ਅਜੋਕੇ ਸਮੇਂ ਵਿੱਚ ਜਿੱਥੇ ਜਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ। ਉੱਥੇ ਹੀ, ਇੱਕ ਨੌਜਵਾਨ ਅਜਿਹਾ ਵੀ ਹੈ ਜੋ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿਕੇ ਹੀ ਖੇਤੀ ਤੋਂ ਕਾਫੀ ਚੰਗਾ ਲਾਹਾ ਖੱਟ ਰਿਹਾ ਹੈ। ਆਓ ਜਾਣਦੇ ਹਾਂ ਇਸ ਸਫਲ ਕਿਸਾਨ ਦੀ ਸਫਲ ਕਿਸਾਨੀ ਬਾਰੇ...
ਨੌਕਰੀਆਂ ਦੀ ਘਾਟ ਹੋਣ ਕਾਰਨ ਨੌਜਵਾਨਾਂ ਨੂੰ ਆਪਣਾ ਕਰੀਅਰ ਬਣਾਉਣ ਲਈ ਦੂਸਰੇ ਦੇਸ਼ਾਂ ਵੱਲ ਭੱਜਣਾ ਪੈਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸਨੇ ਵਿਦੇਸ਼ਾਂ ਵੱਲ ਭੱਜਣ ਵਾਲਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਅੱਸੀ ਗੱਲ ਕਰ ਰਹੇ ਹਾਂ ਹਲਕਾ ਸ਼ੁਤਰਾਣਾ ਦੇ ਪਿੰਡ ਕੂਆਡੇਰੀ ਦੇ ਕਿਸਾਨ ਜਸਵੀਰ ਸਿੰਘ ਦੀ, ਜੋ ਅਰਬੀ ਦੀ ਖੇਤੀ ਕਰ ਕੇ ਨਾ ਸਿਰਫ ਚੰਗਾ ਮੁਨਾਫਾ ਕਮਾ ਰਹੇ ਹਨ, ਸਗੋਂ ਹੋਰਨਾਂ ਕਿਸਾਨਾਂ ਨੂੰ ਵੀ ਬਦਲਵੀਂ ਖੇਤੀ ਵੱਲ ਪ੍ਰੇਰਿਤ ਕਰ ਰਹੇ ਹਨ।
ਮਜਦੂਰਾਂ ਤੋਂ ਨਹੀਂ ਲਿੱਤੀ ਜਾਉਂਦੀ ਮਦਦ
ਦੱਸ ਦਈਏ ਕਿ 17 ਏਕੜ ਜ਼ਮੀਨ ਦੇ ਮਾਲਕ ਇਸ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਹੱਥੀਂ ਕੰਮ ਕੀਤਾ ਜਾਂਦਾ ਹੈ, ਜਦੋਂ ਕਿ ਪੰਜਾਬ ਦੇ ਬਹੁਤੇ ਕਿਸਾਨ ਹੱਥੀਂ ਮਿਹਨਤ ਕਰਨੀ ਛੱਡ ਕੇ ਮਜ਼ਦੂਰਾਂ 'ਤੇ ਨਿਰਭਰ ਹੋ ਗਏ ਹਨ। ਮਜ਼ਦੂਰਾਂ 'ਤੇ ਨਿਰਭਰ ਹੋਣ ਕਾਰਨ ਜਿਥੇ ਖੇਤੀ ਖਰਚੇ ਵੱਧ ਰਹੇ ਹਨ, ਉਥੇ ਹੀ ਕਰਜ਼ਿਆਂ ਦੀ ਪੰਡ ਭਾਰੀ ਹੋ ਰਹੀ ਹੈ।
ਪੂਰਾ ਪਰਿਵਾਰ ਕਰਦਾ ਹੈ ਖੇਤੀ
ਜਸਵੀਰ ਸਿੰਘ ਦਾ ਪੂਰਾ ਪਰਿਵਾਰ ਖੇਤੀ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਝੋਨੇ ਅਤੇ ਕਣਕ ਦੇ ਨਾਲ-ਨਾਲ ਬਦਲਵੀਂ ਖੇਤੀ ਵੀ ਕਰਦਾ ਹੈ, ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਅਰਬੀ ਦੀ ਫਸਲ ਦੇ ਨਾਲ-ਨਾਲ ਉਹ ਭਿੰਡੀ, ਹਰੀ ਮਿਰਚ, ਹਲਦੀ ਆਦਿ ਦੀ ਵੀ ਬਿਜਾਈ ਕਰਦਾ ਹੈ। ਅਰਬੀ ਦੀ ਫਸਲ ਤੋਂ ਉਨ੍ਹਾਂ ਨੂੰ ਪ੍ਰਤੀ ਏਕੜ ਦੋ ਲੱਖ ਰੁਪਏ ਦੇ ਕਰੀਬ ਆਮਦਨ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅਰਬੀ ਹੇਠੋਂ ਨਿਕਲਣ ਵਾਲੇ ਕਚਾਲੂ ਵੱਖਰੇ ਤੌਰ 'ਤੇ ਵਿਕਦੇ ਹਨ।
ਨਸ਼ਿਆਂ ਤੋਂ ਦੂਰ ਰਹਿੰਦਾ ਹੈ ਪਰਿਵਾਰ
ਇਸ ਕਿਸਾਨ ਦੀ ਖੁਸ਼ਹਾਲੀ ਪਿੱਛੇ ਇਸ ਪਰਿਵਾਰ ਦੀ ਸਖਤ ਮਿਹਨਤ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਹੈ। ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਅਤੇ ਖੇਤਾਂ 'ਚ ਪੂਰੀ ਲਗਨ ਨਾਲ ਆਪਣੇ ਹੱਥੀਂ ਕੰਮ ਕਰਦੇ ਹਨ, ਜਿਸ ਕਰ ਕੇ ਕਣਕ ਦੇ ਚਾਰ ਏਕੜ ਦੀ ਕਮਾਈ ਇਕ ਏਕੜ ਅਰਬੀ 'ਚੋਂ ਹੀ ਕਰ ਲੈਂਦੇ ਹਨ।
ਇਹ ਵੀ ਪੜ੍ਹੋ : ਮਾਨਸਾ ਦਾ ਕਿਸਾਨ ਹੋਰਾਂ ਲਈ ਬਣਿਆ ਮਿਸਾਲ! ਇਸ ਫ਼ਲ ਦੀ ਖੇਤੀ ਨਾਲ ਕਮਾ ਰਿਹੈ ਲੱਖਾਂ!
ਹੋਰਾਂ ਕਿਸਾਨਾਂ ਨੂੰ ਸਲਾਹ
ਕਿਸਾਨ ਜਸਵੀਰ ਸਿੰਘ ਨੇ ਹੋਰ ਕਿਸਾਨਾਂ ਨੂੰ ਸਲਾਹ ਦਿੰਦਿਆਂ ਹੋਈਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਫਸਲ ਦਾ ਮੁੱਲ ਲੈਣ ਲਈ ਖੁਦ ਜਾਗਰੂਕ ਹੋ ਕੇ ਖੇਤੀ ਕਰਨੀ ਪੈਣੀ ਹੈ, ਪਰ ਪੰਜਾਬ ਦੇ ਨੌਜਵਾਨ ਖੇਤੀ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਜੇਕਰ ਵਿਊਂਤਬੰਦੀ ਨਾਲ ਖੇਤੀ ਕੀਤੀ ਜਾਵੇ ਤਾਂ ਪੰਜਾਬ ਦੀ ਧਰਤੀ 'ਚੋਂ ਸੋਨਾ ਪੈਦਾ ਹੈ ਸਕਦਾ ਹੈ, ਜਿਸ ਤਰ੍ਹਾਂ ਕਿਸਾਨ ਜਸਵੀਰ ਸਿੰਘ ਕਰ ਰਿਹਾ ਹੈ।
Summary in English: Arabic Cultivation Makes Farmer a Millionaire! Inspiring other farmers!