ਜਦੋਂ ਤੋਂ ਮਨੁੱਖ ਨੇ ਆਪਣੇ ਦਿਮਾਗ ਨਾਲ ਖੋਜ ਕਰ ਕੇ ਰਸਾਇਣਕ ਖੇਤੀ ਸ਼ੁਰੂ ਕੀਤੀ ਹੈ। ਰਸਾਇਣਕ ਖਾਦਾਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਖਾਦਾਂ ਦੀ ਅੰਧਾਧੁੰਦ ਵਰਤੋਂ ਨਾਲ ਗੰਡੋਆ ਅਤੇ ਸੂਖਮ ਜੀਵਾਣੂਆਂ ਦਾ ਬੀਜ ਨਾਸ ਹੋ ਰਿਹਾ ਹੈ, ਕੁਦਰਤ ਦੀ ਖੇਤੀ ਨੂੰ ਛਿੱਕੇ ਟੰਗ ਕੇ ਰਸਾਇਣਕ ਖੇਤੀ ਦੁਆਰਾ ਤਿਆਰ ਕੀਤੇ ਪਦਾਰਥ ਮਨੁੱਖ ਨੂੰ ਸਮੂਹਿਕ ਮੌਤ ਵੱਲ ਲੈ ਕੇ ਜਾ ਰਹੇ ਹਨ। ਅੱਜ ਅੱਸੀ ਗੱਲ ਕਰਾਂਗੇ ਗੰਡੋਇਆਂ ਨਾਲ ਤਿਆਰ ਕੀਤੀ ਵਰਮੀਕੰਪੋਸਟਿੰਗ ਦੀ।
ਭਾਰਤ ਵਿੱਚ ਕਈ ਤਰ੍ਹਾਂ ਦੀ ਨਸਲ ਦੇ ਗੰਡੋਏ ਮਿਲਦੇ ਹਨ। ਗੰਡੋਏ ਦੀ ਇੱਕ ਪ੍ਰਜਾਤੀ ਆਈਸੀਨੀਆ ਫੀਟਿੱਡਾ ਕੰਪੋਸਟ ਤਿਆਰ ਕਰਨ ਲਈ ਵਧੀਆ ਨਸਲ ਮੰਨੀ ਜਾਂਦੀ ਹੈ। ਇਸਦੀ ਔਸਤਨ ਲੰਬਾਈ 3 ਤੋਂ 4 ਇੰਚ ਹੁੰਦੀ ਹੈ ਅਤੇ ਭਰ 1 ਗ੍ਰਾਮ ਦੇ ਕਰੀਬ ਹੁੰਦਾ ਹੈ। ਇਹ ਆਪਣਾ ਭੋਜਨ ਮਿੱਟੀ ਦੀ ਉਪਰਲੀ ਸਤ੍ਹਾ ਵਿੱਚ ਰਹਿਕੇ ਖਾਂਦੇ ਹਨ ਅਤੇ ਜਿਆਦਾ ਡੁੰਗਾਈ ਵਿੱਚ ਨਹੀਂ ਜਾਂਦੇ। ਇਨ੍ਹਾਂ ਦੇ ਵਾਧੇ ਦੀ ਦਰ ਜਿਆਦਾ ਅਤੇ ਜੀਵਨ ਚੱਕਰ ਛੋਟਾ ਹੋਣ ਕਰਕੇ ਕੰਪੋਸਟ ਵੀ ਵਧੀਆ ਅਤੇ ਜਲਦੀ ਤਿਆਰ ਹੁੰਦੀ ਹੈ।
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਨਿਮਾਟੋਡ, ਬੈਕਟੀਰੀਆ, ਉੱਲੀ ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿੱਚ ਮੱਦਦ ਕਰਦੇ ਹਨ। ਇਹ ਸਾਰੀ ਪਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ। ਗੰਡੋਏ ਇਕ ਦਿਨ ਵਿੱਚ ਆਪਣੇ ਭਾਰ ਦੇ ਤੀਜੇ ਹਿੱਸੇ ਜਿੰਨੀ ਖੁਰਾਕ ਖਾ ਸਕਦੇ ਹਨ। ਗੰਡੋਏ ਨਾਲ ਤਿਆਰ ਕੀਤੀ ਗਈ ਕੰਪੋਸਟ ਵਰਮੀਕੰਪੋਸਟ ਕਹਾਉਂਦੀ ਹੈ।
ਗੰਡੋਇਆਂ ਦੇ ਫਾਇਦੇ
-ਮਿੱਟੀ ਵਿੱਚ ਮੌਜੂਦ ਪਦਾਰਥ ਦੇ ਮਿਸ਼ਰਣ ਚ ਅਸਾਨੀ ਹੁੰਦੀ ਹੈ।
-ਫਸਲ ਦੀਆਂ ਜੜ੍ਹਾਂ ਵਿੱਚ ਹਵਾਦਾਰੀ ਬਣੀ ਰਹਿੰਦੀ ਹੈ।
-ਜੈਵਿਕ ਪਦਾਰਥ ਵਿੱਚ ਗਲਣ ਸੜਨ ਦੀ ਪਰਕਿਰਿਆ ਦਾ ਵਾਧਾ ਹੁੰਦਾ ਹੈ।
-ਕਾਰਬਨਿਕ ਕੂੜੇ ਕਚਰੇ ਦੀ ਦੁਰਗੰਧ ਨੂੰ ਰੋਕਣ ਲਈ ਵੀ ਇਹ ਸਹਾਈ ਹੁੰਦੇ ਹਨ।
ਵਰਮੀਕੰਪੋਸਟ ਬਣਾਉਣ ਦੀ ਵਿਧੀ
-ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ।
-ਬੈਡ ਦੀ ਚੌੜਾਈ 3 ਫੁੱਟ ਹੋਣੀ ਚਾਹੀਦੀ ਹੈ, ਜ਼ਿਆਦਾ ਚੌੜਾਈ ਠੀਕ ਨਹੀਂ ਰਹਿੰਦੀ, ਕਿਉਂਕਿ ਕੰਪੋਸਟ ਵਿੱਚ ਹੱਥ ਮਾਰਣਾ ਮੁਸ਼ਕਲ ਹੋ ਜਾਂਦਾ ਹੈ।
-ਬੈਡ ਦੀ ਲੰਬਾਈ ਉਪਲਬਧ ਜਗਹ ਅਨੁਸਾਰ 6 ਤੋਂ 10 ਫੁੱਟ ਤੱਕ ਹੋ ਸਕਦੀ ਹੈ।
-ਬੈਡ ਦਾ ਫਰਸ਼ ਪੱਕਾ ਹੋਣਾ ਜਰੂਰੀ ਹੈ। ਇਸ ਲਈ ਫਰਸ਼ ਦੀਆਂ ਇੱਟਾਂ ਨੂੰ ਟੀਪ ਕੀਤਾ ਜਾ ਸਕਦਾ ਹੈ। ਫਰਸ਼ ਪੱਕਾ ਹੋਣ ਕਰਕੇ ਪਸ਼ੂਆਂ ਦਾ ਮਲ ਮੂਤਰ ਥੱਲੇ ਨਹੀਂ ਰਿਸਦਾ ਅਤੇ ਗੰਡੋਏ ਵੀ ਥੱਲੇ ਨਹੀਂ ਖਿਸਕਦੇ।
-ਬੈਡ ਦੀ ਉਚਾਈ 2 ਫੁੱਟ ਦੇ ਕਰੀਬ ਹੋਣੀ ਚਾਹੀਦੀ ਹੈ।
-ਸਭ ਤੋਂ ਪਹਿਲਾਂ ਬੈਡ ਵਿੱਚ 1 ਫੁੱਟ ਪਰਾਲੀ ਦੀ ਤਹਿ ਲਾਉਣੀ ਚਾਹੀਦੀ ਹੈ। ਪਰਾਲੀ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਜਰੂਰੀ ਹੈ ਪਰ ਫਰਸ਼ ਤੇ ਪਾਣੀ ਨਹੀਂ ਖੜਨਾ ਚਾਹੀਦਾ। ਇਸ ਨਾਲ ਕਾਫੀ ਸਮੇਂ ਤੱਕ ਢੇਰ ਵਿੱਚ ਨਮੀ ਬਣੀ ਰਹਿੰਦੀ ਹੈ।
-ਇਸ ਦੇ ਉਪਰ 1 ਫੁੱਟ ਗੋਹਾ ਪਾਉਣ ਦੀ ਲੋੜ ਹੁੰਦੀ ਹੈ। ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲਗਭਗ 4-5 ਦਿਨ ਪੁਰਾਣਾ ਗੋਹਾ ਠੀਕ ਰਹਿੰਦਾ ਹੈ।
-ਗੋਬਰ ਪਾਉਣ ਤੋਂ ਬਾਅਦ 1 ਤੋਂ 2 ਕਿੱਲੋ ਗੰਡੋਏ ਪ੍ਰਤੀ ਬੈਡ (ਲੰਬਾਈ ਤੇ ਅਧਾਰ ਤੇ) ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ।
-ਇਸ ਤੋਂ ਬਾਅਦ ਇਹਨਾਂ ਨੂੰ ਗਿੱਲੀ ਕੀਤੀ ਪਰਾਲੀ ਅਤੇ ਗੋਹੇ ਨਾਲ ਢੱਕ ਦੇਣਾ ਚਾਹੀਦਾ ਹੈ।
-ਬੈਡ ਵਿੱਚ ਰਸੋਈ ਦਾ ਕੂੜਾ ਕਰਕਟ, ਜੂਟ ਦੀਆਂ ਬੋਰੀਆਂ, ਸੂਤੀ ਕੱਪੜੇ, ਫਸਲਾਂ ਅਤੇ ਡੇਅਰੀ ਫਾਰਮਾਂ ਦੀ ਰਹਿੰਦ ਖੂੰਹਦ ਵੀ ਪਾਈ ਜਾ ਸਕਦੀ ਹੈ।
-ਗੰਡੋਇਆਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਸ਼ੈਡ ਬਣਾਉਣ ਦੀ ਲੋੜ ਹੈ। ਸ਼ੈਡ ਗਰਮੀ ਅਤੇ ਸਰਦੀ ਤੋਂ ਬਚਾ ਸਕਦਾ ਹੈ ਅਤੇ ਤੇਜ ਮੀਂਹ ਕਣੀ ਨੂੰ ਵੀ ਰੋਕਦਾ ਹੈ।
-ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ।
-ਇਸ ਕਲਚਰ ਬੈਡ ਨੂੰ ਤਿਆਰ ਹੋਣ 'ਚ 2 ਤੋਂ 3 ਮਹੀਨੇ ਲਗਦੇ ਹਨ।
ਕੰਪੋਸਟ ਨੂੰ ਗੰਡੋਇਆਂ ਤੋਂ ਅਲੱਗ ਕਰਣਾ
ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਨੂੰ ਗੰਡੋਇਆਂ ਤੋਂ ਅਲੱਗ ਕਰਣ ਲਈ ਬੈਡ ਵਿੱਚ ਨਮੀ ਘਟਾ ਦਿੱਤੀ ਜਾਂਦੀ ਹੈ। ਇਸ ਨਾਲ ਗੰਡੋਏ ਥੋੜੇ ਥੱਲੇ ਖਿਸਕ ਜਾਂਦੇ ਹਨ। ਕੰਪੋਸਟ ਦੀ ਢੇਰੀ ਉਪਰੋਂ ਅਲਗ ਕਰ ਲਈ ਜਾਂਦੀ ਹੈ। ਕੰਪੋਸਟ ਨੂੰ 9 ਅਤੇ 10 ਨੰਬਰ ਦੀ ਛਾਨਣੀ ਨਾਲ ਛਾਣਿਆ ਜਾਂਦਾ ਹੈ। 10 ਨੰਬਰ ਦੀ ਸੀਵ ਸੰਘਣੀ ਹੁੰਦੀ ਹੈ ਅਤੇ ਇਹ ਗੰਡੋਏ ਦੇ ਬੱਚੇ ਅਤੇ ਕਕੂਨ ਨੂੰ ਰੋਕਦੀ ਹੈ, ਜੋ ਕਿ ਨਵੇਂ ਬੈਡ ਵਿੱਚ ਪ੍ਰਯੋਗ ਕੀਤੇ ਜਾ ਸਕਦੇ ਹਨ।
ਗੰਡੋਇਆਂ ਦੀਆਂ ਕਿਸਮਾਂ
ਗੰਡੋਇਆਂ ਦੀਆਂ ਦੁਨੀਆ ਭਰ ਵਿੱਚ ਕਰੀਬ 3000 ਜਾਤੀਆਂ ਹਨ। ਭਾਰਤ ਵਿੱਚ ਇਸ ਦੀਆਂ ਸੈਂਕੜੇ ਜਾਤੀਆਂ ਪਾਈਆਂ ਜਾਂਦੀਆਂ ਹਨ। ਗੰਡੋਆ ਜਿਆਦਾਤਰ ਦੋ ਲੱਛਣਾਂ ਵਿੱਚ ਪਾਇਆ ਜਾਂਦਾ ਹੈ।
1. ਜੋ ਧਰਤੀ ਦੀ ਉਤਲੀ 5 ਇੰਚ ਸਤ੍ਹਾ ਵਿੱਚ ਰਹਿੰਦੇ ਹਨ, ਜਿਸ ਦਾ ਵਜ਼ਨ ਅੱਧਾ ਗ੍ਰਾਮ ਹੁੰਦਾ ਹੈ,
2. ਜ਼ਮੀਨ ਦੇ ਅੰਦਰ 5 ਤੋਂ 9 ਫੁੱਟ ਤੱਕ ਜਾ ਸਕਦੇ ਹਨ, ਜਿਸ ਦਾ ਵਜ਼ਨ 5 ਗ੍ਰਾਮ ਹੁੰਦਾ ਹੈ।
ਇਹ ਵੀ ਪੜ੍ਹੋ: ਇਸ ਸਬਜ਼ੀ ਦੀ ਕਾਸ਼ਤ ਕਰਕੇ ਘੱਟ ਖਰਚੇ 'ਤੇ ਕਮਾਓ ਬੰਪਰ ਮੁਨਾਫਾ! ਜਾਣੋ ਕਿਵੇਂ ਸ਼ੁਰੂ ਕਰੀਏ
ਜਾਣਕਾਰੀ ਹੀ ਬਚਾਓ ਹੈ
ਖਾਦ ਤਿਆਰ ਕਰਦੇ ਸਮੇਂ ਧਿਆਨ ਰਹੇ ਕਿ ਨਮਕ ਅਤੇ ਮੂਤਰ ਨੂੰ ਗੰਡੋਆ ਯੂਨਿਟ ਤੋਂ ਦੂਰ ਰੱਖਣਾ ਹੈ ਅਤੇ ਗਰਮ ਗੋਬਰ ਗੰਡੋਇਆਂ ਉੱਪਰ ਨਹੀਂ ਪਾਉਣਾ। ਫਿਰ ਵੀ ਜੇ ਤੁਹਾਨੂੰ ਕੋਈ ਮੁਸ਼ਕਿਲ ਆਵੇ ਤਾਂ ਮਾਹਿਰਾਂ ਨਾਲ ਗੱਲ ਕਰ ਕੇ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਜਾਣਕਾਰੀ ਹੀ ਬਚਾਓ ਹੈ। ਰਸਾਇਣਕ ਖਾਦਾਂ ਅਤੇ ਵਧ ਰਹੀ ਮਸ਼ੀਨਰੀ ਦੇ ਪ੍ਰਦਰਸ਼ਨ ਕਾਰਨ ਦਿਨ-ਬ-ਦਿਨ ਧਰਤੀ ਉੱਪਰ ਮਨੁੱਖ ਦਾ ਜਿਊਣਾ ਦੁਸ਼ਵਾਰ ਹੋ ਰਿਹਾ ਹੈ। ਵਧ ਰਹੀ ਮਸ਼ੀਨਰੀ ਦੇ ਪ੍ਰਦੂਸ਼ਣ ਨਾਲੋਂ ਰਸਾਇਣਕ ਖਾਦਾਂ ਦਾ ਪ੍ਰਦੂਸ਼ਣ ਜ਼ਿਆਦਾ ਘਾਤਕ ਹੈ। ਇਸ ਨੂੰ ਰੋਕਣਾ ਅੱਜ ਦੇ ਸੂਝਵਾਨ ਮਨੁੱਖ ਦਾ ਪਹਿਲਾ ਕੰਮ ਹੈ। ਇਸ ਪ੍ਰਦੂਸ਼ਣ ਨੂੰ ਰੋਕ ਕੇ ਜਿਥੇ ਅਸੀਂ ਇੱਕ ਲੋਕ ਸੇਵਾ ਦੀ ਲਹਿਰ ਚਲਾਵਾਂਗੇ, ਉਥੇ ਨਾਲ ਹੀ ਸਾਡੀ ਆਮਦਨ ਵੀ ਵਧੇਗੀ।
ਜਿਕਰਯੋਗ ਹੈ ਕਿ ਜ਼ਮੀਨ ਦੀ ਲਗਾਤਾਰ ਘਟ ਰਹੀ ਉਪਜਾਊ ਸ਼ਕਤੀ ਨੂੰ ਦੇਖਦੇ ਹੋਏ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸੋਚਣ ’ਤੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਇਸ ਵਡਮੁੱਲੇ ਜੀਵ ਦੀ ਉਤਪਤੀ ਕਿਸ ਤਰ੍ਹਾਂ ਵਧਾਈ ਜਾਵੇ। ਦਸ ਦਈਏ ਕਿ ਜਿਸ ਤਰ੍ਹਾਂ ਮਨੁੱਖ ਮੱਝਾਂ-ਗਾਵਾਂ, ਭੇਡਾਂ-ਬੱਕਰੀਆਂ ਆਦਿ ਪਾਲ ਕੇ ਉਹਨਾਂ ਦੀ ਉਤਪਤੀ ਵਧਾ ਰਿਹਾ ਹੈ, ਇਸੇ ਤਰ੍ਹਾਂ ਗੰਡੋਆ ਪਾਲਣ ਦਾ ਕੰਮ ਵੀ ਸ਼ੁਰੂ ਹੋਇਆ ਹੈ।
ਐਸ ਐਸ ਵਾਲੀਆ ਅਤੇ ਚਰਨਜੀਤ ਸਿੰਘ ਔਲ਼ਖ
ਸਕੂਲ ਆਫ਼ ਆਰਗੈਨਿਕ ਫ਼ਾਰਮਿੰਗ, ਪੀ.ਏ.ਯੂ, ਲੁਧਿਆਣਾ
Summary in English: Make Gold Manure From Crop Residues