾ ਢੰਗ: ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਬੀਜ ਡਰਿੱਲ, ਜ਼ੀਰੋ-ਟਿੱਲ ਡਰਿੱਲ ਜਾਂ ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈ। ਸਿਆੜਾਂ ਵਿਚਕਾਰ ਫਾਸਲਾ 22.5 ਸੈਟੀਂਮੀਟਰ ਅਤੇ ਬੂਟੇ ਤੋ ਬੂਟੇ ਦਾ ਫ਼ਾਸਲਾ 7 ਸੈਂਟੀਮੀਟਰ ਤੱਕ ਰੱਖੋ। ਬੀਜ ਨੂੰ 4 ਤੋਂ 6 ਸੈਂਟੀਮੀਟਰ ਡੂੰਘਾ ਬੀਜੋ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਂਦੇ ਬੈੱਡ ਪਲਾਂਟਰ ਨਾਲ 37.5 ਸੈਟੀਂਮੀਟਰ ਚੌੜੇ ਬੈੱਡ ਉਤੇ 20 ਸੈਂਟੀਮੀਟਰ ਵਿੱਥ ਤੇ ਦੋ ਕਤਾਰਾਂ ਵਿੱਚ ਕਰੋ। ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣਾਓ। ਗਰਮ ਰੁੱਤ ਦੀ ਮੂੰਗੀ ਦੀ ਬੈੱਡਾਂ ਤੇ ਬਿਜਾਈ ਨਾਲ ਫ਼ਸਲ ਨੂੰ ਉੱਗਣ ਸਮੇਂ ਮੀਂਹ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਇਸ ਨਾਲ ਪੱਧਰੀ ਬਿਜਾਈ ਦੇ ਮੁਕਾਬਲੇ ਲਗਭਗ 10 ਪ੍ਰਤੀਸ਼ਤ ਜਿਆਦਾ ਝਾੜ ਮਿਲਦਾ ਹੈ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ।
● ਖਾਦਾਂ: ਕਣਕ ਵੱਡਣ ਪਿੱਛੋ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਡਰਿੱਲ ਕਰ ਦਿਓੁ। ਜੇਕਰ ਬਿਜਾਈ ਆਲੂ ਦੀ ਫ਼ਸਲ ਤੋਂ ਪਿੱਛੋਂ ਕਰਨੀ ਹੋਵੇ ਤਾਂ ਖਾਦ ਪਾਉਣ ਦੀ ਲੋੜ ਨਹੀਂ।
● ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋ ਇਕ ਮਹੀਨਾਂ ਬਾਅਦ ਪਹਿਲੀ ਗੋਡੀ ਅਤੇ ਉਸ ਤੋ 15 ਦਿਨਾਂ ਬਾਅਦ ਦੂਜੀ ਗੋਡੀ ਕਰਨੀ ਚਾਹੀਦੀ ਹੈ।
● ਸਿਚਾਂਈ: ਗਰਮ ਰੁੱਤ ਦੀ ਮੂੰਗੀ ਨੂੰ 3 ਤੋ 5 ਪਾਣੀਆਂ ਦੀ ਜਰੂਰਤ ਹੈ। ਪਹਿਲਾ ਪਾਣੀ ਬਿਜਾਈ ਤੋ 25 ਦਿਨਾਂ ਬਾਅਦ ਅਤੇ ਆਖਰੀ ਪਾਣੀ ਬਜਾਈ ਤੋ ਤਕਰੀਬਨ 55 ਦਿਨਾਂ ਬਾਅਦ ਲਾਓੁ।ਇਸ ਤਰ੍ਹਾਂ ਪਾਣੀ ਲਾਉਣ ਨਾਲ ਝਾੜ ਵੱਧਦਾ ਅਤੇ ਫਲੀਆਂ ਇੱਕਸਾਰ ਪੱਕਦੀਆਂ ਹਨ।
● ਵਾਢੀ: ਫ਼ਸਲ ਦੀ ਵਾਢੀ ਦਾ ਸਹੀ ਸਮਾਂ ਤਕਰੀਬਨ 80 ਪ੍ਰਤੀਸ਼ਤ ਫ਼ਲੀਆਂ ਦੇ ਪੱਕ ਜਾਣ ਤੇ ਹੈ।
ਇਹ ਵੀ ਪੜ੍ਹੋ : Moong Cultivation: ਮੂੰਗ ਦੀ ਖੇਤੀ ਨਾਲ ਕਿਸਾਨਾਂ ਨੂੰ ਹੋਵੇਗਾ ਵੱਧ ਮੁਨਾਫ਼ਾ ! ਜਾਣੋ ਬਜ਼ਾਰੀ ਕੀਮਤ
ਪੌਦ ਸੁਰੱਖਿਆ:
ਕੀੜੇ
● ਥਰਿੱਪ: ਥਰਿੱਪ ਇਕ ਰਸ ਚੂਸਣ ਵਾਲਾ ਕੀੜਾ ਹੈ ਅਤੇ ਗਰਮ ਰੁੱਤ ਦੀ ਮੂੰਗੀ ਤੇ ਇਸਦਾ ਹਮਲਾ ਬੜਾ ਗੰਭੀਰ ਹੁੰਦਾਂ ਹੈ। ਥਰਿੱਪ ਬੂਟੇ ਦੇ ਵੱਖ- ਵੱਖ ਹਿੱਸੇਆਂ ਤੇ ਹਮਲਾ ਕਰਦਾ ਹੈ ਜਿਵੇ ਕਿ ਟਾਹਣੀਆਂ, ਪੱਤੇ, ਡੋਡੀਆਂ ਅਤੇ ਫੁੱਲ। ਥਰਿੱਪ ਅੰਦਰੋਂ ਫੁੱਲਾਂ ਦਾ ਰਸ ਚੂਸਦਾ ਹੈ, ਜਿਸ ਕਾਰਨ ਫੁਲਾਂ ਦੀ ਸ਼ਕਲ ਅਤੇ ਰੰਗ ਖਰਾਬ ਹੋ ਜਾਂਦਾ ਹੈ ਅਤੇ ਫੁੱਲ ਖੁੱਲਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ। ਇਸ ਅਵਸਥਾ ਵਿੱਚ ਬੂਟਾ ਝਾੜੀ ਵਾਗੂੰ ਨਜ਼ਰ ਆਉਦਾਂ ਹੈ। ਰਸ ਚੂਸੇ ਜਾਣ ਕਰਕੇ ਫ਼ਲੀਆਂ ਘੱਟ ਪੈਦੀਆਂ ਹਨ ਅਤੇ ਫ਼ਲੀਆਂ ਦਾ ਅਕਾਰ ਖਰਾਬ ਹੋ ਜਾਂਦਾ ਹੈ ਅਤੇ ਦਾਣੇ ਸੁੰਗੜ ਜਾਂਦੇ ਹਨ। ਇਨ੍ਹਾਂ ਸਭ ਕਾਰਨਾਂ ਕਰਕੇ ਝਾੜ ਬਹੁਤ ਹੀ ਘੱਟ ਜਾਂਦਾ ਹੈ ਅਤੇ ਕਈ ਵਾਰ ਸਾਰੀ ਦੀ ਸਾਰੀ ਫ਼ਸਲ ਵੀ ਤਬਾਹ ਹੋ ਜਾਂਦੀ ਹੈ।
● ਫ਼ਲੀ ਛੇਦਕ ਸੁੰਡੀ: ਫ਼ਲੀ ਛੇਦਕ ਸੁੰਡੀ ਬਹੁ ਫ਼ਸਲੀ ਕੀੜਾ ਹੈ। ਇਹ ਗਰਮ ਰੁੱਤ ਦੀ ਮੂੰਗੀ ਤੇ ਵੀ ਹਮਲਾ ਕਰਦਾ ਹੈ। ਸੁੰਡੀ ਦਾ ਰੰਗ ਪੀਲਾ, ਭੁਰਾ ਅਤੇ ਕਾਲਾ ਵੀ ਹੋ ਸਕਦਾ ਹੈ। ਸੁੰਡੀ ਦੀ ਲੰਬਾਈ 3-5 ਸੈਂਟੀਮੀਟਰ ਹੋ ਸਕਦੀ ਹੈ। ਇਹ ਸੁੰਡੀ ਫਸਲ ਦੇ ਪੱਤੇ, ਫੁੱਲ, ਫ਼ਲੀਆਂ ਅਤੇ ਦਾਣਿਆਂ ਨੂੰ ਖਾਂਦੀ ਹੈ। ਇਸ ਨਾਲ ਝਾੜ ਤੇ ਮਾੜਾ ਅਸਰ ਪੈਂਦਾ ਹੈ। ਸੁੰਡੀ ਦੇ ਹਮਲੇ ਦਾ ਪਤਾ ਪੱਤਿਆ ਅਤੇ ਫ਼ਲੀਆਂ ਵਿੱਚ ਮੋਰੀਆਂ ਅਤੇ ਬੂਟਿਆਂ ਹੇਠਾਂ ਗੂੜੇ ਹਰੇ ਰੰਗ ਦੀਆਂ ਬਿੱਠਾਂ ਤੋਂ ਲੱਗਦਾ ਹੈ।
● ਤੰਬਾਕੂ ਸੁੰਡੀ: ਇਹ ਇੱਕ ਬਹੁ-ਫਸਲੀ ਕੀੜਾ ਹੈ।ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਹੁਦੀਆਂ ਹਨ। ਵੱਡੀਆਂ ਸੁੰਡੀਆਂ ਦਾ ਰੰਗ ਗੂੜਾ ਹਰਾ ਹੁੰਦਾ ਹੈ ਤੇ ਉੱਪਰ ਕਾਲੇ ਰੰਗ ਦੇ ਤਿਕੋਣੇ ਧੱਭੇ ਹੁੰਦੇ ਹਨ। ਅੰਡਿਆਂ ਵਿੱਚੋ ਨਿੱਕਲਣ ਤੋਂ ਬਾਅਦ ਛੋਟੀਆਂ ਸੁੰਡੀਆਂ ਝੁਡਾਂ ਵਿੱਚ ਪੱਤਿਆ ਦਾ ਹਰਾ ਮਾਦਾ ਖਾਂਦੀਆਂ ਹਨ ਅਤੇ ਪੱਤਿਆ ਵਿੱਚ ਮੋਰੀਆਂ ਕਰ ਦੇਂਦੀਆਂ ਹਨ ਜਿਸ ਕਾਰਣ ਪੱਤੇ ਛਨਣੀ ਵਾਂਗੂੰ ਹੋ ਜਾਂਦੇ ਹਨ। ਬਾਅਦ ਵਿੱਚ ਵੱਡੀਆਂ ਸੁੰਡੀਆਂ ਸਾਰੇ ਖੇਤ ਵਿੱਚ ਖਿੱਲਰਕੇ ਨੁਕਸਾਨ ਕਰਦੀਆਂ ਹਨ। ਪੱਤਿਆਂ ਦੇ ਨਾਲ-ਨਾਲ ਇਹ ਡੋਡੀਆਂ, ਫੁੱਲਾਂ ਅਤੇ ਫ਼ਲੀਆਂ ਦਾ ਵੀ ਨੁਕਸਾਨ ਕਰਦੀਆਂ ਹਨ। ਇਸ ਕੀੜੇ ਦੀ ਰੋਕਥਾਮ ਲਈ ਖੇਤ ਨੂੰ ਨਦੀਨ ਖਾਸ ਕਰਕੇ ਇੱਟਸਿੱਟ ਰਹਿਤ ਰੱਖੋ।ਤੰਬਾਕੂ ਸੁੰਡੀ ਦੇ ਆਂਡੇ ਅਤੇ ਛੋਟੀਆਂ ਸੁੰਡੀਆਂ ਨੂੰ ਪੱਤਿਆਂ ਸਮੇਤ ਨਸ਼ਟ ਕਰ ਦਿਓ।
ਬੀਮਾਰੀਆਂ
● ਚਿਤਕਬਰਾ ਰੋਗ: ਇਹ ਇੱੱਕ ਵਿਸ਼ਾਣੂ ਰੋਗ ਹੈ ਜੋ ਕਿ ਚਿੱਟੀ ਮੱਖੀ ਦੁਆਰਾ ਫੈਲਦਾ ਹੈ। ਇਸ ਦਾ ਅਸਰ ਪਹਿਲਾਂ ਨਵੇ ਪੱਤਿਆਂ ਤੇ ਹੁੰਦਾਂ ਹੈ, ਜਿਸ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਥੱਲੇ ਵੱਲ ਮੁੜ ਜਾਂਦੇ ਹਨ।ਪੁਰਾਣੇ ਪੱਤਿਆਂ ਉੱਪਰ ਪੀਲੇ ਅਤੇ ਹਰੇ ਰੰਗ ਦੇ ਖਿੱਲਰੇ ਹੋਏ ਚਟਾਖ ਪੈ ਜਾਂਦੇ ਹਨ। ਪੌਦੇ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਰੋਗੀ ਪੌਦੇ ਨੂੰ ਬਹੁਤ ਘੱਟ ਫੁੱਲ ਅਤੇ ਫ਼ਲੀਆਂ ਲੱਗਦੀਆਂ ਹਨ। ਫ਼ਲੀਆਂ ਵਿੱਚ ਬਹੁਤ ਘੱਟ ਛੋਟੇ ਆਕਾਰ ਦੇ ਦਾਣੇ ਬਣਦੇ ਹਨ।ਗਰਮ ਅਤੇ ਨਮ੍ਹੀ ਵਾਲੇ ਮੌਸਮ ਵਿਚ 100 ਪ੍ਰਤੀਸ਼ਤ ਤਕ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਇਸ ਮੌਸਮ ਵਿੱਚ ਚਿੱਟੀ ਮੱਖੀ ਦਾ ਵਾਧਾ ਜਿਆਦਾ ਹੁੰਦਾ ਹੈ। ਇਸ ਰੋਗ ਤੋਂ ਬਚਣ ਲਈ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਿਫ਼ਾਰਸ਼ ਸਮੇਂ ਦੋਰਾਣ ਕਰਨੀ ਚਾਹੀਦੀ ਹੈ ਅਤੇ ਰੋਗੀ ਬੂਟਿਆਂ ਨੂੰ ਸ਼ੁਰੂ ਵਿੱਚ ਹੀ ਕੱਢ ਦੇਣਾ ਚਾਹੀਦਾ ਹੈ। ਇਸ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਐਸਐਮਐਲ 1827 ਲਗਾਉਣੀ ਚਾਹੀਦੀ ਹੈ।
● ਜੜਾਂ ਦਾ ਗਲਣਾ: ਜੜਾਂ ਦਾ ਗਲਣਾ ਇੱਕ ਉੱਲੀ ਰੋਗ ਹੈ।ਇਹ ਉੱਲੀ ਬੀਜ ਅਤੇ ਮਿੱਟੀ ਤੋਂ ਆ ਸਕਦੀ ਹੈ। ਉੱਲੀ ਪੌਦੇ ਉਪੱਰ ਮੁੱਢਲੀ ਅਤੇ ਸਿਖਰਲੀ ਅਵਸਥਾ ਵਿੱਚ ਹਮਲਾ ਕਰ ਸਕਦੀ ਹੈ।ਉੱਲੀ ਕਾਰਨ ਪੌਦੇ ਦੀ ਮੁੱਢਲੀ ਅਵਸਥਾ ਸਮੇਂ ਬੀਜ ਤੋਂ ਥੱਲੇ ਜ਼ਮੀਨ ਵੱਲ ਹਿੱਸੇ ਉੱਪਰ ਅਤੇ ਬੀਜ ਤੋਂ ਉੱਪਰ ਜਮੀਨ ਦੇ ਬਾਹਰ ਵੱਲ ਹਿੱਸੇ ਉੱਪਰ ਕਾਲੇ ਭੂਰੇ ਧੱਭੇ ਪੈ ਜਾਂਦੇ ਹਨ।ਤਣੇ ਉੱਪਰ ਲੰਬੂਤਰੇ ਕਾਲੇ ਧੱਭੇ ਪੈ ਜਾਂਦੇ ਹਨ, ਪੱਤੇ ਝੜ ਜਾਂਦੇ ਹਨ ਅਤੇ ਪੌਦਾ ਮੁਰਝਾ ਜਾਂਦਾ ਹੈ।
● ਝੁਲਸ ਰੋਗ: ਇਹ ਇੱਕ ਉੱਲੀ ਰੋਗ ਹੈ ਅਤੇ ਇਹ ਉੱਲੀ ਮਿੱਟੀ ਵਿੱਚ ਹੁੰਦੀ ਹੈ। ਇਹ ਉੱਲੀ ਬੂਟੇ ਦੇ ਜ਼ਮੀਨ ਤੋ ਉਪਰ ਵਾਲੇ ਹਿੱਸਿਆਂ ਤੇ ਹਮਲਾ ਕਰਦੀ ਹੈ ਜਿਵੇ ਕਿ ਪੱਤਿਆਂ, ਟਾਹਣੀਆਂ, ਤਣਾ ਅਤੇ ਫ਼ਲੀਆਂ। ਪਰ ਇਸਦਾ ਸਭ ਤੋ ਵਿਨਾਸ਼ਕਾਰੀ ਰੂਪ ਬਿਜਾਈ ਤੋਂ ਦੂਜੇ ਤੋਂ ਤੀਜੇ ਹਫ਼ਤੇ ਪੱਤਿਆਂ ਉਪਰ ਦਿਖਈ ਦਿੰਦਾ ਹੈ। ਜਿਸ ਕਾਰਨ ਮੁੱਢਲੀ ਅਵਸਥਾ ਵਾਲੇ ਬੂਟੇ ਮਰ ਜਾਂਦੇ ਹਨ। ਮੂੰਗੀ ਦੇ ਪੱਤਿਆ ਉੱਪਰ ਰੋਗ ਦੇ ਲੱਛਣ ਛੋਟੇ-ਛੋਟ ਖਿੱਲਰੇ ਹਰੇ-ਪੀਲੇ ਰੰਗ ਦੇ ਧੱਭਿਆਂ ਨਾਲ ਨਜਰ ਆਂਉਦੇ ਹਨ।
ਅਜਿਹੇ ਝੁਲਸੇ ਹੋਏ ਬੂਟਿਆਂ ਦੀਆਂ ਦੌਗੀਆਂ ਖੇਤ ਵਿੱਚ ਦੂਰੋਂ ਪ੍ਰਤੱਖ ਨਜ਼ਰ ਆਉਦੀਆਂ ਹਨ। ਜਿਆਦਾ ਨਮ੍ਹੀ ਵਾਲੇ ਦਿਨਾਂ ਵਿੱਚ ਇਹ ਰੋਗ ਬਹੁਤ ਹੀ ਤੇਜੀ ਨਾਲ ਫੈਲਦਾ ਹੈ। ਚਿੱਟੇ ਰੰਗ ਦੀ ਉੱਲੀ ਬੂਟੇ ਦੇ ਉਪਰ ਜੰਮ ਜਾਂਦੀ ਹੈ ਅਤੇ ਮੱਕੜੀ ਦੇ ਜਾਲੇ ਵਾਂਗੂੰ ਨਜ਼ਰ ਆਉਂਦੀ ਹੈ।ਬਿਮਾਰੀ ਵਾਲੇ ਬੂਟੇ ਤੇ ਚਿੱਟੇ ਰੰਗ ਦੇ ਛੋਟੇ ਸਕਲੀਰੋਸ਼ੀਆ ਬਣ ਜਾਂਦੇ ਹਨ ਜੋ ਕਿ 2-3 ਦਿਨਾਂ ਬਾਅਦ ਭੂਰੇ ਰੰਗ ਦੇ ਹੋ ਜਾਂਦੇ ਹਨ। ਫ਼ਸਲ ਤੇ ਇਹ ਬਿਮਾਰੀ ਖੇਤ ਵਿਚਲੇ ਨਦੀਨਾਂ ਤੋਂ ਆਉਂਦੀ ਹੈ। ਇਹ ਬਿਮਾਰੀ ਦੇ ਸ਼ੁਰੂਆਤੀ ਹਮਲੇ ਨੂੰ ਰੋਕਣ ਲਈ ਖੇਤ ਨੂੰ ਨਦੀਨ ਰਹਿਤ ਰੱਖਣਾ ਚਾਹੀਦਾ ਹੈ।
Summary in English: Advanced varieties of Green Gram, Follow these techniques for extra yield